ਭਾਈ ਨਿੱਜਰ ਦੇ ਕਤਲ ਲਈ ਦਲ ਖਾਲਸਾ ਨੇ ਭਾਰਤੀ ਏਜੰਸੀਆਂ ਨੂੰ ਦੋਸ਼ੀ ਦਸਿਆ

ਭਾਈ ਨਿੱਜਰ ਦੇ ਕਤਲ ਲਈ ਦਲ ਖਾਲਸਾ ਨੇ ਭਾਰਤੀ ਏਜੰਸੀਆਂ ਨੂੰ ਦੋਸ਼ੀ ਦਸਿਆ

 ਖੁਫ਼ੀਆ ਏਜੰਸੀ ਰਾਅ ਦੇ ਦਫਤਰ ਰੋਸ ਮਾਰਚ ਕਰਨ ਜਾਂਦੇ ਦਲ ਖ਼ਾਲਸਾ ਦੇ 86 ਸਿੰਘ ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਬੀਤੇ ਦਿਨੀਂ ਕੈਨੇਡਾ ਵਿਚ ਸ਼ਹੀਦ ਕੀਤੇ ਗਏ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਨਮਿਤ ਦਲ ਖ਼ਾਲਸਾ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਸਮਾਗਮ ਉਪਰੰਤ ਦਲ ਖ਼ਾਲਸਾ ਦੇ ਨੌਜਵਾਨ ਆਗੂ ਤੇ ਬੁਲਾਰੇ ਪਰਮਜੀਤ ਸਿੰਘ ਮੰਡ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਸਿੱਖ ਨੌਜਵਾਨਾਂ ਅਤੇ ਹੋਰ ਸਮਰਥਕਾਂ ਨੇ ਅੱਜ ਜਦੋਂ ਬੀਤੇ ਸਮੇਂ ਵਿਚ ਵਿਦੇਸ਼ਾਂ ਵਿਚ ਖਾਲਿਸਤਾਨੀ ਲਹਿਰ ਦੇ ਆਗੂਆਂ ਦੇ ਕਤਲੇਆਮ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਨਿੱਜਰ ਦੇ ਕਤਲਾਂ ਦੇ ਵਿਰੋਧ ਵਿਚ ਘੰਟਾ ਘਰ ਪਲਾਜਾ ਤੋਂ ਭਾਰਤੀ ਖੁਫ਼ੀਆ ਏਜੰਸੀ 'ਰਾਅ' ਦੇ ਦਫਤਰ ਤੱਕ ਰੋਸ ਮਾਰਚ ਕੱਢਣ ਦੀ ਕੋਸ਼ਿਸ ਕੀਤੀ ਤਾਂ ਵਿਰਾਸਤੀ ਮਾਰਗ ਵਿਚ ਪਹਿਲਾਂ ਤੋਂ ਤਾਇਨਾਤ ਸੁਰੱਖਿਆ ਫੋਰਸਾਂ ਵਲੋਂ 86 ਦੇ ਕਰੀਬ ਨੌਜਵਾਨਾਂ ਤੇ ਹੋਰਨਾਂ ਨੂੰ ਗਿ੍ਫਤਾਰ ਕਰ ਲਿਆ ਗਿਆ ।ਇਸ ਤੋਂ ਪਹਿਲਾਂ ਦਲ ਖਾਲਸਾ ਅਖੰਡ ਕੀਰਤਨੀ ਜਥਾ ਅਤੇ ਅਕਾਲੀ ਦਲ ਅੰਮਿ੍ਤਸਰ ਦੀ ਅਗਵਾਈ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਸਿਮਰਨਜੀਤ ਸਿੰਘ ਮਾਨ, ਹਰਪਾਲ ਸਿਘ ਚੀਮਾ ਤੇੇ ਕੰਵਰਪਾਲ ਸਿੰਘ ਨੇ 'ਰਾਅ' ਨੂੰ ਸ਼ੱਕ ਦੇ ਘੇਰੇ ਵਿਚ ਲੈਂਦਿਆਂ ਸਿੱਖ ਆਗੂਆਂ ਵਿਰੁੱਧ ਆਪਣੀਆਂ ਕਾਰਵਾਈਆਂ ਬੰਦ ਕਰਨ ਲਈ ਕਿਹਾ ਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜਿਉਂ ਮਾਰਚ ਨੂੰ ਰਵਾਨਾ ਕੀਤਾ ।ਇਹ ਮਾਰਚ ਜਦੋਂ ਵਿਰਾਸਤੀ ਮਾਰਗ ਵਿਚ ਪੁੱਜਿਆ ਤਾਂ ਪੁਲਿਸ ਵਲੋਂ ਭਾਈ ਗੁਰਦਾਸ ਹਾਲ ਵਿਖੇ ਰੋਕੇ ਜਾਣ 'ਤੇ ਜ਼ੋਰਦਾਰ ਨਾਅਰੇਬਾਜ਼ੀ ਹੋਈ ।ਬਾਅਦ ਵਿਚ ਪੁਲਿਸ ਵਲੋਂ ਦੋ ਬੀਬੀਆਂ ਤੇ ਦੋ ਬੱਚਿਆਂ ਸਮੇਤ 86 ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਤੇ ਬੱਸਾਂ ਵਿਚ ਬਿਠਾ ਕੇ ਥਾਣੇ ਲੈ ਗਏ । ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅਸੀਂ ਖੁਫੀਆ ਏਜੰਸੀ ਸੰਚਾਲਕਾਂ ਨੂੰ ਆਪਣੀ ਕੌਮ ਦਾ ਸੰਦੇਸ਼, ਗੁੱਸਾ ਅਤੇ ਤੌਖਲਾ ਦੱਸਣਾ ਚਾਹੁੰਦੇ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਸਾਡੇ ਰੋਸ ਮਾਰਚ ਨੂੰ ਰੋਕ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮ 'ਤੇ ਹੀ ਚੱਲਦਿਆਂ ਸਿੱਖ ਵਿਰੋਧੀ ਭੂਮਿਕਾ ਨਿਭਾ ਰਹੀ ਹੈ ।ਭਾਰਤ ਅੰਦਰ ਕਈ ਸੂਬਿਆਂ ਵਿਚ ਘੱਟ-ਗਿਣਤੀ ਨਸਲੀ ਕੌਮਾਂ ਅਤੇ ਭਾਰਤੀ ਨਿਜ਼ਾਮ ਵਿਚਾਲੇ ਪ੍ਰਭੂਸੱਤਾ ਨੂੰ ਹਾਸਲ ਕਰਨ ਲਈ ਹਥਿਆਰਬੰਦ ਸੰਘਰਸ਼ ਚੱਲ ਰਹੇ ਹਨ। ਇਨ੍ਹਾਂ ਸੰਘਰਸ਼ਾਂ ਦਾ ਸਨਮਾਨਯੋਗ ਹੱਲ ਕੇਵਲ ਸਵੈ-ਨਿਰਣੇ ਦੇ ਹੱਕ ਰਾਹੀਂ ਨਿਕਲ ਸਕਦਾ ਹੈ, ਜਿਸ ਲਈ ਤਾਕਤਵਾਰ ਮੁਲਕਾਂ ਨੂੰ ਯੂ. ਐੱਨ. ਦੀ ਅਗਵਾਈ ਹੇਠ ਵਿਚੋਲਗੀ ਕਰਨੀ ਚਾਹੀਦੀ ਹੈ। ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਿੰਦ-ਪੰਜਾਬ ਦਰਮਿਆਨ ਸ਼ਾਂਤੀ ਸਵੈ-ਨਿਰਣੇ ਦੇ ਅਧਿਕਾਰ ’ਤੇ ਟਿਕੀ ਹੈ। ਪੰਜਾਬ ਦੇ ਲੋਕ ਪਿਛਲੀ ਅੱਧੀ ਸਦੀ ਤੋਂ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ ਪਰ ਹਿੰਦ ਹਕੂਮਤ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਹੱਕੀ ਅਤੇ ਜਾਇਜ਼ ਸੰਘਰਸ਼ ਨੂੰ ਆਪਣੀਆਂ ਹਥਿਆਰਬੰਦ ਫੋਰਸਾਂ ਦਾ ਇਸਤੇਮਾਲ ਕਰਦੇ ਹੋਏ ਹਿੰਸਕ ਤਰੀਕੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਹੈ।

