ਦਿੱਲੀ ਗੁਰਦਵਾਰਾ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ ’ਤੇ

ਦਿੱਲੀ ਗੁਰਦਵਾਰਾ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ ’ਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 4 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ’ਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਵੱਲੋਂ ਸੈਂਕੜੇ ਲੋਕਾਂ ਦੇ ਇਕੱਠੇ ਅੰਮ੍ਰਿਤ ਸੰਚਾਰ ਕਰਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਲਈ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ ਜਿਨ੍ਹਾਂ ਸਿੱਖਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ।

ਧਰਮ ਪ੍ਰਚਾਰ ਕਮੇਟੀ ਵੱਲੋਂ 27 ਮਾਰਚ ਤੋਂ 12 ਅਪ੍ਰੈਲ ਤੱਕ ਦਿੱਲੀ ਦੇ ਵੱਖ-ਵੱਖ ਹਲਕਿਆਂ ’ਚ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਤੱਕ 250 ਤੋਂ ਵੱਧ ਲੋਕ ਅੰਮ੍ਰਿਤਪਾਨ ਕਰਨ ਲਈ ਆਪਣੇ ਨਾਮ ਦਰਜ ਕਰਵਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਇਸ ਗਿਣਤੀ ਵਿਚ ਹੋਰ ਵੀ ਵਾਧਾ ਹੋਵੇਗਾ।

ਸ: ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਖੁਦ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਪਹੁੰਚ ਕੇ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਉਨ੍ਹਾਂ ਦੱਸਿਆ ਕਿ 13 ਅਪ੍ਰੈਲ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਸ਼ਾਮ ਤੱਕ ਦੀਵਾਨ ਸਜਾਏ ਜਾਣਗੇ।

ਇਸ ਵਿਸ਼ੇਸ਼ ਦਿਵਸ ਮੌਕੇ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ। ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਸਾਹਿਬ ਅਤੇ ਖਾਲਸੇ ਦਾ ਇਤਿਹਾਸ ਸੁਣਾਉਣਗੇ। ਦੌਰਾਨ ਪੰਜ ਪਿਆਰੇ ਸਾਹਿਬਾਨਾਂ ਵੱੱਲੋਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਜਾਵੇਗਾ।

ਸ: ਜਸਪ੍ਰੀਤ ਸਿੰਘ ਕਰਮਸਰ ਨੇ ਉਨ੍ਹਾਂ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ ਹੈ ਮਗਰ ਅੰਮ੍ਰਿਤਪਾਨ ਕਰਨ ਦੇ ਚਾਹਵਾਨ ਹਨ, ਉਹ 13 ਤਰੀਕ ਨੂੰ ਸਵੇਰੇ 9 ਵਜੇ ਕੇਸ਼ੀ ਇਸ਼ਨਾਨ ਕਰਕੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਹੁੰਚਣ, ਉਥੇ ਉਨ੍ਹਾਂ ਨੂੰ ਕੱਕਾਰ ਭੇਟ ਕੀਤਾ ਜਾਵੇਗਾ।