6 ਸਿੱਖਾਂ ਦੇ ਝੂਠੇ ਮੁਕਾਬਲੇ ਦੇ ਮਾਮਲੇ 'ਚ ਸੀਬੀਆਈ ਨੇ ਕੈਪਟਨ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ ਦਿੱਤੀ

6 ਸਿੱਖਾਂ ਦੇ ਝੂਠੇ ਮੁਕਾਬਲੇ ਦੇ ਮਾਮਲੇ 'ਚ ਸੀਬੀਆਈ ਨੇ ਕੈਪਟਨ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ ਦਿੱਤੀ
ਖੂਬੀ ਰਾਮ

ਮੋਹਾਲੀ: ਪੰਜਾਬ ਵਿੱਚ ਚੱਲੇ ਸਰਕਾਰੀ ਅੱਤਵਾਦ ਦੇ ਦੌਰ ਦੌਰਾਨ 26 ਸਾਲ ਪਹਿਲਾਂ ਪੰਜਾਬ ਪੁਲਿਸ ਵੱਲੋਂ ਇੱਕ ਸਿੱਖ ਪਰਿਵਾਰ ਦੇ 6 ਜੀਆਂ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਨ ਦੇ ਮਾਮਲੇ ਵਿੱਚ ਮੁਹਾਲੀ ਸਥਿਤ ਸੀਬੀਆਈ ਅਦਾਲਤ 'ਚ ਹੋਈ ਸੁਣਵਾਈ ਦੌਰਾਨ ਸੀਬੀਆਈ ਨੇ ਆਪਣਾ ਜਵਾਬ ਦਾਖਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 

ਸੀਬੀਆਈ ਦੇ ਵਿਸ਼ੇਸ਼ ਜੱਜ ਕੁਰਨੇਸ਼ ਕੁਮਾਰ ਦੀ ਅਦਾਲਤ ਵਿੱਚ ਚੱਲ ਰਹੇ ਇਸ ਮਾਮਲੇ 'ਚ ਅਹਿਮ ਗਵਾਹ ਭਾਈ ਕੰਵਰ ਸਿੰਘ ਧਾਮੀ ਨੇ ਆਪਣੇ ਬਿਆਨਾਂ ਅਤੇ ਧਾਰਾ 319 ਅਧੀਨ ਅਰਜ਼ੀ ਦਰਜ ਕਰਕੇ ਖੂਬੀ ਰਾਮ ਨੂੰ ਮੁਲਜ਼ਮ ਬਣਾਉਣ ਦੀ ਅਪੀਲ ਕੀਤੀ ਸੀ। ਕੰਵਰ ਸਿੰਘ ਧਾਮੀ ਵੱਲੋਂ ਦਿੱਤੇ ਬਿਆਨਾਂ ਮੁਤਾਬਿਕ ਜਦੋਂ 1993 ਵਿੱਚ ਤਰਨਤਾਰਨ ਵਿਖੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਪੁਲਸ ਵੱਲੋਂ ਕਤਲ ਕੀਤਾ ਗਿਆ ਸੀ ਤਾਂ ਉਸ ਸਮੇਂ ਖੂਬੀ ਰਾਮ ਤਰਨਤਾਰਨ ਵਿੱਚ ਬਤੌਰ ਐਸਪੀ (ਆਪਰੇਸ਼ਨ) ਨਿਯੁਕਤ ਸੀ। ਧਾਮੀ ਦਾ ਕਹਿਣਾ ਹੈ ਕਿ ਇਹਨਾਂ ਜੀਆਂ ਨੂੰ ਪੁਲਸ ਵੱਲੋਂ ਕਤਲ ਕੀਤੇ ਜਾਣ ਦਾ ਉਹ ਚਸ਼ਮਦੀਦ ਗਵਾਹ ਹੈ।

ਧਾਮੀ ਵੱਲੋਂ ਦਰਜ ਕੀਤੀ ਅਪੀਲ 'ਤੇ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਸੀ, ਜਿਸ ਦੇ ਜਵਾਬ ਵਿੱਚ ਸੀਬੀਆਈ ਨੇ ਕਿਹਾ ਕਿ ਉਸਦੀ ਮੁੱਢਲੀ ਜਾਂਚ ਵਿੱਚ ਇਸ ਮਾਮਲੇ 'ਚ ਖੂਬੀ ਰਾਮ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਉਂਦੀ। ਸੀਬੀਆਈ ਨੇ ਤਰਕ ਦਿੱਤਾ ਕਿ ਚਾਰਜਸ਼ੀਟ ਵਿੱਚ ਵੀ ਖੂਬੀ ਰਾਮ ਦਾ ਨਾਂ ਸ਼ਾਮਿਲ ਨਹੀਂ ਹੈ। 

ਕੀ ਹੈ ਪੂਰਾ ਮਾਮਲਾ?
ਹਾਈ ਕੋਰਟ ਦੇ ਹੁਕਮਾਂ 'ਤੇ 30 ਮਈ 1997 ਨੂੰ ਬਾਬਾ ਚਰਨ ਸਿੰਘ ਦੀ ਪਤਨੀ ਬੀਬੀ ਸੁਰਜੀਤ ਕੌਰ ਵਾਸੀ ਪੰਡੋਰੀ ਦੀ ਸ਼ਿਕਾਇਤ 'ਤੇ ਤਰਨਤਾਰਨ ਦੇ ਸਾਬਕਾ ਐੱਸਐੱਸਪੀ ਅਜੀਤ ਸਿੰਘ ਸੰਧੂ, ਤਤਕਾਲੀ ਐੱਸਪੀ (ਆਪਰੇਸ਼ਨ) ਖੂਬੀ ਰਾਮ, ਡੀਐੱਸਪੀ ਗੁਰਮੀਤ ਸਿੰਘ ਰੰਧਾਵਾ ਤੇ ਕਸ਼ਮੀਰ ਸਿੰਘ ਗਿੱਲ, ਇੰਸਪੈਕਟਰ ਸੂਬਾ ਸਿੰਘ ਸਮੇਤ ਕਰੀਬ 10 ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। 