ਕੰਵਰਪਾਲ ਸਿੰਘ ਨੇ ਕਿਹਾ ਕਿ ਸਵੈ ਨਿਰਣੇ ਦਾ ਹੱਕ ਯੂ. ਐੱਨ. ਰਾਹੀਂ ਮਿਲਿਆ, ਉਹ ਹੱਕ ਹੈ ਜਿਸ ਰਾਹੀਂ ਬਿਨਾ ਖੂਨ ਡੋਲਿਆ ਆਜ਼ਾਦੀ ਦੀ ਤਾਂਘ ਰੱਖਣ ਵਾਲੇ ਲੋਕਾਂ ਦਾ ਸਮੂਹ ਜਾਂ ਕੌਮ ਆਪਣੀ ਭਵਿੱਖ ਅਤੇ ਕਿਸਮਤ ਦਾ ਫੈਸਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਧਾਰੀ ਚੁੱਪ ਕਾਰਨ ਇਨ੍ਹਾਂ ਘੱਟ-ਗਿਣਤੀ ਨਸਲੀ ਕੌਮਾਂ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਹਥਿਆਰ ਚੁੱਕਣੇ ਪੈ ਰਹੇ ਹਨ। ਇਸ ਮੌਕੇ ਰਣਵੀਰ ਸਿੰਘ ਗੀਗਨਵਾਲ, ਗੁਰਦੀਪ ਸਿੰਘ ਕਾਲਕਟ, ਕੁਲਦੀਪ ਸਿੰਘ ਰਜਧਾਨ, ਸੁਰਜੀਤ ਸਿੰਘ ਖ਼ਾਲਿਸਤਾਨੀ, ਜਗਜੀਤ ਸਿੰਘ ਖੋਸਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਵਿੰਦਰ ਸਿੰਘ ਭੁਲੱਥ, ਬਹਾਦਰ ਸਿੰਘ ਗੁਰਾਇਆ, ਗੁਰਵਿੰਦਰ ਸਿੰਘ ਬਠਿੰਡਾ, ਰਾਜਵਿੰਦਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ ਮੂਨਕਾਂ, ਸੁਖਵਿੰਦਰ ਸਿੰਘ ਫੱਤੇਵਾਲ, ਪ੍ਰਭਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।ਇਸੇ ਦੌਰਾਨ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਇਨ੍ਹਾਂ ਨੌਜਵਾਨਾਂ ਨੇ 'ਰਾਅ' ਦੇ ਦਫਤਰ ਤੱਕ ਰੋਸ ਮਾਰਚ ਕੱਢਣ ਦੀ ਕੋਸ਼ਿਸ ਕੀਤੀ, ਜਿਨ੍ਹਾਂ ਨੂੰ ਰੋਕ ਲਿਆ ਗਿਆ ਹੈ ਤੇ ਉਨ੍ਹਾਂ ਦੀਆਂ ਮੰਗਾਂ ਪੁੱਛੀਆਂ ਗਈਆਂ ਤਾਂ ਕਿ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀਆਂ ਜਾਣ, ਪਰ ਇਨ੍ਹਾਂ ਨੇ ਕੋਈ ਮੰਗ ਪੱਤਰ ਨਹੀਂ ਦਿੱਤਾ, ਜਿਸ ਕਾਰਨ ਇਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।