ਨਕੋਦਰ ਗੋਲੀਕਾਂਡ ਮਾਮਲੇ 'ਚ ਹਾਈ ਕੋਰਟ ਦੀ ਸਰਕਾਰ ਨੂੰ ਝਾੜ੍ਹ; ਇੱਕ ਹਫਤੇ ਵਿੱਚ ਰਿਪੋਰਟ ਮੁਹੱਈਆ ਕਰਾਉਣ ਲਈ ਕਿਹਾ

ਨਕੋਦਰ ਗੋਲੀਕਾਂਡ ਮਾਮਲੇ 'ਚ ਹਾਈ ਕੋਰਟ ਦੀ ਸਰਕਾਰ ਨੂੰ ਝਾੜ੍ਹ; ਇੱਕ ਹਫਤੇ ਵਿੱਚ ਰਿਪੋਰਟ ਮੁਹੱਈਆ ਕਰਾਉਣ ਲਈ ਕਿਹਾ

ਚੰਡੀਗੜ੍ਹ: ਸਾਕਾ ਨਕੋਦਰ ਬੇਅਦਬੀ ਕਾਂਡ ਦੀਆਂ ਘਟਨਾਵਾਂ ਦੇ ਮਾਮਲੇ 'ਚ ਹਾਈਕੋਰਟ ਨੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਭਾਗ-2 ਪੇਸ਼ ਕਰਨ ਦੀ ਹਦਾਇਤ ਪਟੀਸ਼ਨਰ ਨੂੰ ਕੀਤੀ ਸੀ ਪਰ ਪਟੀਸ਼ਨਰ ਵਲੋਂ ਕਿਹਾ ਗਿਆ ਕਿ ਰਿਪੋਰਟ ਦਾ ਹਿੱਸਾ ਪੰਜਾਬ ਸਰਕਾਰ ਵਲੋਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਇਸ 'ਤੇ ਹਾਈਕੋਰਟ ਨੇ ਕਿਹਾ ਹੈ ਕਿ ਸਰਕਾਰ ਇਸ ਮਾਮਲੇ 'ਚ ਗੰਭੀਰਤਾ ਨਹੀਂ ਵਿਖਾ ਰਹੀ ਅਤੇ ਨਾਲ ਹੀ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਉਹ ਰਿਪੋਰਟ ਦਾ ਸਬੰਧਿਤ ਭਾਗ ਪਟੀਸ਼ਨਰ ਨੂੰ ਇੱਕ ਹਫਤੇ ਦੇ ਵਿੱਚ ਮੁਹੱਈਆ ਕਰਵਾਏ। 

ਹਾਈਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਸਰਕਾਰ ਵਲੋਂ ਕੀਤੇ ਉਪਰਾਲਿਆਂ ਬਾਰੇ ਜਾਣਨਾ ਜ਼ਰੂਰੀ ਹੈ। ਪਟੀਸ਼ਨਰ ਦੇ ਵਕੀਲ ਹਰੀ ਚੰਦ ਨੇ ਬੈਂਚ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਸਰਕਾਰ ਕੋਲੋਂ ਰਿਪੋਰਟ ਮੰਗੀ ਹੋਈ ਹੈ ਤੇ ਰਿਪੋਰਟ ਮਿਲਣ 'ਤੇ ਹਾਈਕੋਰਟ ਵਿਚ ਪੇਸ਼ ਕੀਤੀ ਜਾ ਸਕੇਗੀ। 

ਮਾਨਯੋਗ ਜੱਜ ਮਹਾਬੀਰ ਸਿੰਘ ਸਿੰਧੂ ਨੇ ਕੇਸ ਦੀ ਅਗਲੀ ਤਾਰੀਖ 22 ਜੁਲਾਈ ਸੋਮਵਾਰ ਤੈਅ ਕਰ ਦਿੱਤੀ ਹੈ। 

33 ਸਾਲ ਪਹਿਲਾਂ, ਚਾਰ ਸਿੱਖ ਨੌਜਵਾਨ  ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ,1986 ਨੂੰ ਨਕੋਦਰ ਵਿਖੇ ਬਿਨਾ ਕਿਸੇ ਭੜਕਾਹਟ ਦੇ ਚਲਾਈ ਗਈ ਪੁਲਿਸ ਗੋਲੀਬਾਰੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਜਦ ਸੰਗਤ ਸਿੱਖ ਵਿਰੋਧੀ ਅਨਸਰਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਕੀਤੇ ਸਰੂਪਾਂ ਦੀ ਸੰਭਾਲ ਲਈ ਗੁਰਦਵਾਰਾ ਸਾਹਿਬ ਵੱਲ ਜਾ ਰਹੀ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