ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਮੋਦੀ ਨੇ ਜਨਵਰੀ ਵਿਚ ਤਿੰਨ ਵਾਰ ਕੀਤਾ ਦੱਖਣੀ ਭਾਰਤ ਦਾ ਦੌਰਾ

ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਮੋਦੀ ਨੇ ਜਨਵਰੀ ਵਿਚ ਤਿੰਨ ਵਾਰ ਕੀਤਾ ਦੱਖਣੀ ਭਾਰਤ ਦਾ ਦੌਰਾ

ਮੋਦੀ ਦੱਖਣ ਵਿਚ ਭਾਜਪਾ ਲਈ ਜ਼ਮੀਨ ਤਿਆਰ ਕਰਨ ਲਈ ਰਾਮ ਮੰਦਰ ਦਾ ਪ੍ਰਚਾਰ ਕਰਨ ਲਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੀ ਸ਼ੁਰੂਆਤ ਦੱਖਣੀ ਭਾਰਤ ਦੇ ਵਾਰ-ਵਾਰ ਦੌਰੇ ਕਰਕੇ ਕੀਤੀ। 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਉਨ੍ਹਾ ਜਨਵਰੀ ਵਿਚ ਤਿੰਨ ਵਾਰ ਦੱਖਣੀ ਭਾਰਤ ਦਾ ਦੌਰਾ ਕੀਤਾ। ਉਹ ਉੱਥੋਂ ਦੇ ਉਨ੍ਹਾਂ ਪ੍ਰਮੁੱਖ ਮੰਦਰਾਂ ਵਿਚ ਗਏ, ਜਿਨ੍ਹਾਂ ਦਾ ਰਾਮਾਇਣ ਵਿਚ ਜ਼ਿਕਰ ਕੀਤਾ ਗਿਆ ਹੈ। ਚੇਨਈ ਤੇ ਰਾਮੇਸ਼ਵਰਮ ਵਿਚ ਰੋਡ ਸ਼ੋਅ ਵੀ ਕੀਤੇ। ਕਹਿਣ ਨੂੰ ਮੰਦਰਾਂ ਦੇ ਦੌਰੇ ਨਿੱਜੀ ਆਸਥਾ ਨਾਲ ਜੁੜੇ ਹੋਏ ਸਨ, ਪਰ ਸਿਆਸੀ ਮਾਹਿਰ ਇਸ ਨੂੰ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿਚ ਭਾਜਪਾ ਦੀ ਜਿੰਨੀ ਚੜ੍ਹਤ ਮਚਣੀ ਸੀ, ਮਚ ਚੁੱਕੀ ਹੈ, ਹੁਣ ਉਸ ਦੀਆਂ ਸੀਟਾਂ ਵਧਣ ਨਹੀਂ ਲੱਗੀਆਂ, ਸਗੋਂ ਆਪੋਜ਼ੀਸ਼ਨ ਪਾਰਟੀਆਂ ਵੱਲੋਂ ‘ਇੰਡੀਆ’ ਗੱਠਜੋੜ ਬਣਾ ਲੈਣ ਕਰਕੇ ਘਟਣਗੀਆਂ ਹੀ। ਦੱਖਣੀ ਰਾਜਾਂ ਵਿਚ ਭਾਜਪਾ ਕਦੇ ਵੀ ਬਹੁਤੀਆਂ ਸੀਟਾਂ ਨਹੀਂ ਜਿੱਤ ਸਕੀ। ਪਿੱਛੇ ਜਿਹੇ ਤਾਂ ਕਰਨਾਟਕ ਦਾ ਰਾਜ ਵੀ ਉਸ ਦੇ ਹੱਥੋਂ ਨਿਕਲ ਗਿਆ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਦੱਖਣੀ ਰਾਜਾਂ ਦੀਆਂ 134 ਸੀਟਾਂ ਵਿੱਚੋਂ 31 ਹੀ ਜਿੱਤ ਸਕਿਆ ਸੀ। ਕਾਂਗਰਸ ਨੇ 65 ਤੇ ਹੋਰਨਾਂ ਪਾਰਟੀਆਂ ਨੇ 36 ਸੀਟਾਂ ਜਿੱਤੀਆਂ ਸਨ। ਭਾਵੇਂ ਕਾਂਗਰਸ ਦੀ ਉੱਤਰੀ ਭਾਰਤ ਵਿਚ ਸਥਿਤੀ ਖਰਾਬ ਹੈ, ਪਰ ਦੱਖਣ ਵਿਚ ਤਿਲੰਗਾਨਾ ਤੇ ਕਰਨਾਟਕ ’ਚ ਉਸ ਦੀਆਂ ਸਰਕਾਰਾਂ ਹਨ। ਕੇਰਲਾ ਵਿਚ ਖੱਬੇ ਜਮਹੂਰੀ ਮੁਹਾਜ਼ ਤੇ ਤਾਮਿਲਨਾਡੂ ਵਿਚ ਡੀ ਐੱਮ ਕੇ ਦੀ ਅਗਵਾਈ ਵਾਲੇ ਮੁਹਾਜ਼ ਦੀ ਸਰਕਾਰ ਹੈ। ਤਿਲੰਗਾਨਾ ਦੀ ਜਿੱਤ ਤੋਂ ਬਾਅਦ ਕਾਂਗਰਸ ਦੀ ਆਂਧਰਾ ਵਿਚ ਵੀ ਸਥਿਤੀ ਸੁਧਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਪ੍ਰਸਥਿਤੀਆਂ ਵਿਚ ਮੋਦੀ ਦੱਖਣ ਵਿਚ ਭਾਜਪਾ ਲਈ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਭਾਜਪਾ ਉੱਤਰੀ ਭਾਰਤ ਵਿਚ ਰਾਮ ਦੇ ਨਾਂਅ ’ਤੇ ਜਿੰਨੀਆਂ ਵੱਧ ਤੋਂ ਵੱਧ ਸੀਟਾਂ ਜਿੱਤ ਸਕਦੀ ਸੀ, ਜਿੱਤ ਚੁੱਕੀ ਹੈ। ਭਾਜਪਾ ਨੂੰ ਸਾਫ ਨਜ਼ਰ ਆ ਰਿਹਾ ਹੈ ਕਿ ‘ਇੰਡੀਆ’ ਗੱਠਜੋੜ ਇਸ ਖਿੱਤੇ ਵਿਚ ਉਸ ਨੂੰ ਖੋਰਾ ਲਾਏਗਾ। ਇਹੀ ਵਜ੍ਹਾ ਹੈ ਕਿ ਦੱਖਣੀ ਭਾਰਤ ਵਿਚ ਮੌਜੂਦਗੀ ਵਧਾਉਣ ਲਈ ਮੋਦੀ ਨੇ ਖੁਦ ਕਮਾਨ ਸੰਭਾਲੀ ਹੈ। ਹੈਰਾਨੀ ਨਹੀਂ ਹੋਵੇਗੀ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਵਿਚ ਉੱਤਰੀ ਭਾਰਤ ਨਾਲੋਂ ਵੱਧ ਜ਼ੋਰ ਦੱਖਣੀ ਤੇ ਪੂਰਬੀ ਭਾਰਤ ਵਿਚ ਲਾਉਣ। ਹਾਲਾਂਕਿ ਉੱਤਰ-ਪੂਰਬ ਦੇ ਬਹੁਤੇ ਰਾਜਾਂ ਵਿਚ ਭਾਜਪਾ ਤੇ ਉਸ ਦੇ ਇਤਿਹਾਦੀ ਰਾਜ ਕਰ ਰਹੇ ਹਨ, ਪਰ ਥੋਕ ਸੀਟਾਂ ਵਾਲੇ ਰਾਜਾਂ ਪੱਛਮੀ ਬੰਗਾਲ ਤੇ ਬਿਹਾਰ ਵਿਚ ਆਪੋਜ਼ੀਸ਼ਨ ਪਾਰਟੀਆਂ ਦਾ ਰਾਜ ਹੈ।