ਬਲਾਤਕਾਰੀ ਗੁਰਮੀਤ ਇੰਸਾ ਨੂੰ ਕੋਰੋਨਾਵਾਇਰਸ ਦੇ ਪਰਦੇ ਹੇਠ ਜ਼ਮਾਨਤ ਦੇਣ ਦੀਆਂ ਗੱਲਾਂ

ਬਲਾਤਕਾਰੀ ਗੁਰਮੀਤ ਇੰਸਾ ਨੂੰ ਕੋਰੋਨਾਵਾਇਰਸ ਦੇ ਪਰਦੇ ਹੇਠ ਜ਼ਮਾਨਤ ਦੇਣ ਦੀਆਂ ਗੱਲਾਂ

ਚੰਡੀਗੜ੍ਹ: ਕਿਸੇ ਸਮੇਂ ਪੰਜਾਬ ਅਤੇ ਹਰਿਆਣਾ ਦੇ ਸਿਰਮੌਰ ਰਾਜਨੀਤਕ ਆਗੂਆਂ ਨੂੰ ਆਪਣੇ ਪੈਰੀਂ ਬਠਾਉਣ ਵਾਲਾ ਗੁਰਮੀਤ ਇੰਸਾ ਜੋ ਇਸ ਸਮੇਂ ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿਚ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਅਧੀਨ ਸਜ਼ਾ ਕੱਟ ਰਿਹਾ ਹੈ, ਉਸਨੂੰ ਕੋਰੋਨਾਵਾਇਰਸ ਤੋਂ ਬਚਾਅ ਦੇ ਨਾਂ ਹੇਠ ਪੈਰੋਲ ਦੇਣ ਦੀਆਂ ਕੋਸ਼ਿਸ਼ ਹੋਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਹਨ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਵੀ ਜ਼ਮਾਨਤ ਲਈ ਕੋਸ਼ਿਸ਼ਾਂ ਕਰ ਚੁੱਕੇ ਗੁਰਮੀਤ ਇੰਸਾ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਰਾਜਨੀਤਕ ਮਦਦ ਦੇ ਸਹਾਰੇ ਇਹ ਮੌਕਾ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੁਰਮੀਤ ਇੰਸਾ ਵੱਲੋਂ ਖੇਤੀ ਦੇ ਕੰਮਾਂ ਲਈ 42 ਦਿਨਾਂ ਦੀ ਪੈਰੋਲ ਲਈ ਅਰਜ਼ੀ 18 ਜੂਨ ਨੂੰ ਪਾਈ ਗਈ ਸੀ। ਇਸ ਦੀ ਖਬਰ ਬਾਹਰ ਨਿਕਲਣ ਮਗਰੋਂ ਵੱਡੇ ਪੱਧਰ 'ਤੇ ਵਿਰੋਧ ਹੋਇਆ ਸੀ ਤੇ ਅਖੀਰ ਗੁਰਮੀਤ ਇੰਸਾ ਨੇ ਆਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਸੀ। ਉਸ ਸਮੇਂ ਵੀ ਜੇਲ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਮੀਤ ਇੰਸਾ ਦੇ ਜੇਲ੍ਹ ਵਿਚ ਚੰਗੇ ਵਿਹਾਰ ਦਾ ਦਾਅਵਾ ਕਰਕੇ ਜ਼ਮਾਨਤ ਦੀ ਤਿਆਰੀ ਲਗਭਗ ਮੁਕੰਮਲ ਕਰ ਲਈ ਗਈ ਸੀ। 

ਪਿਛਲੇ ਦਿਨੀਂ ਪੰਜਾਬ ਵਿਚ ਵੀ ਕੋਰੋਨਾਵਾਇਰਸ ਆਫਤ ਦੌਰਾਨ ਰਾਸ਼ਣ ਅਤੇ ਹੋਰ ਸਮਾਨ ਵੰਡਣ ਲਈ ਪ੍ਰਸ਼ਾਸਨ ਨੇ ਗੁਰਮੀਤ ਇੰਸਾ ਦੇ ਡੇਰੇ ਨਾਲ ਸਬੰਧਿਤ ਲੋਕਾਂ ਨੂੰ ਖਾਸ ਜ਼ਿੰਮੇਵਾਰੀ ਦੇ ਦਿੱਤੀ ਸੀ, ਪਰ ਇਸ ਦਾ ਵਿਰੋਧ ਹੋਣ ਮਗਰੋਂ ਪ੍ਰਸ਼ਾਸਨ ਨੇ ਇਹ ਜਿੰਮੇਵਾਰੀ ਵਾਪਸ ਲੈ ਲਈ ਸੀ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਦੋਸ਼ੀ ਇਸ ਡੇਰੇ ਨਾਲ ਸਬੰਧਿਤ ਲੋਕਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਡੇਰੇ ਦੇ ਅਕਸ ਨੂੰ ਲੋਕਾਂ ਵਿਚ ਸਾਫ ਕਰਨ ਲਈ ਪੰਜਾਬ ਸਰਕਾਰ ਮਦਦ ਕਰ ਰਹੀ ਹੈ। 

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸਰਕਾਰ ਨੂੰ ਚਿਤਾਵਨੀ
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਕੋਰੋਨਾ ਵਾਇਰਸ ਸੰਕਟ ਦੇ ਬਹਾਨੇ ਜੇਲ੍ਹ 'ਚੋਂ ਪੈਰੋਲ ਤੇ ਰਿਹਾਅ ਕਰਨ ਦੀ ਬਣਾਈ ਜਾ ਰਹੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹਰਿਆਣਾ ਸਰਕਾਰ ਕੋਰੋਨਾ ਵਾਇਰਸ ਦੇ ਬਹਾਨੇ ਡੇਰਾ ਸਿਰਸਾ ਸਾਧ ਨੂੰ ਪੈਰੋਲ 'ਤੇ ਰਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਜੇਕਰ ਅਜਿਹਾ ਕੀਤਾ ਤਾਂ ਇਹ ਸਿੱਖ ਜਗਤ ਨੂੰ ਉਕਸਾਉਣ ਅਤੇ ਪੰਜਾਬ ਤੇ ਹਰਿਆਣਾ 'ਚ ਬਣੇ ਸ਼ਾਂਤੀ ਦੇ ਮਾਹੌਲ ਨੂੰ ਅੱਗ ਲਾਉਣ ਵਰਗੀ ਗੱਲ ਹੋਵੇਗੀ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਲਈ ਇਹ ਲਿਖਤ ਪੜ੍ਹੋ: ਗੁਰਮੀਤ ਇੰਸਾ ਦੀ ਪੈਰੋਲ ਚਿੰਤਾਜਨਕ