ਗ੍ਰਿਫਤਾਰੀ ਸਮੇ ਇਕ ਵਿਅਕਤੀ ਉਪਰ ਤਸ਼ੱਦਦ ਕਰਨ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਫਸਰ ਨੂੰ ਦੋ ਸਾਲ ਦੀ ਕੈਦ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਲੋਇਸਵਿਲੇ ਮੈਟਰੋ ਪੁਲਿਸ ਵਿਭਾਗ ਦੇ ਇਕ ਸਾਬਕਾ ਪੁਲਿਸ ਅਫਸਰ ਨੂੰ ਮਈ 2020 ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਸਮੇ ਉਸ ਉਪਰ ਤਸ਼ੱਦਦ ਕਰਨ ਦੇ ਮਾਮਲੇ ਵਿਚ ਅਦਾਲਤ ਨੇ 2 ਸਾਲ ਕੈਦ ਦੀ ਸਜਾ ਸੁਣਾਈ ਹੈ। ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਅੁਨਸਾਰ 34 ਸਾਲਾ ਸਾਬਕਾ ਪੁਲਿਸ ਅਫਸਰ ਕੋਰੀ ਈਵਾਨਜ ਨੂੰ ਯੂ ਐਸ ਡਿਸਟ੍ਰਿਕਟ ਜੱਜ ਰੀਬੇਕਾ ਗਰੈਡੀ ਨੇ ਦੋਸ਼ੀ ਕਰਾਰ ਦਿੰਦਿਆਂ ਬਚਾਅ ਪੱਖ ਦੀਆਂ ਦਲੀਲਾਂ ਰੱਦ ਕਰਦਿਆਂ ਸਜਾ ਦੇਣ ਦਾ ਫੈਸਲਾ ਸੁਣਾਇਆ। ਬਚਾਅ ਪੱਖ ਦੇ ਵਕੀਲ ਬਰੀਅਨ ਬਟਲਰ ਨੇ ਕਿਹਾ ਕਿ ਈਵਾਨਜ ਅਫਗਾਨਿਸਤਾਨ ਵਿਚ ਤਾਇਨਾਤ ਰਿਹਾ ਹੈ ਤੇ ਉਸ ਦੇ ਸੇਵਾ ਦਾ ਕਾਰਜਕਾਲ ਵਧੀਆ ਰਿਹਾ ਹੈ। ਉਸ ਨੇ ਲੋਇਸਵਿਲੇ ਮੈਟਰੋ ਪੁਲਿਸ ਵਿਭਾਗ ਵਿਚ ਕੰਮ ਕਰਦਿਆਂ ਘਟੋ ਘੱਟ 4 ਲੋਕਾਂ ਦੀ ਜਾਨ ਬਚਾਈ ਸੀ। ਇਥੇ ਜਿਕਰਯੋਗ ਹੈ ਕਿ 31 ਮਈ 2020 ਨੂੰ ਇਕ ਗੈਰਕਾਨੂੰਨੀ ਇਕੱਠ ਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਗੋਡਿਆਂ ਭਾਰ ਬੈਠ ਕੇ ਤੇ ਹੱਥ ਉਪਰ ਕਰਕੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਦੌਰਾਨ ਈਵਾਨਜ ਨੇ ਉਸ ਵਿਅਕਤੀ ਦੇ ਸਿਰ ਦੇ ਪਿਛਲੇ ਪਾਸੇ ਜੋਰਦਾਰ ਡੰਡਾ ਮਾਰਿਆ। ਉਸ ਵਿਅਕਤੀ ਦੇ ਸਿਰ ਵਿਚ ਜਖਮ ਹੋ ਗਿਆ ਤੇ ਉਹ ਅੱਗੇ ਨੂੰ ਡਿੱਗ ਪਿਆ। ਡਿੱਗੇ ਪਏ ਨੂੰ ਹੋਰ ਪੁਲਿਸ ਅਫਸਰਾਂ ਨੇ ਹਿਰਾਸਤ ਵਿਚ ਲੈ ਲਿਆ ਸੀ। ਬਾਅਦ ਵਿਚ ਈਵਾਨਜ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਨਿਆਂ ਵਿਭਾਗ ਅਨੁੁਸਾਰ ਇਸ ਮਾਮਲੇ ਦੀ ਜਾਂਚ ਐਫ ਬੀ ਆਈ ਤੇ ਲੋਇਸਵਿਲੇ ਮੈਟਰੋ ਪੁਲਿਸ ਵਿਭਾਗ ਦੇ ਇੰਟੈਗਰਿਟੀ ਯੁਨਿਟ ਨੇ ਕੀਤੀ ਸੀ।
Comments (0)