ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ ਨੂੰ ਬੰਦ ਕਰਨ ਨਾਲ ਸਿੱਖ ਵਿਦਿਆਰਥੀਆਂ 'ਤੇ ਪਵੇਗਾ ਮਾੜਾ ਅਸਰ : ਵਿਕਰਮਜੀਤ ਸਿੰਘ ਸਾਹਨੀ

ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ ਨੂੰ ਬੰਦ ਕਰਨ ਨਾਲ ਸਿੱਖ ਵਿਦਿਆਰਥੀਆਂ 'ਤੇ ਪਵੇਗਾ ਮਾੜਾ ਅਸਰ : ਵਿਕਰਮਜੀਤ ਸਿੰਘ ਸਾਹਨੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ 26 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਸਿੱਖ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ ਦੇ ਲਾਭ ਤੋਂ ਵਾਂਝੇ ਕੀਤੇ ਜਾਣ ਦਾ ਮੁੱਦਾ ਸੰਸਦ ਵਿੱਚ ਉਠਾਇਆ ਹੈ। ਸ੍ਰੀ ਸਾਹਨੀ ਨੇ ਕਿਹਾ ਕਿ ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ ਦੇਸ਼ ਭਰ ਵਿੱਚ ਛੇ ਅਧਿਸੂਚਿਤ ਘੱਟ ਗਿਣਤੀ ਭਾਈਚਾਰਿਆਂ (ਸਿੱਖ, ਮੁਸਲਿਮ, ਜੈਨ, ਬੋਧੀ, ਈਸਾਈ, ਪਾਰਸੀ) ਨੂੰ ਉਨ੍ਹਾਂ ਦੇ ਸਮਾਜਿਕ-ਆਰਥਿਕ ਅਤੇ ਵਿਦਿਅਕ ਸਸ਼ਕਤੀਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਸੀ। ਸਰਕਾਰ ਨੇ ਇਸ ਸਾਲ ਬਿਨਾਂ ਕਿਸੇ ਅਧਿਐਨ/ਰਿਪੋਰਟ ਆਦਿ ਦੇ ਫੈਲੋਸ਼ਿਪ ਬੰਦ ਕਰ ਦਿੱਤੀ ਹੈ ਅਤੇ ਹਵਾਲਾ ਦਿੱਤਾ ਸੀ ਕਿ ਯੂਜੀਸੀ ਵਲੋਂ ਜਨਰਲ ਕੈਟਾਗਰੀ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤੇ ਐਸਸੀ, ਐਸਟੀ ਅਤੇ ਓਬੀਸੀ ਵਿਦਿਆਰਥੀਆਂ ਲਈ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਵਲੋਂ ਹੋਰ ਸਕੀਮਾਂ ਸ਼ੁਰੂ ਕਟ ਦਿੱਤੀਆਂ ਗਈਆਂ ਹਨ। ਸ੍ਰੀ ਸਾਹਨੀ ਨੇ ਕਿਹਾ ਕਿ ਸਿੱਖ ਐਸ.ਸੀ., ਐਸ.ਟੀ ਅਤੇ ਓ.ਬੀ.ਸੀ ਅਧੀਨ ਨਹੀਂ ਆਉਂਦੇ, ਇਸ ਲਈ ਉਹ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਵੱਲੋਂ ਸੰਸਦ ਵਿੱਚ ਦਿੱਤੇ ਗਏ ਜਵਾਬ ਵਿੱਚ ਦੱਸੀਆਂ ਗਈਆਂ ਕਿਸੇ ਵੀ ਸਕੀਮ ਦਾ ਵਿਸ਼ੇਸ਼ ਲਾਭ ਨਹੀਂ ਲੈ ਸਕਣਗੇ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਇਸ ਸਾਰੇ ਮਾਮਲੇ ਵਿਚ ਖੋਜ ਅਧਿਐਨ ਲਈ ਵਿੱਤੀ ਸਹਾਇਤਾ ਤੋਂ ਵਾਂਝੇ ਰਹਿਣ ਵਾਲੇ ਖੋਜਾਰਥੀ ਸਿੱਖ ਹੋਣਗੇ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਸ੍ਰੀ ਸਾਹਨੀ ਨੇ ਇਹ ਵੀ ਕਿਹਾ ਕਿ ਇਸ ਫੈਲੋਸ਼ਿਪ ਸਕੀਮ ਤਹਿਤ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀ ਅਤੇ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਪੀ.ਐਚ.ਡੀ ਅਤੇ ਐਮ.ਫਿਲ ਕਰਨ ਲਈ ਸਾਲਾਨਾ ਔਸਤਨ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਮਿਲਦੀ ਸੀ। “ਕਿਸੇ ਵੀ ਦੇਸ਼ ਦੇ ਸਮਾਵੇਸ਼ੀ ਅਤੇ ਸੰਪੂਰਨ ਵਿਕਾਸ ਲਈ ਖੋਜ ਅਧਿਐਨ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਹੈ; ਅਜਿਹੇ ਕਦਮਾਂ ਨਾਲ ਵਿਦਿਆਰਥੀ ਨਿਰਾਸ਼ ਹੋਣਗੇ ਅਤੇ ਆਖਰਕਾਰ ਇਸ ਦਾ ਪੂਰੇ ਦੇਸ਼ 'ਤੇ ਮਾੜਾ ਪ੍ਰਭਾਵ ਪਵੇਗਾ। ਇਸ ਦੇ ਨਾਲ ਹੀ ਸੰਸਦ ਵਿੱਚ ਆਪਣੇ ਬਿਆਨ ਵਿੱਚ ਸ. ਸਾਹਨੀ ਨੇ, ਸੰਸਦ ਦੇ ਕੰਮਕਾਜ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਚਲਾਉਣ ਲਈ ਰਾਜ ਸਭਾ ਦੇ ਉਪਰਲੇ ਸਦਨ ਵਿੱਚ ਮਣੀਪੁਰ ਹਿੰਸਾ ਬਾਰੇ ਚਰਚਾ ਦੀ ਮੰਗ ਵੀ ਕੀਤੀ।