ਭਾਨਾ ਦੀ ਗ੍ਰਿਫ਼ਤਾਰੀ ਆਪ ਸਰਕਾਰ ਲਈ ਸਿਰਦਰਦੀ ਬਣੀ

ਭਾਨਾ ਦੀ ਗ੍ਰਿਫ਼ਤਾਰੀ ਆਪ ਸਰਕਾਰ ਲਈ ਸਿਰਦਰਦੀ ਬਣੀ

ਗਿ੍ਫਤਾਰੀ ਦੇ ਵਿਰੋਧ ਵਿੱਚ ਕੋਟਦੁੱਨਾ ਵਿਖੇ ਵਿਸ਼ਾਲ ਇਕੱਠ

* ਭਾਨੇ ਦੀ ਰਿਹਾਈ ਲਈ ਸਿਮਰਨਜੀਤ ਸਿੰਘ ਮਾਨ ਸੀਐਮ ਦੇ ਹਲਕੇ ਧੂਰੀ ਵਿੱਚ 31 ਨੂੰ ਕਰਨਗੇ ਵੱਡਾ ਇਕੱਠ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਧਨੌਲਾ : ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਆਪ ਸਰਕਾਰ ਲਈ ਵਡੀ ਚੁਣੌਤੀ ਬਣ ਗਈ ਹੈ। ਭਾਨਾ ਸਿਧੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਸਖ਼ਤ ਆਲੋਚਕ ਹੈ।ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਆਲੋਚਕ ਰਹੇ ਕਾਰਕੁਨਾਂ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਦੇ ਇਲਜ਼ਾਮ ਲੱਗ ਰਹੇ ਹਨ।ਉਹ ਵੀ ਉਦੋਂ ਜਦੋਂ ਮੁੱਖ ਮੰਤਰੀ ਕੇਜਰੀਵਾਲ ਦੀ ਅਗਵਾਈ ਵਾਲੀ ਨਵੀਂ ਦਿੱਲੀ ਦੀ 'ਆਪ' ਸਰਕਾਰ, ਕੇਂਦਰ ਸਰਕਾਰ 'ਤੇ ਕਥਿਤ ਤੌਰ 'ਤੇ ਕੇਂਦਰੀ ਏਜੰਸੀਆਂ ਨੂੰ ਬਦਲਾਖੋਰੀ ਦੀ ਰਾਜਨੀਤੀ ਲਈ ਵਰਤਣ ਦਾ ਇਲਜ਼ਾਮ ਲਗਾ ਰਹੇ ਹੋਣ।

ਭਾਨਾ ਸਿੱਧੂ ਹਾਲ ਹੀ ਵਿੱਚ ਉਨ੍ਹਾਂ ਟਰੈਵਲ ਏਜੰਟਾਂ ਨੂੰ ਫੋਨ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਨ ਲਈ ਕਹਿ ਰਿਹਾ ਸੀ ਜਿਨ੍ਹਾਂ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ ਠੱਗੀ ਮਾਰੀ ਜਾਂ ਪੈਸੇ ਨਹੀਂ ਮੋੜ ਰਹੇ ਸਨ।ਭਾਨਾ ਸਿੱਧੂ, ਜੋ ਟਰੈਵਲ ਏਜੇਂਟ ਕਥਿਤ ਤੌਰ 'ਤੇ ਲੋਕਾਂ ਦੇ ਪੈਸੇ ਵਾਪਿਸ ਨਹੀਂ ਕਰਦੇ, ਉਨ੍ਹਾਂ ਦੇ ਖਿਲਾਫ ਸੋਸ਼ਲ ਮੀਡਿਆ ਤੇ ਵੀਡੀਓ ਪਾਉਂਦਾ ਹੈ।ਭਾਨਾ ਸਿੱਧੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟ ਦੁਨਾ ਦਾ ਨਿਵਾਸੀ ਹੈ। ਉਨ੍ਹਾਂ ਦੇ ਫੇਸਬੁੱਕ ਉੱਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ ਅਤੇ ਇੰਸਟਾਗ੍ਰਾਮ 'ਤੇ 9.74 ਲੱਖ ਫਾਲੋਅਰਜ਼ ਹਨ।33 ਸਾਲਾ ਭਾਨਾ ਸਿੱਧੂ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਜ਼ਦੀਕੀ ਸਾਥੀ ਰਿਹਾ ਹੈ। ਉਸਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ ਮੂਸਾ ਜੱਟ ਅਤੇ ਹੋਰ ਕਈ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।ਪਰਿਵਾਰ ਵਿੱਚ ਭਾਨਾ ਸਿੱਧੂ ਦੀ ਦਾਦੀ, ਪਿਤਾ ਅਤੇ ਤਿੰਨ ਭੈਣ-ਭਰਾ ਹਨ।

ਬੀਤੇ ਦਿਨੀ ਭਾਨਾ ਦੀ ਗਿ੍ਫਤਾਰੀ ਖਿਲਾਫ ਪਿੰਡ ਕੋਟਦੁੱਨਾ ਵਿੱਚ ਉਸ ਦੇ ਹਮਾਇਤੀਆਂ ਨੇ ਵਿਸ਼ਾਲ ਇਕੱਠ ਕੀਤਾ। ਇਸ ਮੌਕੇ ਸਿਮਰਨਜੀਤ ਮਾਨ, ਸੁਖਪਾਲ ਸਿੰਘ ਖਹਿਰਾ, ਪਰਮਿੰਦਰ ਸਿੰਘ ਝੋਟਾ, ਇਕਬਾਲ ਸਿੰਘ ਝੂੰਦਾਂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਲੱਖਾ ਸਿਧਾਣਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਭਾਨਾ ਸਿੱਧੂ ’ਤੇ ਜ਼ੁਲਮ ਢਾਹ ਰਹੀ ਹੈ ਜਦਕਿ ਉਹ ਲੋਕ ਆਵਾਜ਼ ਬਣ ਰਿਹਾ ਹੈ ਤੇ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ, ਦੂਜੇ ਪਾਸੇ ਨਸ਼ਿਆਂ ਦੇ ਕਾਰੋਬਾਰੀ ਸ਼ਰ੍ਹੇਆਮ ਘੁੰਮ ਰਹੇ ਹਨ। ਆਗੂਆਂ ਨੇ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਮੋਟੀਆਂ ਠੱਗੀਆਂ ਦਾ ਸ਼ਿਕਾਰ ਹੋਏ ਲੋਕ ਭਾਨਾ ਸਿੱਧੂ ਕੋਲ ਆ ਕੇ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਵਿੱਚ ਮਦਦ ਮੰਗਦੇ ਹਨ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਭਾਨਾ ਸਿੱਧੂ ਨੂੰ ਚੁੱਪ ਕਰਾਉਣ ਲਈ ਉਸ ਉਪਰ ਝੂਠੇ ਕੇਸ ਦਰਜ ਕਰਵਾ ਰਹੀ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਨੌਜਵਾਨ ਆਗੂਆਂ ਦੀ ਆਵਾਜ ਦਬਾਉਣ ਲਈ ਪੰਜਾਬ ਸਰਕਾਰ ਝੂਠੇ ਪਰਚੇ ਦਰਜ ਕਰਨਾ ਬੰਦ ਕਰੇ ।ਸ. ਮਾਨ ਨੇ ਕਿਹਾ ਕਿ ਭਾਨਾ ਸਿੱਧੂ ਵਾਂਗ ਕੋਈ ਹੋਰ ਨੌਜਵਾਨ ਸਰਕਾਰ ਨੂੰ ਉਸਦੀ ਕਾਰਗੁਜਾਰੀ ਪ੍ਰਤੀ ਸਵਾਲ ਨਾ ਕਰੇ, ਇਸ ਕਰਕੇ ਉਸਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ 'ਤੇ ਟਾਰਗੇਟ ਕੀਤਾ ਜਾ ਰਿਹਾ ਹੈ ।ਪਹਿਲਾਂ ਉਸ ਉਪਰ ਬਲੈਕਮੇਲਿੰਗ ਦਾ ਕੇਸ ਪਾਇਆ ਗਿਆ, ਜਦੋਂ ਉਸ ਵਿੱਚੋਂ ਜਮਾਨਤ ਮਿਲ ਗਈ ਤਾਂ ਸਾਜਿਸ਼ ਤਹਿਤ ਉਸਦੇ ਅਕਸ ਨੂੰ ਖਰਾਬ ਕਰਨ ਲਈ ਪਟਿਆਲਾ ਵਿਖੇ ਚੈਨ ਸਨੈਚਿੰਗ ਦਾ ਕੇਸ ਦਰਜ ਕਰਵਾ ਦਿੱਤਾ, ਤਾਂ ਜੋ ਉਹ ਬਾਹਰ ਨਾ ਆ ਸਕੇ ।ਸ. ਮਾਨ ਨੇ ਕਿਹਾ ਕਿ ਪਹਿਲਾਂ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਸਿੱਖ ਨੌਜਵਾਨ ਆਗੂ ਭਾਈ ਅੰਮਿ੍ਤਪਾਲ ਸਿੰਘ ਨੂੰ ਝੂਠੇ ਕੇਸ ਪਾ ਕੇ ਡਿਬਰੂਗੜ੍ਹ ਜੇਲ ਅੰਦਰ ਬੰਦ ਕਰ ਦਿੱਤਾ ।ਹੁਣ ਭਾਨਾ ਸਿੱਧੂ ਦੀ ਆਵਾਜ ਨੂੰ ਦਬਾਉਣ ਲਈ ਉਸ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ।ਜੇਕਰ ਪੰਜਾਬ ਸਰਕਾਰ ਨੇ ਭਾਨਾ ਸਿੱਧੂ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਮੁੱਖ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ 31 ਜਨਵਰੀ ਨੂੰ ਵੱਡਾ ਇਕੱਠ ਕਰਕੇ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਤੋਂ ਨਕਾਬ ਹਟਾਇਆ ਜਾਵੇਗਾ ।

ਭਾਨਾ ਸਿੱਧੂ ਦੇ ਹੱਕ ਵਿੱਚ ਪੰਜਾਬ ਦੇ ਵੱਖ ਵੱਖ ਪਿੰਡਾਂ, ਵੱਖ ਵੱਖ ਯੂਨੀਅਨਾਂ ਅਤੇ ਕਈ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਵੀ ਪਹੁੰਚੇ।   

ਆਪ' ਦੀ ਆਲੋਚਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ’

ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ 'ਆਪ' ਸਰਕਾਰ ਦਾ ਵੀ "ਭਾਜਪਾ ਵਰਗਾ ਹੀ ਕਿਰਦਾਰ ਹੈ ਜੋ ਲੋਕਾਂ ਦੀ ਆਵਾਜ਼ ਦਬਾ ਰਹੀ ਹੈ ਜਿਸ ਤਰ੍ਹਾਂ ਉਸਨੇ ਲੱਖਾ ਸਿਧਾਣਾ ਨਾਲ ਕੀਤਾ, ਸੁਖਪਾਲ ਸਿੰਘ ਖਹਿਰਾ ਨਾਲ ਕੀਤਾ ਅਤੇ ਮੇਰੇ ਕੋਲ ਦਰਜਨਾਂ ਮਿਸਾਲਾਂ ਹਨ। ਇਹ ਬਹੁਤ ਸਾਰੇ ਰਾਜਾਂ ਵਿੱਚ ਹੋ ਰਿਹਾ ਹੈ, ਪਰ ਆਪ ਸਰਕਾਰ ਹੱਦਾਂ ਪਾਰ ਕਰ ਚੁੱਕੀ ਹੈ।"

ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਵੇਰਕਾ ਨੇ ਕਿਹਾ, "ਸੂਬਾ ਸਰਕਾਰ ਵੱਲੋਂ ਪੁਲੀਸ ਨੂੰ 90 ਦੇ ਦਹਾਕੇ ਵਾਂਗ ਵਾਧੂ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੰਵਿਧਾਨ ਅਨੁਸਾਰ ਕੰਮ ਕਰਨਾ ਚਾਹੀਦਾ ਹੈ।"ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਅਤੇ ਪੁਲਿਸ ਦੇ ਅਕਸ ਨੂੰ ਢਾਹ ਲੱਗੇਗੀ ਕਿਉਂਕਿ ਜਨਤਾ ਪਹਿਲਾਂ ਹੀ ਗਲਤ ਅਤੇ ਸਹੀ ਬਾਰੇ ਪਤਾ ਹੁੰਦਾ ਹੈ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਯੂਟਿਊਬਰ ਭਾਨਾ ਸਿੱਧੂ ਦੇ ਮਾਮਲੇ ’ਤੇ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਭਾਨਾ ਸਿੱਧੂ ਸਿਰਫ ਇਸ ਲਈ ਨਿਸ਼ਾਨੇ ’ਤੇ ਹਨ ਕਿਉਂਕਿ ਉਹ ਸੂਬੇ ਦੀ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਹਨ। ਬਾਜਵਾ ਨੇ ਮੰਗ ਕੀਤੀ ਕਿ ਭਾਨਾ ਸਿੱਧੂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ। ਪੰਜਾਬ ਦੇ ਲੋਕਾਂ ਨੂੰ ਅਜੇ ਵੀ ਯਾਦ ਹੈ ਕਿ ਕਿਵੇਂ ‘ਆਪ’ ਸਰਕਾਰ ਨੇ ਕਈ ਪੱਤਰਕਾਰਾਂ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਬੰਦ ਕਰਵਾਏ ਸਨ, ਜੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰ ਰਹੇ ਸਨ।

ਭਾਨੇ ਉਪਰ ਮੋਹਾਲੀ ਵਿਖੇ ਚੌਥਾ ਪਰਚਾ ਦਰਜ

ਬੀਤੇ ਦਿਨੀਂ ਪਟਿਆਲਾ ਦੀ ਅਦਾਲਤ ਵਿੱਚ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਮੋਹਾਲੀ ਪੁਲਿਸ ਵੱਲੋਂ ਭਾਨਾ ਸਿੱਧੂ ਖਿਲਾਫ ਪਰਚਾ ਦਰਜ ਕੀਤਾ ਗਿਆ। ਮੋਹਾਲੀ ਪੁਲਿਸ ਨੇ ਪਟਿਆਲਾ ਤੋਂ ਭਾਨਾ ਸਿੱਧੂ ਨੂੰ ਰਿਮਾਂਡ ਉਤੇ ਲਿਆਂਦਾ ਗਿਆ।ਯਾਦ ਰਹੇ ਕਿ ਭਾਨਾ ਸਿੱਧੂ ਨੂੰ ਪਿਛਲੇ ਦਿਨੀਂ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਮਗਰੋਂ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਸੀ ਪਰ ਜ਼ਮਾਨਤ ’ਤੇ ਰਿਹਾਈ ਤੋਂ ਪਹਿਲਾਂ ਹੀ 26 ਜਨਵਰੀ ਨੂੰ ਉਸ ਨੂੰ ਪਟਿਆਲਾ ਪੁਲੀਸ ਲੈ ਆਈ। ਉਸ ਖਿਲਾਫ 20 ਜਨਵਰੀ 2024 ਨੂੰ ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਨੇ ਕੁੱਟਮਾਰ ਤੇ ਲੁੱਟ-ਖੋਹ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ।