ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਗੁਰਮੁਖੀ ਪੁਸਤਕਾਂ ਦਾ ਕਰੇਗੀ ਡਿਜੀਟਲਾਈਜ਼ੇਸ਼ਨ

ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਗੁਰਮੁਖੀ ਪੁਸਤਕਾਂ ਦਾ ਕਰੇਗੀ  ਡਿਜੀਟਲਾਈਜ਼ੇਸ਼ਨ

ਡਾ. ਸ਼ਾਹਿਦ ਨੇ ਕਿਹਾ ਕਿ ਪਾਕਿ 'ਚ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ ਵਿਚੋਂ ਗੁਰਮੁਖੀ ਕਿਤਾਬਾਂ ਇਕੱਠੀਆਂ ਕਰਾਂਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ-ਲਾਹੌਰ ਦੀ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਨੇ ਫ਼ੈਸਲਾ ਲਿਆ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ, ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ 'ਵਿਚੋਂ ਗੁਰਮੁਖੀ ਕਿਤਾਬਾਂ ਤੇ ਦਸਤਾਵੇਜ਼ਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਇਸ ਉਪਰੰਤ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਨੂੰ ਇਸ ਦੁਰਲੱਭ ਸਾਹਿਤਿਕ ਤੇ ਇਤਿਹਾਸਕ ਖ਼ਜ਼ਾਨੇ ਤੋਂ ਰੂ-ਬਰੂ ਕਰਵਾਉਣ ਲਈ ਇਨ੍ਹਾਂ ਸਭ ਦਾ ਡਿਜੀਟਲਾਈਜ਼ੇਸ਼ਨ ਕਰਵਾਇਆ ਜਾਵੇਗਾ। ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਤੇ ਕਲਚਰਲ ਫੋਰਮ ਦੇ ਡਾਇਰੈਕਟਰ ਪ੍ਰੋ. (ਸੇਵਾਮੁਕਤ) ਡਾ: ਅਬਦੁਲ ਰੱਜ਼ਾਕ ਸ਼ਾਹਿਦ ਨੇ ਦੱਸਿਆ ਕਿ ਫੋਰਮ ਦੀ ਚੌਥੀ ਥਿੰਕ ਟੈਂਕ ਬੈਠਕ 'ਚ ਇਸ ਮੁੱਦੇ 'ਤੇ ਚਰਚਾ ਕੀਤੀ ਗਈ ਕਿ ਸੰਸਥਾ ਦੇ ਕਾਰਜਾਂ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਾਡੀ ਫੋਰਮ ਪੰਜਾਬ ਦੀ ਸੱਭਿਅਤਾ, ਧਾਰਮਿਕ ਤੇ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਕੰਮ ਕਰ ਰਹੀ ਹੈ ਤੇ ਟਰੱਸਟ ਲਾਇਬ੍ਰੇਰੀ ਵਿਚ ਮੌਜੂਦ ਗੁਰਮੁਖੀ ਪੁਸਤਕਾਂ ਨੂੰ ਸੰਸਥਾ ਦੁਆਰਾ ਪਹਿਲਾਂ ਤੋਂ ਡਿਜੀਟਲਾਈਜ਼ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਨੇ ਸਿੱਖਾਂ ਦੀ ਸਹੂਲਤ ਲਈ ਵੱਖਰੇ ਤੌਰ 'ਤੇ ਇਕ ਸਿੱਖ ਡਾਇਰੈਕਟਰ ਡਾਇਸਪੋਰਾ ਲਈ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਸੰਸਥਾ ਸਿੱਖਾਂ ਦੇ ਧਾਰਮਿਕ ਦਿਹਾੜਿਆਂ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਵਿਸਾਖੀ ਆਦਿ ਮੌਕਿਆਂ 'ਤੇ ਕੌਮਾਂਤਰੀ ਸੈਮੀਨਾਰ ਤੇ ਵੈੱਬੀਨਾਰ ਵੀ ਆਯੋਜਿਤ ਕਰਦੀ ਹੈ। ਉਕਤ ਬੈਠਕ 'ਚ ਸਾਹਿਤਕਾਰ ਇਲਿਆਸ ਘੁੰਮਣ, ਰੇਡੀਉ ਪਾਕਿਸਤਾਨ ਦੇ ਸੀਨੀਅਰ ਪ੍ਰੋਡਿਉਸਰ ਹਾਫ਼ਿਜ਼ ਨਵੀਦ ਅਸਲਮ ਤੇ ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਡਾ. ਕਲਿਆਣ ਸਿੰਘ ਕਲਿਆਣ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਰੀਆਂ ਗੁਰਮੁਖੀ ਪੁਸਤਕਾਂ ਇਕ ਆਰਕਾਇਵ ਵਿਚ ਹੋਣੀਆਂ ਚਾਹੀਦੀਆਂ ਹਨ। ਗੌਰਮਿੰਟ ਕਾਲਜ ਟਾਊਨਸ਼ਿਪ ਲਾਹੌਰ ਦੇ ਪੰਜਾਬੀ ਵਿਭਾਗ ਪ੍ਰਮੁੱਖ ਪ੍ਰੋ. ਡਾ. ਮੁਹੰਮਦ ਤਾਰਿਕ ਖ਼ਾਨ ਨੇ ਸਲਾਹ ਦਿੱਤੀ ਕਿ ਦਿਆਲ ਸਿੰਘ ਫੋਰਮ ਵੱਖ-ਵੱਖ ਮੁਲਕਾਂ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੀਆਂ ਲਈ ਸਹੂਲਤ ਕੇਂਦਰ ਦੀ ਸ਼ੁਰੂਆਤ ਕਰ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਸਹੂਲਤ ਮਿਲੇਗੀ।