ਸੀਬੀਆਈ ਨੇ ਮੁੱਢਲ਼ੀ ਜਾਂਚ ਵਿੱਚ ਕਿਹਾ ਹੈ ਕਿ ਅਪਰੈਲ 1993 ਵਿੱਚ ਸੀਆਈਏ ਸਟਾਫ ਤਰਨਤਾਰਨ ਦੇ ਮੁਖੀ ਸੂਬਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਬਾਬਾ ਚਰਨ ਸਿੰਘ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਜਦੋਂ ਉਹ ਐੱਸਐੱਸਪੀ ਅਜੀਤ ਸੰਧੂ ਕੋਲ ਆਤਮ ਸਮਰਪਣ ਕਰਨ ਜਾ ਰਹੇ ਸਨ। ਇਸ ਤੋਂ ਬਾਅਦ ਡੀਐੱਸਪੀ ਕਸ਼ਮੀਰ ਸਿੰਘ ਗਿੱਲ ਜੁਲਾਈ 1993 ਵਿੱਚ ਬਾਬਾ ਚਰਨ ਸਿੰਘ ਨੂੰ ਬੜੌਦਾ ਲੈ ਗਿਆ ਜਿੱਥੇ ਉਹਨਾਂ ਦੇ ਖਾਤੇ ਵਿੱਚੋਂ 4.17 ਲੱਖ ਰੁਪਏ ਕਢਵਾਏ ਗਏ। ਇਸ ਤੋਂ ਬਾਅਦ ਬਾਬਾ ਚਰਨ ਸਿੰਘ, ਉਹਨਾਂ ਦੇ ਤਿੰਨ ਭਰਾਵਾਂ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਸਾਲੇ ਗੁਰਮੀਤ ਸਿੰਘ, ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਗਿਆ ਸੀ। 

ਖੂਬੀ ਰਾਮ ਦੀ ਸ਼ਮੂਲੀਅਤ ਬਾਰੇ ਕੰਵਰ ਸਿੰਘ ਧਾਮੀ ਦਾ ਬਿਆਨ
ਕੰਵਰ ਸਿੰਘ ਧਾਮੀ ਮੁਤਾਬਿਕ ਖੂਬੀ ਰਾਮ ਨੇ ਬਾਬਾ ਚਰਨ ਸਿੰਘ ਨੂੰ ਉਸ ਦੇ ਸਾਹਮਣੇ ਬਾਂਹਾਂ ਬੰਨ੍ਹ ਕੇ ਪੱਖੇ ਨਾਲ ਲਟਕਾਇਆ ਸੀ ਤੇ ਉਸ ਦੇ ਕਰੰਟ ਲਗਾਇਆ ਸੀ। ਪੁਲਿਸ ਨੇ ਰਾਤ ਸਮੇਂ ਬਾਬਾ ਚਰਨ ਸਿੰਘ ਤੇ ਉਸ ਨੂੰ ਇਕੋ ਬੇੜੀ ਨਾਲ ਬੰਨ੍ਹਿਆ ਸੀ ਤੇ ਰਾਤ ਸਮੇਂ ਬਾਬਾ ਚਰਨ ਸਿੰਘ ਨੇ ਉਸ ਦੇ ਪਰਿਵਾਰ ਉੱਤੇ ਕੀਤੇ ਤਸ਼ੱਦਦਾਂ ਦੀ ਦਾਸਤਾਨ ਉਸ ਨੂੰ ਦੱਸੀ ਸੀ।

ਧਾਮੀ ਨੇ ਅਦਾਲਤ 'ਚ ਇਹ ਵੀ ਦੱਸਿਆ ਸੀ ਕਿ ਉਸ ਦੇ ਸਾਹਮਣੇ ਬਾਬਾ ਚਰਨ ਸਿੰਘ ਕੋਲੋਂ 50 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਸੀ, ਜਿਸ ਸਬੰਧੀ ਬਾਬਾ ਚਰਨ ਸਿੰਘ ਨੇ ਕਿਹਾ ਸੀ ਕਿ ਉਸ ਦਾ ਸਾਰਾ ਸਾਮਾਨ ਤੇ ਗੱਡੀਆਂ ਆਦਿ ਉਹ ਪਹਿਲਾਂ ਹੀ ਲੈ ਚੁੱਕੇ ਹਨ, ਹੁਣ ਉਸ ਕੋਲ ਕੁਝ ਵੀ ਨਹੀਂ ਹੈ। ਧਾਮੀ ਵਲੋਂ ਅਦਾਲਤ 'ਚ ਇਹ ਵੀ ਕਿਹਾ ਗਿਆ ਸੀ ਕਿ ਉਸ ਸਮੇਂ ਦੇ ਐੱਸ.ਐੱਸ.ਪੀ. ਨੇ ਖੂਬੀ ਰਾਮ ਨੂੰ ਕਿਹਾ ਸੀ ਕਿ ਬਾਬਾ ਚਰਨ ਸਿੰਘ ਨੂੰ ਉਸ ਦੇ ਡਰਾਈਵਰ ਰਹੇ ਬਿੱਟੂ ਦੀ ਤਰ੍ਹਾਂ ਸਬਕ ਸਿਖਾਇਆ ਜਾਵੇ।