ਮੀਰੀ-ਪੀਰੀ ਨਗਰ ਕੀਰਤਨ ਮੌਕੇ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਮਤੇ ਪ੍ਰਵਾਨ

ਮੀਰੀ-ਪੀਰੀ ਨਗਰ ਕੀਰਤਨ ਮੌਕੇ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਮਤੇ ਪ੍ਰਵਾਨ

ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਮਤੇ ਪ੍ਰਵਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਰੀ ਡੈਲਟਾ (ਡਾ. ਗੁਰਵਿੰਦਰ ਸਿੰਘ) ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਲੋਂ, ਸਜਾਏ ਮੀਰੀ-ਪੀਰੀ ਨਗਰ ਕੀਰਤਨ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰੀ ਲਵਾਈ ਅਤੇ ਸਰੀ ਸ਼ਹਿਰ ਖਾਲਸਾਈ ਜਾਹੋ ਜਲਾਲ ਵਿੱਚ ਰੰਗਿਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤੇ ਹੋਏ ਸਨ, ਜਿਨ੍ਹਾਂ ਦੇ ਅੱਗੇ ਗੱਤਕੇ ਦੇ ਤਿਆਰ- ਬਰ-ਤਿਆਰ ਸਿੱਖ ਬੱਚੇ-ਬੱਚੀਆਂ ਸਲਾਮੀ ਦੇ ਰਹੇ ਹਨ। ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੀ ਪ੍ਰੇਰਨਾ ਤੇ ਇਤਿਹਾਸ ਨੂੰ ਵਰਤਮਾਨ ਵਿੱਚ ਅਪਨਾਉਂਦਿਆਂ ਇਸ ਵਾਰ ਨਗਰ ਕੀਰਤਨ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨਾਮ ਬਾਣੀ ਨੂੰ ਸਮਰਪਿਤ ਅਤੇ ਸਿੱਖ ਸੰਘਰਸ਼ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਕੇਂਦਰ ਬਿੰਦੂ ਰਹੀ। ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਬੰਧੀ ਜਾਂਚ ਦੀ ਪਟੀਸ਼ਨ ਨੂੰ ਮਿਲੇ ਬੇਮਿਸਾਲ ਹੁੰਗਾਰੇ ਦਾ ਪ੍ਰਭਾਵ ਨਗਰ ਕੀਰਤਨ ਵਿੱਚ ਵੇਖਿਆ ਜਾ ਸਕਦਾ ਸੀ, ਜਿੱਥੇ ਇਸ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੀ 'ਸ਼ੱਕੀ ਭੂਮਿਕਾ' ਦੀ ਜਾਂਚ ਦੀ ਮੰਗ ਕੀਤੀ ਗਈ। ਪੰਜਾਬ ਰੈਫਰੈਂਡਮ ਦੀ ਜ਼ੋਰਦਾਰ ਆਵਾਜ਼ ਤੋਂ ਇਲਾਵਾ, ਸਿੱਖ ਕੌਮ ਦੇ ਮਹਾਨ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ, ਯੂਨਾਇਟਿਡ ਸਿੱਖਜ਼ ਤੋਂ ਇਲਾਵਾ ਕਈ ਹੋਰ ਮਾਨਵ ਸੇਵੀ ਸੰਸਥਾਵਾਂ ਸਮੇਤ, ਵੱਖ-ਵੱਖ ਸਟਾਲ ਤੇ ਬੇ-ਮਿਸਾਲ ਲੰਗਰ ਉਤਸ਼ਾਹ ਦਾ ਕੇਂਦਰ ਸਨ। ਨਗਰ ਕੀਰਤਨ ਵਿੱਚ ਦਰਬਾਰ ਸਾਹਿਬ ਦੇ ਜੱਥਿਆਂ ਅਤੇ ਢਾਡੀਆਂ ਨੇ ਹਾਜ਼ਰੀ ਲਵਾਈ।

ਬੀ ਸੀ ਗੁਰਦੁਆਰਾ ਸਿੱਖ ਕੌਂਸਲ ਦੇ ਕੋਆਰਡੀਨੇਟਰ ਭਾਈ ਮਨਿੰਦਰ ਸਿੰਘ ਨੇ ਭਾਵਪੂਰਤ ਸ਼ਬਦਾਂ ਵਿੱਚ ਸਿੱਖ ਸਿਧਾਂਤਾਂ ਅਤੇ ਸਿੱਖ ਰਾਜ ਖਾਲਿਸਤਾਨ ਦੇ ਬਾਰੇ ਗੱਲਬਾਤ ਕੀਤੀ। ਪ੍ਰਸਿੱਧ ਢਾਡੀ ਜਥੇ ਭਾਈ ਤਰਲੋਚਨ ਸਿੰਘਭ ਭਮੱਦੀ, ਭਾਈ ਗੁਰਿੰਦਰ ਸਿੰਘ ਬੈਂਸ ਅਤੇ ਭਾਈ ਨਿਸ਼ਾਨ ਸਿੰਘ ਝਬਾਲ ਨੇ ਬੀਰ-ਰਸੀ ਵਾਰਾਂ ਨਾਲ ਨਿਹਾਲ ਕੀਤਾ। ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਚਰਨ ਸਿੰਘ ਅਤੇ ਭਾਈ ਤਲਬਲਬੀਰ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਭਾਈ ਦਲਜੀਤ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਦਾ ਸੰਚਾਲਨ ਭਾਈ ਭੁਪਿੰਦਰ ਸਿੰਘ ਹੋਠੀ ਅਤੇ ਭਾਈ ਗੁਰਮੀਤ ਸਿੰਘ ਤੂਰ ਵੱਲੋਂ ਕੀਤਾ ਗਿਆ।

