ਡਿਜ਼ਨੀਲੈਂਡ ਤੇ ਹੋਰ ਪਾਰਕ ਸੀਮਿਤ ਸਮਰਥਾ ਨਾਲ ਪਹਿਲੀ ਅਪ੍ਰੈਲ ਤੋਂ ਖੁੱਲ੍ਹਣਗੇ

ਡਿਜ਼ਨੀਲੈਂਡ ਤੇ ਹੋਰ ਪਾਰਕ ਸੀਮਿਤ ਸਮਰਥਾ ਨਾਲ ਪਹਿਲੀ ਅਪ੍ਰੈਲ ਤੋਂ ਖੁੱਲ੍ਹਣਗੇ
ਕੈਲੀਫੋਰਨੀਆ ਦੇ ਡਿਜ਼ਨੀਲੈਂਡ ਪਾਰਕ ਦਾ ਬਾਹਰੀ ਦ੍ਰਿਸ਼

ਡਿਜ਼ਨੀਲੈਂਡ ਤੇ ਹੋਰ ਥੀਮ ਪਾਰਕ ਪਹਿਲੀ ਅਪ੍ਰੈਲ ਤੋਂ ਸੀਮਿਤ ਸਮਰੱਥਾ ਨਾਲ ਖੁੱਲ੍ਹ ਸਕਦੇ ਹਨ..

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਡਿਜ਼ਨੀਲੈਂਡ ਤੇ ਹੋਰ ਥੀਮ ਪਾਰਕ ਪਹਿਲੀ ਅਪ੍ਰੈਲ ਤੋਂ ਸੀਮਿਤ ਸਮਰੱਥਾ ਨਾਲ ਖੁੱਲ੍ਹ ਸਕਦੇ ਹਨ। ਗਵਰਨਰ ਗੈਵਿਨ ਨਿਊਸੋਮ ਦੇ 'ਬਲਿਊਪ੍ਰਿੰਟ ਫਾਰ ਸੇਫਰ  ਇਕਾਨਮੀ' ਵਿਚ ਅਰਥਵਿਵਸਥਾ ਖੋਲ੍ਹਣ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਕੈਲੀਫੋਰਨੀਆ ਨੇ ਕੋਰੋਨਾ ਫੈਲਣ ਨੂੰ ਮੁੱਖ ਰਖਕੇ ਆਪਣੀਆਂ ਕਾਊਂਟੀਆਂ ਨੂੰ 4 ਰੰਗਾਂ ਵਿਚ ਤਬਦੀਲ ਕੀਤਾ ਹੋਇਆ ਹੈ। ਡਿਜ਼ਨੀਲੈਂਡ ਸਮੇਤ ਹੋਰ ਥੀਮ ਪਾਰਕ ਜੋ ਲਾਲ ਰੰਗ ਦੇ ਖੇਤਰ ਵਿਚ ਆਉਂਦੇ ਹਨ,15% ਸਮਰੱਥਾ ਨਾਲ ਖੁੱਲ੍ਹਣਗੇ ਪਰੰਤੂ ਕੇਵਲ ਕੈਲੀਫੋਰਨੀਆ ਵਿਚ ਰਹਿੰਦੇ ਲੋਕ ਹੀ ਪਾਰਕਾਂ ਵਿਚ ਆਉਣ ਲਈ ਟਿਕਟ ਖਰੀਦ ਸਕਦੇ ਹਨ। ਡਿਜ਼ਨੀਲੈਂਡ ਰਿਜ਼ਾਰਟ ਦੇ ਪ੍ਰਧਾਨ ਕੇਨ ਪੋਟਰੌਕ ਨੇ ਪਾਰਕ ਮੁੜ ਖੁੱਲ੍ਹਣ ਉੁਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹਨ ,ਤੇ ਪਾਰਕ ਖੁੱਲਣ ਦੀ ਤਰੀਕ ਬਾਰੇ ਰਸਮੀ ਐਲਾਨ ਦੀ ਉਡੀਕ ਕਰ ਰਹੇ ਹਨ। ਉਨਾਂ ਕਿਹਾ ਕਿ ਉਹ ਉਤਸ਼ਾਹਿਤ ਹਨ ਕਿ ਇਸ ਬਹਾਰ ਦੀ ਰੁੱਤ ਵਿੱਚ ਪਾਰਕ ਖੁੱਲ੍ਹਣ ਲਈ ਤਿਆਰ ਹਨ। ਇਸ ਨਾਲ ਹਜਾਰਾਂ ਲੋਕ ਕੰਮ ਉਪਰ ਪਰਤਣਗੇ ਤੇ ਹੋਰ ਕਾਰੋਬਾਰਾਂ ਤੇ ਸਮੁੱਚੇ ਸਮਾਜ ਨੂੰ ਇਸ ਦਾ ਫਾਇਦਾ ਹੋਵੇਗਾ। ਕੈਲੀਫੋਰਨੀਆ ਐਟਰੈਕਸ਼ਨਜ ਐਂਡ ਪਾਰਕ ਐਸੋਸੀਏਸ਼ਨ ਦੇ ਡਾਇਰੈਕਟਰ ਏਰਿਨ ਗੁਰੇਰੋ ਨੇ ਇਕ ਬਿਆਨ ਵਿਚ ਕਿਹਾ ਹੈ ਕ ਰਾਜ ਦੇ ਥੀਮ ਪਾਰਕਾਂ ਬਾਰੇ ਖਬਰ ਉਤਸ਼ਾਹ ਵਧਾਉਣ ਵਾਲੀ ਹੈ।