ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਤੇ ਕੇਜਰੀਵਾਲ ਦੀ ਪੰਥ ਵਿਰੋਧੀ ਨੀਤੀ   

ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਤੇ ਕੇਜਰੀਵਾਲ ਦੀ ਪੰਥ ਵਿਰੋਧੀ ਨੀਤੀ   

      ਪੰਥਕ ਮਸਲਾ  

 ਸਰਬਜੀਤ ਸਿੰਘ ਘੁਮਾਣ

ਹੈਰਾਨੀ ਦੀ ਗੱਲ ਹੈ ਕਿ ਜਦ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦਾ ਮਾਮਲਾ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਦਾ ਸੀ ਤੇ ਬਾਦਲਕਿਆਂ ਦੇ ਖਿਲਾਫ ਭੁਗਤਦਾ ਸੀ । ਇਹ ਪੂਰਾ ਸਿਆਸੀ ਲਾਹਾ ਲੈਂਦੇ ਰਹੇ ਪਰ ਹੁਣ ਜਦ ਗੇਂਦ ਕੇਜਰੀਵਾਲ ਵਾਲੇ ਪਾਸੇ ਹੈ ਤਾਂ ਆਮ ਆਦਮੀ ਪਾਰਟੀ ਦਾ ਕੇਡਰ ਸਿੱਖਾਂ ਨੂੰ ਗਾਲਾਂ ਕੱਢ ਕੇ ਚੁਪ ਕਰਵਾਉਣ ਤੇ ਤੁਲ ਗਿਆ ਹੈ ! ਪ੍ਰੋ.ਭੁੱਲਰ ਤੇ ਹੋਰ ਜੇਲ੍ਹ ਨਜਰਬੰਦਾਂ ਦੀ ਰਿਹਾਈ ਦਾ ਮਸਲਾ ਹੁਣ ਆਮ ਆਦਮੀ ਪਾਰਟੀ ਲਈ ਬਿਪਤਾ ਬਣਿਆ ਹੋਇਆ ਹੈ ,ਕਿਉਂਕਿ ਹੁਣ ਇਹ ਗੱਲ ਸਪਸ਼ਟ ਹੈ ਕਿ ਕੇਜਰੀਵਾਲ ਸਰਕਾਰ ਨੇ ਭਾਈ ਭੁੱਲਰ ਦੀ ਫਾਈਲ ਰੱਦ ਕੀਤੀ ਤੇ ਪਿਛਲੇ ਮਹੀਨੇ ਦਸੰਬਰ ਤੋਂ ਇਸ ਸੰਵੇਦਨਸ਼ੀਲ ਮਸਲੇ ਉਤੇ ਕੱਖ ਨਹੀ ਕੀਤਾ! ਪਹਿਲਾਂ ਤਾਂ ਤਾਨਾਸ਼ਾਹ ਵਾਂਗ ਦੜ ਹੀ ਵੱਟੀ ਰੱਖੀ ਪਰ ਜਦ ਸਿੱੱਖਾਂ ਦਾ ਦਬਾਅ ਹੇਠ ਬੋਲਣਾ ਹੀ ਪਿਆ ਤਾਂ ਕੇਜਰੀਵਾਲ ਨੇ ਸ਼ਰੇਆਮ ਝੂਠ ਬੋਲਿਆ!