ਦਲੇਰ ਮਹਿੰਦੀ ਦੀ ਸਜ਼ਾ ਹਾਈ ਕੋਰਟ ਨੇ ਕੀਤੀ ਮੁਅੱਤਲ

ਦਲੇਰ ਮਹਿੰਦੀ ਦੀ ਸਜ਼ਾ ਹਾਈ ਕੋਰਟ ਨੇ ਕੀਤੀ ਮੁਅੱਤਲ

ਮਾਮਲਾ ਕਬੂਤਰਬਾਜੀ ਦਾ

*ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਸੁਣਾਇਆ ਫ਼ੈਸਲਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਕਬੂਤਰਬਾਜ਼ੀ ਦੇ ਮਾਮਲੇ ਵਿਚ ਫਸੇ ਗਾਇਕ ਦਲੇਰ ਮਹਿੰਦੀ ਦੀ ਦੋ ਸਾਲ ਦੀ ਸਜ਼ਾ ਮੁਅੱਤਲ ਕਰ ਦਿੱਤੀ ਹੈ। ਸਾਲ 2003 ਦੇ ਮਨੁੱਖੀ ਤਸਕਰੀ ਮਾਮਲੇ ਵਿਚ ਪਟਿਆਲਾ ਦੀ ਇਕ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਜਸਟਿਸ ਜੀ ਐੱਸ ਗਿੱਲ ਦੇ ਸਿੰਗਲ ਬੈਂਚ ਨੇ ਦਲੇਰ ਮਹਿੰਦੀ ਦੀ ਸਜ਼ਾ ਮੁਅੱਤਲ ਕੀਤੀ ਹੈ। ਗਾਇਕ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਆਪਣੇ ਮੁਵੱਕਿਲ ਨੂੰ ਹਾਈ ਕੋਰਟ ਤੋਂ ਰਾਹਤ ਮਿਲਣ ਦੀ ਪੁਸ਼ਟੀ ਕੀਤੀ ਹੈ। ਹੇਠਲੀ ਅਦਾਲਤ ਵੱਲੋਂ ਮਾਰਚ 2018 ਵਿਚ ਸੁਣਾਈ ਗਈ ਦੋ ਸਾਲ ਦੀ ਸਜ਼ਾ ਨੂੰ ਪਟਿਆਲਾ ਅਦਾਲਤ ਨੇ ਬਹਾਲ ਰੱਖਿਆ ਸੀ ਜਿਸ ਮਗਰੋਂ ਦਲੇਰ ਮਹਿੰਦੀ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨੇ ਹੇਠਲੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਪਾਈ ਗਈ ਪਟੀਸ਼ਨ ਨੂੰ 14 ਜੁਲਾਈ ਨੂੰ ਖਾਰਜ ਕਰ ਦਿੱਤਾ ਸੀ ਜਿਸ ਮਗਰੋਂ ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਪਟਿਆਲਾ ਪੁਲੀਸ ਨੇ ਬਖ਼ਸ਼ੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ, ਜਿਸ ਦੀ 2017 ਵਿਚ ਮੌਤ ਹੋ ਗਈ ਸੀ, ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦੋਵੇਂ ਭਰਾਵਾਂ ਖ਼ਿਲਾਫ਼ ਧੋਖਾਧੜੀ ਦੀਆਂ 35 ਹੋਰ ਸ਼ਿਕਾਇਤਾਂ ਵੀ ਮਿਲੀਆਂ ਸਨ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਏ ਸਨ ਕਿ ਦੋਵੇਂ ਭਰਾਵਾਂ ਨੇ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਅਤੇ ਕੈਨੇਡਾ ਭਿਜਵਾਉਣ ਲਈ ਉਨ੍ਹਾਂ ਤੋਂ ਪੈਸੇ ਲਏ ਸਨ ਪਰ ਉਹ ਬਾਹਰ ਲੈ ਕੇ ਨਹੀਂ ਗਏ। ਪਟਿਆਲਾ ਪੁਲੀਸ ਨੇ ਗਾਇਕ ਦੇ ਦਿੱਲੀ ਸਥਿਤ ਕਨਾਟ ਪਲੇਸ ਦਫ਼ਤਰਾਂ ’ਤੇ ਛਾਪੇ ਮਾਰ ਕੇ ਫਾਈਲਾਂ ਜ਼ਬਤ ਕੀਤੀਆਂ ਸਨ ਜਿਨ੍ਹਾਂ ’ਵਿਚ ਕਬੂਤਰਬਾਜ਼ੀ ਦੇ ਇਵਜ਼ ’ਵਿਚ ਪੈਸੇ ਲਏ ਜਾਣ ਦਾ ਹਿਸਾਬ-ਕਿਤਾਬ ਸੀ।