ਮੰਦਰਾਂ 'ਚ ਗੈਰ-ਹਿੰਦੂਆਂ ਦੇ ਦਾਖਲੇ 'ਤੇ ਪਾਬੰਦੀ ਮਦਰਾਸ ਹਾਈ ਕੋਰਟ ਨੇ ਸ਼ਰਧਾਲੂ ਦੀ ਪਟੀਸ਼ਨ ਉਪਰ ਦਿਤਾ ਹੁਕਮ

ਮੰਦਰਾਂ 'ਚ ਗੈਰ-ਹਿੰਦੂਆਂ ਦੇ ਦਾਖਲੇ 'ਤੇ ਪਾਬੰਦੀ ਮਦਰਾਸ ਹਾਈ ਕੋਰਟ ਨੇ ਸ਼ਰਧਾਲੂ ਦੀ ਪਟੀਸ਼ਨ ਉਪਰ ਦਿਤਾ ਹੁਕਮ

ਹਾਈ ਕੋਰਟ ਨੇ ਕਿਹਾ ਕਿ ਮੰਦਿਰ "ਸੈਰ-ਸਪਾਟਾ ਜਾਂ ਪਿਕਨਿਕ ਸਪਾਟ" ਨਹੀਂ

ਮਦਰਾਸ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਅਰੁਲਮਿਗੂ ਪਾਲਾਨੀ ਧਨਾਦਯੁਥਾਪਾਨੀ ਸਵਾਮੀ ਮੰਦਰ ਅਤੇ ਇਸ ਦੇ ਉਪ-ਮੰਦਰਾਂ ਵਿੱਚ ਸਿਰਫ਼ ਹਿੰਦੂਆਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇ। ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਹਾਈਕੋਰਟ ਨੇ ਬੀਤੇ ਦਿਨੀਂ ਮੰਦਰਾਂ 'ਚ ਪ੍ਰਵੇਸ਼ ਨੂੰ ਲੈ ਕੇ ਵੱਡਾ ਆਦੇਸ਼ ਦਿੱਤਾ ਹੈ।ਹਾਈ ਕੋਰਟ ਨੇ ਕਿਹਾ ਕਿ ਮੰਦਿਰ "ਸੈਰ-ਸਪਾਟਾ ਜਾਂ ਪਿਕਨਿਕ ਸਪਾਟ" ਨਹੀਂ ਹੈ, ਅਤੇ ਗੈਰ-ਹਿੰਦੂ ਤਾਮਿਲਨਾਡੂ ਦੇ ਮੰਦਰਾਂ ਵਿੱਚ ਦਾਖਲ ਨਹੀਂ ਹੋ ਸਕਦੇ ਹਨ।

ਹਾਈਕੋਰਟ ਦੀ ਮਦੁਰਾਈ ਬੈਂਚ ਦੇ ਜਸਟਿਸ ਐੱਸ. ਸ਼੍ਰੀਮਤੀ ਨੇ ਆਪਣੇ ਹੁਕਮ 'ਚ ਸੂਬੇ ਦੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਦੇ ਅਧਿਕਾਰੀਆਂ ਨੂੰ ਮੰਦਰਾਂ ਦੇ ਪ੍ਰਵੇਸ਼ ਦੁਆਰ ਉਪਰ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ 'ਚ ਲਿਖਿਆ ਹੋਵੇ ਕਿ ਗੈਰ-ਹਿੰਦੂਆਂ ਨੂੰ ਮੰਦਰ ਵਿਚ ਆਉਣ ਦੀ ਇਜ਼ਾਜਤ ਨਹੀਂ ਹੈ।

ਹਲਫਨਾਮਾ ਦੇਣਾ ਹੋਵੇਗਾ

ਡੀ.ਸੇਂਥਿਲ ਕੁਮਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਐਸ ਸ੍ਰੀਮਤੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਗੈਰ-ਹਿੰਦੂ ਮੰਦਰ ਵਿਚ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਹਲਫ਼ਨਾਮਾ ਦੇਣਾ ਹੋਵੇਗਾ ਕਿ ਉਹ ਦੇਵੀ-ਦੇਵਤਿਆਂ 'ਚ ਵਿਸ਼ਵਾਸ ਰੱਖਦਾ ਹੈ ਅਤੇ ਹਿੰਦੂ ਧਰਮ ਦੀਆਂ ਰਵਾਇਤਾਂ ਦਾ ਪਾਲਣ ਕਰਨ ਲਈ ਤਿਆਰ ਹੈ। 

ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਹਿੰਦੂਆਂ ਨੂੰ ਵੀ ਆਪਣੇ ਧਰਮ ਨੂੰ ਮੰਨਣ ਅਤੇ ਉਸਦਾ ਪਾਲਣ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਮੰਦਰ ਨੂੰ ਸੈਰ-ਸਪਾਟਾ ਸਥਾਨ ਨਹੀਂ ਮੰਨਿਆ ਜਾਣਾ ਚਾਹੀਦਾ। ਮੰਦਰ ਵਿੱਚ ਪੂਜਾ ਤੋਂ ਇਲਾਵਾ ਹੋਰ ਕੁਝ ਕਰਨਾ ਠੀਕ ਨਹੀਂ ਹੈ।ਭਗਵਾਨ ਮੁਰੂਗਨ ਮੰਦਿਰ ਡਿੰਡੀਗੁਲ ਜ਼ਿਲ੍ਹੇ ਦੇ ਪਲਾਨੀ ਵਿਖੇ ਸਥਿਤ ਹੈ।

ਪਟੀਸ਼ਨ ਵਿੱਚ ਕੀ ਸੀ

ਜਸਟਿਸ ਐੱਸ ਸ਼੍ਰੀਮਤੀ ਨੇ ਆਪਣੇ ਹੁਕਮਾਂ ਵਿਚ ਤਾਮਿਲਨਾਡੂ ਸਰਕਾਰ ਨੂੰ ਕਿਹਾ ਕਿ ਮੰਦਰਾਂ ਨੂੰ ਰੀਤੀ-ਰਿਵਾਜਾਂ ਮੁਤਾਬਕ ਸੰਭਾਲਿਆ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਕਿਹਾ ਕਿ ਮੰਦਰ ਸੰਵਿਧਾਨ ਦੀ ਧਾਰਾ 15 ਦੇ ਤਹਿਤ ਨਹੀਂ ਆਉਂਦੇ, ਇਸ ਲਈ ਗੈਰ-ਹਿੰਦੂਆਂ ਦੇ ਦਾਖਲੇ 'ਤੇ ਲਗਾਈ ਗਈ ਪਾਬੰਦੀ ਨੂੰ ਗੈਰ-ਵਾਜਬ ਨਹੀਂ ਮੰਨਿਆ ਜਾ ਸਕਦਾ।

ਆਪਣੀ ਪਟੀਸ਼ਨ ਵਿਚ ਸੇਂਥਿਲ ਕੁਮਾਰ ਨੇ ਮੰਦਰ ਦੇ ਨੋਟਿਸ ਬੋਰਡ ਨੂੰ ਹਟਾਉਣ 'ਤੇ ਇਤਰਾਜ਼ ਜਤਾਇਆ ਸੀ। ਬੋਰਡ 'ਤੇ ਲਿਖੇ ਸੰਦੇਸ਼ 'ਚ ਗੈਰ-ਹਿੰਦੂਆਂ ਦੇ ਮੰਦਰ 'ਚ ਦਾਖਲ ਹੋਣ 'ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਸੀ।ਉਨ੍ਹਾਂ ਨੇ ਇਸ ਬੋਰਡ ਨੂੰ ਬਹਾਲ ਕਰਨ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਐਸ ਸ਼੍ਰੀਮਤੀ ਨੇ ਸੁਣਵਾਈ ਤੋਂ ਬਾਅਦ, ਬੈਨਰ ਨੂੰ ਦੁਬਾਰਾ ਲਗਾਉਣ ਦੇ ਆਦੇਸ਼ ਦਿੱਤੇ, ਕਿ ਗੈਰ-ਹਿੰਦੂਆਂ ਦੇ ਦਾਖਲੇ 'ਤੇ ਪਾਬੰਦੀ ਹੈ।

ਦਰਅਸਲ, ਪਟੀਸ਼ਨਕਰਤਾ ਸੇਂਥਿਲ ਕੁਮਾਰ ਅਰੁਲਮਿਗੂ ਪਲਾਨੀ ਧਨਾਦਯੁਤਪਾਨੀ ਸਵਾਮੀ ਮੰਦਰ ਦੇ ਨੇੜੇ ਦੁਕਾਨ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਗੈਰ-ਹਿੰਦੂਆਂ ਨੇ ਜ਼ਬਰਦਸਤੀ ਮੰਦਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।ਉਨ੍ਹਾਂ ਕਿਹਾ ਕਿ ਉਹ ਉਥੇ ਪਿਕਨਿਕ ਮਨਾਉਣ ਆਏ ਸਨ, ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨਾਲ ਬਹਿਸ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੈਰ ਸਪਾਟਾ ਸਥਾਨ ਹੈ ਅਤੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਗੈਰ-ਹਿੰਦੂਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਬਾਅਦ ਉਸ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਹ ਹੁਕਮ ਦਿੱਤਾ।