ਬੇਸ਼ੱਕ ਕੇਜਰੀਵਾਲ ਦੀ ਸੈਨਾ ਸੋਸ਼ਲ ਮੀਡੀਆਂ ਉੱੱਤੇ ਲਗਾਤਾਰ  ਝੂਠ ਬੋਲ ਰਹੀ ਹੈ ਪਰ ਪੰਥਕ ਸੋਚ ਵਾਲਿਆਂ ਨੇ ਇਸ ਮਸਲੇ ਉਤੇ ਕੇਜਰੀਵਾਲ ਨੂੰ ਸ਼ਰੇਬਜਾਰ ਨੰਗਾ ਕਰ ਦਿੱੱਤਾ ਹੈ । ਹੁਣ ਲੋਕ ਕਹਿੰਦੇ ਨੇ ਕਿ ਐਲ ਜੀ ਕੀ ਕਰਦਾ ਹੈ, ਬਾਅਦ ਦੀ ਗੱਲ ਹੈ,ਕੇਜਰੀਵਾਲ ਸਰਕਾਰ ਨੂੰ ਤਾਂ ਆਪਣੇ ਵਲੋਂ ਭੁੱਲਰ ਸਾਹਿਬ ਦੀ ਰਿਹਾਈ ਦੀ ਫਾਈਲ ਰਿਹਾਈ ਦੀ ਪਰਵਾਨਗੀ ਦੇ ਕੇ ਅੱਗੇ ਭੇਜਣੀ ਚਾਹੀਦੀ ਹੈ । ਚਾਹੀਦਾ ਤਾਂ ਇਹ ਸੀ ਕਿ ਮੱਸਲਾ ਉਭਰਨ ਤੋਂ ਪਹਿਲਾਂ ਹੀ ਕੇਜਰੀਵਾਲ ਸਰਕਾਰ ਰਿਹਾਈ ਲਈ ਪਰਵਾਨਗੀ ਦੇ ਕੇ ਫਾਈਲ ਅੱਗੇ ਭੇਜ ਦਿੰਦੀ ਪਰ ਬੇਈਮਾਨੀ ਰੱਖੀ ! ਹੁਣ ਲੋਕਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਕੇਜਰੀਵਾਲ ਬੇਈਮਾਨੀ ਕਰ ਰਿਹਾ ਹੈ ! ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਕਹਿਣ ਦੀ ਥਾਂ ਸੋਸ਼ਲ ਮੀਡੀਆਂ ਰਾਂਹੀ ਸਿੱੱਖਾਂ ਨੂੰ ਗਾਲਾਂ ਕੱਢਕੇ ਖਾਮੋਸ਼ ਕਰਵਾਉਣਾ ਚਾਹੁੰਦੀ ਹੈ ।

ਕੇਜਰੀਵਾਲ ਦੀ ਸੈਨਾ ਦਾ ਇਕੋ ਰਟ ਲਾਈ ਹੋਈ ਹੈ,"ਫੇਰ ਖਾਓ ਕਾਂਗਰਸੀਆਂ ਤੇ ਬਾਦਲਕਿਆਂ ਤੋਂ ਛਿਤਰ !"ਮਤਲਬ ਇਹ ਕਿ ਭੁਲਰ ਸਾਹਿਬ ਤੇ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਗੱਲ਼ ਕਰਨ ਵਾਲੇ ਕੇਜਰੀਵਾਲ ਦੀ ਪਾਰਟੀ ਹਰਾਉਣਾ ਚਾਹੁੰਦੇ ਨੇ ਤੇ ਬਾਦਲਕਿਆਂ/ਕਾਂਗਰਸੀਆਂ ਦਾ ਪੱਖ ਪੂਰਦੇ ਨੇ । ਸਾਫ ਗੱਲ ਹੈ ਕਿ ਇਸ ਸੰਵੇਦਨਸ਼ੀਲ ਮਸਲੇ ਉਤੇ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸਾਨ ਹੋ ਰਿਹਾ ਹੈ ! ਠੀਕ ਹੈ ਫੇਰ, ਸਿਆਸੀ ਨੁਕਸਾਨ ਬਚਾਉਣ ਲਈ ਭੁਲਰ ਸਾਹਿਬ ਦੀ ਰਿਹਾਈ ਕਰਵਾਓ ! ਅਸੀਂ ਜਾਣਦੇ ਹਾਂ ਕਿ 8 ਸਾਲ ਪਹਿਲਾਂ ਇਸ ਮੁੱਦੇ ਨੇ ਬਾਦਲ ਦਲ ਨੂੰ ਘੇਰਿਆ ਸੀ ਤੇ ਉਹਦਾ ਲਾਭ ਲੈਕੇ ਹੀ ਆਮ ਆਦਮੀ ਪਾਰਟੀ ਪੰਜਾਬ ਵਿਚ ਮਜਬੂਤ ਹੋਈ ਸੀ । ਬੇਸ਼ੱਕ ਇਹ ਮਸਲਾ ਸਿੱੱਖ ਜਥੇਬੰਦੀਆਂ ਵਿਚ ਭੱਖਦਾ ਰਿਹਾ ਪਰ 2013 ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੇ ਇਸ ਮਸਲੇ ਨੂੰ ਸਿਖਰਾਂ ਉਪਰ ਪਹੁੰਚਾ ਦਿਤਾ ! ਉਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਕੋਲ ਬੜੇ ਕਲਾਕਾਰ ਤੇ ਚਰਚਿਤ ਹਸਤੀਆਂ ਪਹੁੰਚੀਆਂ । ਭਗਵੰਤ ਮਾਨ ਤੇ ਗੁਰਪਰੀਤ ਘੁੱਗੀ ਨੇ  ਵੀ ਹਾਜ਼ਰੀ ਭਰੀ ਤੇ ਉਦੋਂ ਇਹ ਲੋਕ ਆਮ ਆਦਮੀ ਪਾਰਟੀ ਦੇ ਆਗੂ ਸਨ । ਬਾਦਲ ਦਲ ਦੀ ਇਕੋ ਰਟ ਸੀ ਕਿ ਅਸੀਂ ਇਹਨਾਂ ਸਿਖ ਨਜਰਬੰਦਾਂ ਦੀ ਰਿਹਾਈ ਲਈ ਕੁੱਝ ਨਹੀਂਂ ਕਰ ਸਕਦੇ !ਪਰ ਜਦ ਸਿਆਸੀ ਨੁਕਸਾਨ ਹੁੰਦਾ ਦਿਸਿਆ ਤਾਂ ਮਗਰੋਂ ਯੂ ਟਰਨ ਲੈਣਾ ਪਿਆ, ਸਿੰਘਾਂ ਦੀ ਪੈਰੋਲ ਕਰਵਾਉਣੀ ਪਈ ਤੇ ਅਕਾਲ ਤਖਤ ਸਾਹਿਬ,ਸ਼੍ਰੋਮਣੀ ਕਮੇਟੀ ਵਰਤ ਕੇ ਸਿੱੱਖ ਜਜਬਾਤਾਂ ਨੂੰ ਸ਼ਾਂਤ ਕਰਨ ਲਈ ਭੁੱੱਖ ਹੜਤਾਲ ਤੁੜਵਾਈ ਪਰ ਲੋਕਾਂ ਵਿਚ ਰੋਹ ਵਧਦਾ ਹੀ ਗਿਆ ਜਿਸਦਾ ਸਿੱਧਾ ਲਾਭ  ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਹੋਇਆ !  ਜਦ ਲੋਕ ਸਭਾ ਚੋਣਾਂ ਹੋਈਆਂ ਤਾਂ ਬਾਦਲਕਿਆਂ ਖਿਲ਼ਾਫ ਬਣੇ ਮਹੌਲ ਨੂੰ ਵੇਖਦਿਆਂ ਹਰਵਿੰਦਰ ਸਿੰਘ ਫੂਲਕਾ, ਪੱਤਰਕਾਰ ਜਰਨੈਲ ਸਿੰਘ ਤੇ ਹਰਿੰਦਰ ਸਿੰਘ ਖਾਲਸਾ ਵਰਗੇ 1984 ਨਾਲ ਜੁੜੇ ਚੇਹਰਿਆਂ ਨੂੰ ਟਿਕਟਾਂ ਦੇ ਕੇ ਕੇਜਰੀਵਾਲ ਨੇ ਬਾਦਲਕਿਆਂ ਖਿਲਾਫ ਬਣੇ ਮਹੌਲ ਨੂੰ ਭੁਗਤਾਉਣਾ ਚਾਹਿਆ ! ਜੇ ਥਾਂ ਜੇਲਾਂ ਵਿਚ ਨਜ਼ਰਬੰਦ ਸਿੰਘਾ ਦਾ ਮਸਲਾ ਬਾਦਲਕਿਆਂ ਦਾ ਨੁਕਸਾਨ ਕਰੇ ਤਾਂ ਆਮ ਆਦਮੀ ਪਾਰਟੀ ਖੁਦ ਭਾਈ ਗੁਰਬਖਸ਼ ਸਿੰਘ ਖਾਲਸਾ ਕੋਲ ਪਹੁੰਚ ਸਕਦੀ ਹੈ ਪਰ ਜਦ ਇਹੋ ਮਸਲਾ ਕੇਜਰੀਵਾਲ ਨੂੰ ਘੇਰਦਾ ਹੋਵੇ ਤੇ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸਾਨ ਹੁੰਦਾ ਹੋਵੇ ਉਦੋਂ ਮਸਲਾ ਉਭਰਨ ਵਾਲਿਆਂ ਨੂੰ ਗਾਲਾਂ ਕੱਢਦੇ ਨੇ ! ਅਸੀਂ ਸੜਕਾਂ,ਸਕੂਲ਼,ਹਸਪਤਾਲ ਤੇ ਹੋਰ ਮਸਲਿਆਂ ਦੇ ਖਿਲਾਫ ਨਹੀਂਂ !ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤੇ ਲੋਕਾਂ ਨੂੰ ਸੁਖ ਸਹੂਲਤਾਂ ਦੇਵੇ ਪਰ ਅਸੀਂ ਆਪਦਾ ਮੁੱਦਾ ਕਿਉਂ ਛੱਡੀਏ ? ਕੀ ਸਾਡਾ ਕੋਈ ਕਰਾਰ ਹੋਇਆ ਹੈ ਕਿ ਅਸੀਂ ਉਦੋਂ ਹੀ ਮੁੱਦਾ ਚੁੱਕਿਆ ਕਰੀਏ ਜਦ ਕੇਜਰੀਵਾਲ ਨੂੰ ਲਾਭ ਹੁੰਦਾ ਹੋਵੇ ? ਸਾਨੂੰ ਤਾਂ ਸਮਝ ਹੀ ਹੁਣ ਲੱਗੀ ਹੈ ਕਿ ਇਹ ਲੋਕ ਸਿਰਫ ਉਦੋਂ ਹੀ ਕੰਮ ਕਰਦੇ ਨੇ ਜਦ ਇੰਨਾਂ ਦਾ ਸਿਆਸੀ ਨੁਕਸਾਨ ਹੋਵੇ ! ਜਦ ਬਾਦਲਕਿਆਂ ਨੂੰ ਜਾਪਿਆ ਕਿ ਭੁੱੱਲਰ ਸਾਹਿਬ ਦਾ ਫਾਂਸੀ ਵਾਲਾ ਮਸਲਾ ਸੰਵੇਦਨਸ਼ੀਲ਼ ਹੈ ਤੇ ਸਿਆਸੀ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਨੇ ਸਾਥ ਦਿੱੱਤਾ ! ਜਦ ਬਾਦਲਕਿਆਂ ਨੂੰ ਜਾਪਿਆ ਕਿ ਰਾਜੋਆਣਾ ਸਾਹਿਬ ਦਾ ਫਾਂਸੀ ਵਾਲਾ ਮਸਲਾ ਸੰਵੇਦਨਸ਼ੀਲ਼ ਹੈ ਤੇ ਸਿਆਸੀ ਨੁਕਸਾਨ ਹੋ ਸਕਦਾ ਹੈ,ਪਹਿਲਾਂ ਕਹਿੰਦੇ ਰਹੇ ਕਿ ਸਾਡੇ ਹੱਥ ਵਿਚ ਹੀ ਕੁਝ ਨਹੀ ਪਰ ਫੇਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਕੋਲ ਭੱਜੇ ਫਿਰਦੇ ਸੀ ! ਜਦ ਬਾਦਲਕਿਆਂ ਨੂੰ ਜਾਪਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁਖ ਹੜਤਾਲ ਦਾ ਮਸਲਾ ਸੰਵੇਦਨਸ਼ੀਲ਼ ਹੈ ਤੇ ਸਿਆਸੀ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਨੇ ਭਾਈ ਸਮਸ਼ੇਰ ਸ਼ਿੰਘ ਕੰਵਰਪੁਰ, ਭਾਈ ਗੁਰਮੀਤ ਸਿੰਘ ਇੰਜਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦੀ ਪੈਰੋਲ ਸ਼ੁਰੂ ਕਰਵਾਈ ! ਸੋ ਬਾਦਲ ਦਲ ਨੇ ਆਪਦਾ ਸਿਆਸੀ ਨੁਕਸਾਨ ਹੁੰਦਾ ਦੇਖਕੇ ਹੀ ਸਾਡੇ ਸਿੰਘਾਂ ਲਈ ਕੁਝ ਕੀਤਾ ਹੈ । ਹੁਣ ਵੀ ਜੇ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸਾਨ ਹੁੰਦਾ ਦਿਸਿਆ ਤਾਂ ਹੀ ਕੇਜਰੀਵਾਲ ਨੇ ਭੁੱਲਰ ਸਾਹਿਬ ਦੀ ਰਿਹਾਈ ਦੀ ਪਰਵਾਨਗੀ ਦੇ ਕੇ ਫਾਈਲ ਅੱਗੇ ਭੇਜਣੀ ਹੈ । ਸੋ ਇਸ ਕਰਕੇ ਹਰੇਕ ਸਿਖ ਨੂੰ ਚਾਹੀਦਾ ਹੈ ਕਿ ਕੇਜਰੀਵਾਲ ਸੈਨਾਂ ਦੀ ਨੀਚਤਾ ਸਾਹਮਣੇ ਨਾ ਡਰੇ, ਨਾ ਝੁਕੇ । ਸਾਨੂੰ ਗੱਜ ਵੱਜ ਕੇ ਮੈਦਾਨ ਵਿਚ ਆਉਣਾ ਚਾਹੀਦਾ ਹੈ।ਸਾਰੀ ਸਿਖ ਕੌਮ ਨੂੰ, ਮਨੁੱੱਖੀ ਹੱਕਾਂ ਦੇ ਰਾਖਿਆਂ ਨੂੰ ਇਕਜੁਟ ਤੇ ਇਕਮੁਠ ਹੋ ਕੇ ਮਹੌਲ਼ ਬਣਾਉਣਾ ਪੈਣਾ ਹੈ । ਤਾਂ  ਜੋ ਕੇਜਰੀਵਾਲ ਨੂੰ ਮਹਿਸੂਸ ਹੋਵੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਸਿਆਸੀ ਨੁਕਸਾਨ ਹੋ ਜਾਵੇਗਾ ਤੇ ਮੈਨੂੰ 'ਆਪਦੇ ਹਿੱਸੇ ਦਾ ਕੰਮ"ਕਰਨਾ ਪਵੇਗਾ !ਇਹ ਗੱਲ ਪੱਕੀ ਹੈ ਕਿ ਕੇਜਰੀਵਾਲ ਨੂੰ ਜੇ ਜਾਪਿਆ ਕਿ ਬਹੁਤਾ ਫਰਕ ਨਹੀ ਪੈਣਾ ਤਾਂ ਓਹ ਬਹਾਨੇਬਾਜ਼ੀ ਕਰਕੇ ਵੋਟਾਂ ਲੰਘਾਉਣ ਦੀ ਕੋਸ਼ਿਸ਼ ਕਰੇਗਾ ਇਸਦੇ ਉਲਟ ਜੇ ਕੇਜਰੀਵਾਲ ਨੇ ਸਿਆਸੀ ਨੁਕਸਾਨ ਦੇ ਡਰੋਂ ਆਪਦੀ ਰਜਾਮੰਦੀ ਦੇਕੇ ਫਾਈਲ ਅੱਗੇ ਭੇਜਤੀ ਤਾਂ ਕੇਜਰੀਵਾਲ ਸੈਨਾ ਦਾ ਪੈਂਤੜਾ ਵੀ ਬਦਲ ਜਾਵੇਗਾ । ਫੇਰ ਇਹੋ ਕੇਜਰੀਵਾਲ ਸੈਨਾ ਕਹੇਗੀ ਕਿ ਪਹਿਲਾਂ ਜੋ ਹੋਇਆ, ਸੋ ਹੋਇਆ, ਹੁਣ ਤਾਂ ਰਹਿਮ ਕਰੋ ! ਸਿਖ ਜਗਤ ਨੂੰ ਭੁੱੱਲਰ ਸਾਹਿਬ  ਤੇ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਲਈ ਐਨਾ ਕੁ ਮਹੌਲ ਬਣਾਉਣਾ ਚਾਹੀਦਾ ਹੈ ਕਿ ਜਦ ਫਾਈਲ ਐਲ ਜੀ ਕੋਲ ਜਾਵੇ ਤਾਂ ਓਹ ਤੁਰੰਤ ਦਸਤਖਤ ਕਰਕੇ ਰਿਹਾਈ ਕਰਵਾਵੇ ! ਮੋਦੀ ਸਰਕਾਰ ਤਾਂ ਪਹਿਲਾਂ ਹੀ ਨੋਟੀਫਿਕੇਸ਼ਨ ਕਰ ਚੁੱਕੀ ਹੈ! ਵੋਟਾਂ ਦੇ ਇਸ ਮਹੌਲ ਵਿਚ ਬੜੀਆਂ ਤਾਕਤਾਂ ਹੋਰ ਮਸਲਿਆਂ ਵਿਚ ਉਲਝਾ ਕੇ ਰਖਣਾ ਚਾਹੁੰਦੀਆਂ ਨੇ ਕਿ ਸਿੱੱਖ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਨੂੰ ਭੁੱਲ ਜਾਣ । ਪਰ ਜੇ ਇਸ ਮੌਕੇ ਇਹ ਮਸਲਾ ਹੱਲ ਨਾ ਹੋਇਆ ਤਾਂ ਫੇਰ ਸ਼ਾਇਦ ਹੀ ਕਦੇ ਸਵੱਬ ਬਣੇ ! ਵੋਟਾਂ ਲੈਣ ਲਈ ਹੁਣ ਇਹ ਸਿਆਸੀ ਦਲ ਮੰਨ ਸਕਦੇ ਨੇ । ਮਗਰੋਂ ਕੀਹਨੇ ਕਾਬੂ ਆਉਣਾ ? ਹਕੂਮਤੀ ਸਿਸਟਮ ਵਿਚ ਬੜੀ ਤਾਕਤ ਹੈ ਪਰ ਵੋਟਾਂ ਦੇ ਇਸ ਮਹੌਲ ਵਿਚ ਸਿੱੱਖਾਂ ਦਾ ਹੱਥ ਉੱੱਤੇ ਹੈ ! ਸੋ ਪੂਰੇ ਜਾਹੋਜਲਾਲ ਨਾਲ ਇਸ ਮਸਲੇ ਨੂੰ ਉਭਾਰੋ !