ਸੱਜਣ ਦਾ ਬਰੀ ਹੋਣਾ, ਦਿੱਲੀ ਕਮੇਟੀ ਆਪਣੇ ਆਕਾਵਾਂ ਨੂੰ ਖੁਸ਼ ਕਰਣ ਲਈ ਪੰਥ ਨਾਲ ਕਰ ਰਹੀ ਹੈ ਧ੍ਰੋਹ: ਮਨਜੀਤ ਸਿੰਘ ਜੀਕੇ/ ਸੁਖਵਿੰਦਰ ਬੱਬਰ

ਸੱਜਣ ਦਾ ਬਰੀ ਹੋਣਾ, ਦਿੱਲੀ ਕਮੇਟੀ ਆਪਣੇ ਆਕਾਵਾਂ ਨੂੰ ਖੁਸ਼ ਕਰਣ ਲਈ ਪੰਥ ਨਾਲ ਕਰ ਰਹੀ ਹੈ ਧ੍ਰੋਹ: ਮਨਜੀਤ ਸਿੰਘ ਜੀਕੇ/ ਸੁਖਵਿੰਦਰ ਬੱਬਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 20 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇਕ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ ਵਿਚ ਬਰੀ ਕਰਣ ਦੇ ਫੈਸਲੇ ਨਾਲ ਸਿੱਖ ਪੰਥ ਦੇ ਹਿਰਦਿਆਂ ਨੂੰ ਵੱਡੀ ਠੇਸ ਪਹੁੰਚੀ ਹੈ । ਇਸ ਬਾਰੇ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਅਤੇ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਦਿੱਲੀ ਕਮੇਟੀ ਤੇ ਨਿਸ਼ਾਨਾਂ ਵਿੰਗਯਾ ਹੈ । ਉਨ੍ਹਾਂ ਦਸਿਆ ਕਿ ਜਦੋ ਕਾਂਗਰਸ ਪਾਰਟੀ ਕੇਂਦਰ ਵਿਚ ਸੀ ਤਦ ਅਸੀ ਉਨ੍ਹਾਂ ਤੇ ਦਬਾਅ ਬਣਾ ਕੇ ਇਹ ਮਾਮਲਾ ਦਰਜ਼ ਕਰਣ ਲਈ ਮਜਬੂਰ ਕਰ ਦਿੱਤਾ । ਨਾਲ ਹੀ ਅਦਾਲਤ ਅੰਦਰ ਇਨ੍ਹਾਂ ਮਾਮਲਿਆ ਨੂੰ ਅਤੇ ਗਵਾਹਾਂ ਨੂੰ ਪੂਰੀ ਤਰ੍ਹਾਂ ਨਜ਼ਰ ਵਿਚ ਰੱਖਿਆ ਸੀ ਜਿਸ ਨਾਲ ਕਿਸੇ ਵੀਂ ਤਰੀਕੇ ਨਾਲ ਇਹ ਦੋਸ਼ੀ ਬਚ ਨਾ ਸਕਣ ।

ਉਨ੍ਹਾਂ ਕਿਹਾ ਕਿ ਜਦੋ ਤੋਂ ਕਮੇਟੀ ਅੰਦਰ ਮੌਜੂਦਾ ਹੁਕਮਰਾਨ ਕਾਬਿਜ਼ ਹੋਏ ਹਨ ਇਕ ਵੀਂ ਮਾਮਲੇ ਵਿਚ ਓਹ ਸਫਲ ਨਹੀਂ ਹੋ ਸਕੇ ਉਲਟਾ ਸਾਡੀ ਕੀਤੀ ਮਿਹਨਤ ਵੀਂ ਬਰਬਾਦ ਕਰ ਦਿੱਤੀ ਜਿਸ ਦਾ ਨਤੀਜਾ ਅਜ ਸੱਜਣ ਕੁਮਾਰ ਇਕ ਮਾਮਲੇ ਵਿਚ ਬਰੀ ਹੋ ਗਿਆ ਹੈ । ਉਨ੍ਹਾਂ ਟਾਈਟਲਰ ਵਾਲੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋ ਸਾਡੇ ਸਟਿੰਗ ਓਪਰੇਸ਼ਨ ਦੀ ਵੀਡੀਓ ਮੌਜੂਦ ਹਨ ਤੇ ਮਾਮਲੇ ਨਾਲ ਜੁੜੀਆਂ ਹੋਰ ਵੀਂ ਅਹਿਮ ਗੱਲਾਂ ਅਦਾਲਤ ਨੂੰ ਦਸੀਆਂ ਸਨ ਫੇਰ ਕਿਉਂ ਨਹੀਂ ਇਨ੍ਹਾਂ ਦੇ ਵਕੀਲ ਨੇ ਆਪਣਾ ਸਖ਼ਤ ਸਟੈਂਡ ਲਿਆ । ਅੰਤ ਵਿਚ ਉਨ੍ਹਾਂ ਕਿਹਾ ਕਿ ਇਹ ਲੋਕ ਆਪਣੇ ਆਕਾਵਾਂ ਨੂੰ ਖੁਸ਼ ਕਰਣ ਲਈ ਪੰਥ ਨਾਲ ਵੱਡਾ ਧ੍ਰੋਹ ਕਮਾ ਰਹੇ ਹਨ ਜਿਸ ਨਾਲ ਸਿੱਖ ਪੰਥ ਦੇ ਦੋਸ਼ੀ ਬਰੀ ਹੋ ਰਹੇ ਹਨ । ਇਸ ਮਾਮਲੇ ਬਾਰੇ ਗੱਲ ਕਰਣ ਲਈ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ।