ਬਹਿਬਲ ਕਲਾਂ ਗੋਲੀਕਾਂਡ: ਐਸਆਈਟੀ ਵੱਲੋਂ ਡੇਰਾ ਮੁਖੀ ਤੋਂ ਕੀਤੀ ਜਾਵੇਗੀ ਪੁੱਛਗਿੱਛ, ਮਨਤਾਰ ਬਰਾੜ ਦੀ ਜ਼ਮਾਨਤ ਦਾ ਫੈਂਸਲਾ ਅੱਜ

ਬਹਿਬਲ ਕਲਾਂ ਗੋਲੀਕਾਂਡ: ਐਸਆਈਟੀ ਵੱਲੋਂ ਡੇਰਾ ਮੁਖੀ ਤੋਂ ਕੀਤੀ ਜਾਵੇਗੀ ਪੁੱਛਗਿੱਛ, ਮਨਤਾਰ ਬਰਾੜ ਦੀ ਜ਼ਮਾਨਤ ਦਾ ਫੈਂਸਲਾ ਅੱਜ

ਚੰਡੀਗੜ੍ਹ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਖਾਸ ਜਾਂਚ ਟੀਮ (ਐਸਆਈਟੀ) ਵੱਲੋਂ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਅਧੀਨ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾਵੇਗੀ। ਗੁਰਮੀਤ ਇਸ ਸਮੇਂ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਬੰਦ ਹੈ। ਜਾਂਚ ਟੀਮ ਨੇ ਅਦਾਲਤ ਵਿਚ ਅਰਜ਼ੀ ਦਰਜ ਕਰਕੇ ਗੁਰਮੀਤ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਮੰਗੀ ਹੈ। 

ਜਾਂਚ ਟੀਮ ਦੇ ਮੈਂਬਰ ਨੇ ਦੱਸਿਆ ਕਿ ਮਾਮਲੇ ਦੇ ਕਈ ਗਵਾਹਾਂ ਨੇ ਗਰਮੀਤ ਰਾਮ ਰਹੀਮ ਦਾ ਨਾਮ ਲਿਆ ਹੈ ਇਸ ਲਈ ਉਸਦੀ ਪੁੱਛਗਿੱਛ ਕਰਨੀ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਘਟਨਾਵਾਂ ਪਿਛਲੀ ਸਾਜਿਸ਼ ਤੋਂ ਪਰਦਾ ਚੁੱਕ ਕੇ ਅਸਲ ਸਾਜਿਸ਼ਕਰਤਾ ਨੂੰ ਸਜ਼ਾ ਦਿੱਤੀ ਜਾ ਸਕੇ। ਹਲਾਂਕਿ ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖਿਲਾਫ ਭਾਵੇਂ ਕੋਈ ਸਿੱਧਾ ਸਬੂਤ ਨਹੀਂ ਹੈ ਪਰ ਉਸਤੋਂ ਇੱਕ ਸ਼ੱਕੀ ਬਤੌਰ ਪੁੱਛਗਿੱਛ ਕੀਤੀ ਜਾਵੇਗੀ।

ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਦਾ ਕੀਤਾ ਵਿਰੋਧ
ਇਨ੍ਹਾਂ ਮਾਮਲਿਆਂ ਵਿਚ ਜਾਂਚ ਦੇ ਘੇਰੇ 'ਚ ਲਿਆਂਦੇ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮਨਤਾਰ ਬਰਾੜ ਵੱਲੋਂ ਅਗਾਊਂ ਜ਼ਮਾਨਤ ਦੀ ਅਦਾਲਤ ਵਿਚ ਪਾਈ ਗਈ ਅਰਜ਼ੀ ਦਾ ਵਿਰੋਧ ਕਰਦਿਆਂ ਜਾਂਚ ਟੀਮ ਨੇ ਅਦਾਲਤ ਨੂੰ ਕਿਹਾ ਕਿ ਮਨਤਾਰ ਬਰਾੜ ਨੂੰ ਜੇ ਜ਼ਮਾਨਤ ਦਿੱਤੀ ਗਈ ਤਾਂ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਸਬੂਤਾਂ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫਰੀਦਕੋਟ ਸੈਸ਼ਨ ਜੱਜ ਨੇ ਅੱਜ ਤਕ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਸੀ।  

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