ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 9 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ।

ਇਸ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਹੋਇਆ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਗੁਰੂ ਕੀ ਇਲਾਹੀ ਬਾਣੀ ਦੇ ਰਸ ਭਿੰਨੇ ਕੀਰਤਨ ਨੂੰ ਸਰਵਣ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਉਸ ਵੇਲੇ ਦੁਨੀਆਂ ਵਿਚ ਆਏ ਸਨ ਜਦੋਂ ਸਮਾਜ ਵਿਚ ਬਹੁਤ ਸਾਰੇ ਭਰਮ ਭੁਲੇਖੇ ਪਾਏ ਜਾਂਦੇ ਸਨ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਵਿਚੋਂ ਸਾਰੇ ਭਰਮ ਭੁਲੇਖੇ ਦੂਰ ਕੀਤੇ ਤੇ ਸਮਾਜ ਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ।

ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਅੱਜ ਸਮੁੱਚੀ ਸਿੱਖ ਕੌਮ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲ ਦੇਸ਼ ਤੇ ਦੁਨੀਆਂ ਵਿਚ ਸੰਗਤਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕਰ ਕੇ ਇਥੋਂ ਲੈ ਕੇ ਬਗਦਾਦ ਤੱਕ ਤੇ ਜਗਨਨਾਥ ਪੁਰੀ ਤੱਕ ਹਰ ਥਾਂ ’ਤੇ ਜਾ ਕੇ ਲੋਕਾਂ ਦੇ ਭੁਲੇਖੇ ਕੱਢੇ। ਉਹਨਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਮੱਕਾ ਮਦੀਨਾ ਗਏ ਤਾਂ ਇਹ ਦੱਸਿਆ ਕਿ ਰੱਬ ਸਾਰੇ ਪਾਸੇ ਹੁੰਦਾ ਹੈ। ਜੇ ਜਗਨਨਾਥ ਪੁਰੀ ਗਏ ਤਾਂ ਆਰਤੀ ਨਾਲ ਦੱਸਿਆ ਕਿ ਕਿਹੋ ਜਿਹੀ ਆਰਤੀ ਹੋ ਰਹੀ ਹੈ। ਉਹਨਾਂ ਜਨੇਊ ਨਾ ਪਾ ਕੇ ਇਹ ਸੰਦੇਸ਼ ਦਿੱਤਾ ਕਿ ਕੋਈ ਧਰਮ ਜ਼ਬਰਦਸਤੀ ਨਹੀਂ ਚਲਾਇਆ ਜਾ ਸਕਦਾ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਾਹ ’ਤੇ ਚੱਲੀਏ ਤਾਂ ਉਸ ਤੋਂ ਚੰਗਾ ਜੀਵਨ ਹੋਰ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਸਮਾਗਮ ਵਿਚ ਆਈਆਂ ਸੰਗਤਾਂ ਦਾ ਦਿੱਲੀ ਗੁਰਦੁਆਰਾ ਕਮੇਟੀ ਵੱਲੋ਼ ਧੰਨਵਾਦ ਕੀਤਾ ਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਭ ਨੂੰ ਬੱਲ ਬਖਸ਼ਣ ਤਾਂ ਜੋ ਪੰਥ ਵੱਧਦਾ ਫੁੱਲਦਾ ਗੁਰੂ ਦਾ ਜਸ ਗਾਇਨ ਕਰਦਾ ਰਹੇ।

ਸਮਾਗਮ ਵਿਚ ਸਟੇਜ ਸੰਚਾਨਲ ਸਰਦਾਰ ਜਤਿੰਦਰਪਾਲ ਸਿੰਘ ਗੋਲਡੀ ਨੇ ਕੀਤਾ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਕੇਪੀ ਅਤੇ ਸਰਦਾਰ ਜਸਬੀਰ ਸਿੰਘ ਜੱਸੀ ਮੈਂਬਰ ਵੀ ਹਾਜ਼ਰ ਸਨ।