ਉੱਤਰੀ ਅਮਰੀਕਾ ‘ਚ ਮਨੀਪੁਰ ਦੇ ਕਬਾਇਲੀਆਂ ਦੀ ਸੰਸਥਾ ਦੇ ਬੁਲਾਰੇ ਲੀਅਨ ਗੰਗਟੇ ਨੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸੰਬੋਧਨ ਹੁੰਦਿਆਂ ਮਨੀਪੁਰ ਵਿੱਚ ਹੋ ਰਹੇ ਸਰਕਾਰੀ ਜ਼ੁਲਮ ਦੀ ਦਾਸਤਾਨ ਸਾਂਝੀ ਕੀਤੀ ਅਤੇ ਸਿੱਖ ਭਾਈਚਾਰੇ ਵਲੋਂ ਮਾਰੇ ਜਾ ਰਹੇ ਹਾਅ ਦੇ ਨਾਅਰੇ ਵਾਸਤੇ ਕੌਮ ਦਾ ਧੰਨਵਾਦ ਕੀਤਾ। ਖਾਲਸਾ ਪੰਥ ਦੀ ਭਲਾਈ ਵਾਸਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਮਰਪਿਤ ਨਗਰ ਕੀਰਤਨ ਵਿਚ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਕੁਝ ਅਹਿਮ ਅਤੇ ਪਾਸ ਕੀਤੇ, ਇਸ ਪ੍ਰਕਾਰ ਹਨ ; (1) ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਈ ਜਾਵੇ। (2) ਕੈਨੇਡਾ ਦੇ ਸਮੂਹ ਗੁਰੂਦਵਾਰਾ ਸਾਹਿਬ ਦੀ ਸਿੱਖ ਸੰਗਤ ਆਪੋ-ਆਪਣੇ ਇਲਾਕੇ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਵਾਂਗ ਭਾਰਤ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦਿਨ ਦਿਹਾੜੇ ਗੋਲੀ ਮਾਰ ਕੇ ਸ਼ਹੀਦ ਕੀਤੇ ਭਾਈ ਹਰਦੀਪ ਸਿੰਘ ਦੇ ਕਾਤਲਾਂ ਦੀ ਪਛਾਣ ਜੱਗ ਜ਼ਾਹਰ ਕਰਨ ਲਈ ਪਟੀਸ਼ਨ ਸਾਇਨ ਆਫ ਕਰਨ ਲਈ ਪਹੁੰਚੇ।

(3) ਕਾਮਾਗਾਟਾ ਮਾਰੂ ਜਹਾਜ਼ ਦਾ ਅਸਲ ਨਾਮ "ਗੁਰੂ ਨਾਨਕ ਜਹਾਜ" ਹੀ ਲਿਖਿਆ ਅਤੇ ਪੜ੍ਹਿਆ ਜਾਵੇ। ਇਤਿਹਾਸ ਵਿੱਚ ਵਰਤੇ ਗ਼ਲਤ ਨਾਮ ਨੂੰ ਠੀਕ ਕੀਤਾ ਜਾਵੇ। (4) ਗੁਰੂ ਨਾਨਕ ਸਿੱਖ ਗੁਰਦਵਾਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥ ਦਰਦੀ ਸਿੱਖ ਸੰਗਤ, ਭਾਰਤੀ ਸਟੇਟ ਵੱਲੋਂ ਮਨੀਪੁਰ ਦੇ ਕੂਕੀ ਇਸਾਈ ਭਾਈਚਾਰੇ ਦੀਆਂ ਧੀਆਂ ਭੈਣਾਂ ਉੱਤੇ ਕੀਤੇ ਗਏ ਭਿਆਨਕ ਅਤਿਆਚਾਰ ਅਤੇ ਹਰਿਆਣਾ ਵਿਖੇ ਨਿਰਦੋਸ਼ ਮੁਸਲਮਾਨਾਂ ਦੇ ਕਤਲੇਆਮ ਦੀ ਨਿਖੇਧੀ ਕਰਦੀ ਹੈ। (5) 10 ਸਤੰਬਰ ਨੂੰ ਹੋਣ ਜਾ ਰਹੇ ਖਾਲਿਸਤਾਨ ਰੈਫਰੈਂਡਮ ਵਿਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਲਈ, ਸਿੱਖ ਸੰਗਤ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼ਹੀਦਾਂ ਦਾ ਸੁਪਨਾ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਰਾਇਸ਼ੁਮਾਰੀ ਵਿੱਚ ਵੱਧ ਚੜ ਕੇ ਯੋਗਦਾਨ ਪਾਈਏ ਜੀ (6) ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਹੋਰ ਅੱਗੇ ਲੈ ਕੇ ਜਾਣ ਲਈ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ ਕੇ ਸਾਥ ਅਤੇ ਸਹਿਯੋਗ ਦੇਣ ਲਈ ਅਪੀਲ ਤਾਂ ਕਿ ਪਹਿਲਾਂ ਦੀ ਤਰਾਂ ਬਗੈਰ ਕੋਈ ਲੋਨ ਲਏ ਸਾਰੇ ਕਾਰਜ ਸੰਗਤਾਂ ਦੀ ਭੇਟਾ ਕੀਤੀ ਮਾਇਆ ਨਾਲ ਚੱਲਦੇ ਰਹਿਣ। ਸਮੂਹ ਸੰਗਤਾਂ ਵੱਲੋਂ ਪੜ੍ਹੇ ਗਏ ਮਤਿਆਂ ਨੂੰ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ।