ਸ਼੍ਰੋਮਣੀ ਕਮੇਟੀ ਵਿਚ ਆਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਲੰਬੇ ਸਮੇਂ ਦੇ ਅਭਿਆਸ ਦੀ ਲੋੜ

ਸ਼੍ਰੋਮਣੀ ਕਮੇਟੀ ਵਿਚ ਆਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ  ਲੰਬੇ ਸਮੇਂ ਦੇ ਅਭਿਆਸ ਦੀ ਲੋੜ

 ਕੌਮਾਂ ਦੀਆਂ ਸੰਸਥਾਵਾਂ ਸਦੀਆਂ ਦੇ ਲੰਬੇ ਵਿਚਾਰਧਾਰਕ ਸੰਘਰਸ਼ਾਂ ਦੇ ਪ੍ਰਗਟਾਓ ਅਤੇ ਸਫ਼ਰ ਤੋਂ ਬਾਅਦ ਹੋਂਦ 'ਚ ਆਉਂਦੀਆਂ ਹਨ।

ਸਮੇਂ ਦੇ ਨਾਲ ਸੰਸਥਾਵਾਂ ਵਿਚ ਤਬਦੀਲੀਆਂ, ਘਾਟਾਂ-ਕਮਜ਼ੋਰੀਆਂ ਵੀ ਬਹੁਤ ਆ ਜਾਂਦੀਆਂ ਹਨ। ਸਿਆਣੀਆਂ ਕੌਮਾਂ ਆਪਣੀਆਂ ਸੰਸਥਾਵਾਂ ਦੀ ਕੀਮਤ ਅਤੇ ਮਹਾਨਤਾ ਨੂੰ ਸਮਝਦਿਆਂ ਉਨ੍ਹਾਂ ਵਿਚ ਆਈਆਂ ਘਾਟਾਂ-ਕਮਜ਼ੋਰੀਆਂ ਨੂੰ ਦੂਰ ਕਰਨ ਵੱਲ ਧਿਆਨ ਦਿੰਦੀਆਂ ਹਨ ਅਤੇ ਅਗਿਆਨੀ ਕੌਮਾਂ ਆਪਣੀਆਂ ਸੰਸਥਾਵਾਂ ਨੂੰ ਹੀ ਢਾਹੁਣ ਵੱਲ ਤੁਰ ਪੈਂਦੀਆਂ ਹਨ।

ਅੰਗਰੇਜ਼ਾਂ ਵੇਲੇ ਜਦੋਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲੇ ਮਹੰਤ ਸਰਕਾਰ ਦੇ ਥਾਪੜੇ ਵਿਚ ਆ ਕੇ ਗੁਰੂ-ਘਰ ਦੇ ਪੂਜਾ ਦੇ ਧਨ ਨੂੰ ਆਪਣੀ ਨਿੱਜੀ ਜਗੀਰ ਸਮਝ ਕੇ ਐਸ਼ਪ੍ਰਸਤੀ ਵਿਚ ਉਡਾਉਣ ਲੱਗੇ ਅਤੇ ਵਿਭਚਾਰੀ ਹੋ ਗਏ ਸਨ ਤਾਂ ਪੰਥ ਨੇ ਗੁਰਦੁਆਰਾ ਪ੍ਰਬੰਧਾਂ ਨੂੰ ਮਨਮਤੀਏ ਤੇ ਅਨੈਤਿਕ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਲੰਬਾ ਸੰਘਰਸ਼ ਵਿੱਢਿਆ। ਸਾਡੇ ਦਾਨੇ ਵਡਾਰੂਆਂ ਨੇ ਗੁਰੂ-ਘਰਾਂ ਦੇ ਪੂਜਾ ਦੇ ਧਨ ਦੀ ਦੁਰਵਰਤੋਂ ਸਦਾ ਵਾਸਤੇ ਰੋਕਣ ਲਈ ਪੰਥ ਦੀ ਇਕ ਰਾਏ ਦੇ ਨਾਲ ਐਸਾ ਅਨੁਸ਼ਾਸਨਬੱਧ, ਇਕਰੂਪ ਤੇ ਸਾਂਝਾ ਗੁਰਮਤੀ ਪ੍ਰਬੰਧ ਉਸਾਰਨ ਦਾ ਬਾਨ੍ਹਣੂੰ ਬੰਨ੍ਹਿਆ, ਜਿਸ ਦਾ ਨਾਂਅ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਰੱਖਿਆ ਗਿਆ।

15 ਨਵੰਬਰ, 1920 ਨੂੰ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਿਆਂ ਅੱਜ 103 ਸਾਲ ਦੇ ਲਗਪਗ ਸਮਾਂ ਹੋ ਚੁੱਕਿਆ ਹੈ। ਇਸ ਲੰਬੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਆਪਣੇ ਨੀਤੀਗਤ ਏਜੰਡੇ ਨਿਰਧਾਰਿਤ ਕਰਦੀ ਰਹੀ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਦੇ ਨਾਲ-ਨਾਲ ਵਿਸ਼ਵ ਵਿਆਪੀ ਸਿੱਖ ਕੌਮ ਦੇ ਸਰਬਪੱਖੀ ਹਿਤਾਂ ਦੀ ਨੁਮਾਇੰਦਗੀ ਵੀ ਕਰਦੀ ਰਹੀ ਹੈ। ਸੰਨ 1998 ਵਿਚ ਜਦੋਂ ਉੱਤਰ ਪ੍ਰਦੇਸ਼ ਵਿਚ ਸਥਿਤ ਸ਼ਹੀਦ ਊਧਮ ਸਿੰਘ ਨਗਰ ਨੂੰ ਨਵੇਂ ਬਣ ਰਹੇ ਰਾਜ ਉੱਤਰਾਂਚਲ ਵਿਚ ਸ਼ਾਮਿਲ ਕਰਨ ਦਾ ਮਾਮਲਾ ਆਇਆ ਤਾਂ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਨਾਲ ਮਿਲ ਕੇ ਉਸ ਦਾ ਇਸ ਆਧਾਰ 'ਤੇ ਡਟਵਾਂ ਵਿਰੋਧ ਕੀਤਾ ਕਿ ਅਜਿਹਾ ਕਰਨ ਨਾਲ ਇਸ ਇਲਾਕੇ ਵਿਚ ਰਹਿ ਰਹੇ ਸਿੱਖਾਂ ਦੇ ਹਿਤਾਂ ਦਾ ਨੁਕਸਾਨ ਹੁੰਦਾ ਹੈ। ਪਿਛਲੇ ਸਾਲਾਂ ਦੌਰਾਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਮੁਆਫ਼ੀ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਭਾਵਨਾਵਾਂ ਅਨੁਸਾਰ ਕੇਂਦਰ ਸਰਕਾਰ ਤੱਕ ਜ਼ੋਰਦਾਰ ਪੈਰਵੀ ਕੀਤੀ ਜਾਂਦੀ ਰਹੀ ਹੈ। ਭਾਵੇਂ ਕਿ ਅੱਜ ਸ਼੍ਰੋਮਣੀ ਕਮੇਟੀ 'ਤੇ ਸਿਆਸੀ ਹਿਤ ਭਾਰੂ ਹੋਣ ਕਾਰਨ ਬਹੁਤ ਸਾਰੇ ਪੱਖਾਂ ਤੋਂ ਇਹ ਪ੍ਰਭਾਵਸ਼ਾਲੀ ਨਹੀਂ ਰਹੀ ਪਰ ਇਹ ਕਹਿਣਾ ਗ਼ੈਰ-ਵਾਜਬ ਨਹੀਂ ਹੋਵੇਗਾ ਕਿ ਦੁਨੀਆ ਭਰ 'ਚ ਵੱਸਦੇ ਸਿੱਖਾਂ 'ਤੇ ਜਦੋਂ ਕਦੇ ਵੀ ਕੋਈ ਔਕੜ ਜਾਂ ਭੀੜ ਆਉਂਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਵੱਲ ਹੀ ਆਸ ਨਾਲ ਦੇਖਦੇ ਹਨ। ਇਸ ਦੇ ਨਾਲ-ਨਾਲ ਜਦੋਂ ਕਦੇ ਵੀ ਮਨੁੱਖਤਾ 'ਤੇ ਕੋਈ ਵੱਡੀ ਕੁਦਰਤੀ ਬਿਪਤਾ ਆਉਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਆਪਣੇ ਬੁਨਿਆਦੀ ਆਸ਼ੇ ਤੋਂ ਸੇਧ ਲੈਂਦਿਆਂ ਰਾਹਤ ਕਾਰਜਾਂ ਦੀ ਸੇਵਾ ਵਿਚ ਕਦੇ ਪਿੱਛੇ ਨਹੀਂ ਰਹਿੰਦੀ। ਕੋਰੋਨਾ ਮਹਾਂਮਾਰੀ ਦਾ ਭਿਆਨਕ ਦੌਰ ਇਸ ਦੀ ਸਭ ਤੋਂ ਤਾਜ਼ਾ ਉਦਾਹਰਨ ਹੈ, ਜਦੋਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੰਗਰ, ਏਕਾਂਤਵਾਸ ਘਰਾਂ ਅਤੇ ਆਕਸੀਜਨ ਮੁਹੱਈਆ ਕਰਵਾਉਣ ਦੀ ਸੇਵਾ ਨਿਭਾਈ ਸੀ।

ਇਹ ਵੀ ਗੱਲ ਠੀਕ ਹੈ ਕਿ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਰਾਜਨੀਤੀ ਨੂੰ ਅਤੇ ਕਦੇ ਰਾਜਨੀਤੀ ਇਸ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਨਿਰਸੰਦੇਹ ਸ਼੍ਰੋਮਣੀ ਕਮੇਟੀ ਵਿਚ ਸਮੇਂ ਦੇ ਨਾਲ ਕੰਮਕਾਜੀ ਸੱਭਿਆਚਾਰ ਅਤੇ ਆਪਣੇ ਫਰਜ਼ਾਂ ਨੂੰ ਬਿਹਤਰੀਨ ਢੰਗ ਨਾਲ ਨਿਭਾਉਣ ਦੀ ਇੱਛਾ-ਸ਼ਕਤੀ ਵਿਚ ਅਨੇਕਾਂ ਕਮਜ਼ੋਰੀਆਂ ਆਈਆਂ ਹਨ। ਕਥਿਤ ਤੌਰ 'ਤੇ ਧਰਮ ਪ੍ਰਚਾਰ ਪ੍ਰਤੀ ਅਵੇਸਲਾਪਨ, ਵਿੱਤੀ ਬੇਨਿਯਮੀਆਂ ਅਤੇ ਪ੍ਰਬੰਧਕੀ ਘਾਟਾਂ-ਕਮਜ਼ੋਰੀਆਂ ਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ। ਲੰਬੇ ਸਮੇਂ ਦੌਰਾਨ ਆਏ ਵਿਗਾੜਾਂ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਵੀ ਹੁੰਦੇ ਹਨ ਪਰ ਵੱਡੀ ਪੱਧਰ 'ਤੇ ਸ਼੍ਰੋਮਣੀ ਕਮੇਟੀ ਦੇ ਸਰੋਕਾਰਾਂ ਤੇ ਢਾਂਚੇ ਵਿਚ ਆਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਵੀ ਲੰਬੇ ਸਮੇਂ ਦੇ ਅਭਿਆਸ ਦੀ ਲੋੜ ਹੈ। ਇਸੇ ਦਰਮਿਆਨ ਬਹੁਤ ਸਾਰੇ ਪਾਸਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਆਲੋਚਨਾ ਕਈ ਵਾਰ ਇੰਨੀ ਭਾਰੂ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਜਾਪਣ ਲੱਗਦਾ ਹੈ ਕਿ ਸਮਾਜ ਦੇ ਹੋਰ ਸਾਰੇ ਮੁੱਦੇ ਮੁੱਕ ਗਏ ਹਨ? ਜਾਂ ਸ਼੍ਰੋਮਣੀ ਕਮੇਟੀ ਤਾਂ ਕੋਈ ਵੀ ਚੰਗਾ ਕਾਰਜ ਨਹੀਂ ਕਰਦੀ।

ਬੇਸ਼ੱਕ ਕਿਸੇ ਸੰਸਥਾ ਦੀਆਂ ਕਮਜ਼ੋਰੀਆਂ-ਘਾਟਾਂ 'ਤੇ ਨਿਰਪੱਖ ਤੇ ਸਿਹਤਮੰਦ ਚਰਚਾ ਹੋਣੀ ਚਾਹੀਦੀ ਹੈ ਪਰ ਉਸ ਦੇ ਚੰਗੇ ਕਾਰਜਾਂ ਦਾ ਮੁਤਾਲਿਆ ਵੀ ਹੋਣਾ ਚਾਹੀਦਾ ਹੈ। ਜੇ ਕਿਤੇ ਸ਼੍ਰੋਮਣੀ ਕਮੇਟੀ ਵਿਚ ਕਮੀਆਂ-ਪੇਸ਼ੀਆਂ ਹਨ, ਉਨ੍ਹਾਂ ਨੂੰ ਸਾਹਮਣੇ ਲਿਆ ਕੇ ਦੂਰ ਕਰਵਾਉਣ ਦੀ ਭਾਵਨਾ ਨਾਲ ਕੀਤੀ ਜਾਣ ਵਾਲੀ ਆਲੋਚਨਾ ਦਾ ਸਵਾਗਤ ਕਰਨਾ ਬਣਦਾ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਹਰ ਵੇਲੇ ਨਾਕਾਰਾਤਮਿਕ ਪੱਖ ਤੋਂ ਹੀ ਪੇਸ਼ ਕਰਨਾ ਜਾਂ ਬੇਬੁਨਿਆਦ ਅਫ਼ਵਾਹਾਂ ਦੇ ਆਧਾਰ 'ਤੇ ਅਜਿਹੇ ਬਿਰਤਾਂਤ ਸਿਰਜਣੇ ਕਿ ਜਿਸ ਦੇ ਨਾਲ ਸਿੱਖਾਂ ਅੰਦਰ ਨਮੋਸ਼ੀ ਤੇ ਬੇਵੱਸੀ ਪੈਦਾ ਹੋਵੇ, ਲਿਹਾਜ਼ਾ ਅਜਿਹਾ ਅਮਲ ਸੰਸਥਾ ਦੇ ਵੱਕਾਰ ਅਤੇ ਪੰਥ ਦੀ ਸ਼ਕਤੀ ਨੂੰ ਢਾਹ ਲਾਉਂਦਾ ਹੈ।

ਹਾਂ! ਜੇਕਰ ਸਿੱਖ ਸੰਗਤਾਂ ਜਾਂ ਸਿੱਖ ਲੀਡਰਸ਼ਿਪ ਦੇ ਵੱਖ-ਵੱਖ ਜਾਂ ਬਹੁਤੇ ਹਿੱਸੇ ਇਹ ਮਹਿਸੂਸ ਕਰਦੇ ਹੋਣ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸਿੱਖ ਪੰਥ ਦੀਆਂ ਉਮੀਦਾਂ ਤੇ ਇੱਛਾਵਾਂ 'ਤੇ ਪੂਰੇ ਨਹੀਂ ਉੱਤਰ ਰਹੇ ਤਾਂ ਕੋਈ ਵੀ ਸਿੱਖ ਲੀਡਰਸ਼ਿਪ ਦੀ ਧਿਰ ਆਪਣੇ ਏਜੰਡੇ ਪੰਥ ਦੇ ਸਾਹਮਣੇ ਰੱਖ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਸਕਦੀ ਹੈ ਅਤੇ ਜਿਹੜੀ ਧਿਰ ਪੰਥ ਦਾ ਭਰੋਸਾ ਜਿੱਤਦੀ ਹੈ, ਉਹ ਸੰਵਿਧਾਨਕ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਸ਼ਾਮਿਲ ਹੋ ਕੇ ਆਪਣੀ ਕਾਰਗੁਜ਼ਾਰੀ ਦਿਖਾ ਸਕਦੀ ਹੈ। ਪਰ ਇਕ ਸਦੀ ਪਹਿਲਾਂ ਸਿੱਖਾਂ ਦੀਆਂ ਬੇਅੰਤ ਕੁਰਬਾਨੀਆਂ ਤੋਂ ਬਾਅਦ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਦੀ ਜਿਸ ਤਰ੍ਹਾਂ ਦੀ ਸਿਧਾਂਤਕ ਘੇਰਾਬੰਦੀ ਕੀਤੀ ਜਾ ਰਹੀ ਹੈ ਅਤੇ ਸਿੱਖ ਸੰਗਤ ਹੀ ਅਦ੍ਰਿਸ਼ਟ ਤਾਕਤਾਂ ਦੇ ਸਿਰਜੇ ਬਿਰਤਾਤਾਂ ਦਾ ਸ਼ਿਕਾਰ ਹੋ ਰਹੀ ਹੈ, ਇਸ ਨੂੰ ਸਮਝਣਾ-ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ।

ਸਿਆਸੀ ਦਲਾਂ, ਮੀਡੀਆ ਅਤੇ ਹੋਰ ਲੋਕਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਨਿਸ਼ਾਨੇ 'ਤੇ ਰੱਖਣ ਦਾ ਇਕ ਦਿਸਦਾ ਕਾਰਨ ਜਿੱਥੇ ਲੋਕਾਂ ਵਿਚ ਬਣਿਆ ਇਹ ਪ੍ਰਭਾਵ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਕ ਸਿਆਸੀ ਪਰਿਵਾਰ ਦੀ ਲੀਡਰਸ਼ਿਪ ਆਪਣੀ ਮਰਜ਼ੀ ਮੁਤਾਬਿਕ ਚਲਾਉਂਦੀ ਹੈ, ਉੱਥੇ ਇਸ ਤੋਂ ਵੀ ਵੱਡਾ ਅਣਦਿਸਦਾ ਤੇ ਨੀਤੀਗਤ ਕਾਰਨ ਸ਼੍ਰੋਮਣੀ ਕਮੇਟੀ ਨੂੰ ਹਰ ਵੇਲੇ ਨਿਸ਼ਾਨੇ 'ਤੇ ਰੱਖਣ ਦਾ ਇਹ ਹੈ ਕਿ ਇਹ ਸਿੱਖਾਂ ਦੀ ਸਭ ਤੋਂ ਵੱਡੀ ਤੇ ਸਮਰੱਥ ਸੰਸਥਾ ਹੋਣ ਕਾਰਨ ਸਿੱਖ ਸਮਾਜ ਦੀ ਰਾਜਸੀ ਤੇ ਧਾਰਮਿਕ ਸ਼ਕਤੀ ਦਾ ਸ਼ਕਤੀਸ਼ਾਲੀ ਮੰਚ ਹੈ। ਇਸ ਕਰਕੇ ਸਿੱਖ ਵਿਰੋਧੀ ਤਾਕਤਾਂ ਤੇ ਸਰਕਾਰਾਂ ਸਿੱਖਾਂ ਦੀ ਰਾਜਸੀ ਤੇ ਸਮਾਜਿਕ ਸਮਰੱਥਾ ਨੂੰ ਖ਼ਤਮ ਕਰਨ ਲਈ ਸਮਰੱਥ ਸੰਸਥਾ ਨੂੰ ਪ੍ਰਭਾਵਹੀਣ ਕਰਨਾ ਚਾਹੁੰਦੀਆਂ ਹਨ।

ਜਿਸ ਵੇਲੇ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਤਾਂ ਇਸ ਦੇ ਬਹੁਤ ਸਾਰੇ ਮੈਂਬਰ ਅਜਿਹੇ ਸਨ, ਜਿਨ੍ਹਾਂ ਨੇ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਦੇ ਅਦਾਲਤੀ ਮੁਕੱਦਮੇ ਲੜਨ ਲਈ ਆਪਣੀਆਂ ਜ਼ਮੀਨਾਂ ਤੱਕ ਵੇਚ ਕੇ ਪੰਥ ਦੀ ਸੰਸਥਾ ਖੜ੍ਹੀ ਕੀਤੀ ਸੀ ਪਰ ਅੱਜ ਅਸੀਂ ਸੰਸਥਾ ਦੇ ਨਿਜ਼ਾਮ ਵਿਚ ਆਏ ਵਿਗਾੜਾਂ ਕਾਰਨ ਸਮੁੱਚੀ ਸੰਸਥਾ ਨੂੰ ਹੀ ਖ਼ਤਮ ਕਰਨ ਵੱਲ ਤੁਰ ਪਈਏ ਤਾਂ ਕੌਣ ਸਿਆਣਾ ਆਖੇਗਾ? ਇੱਥੇ ਇਨਕਲਾਬੀ ਨਾਵਲਕਾਰ ਤੇ ਸ਼੍ਰੋਮਣੀ ਸਿੱਖ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੀ ਇਕ ਕੁੰਜੀਵਤ ਟਿੱਪਣੀ ਚੇਤੇ ਆਉਂਦੀ ਹੈ ਕਿ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਲਹੂ-ਭਿੱਜੀਆਂ ਕੁਰਬਾਨੀਆਂ ਨਾਲ ਵਜੂਦ ਵਿਚ ਲਿਆਂਦੀ ਸੀ। ਉਸ ਨੂੰ ਢਾਹੁਣ ਤੁਰ ਪੈਣ ਨਾਲ ਸਿੱਖ ਕੌਮ ਹੱਕੀ-ਬੱਕੀ ਰਹਿ ਗਈ ਹੈ। ਕਮੇਟੀ ਵਿਚ ਨਿਕੰਮਾ ਆਗੂ ਹੋ ਸਕਦਾ ਹੈ। ਬਾਗ਼ ਦੇ ਇਕ ਬੂਟੇ ਨੂੰ ਸੋਕਾ ਪੈ ਜਾਵੇ ਤਾਂ ਸਾਰਾ ਬਾਗ਼ ਨਹੀਂ ਪੁੱਟ ਦੇਈਦਾ। ਸੋਕੇ ਵਾਲਾ ਬੂਟਾ ਪੁੱਟ ਦਿਓ, ਬਾਕੀਆਂ ਨੂੰ ਹਰਾ-ਭਰਾ ਰੱਖਣ ਲਈ ਇਲਾਜ ਸੋਚਿਆ ਜਾ ਸਕਦਾ ਹੈ।'

 

ਤਲਵਿੰਦਰ ਸਿੰਘ ਬੁਟਰ