ਰਾਵਲਪਿੰਡੀ ਵਿਚ ਫਿਰਕੂ ਮੁਸਲਮਾਨ ਸਿੱਖਾਂ ਨੂੰ ਧਮਕੀਆਂ ਦੇਣ ਲੱਗੇ

ਰਾਵਲਪਿੰਡੀ ਵਿਚ ਫਿਰਕੂ ਮੁਸਲਮਾਨ ਸਿੱਖਾਂ ਨੂੰ ਧਮਕੀਆਂ ਦੇਣ ਲੱਗੇ

ਮੁਸਲਮਾਨ ਬਣ ਜਾਓ ਜਾਂ ਛੱਡ ਦਿਓ ਪਾਕਿਸਤਾਨ''

*ਭਾਰਤ ਪਾਕਿ ਸਰਕਾਰਾਂ ਸਿੱਖਾਂ ਦੀ ਸੁਰੱਖਿਆ ਕਰਨ - ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਇਸਲਾਮਾਬਾਦ : ਪਾਕਿਸਤਾਨ ਵਿਚ ਸਿੱਖਾਂ-ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪਾਕਿਸਤਾਨ ਵਿੱਚ ਜਰਨਵਾਲਾ ਚਰਚ ਨੂੰ ਸਾੜਨ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਰਾਵਲਪਿੰਡੀ ਵਿੱਚ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਇਸ ਘੱਟ ਗਿਣਤੀ ਸਮੂਹ ਦੀ ਦੁਰਦਸ਼ਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਰਾਵਲਪਿੰਡੀ ਦੇ ਗੁਰਦੁਆਰਿਆਂ ਵਿੱਚ ਰਹਿ ਰਹੇ ਸਿੱਖਾਂ ਨੂੰ ਉੱਥੋਂ ਦੇ ਕੱਟੜਪੰਥੀਆਂ ਵੱਲੋਂ ਮੁਸਲਮਾਨ ਬਣਨ ਲਈ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ।

 ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿੱਚ ਖਾਸ ਕਰ ਕੇ ਰਾਵਲਪਿੰਡੀ ਅਤੇ ਪੰਜਾ ਸਾਹਿਬ ਵਿੱਚ ਸਿੱਖਾਂ ਨੂੰ ਧਮਕੀਆਂ ਦਿੱਤੇ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 30-35 ਸਾਲ ਪਹਿਲਾਂ ਅਫਗਾਨਿਸਤਾਨ, ਕਾਬੁਲ ਅਤੇ ਕੰਧਾਰ ਵਿੱਚ ਡੇਢ ਲੱਖ ਸਿੱਖ ਰਹਿੰਦੇ ਸਨ। ਪਰ ਉਥੇ ਮਾਹੌਲ ਇੰਨਾ ਵਿਗੜ ਗਿਆ ਅਤੇ ਸਿੱਖਾਂ ਦੀ ਟਾਰਗੇਟ ਕਿਲਿੰਗ ਕੀਤੀ ਗਈ, ਜਿਸ ਤੋਂ ਬਾਅਦ ਸਿੱਖ ਪਰਿਵਾਰ ਅਫਗਾਨਿਸਤਾਨ ਛੱਡ ਕੇ ਚਲੇ ਗਏ ਅਤੇ ਉਥੇ ਸਿਰਫ ਪੰਜ-ਛੇ ਪਰਿਵਾਰ ਹੀ ਰਹਿ ਗਏ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਸ਼ਾਵਰ ਤੋਂ ਆ ਕੇ ਪੰਜਾਬ ਵਿਚ ਵਸੇ ਸਿੱਖਾਂ ਨੂੰ ਹਾਲ ਹੀ ਵਿੱਚ ਧਮਕੀ ਭਰੇ ਪੱਤਰ ਮਿਲੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਾਰਨ ਬਜ਼ੁਰਗਾਂ, ਵਪਾਰੀਆਂ ਅਤੇ ਬੱਚਿਆਂ ਵਿੱਚ ਸਹਿਮ ਦਾ ਮਾਹੌਲ ਹੈ। ਧਮਕੀ ਭਰੇ ਪੱਤਰਾਂ ਰਾਹੀਂ ਸਿੱਖਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਚਿੱਠੀਆਂ ਕਾਰਨ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਵਿਚ ਧਮਕੀ ਭਰੇ ਪੱਤਰ ਭੇਜਣ ਦਾ ਇਹ ਰੁਝਾਨ ਬਹੁਤ ਹੀ ਮੰਦਭਾਗਾ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ।ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਦੇ ਸਿੱਖ ਲਗਾਤਾਰ ਡਰ ਦੇ ਸਾਏ ਹੇਠ ਰਹਿ ਰਹੇ ਹਨ ਉਨ੍ਹਾਂ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਨਿਸ਼ਾਨਾ ਬਣਾਇਆ ਜਾ

ਰਿਹਾ ਹੈ।