ਪੰਜਾਬੀ ਲੋਕ ਗੀਤ ਵਿਚ ਨਸ਼ੇ ਤੇ ਨਸ਼ੇੜੀਆਂ ਦਾ ਬਿਰਤਾਂਤ

ਪੰਜਾਬੀ ਲੋਕ ਗੀਤ ਵਿਚ ਨਸ਼ੇ ਤੇ ਨਸ਼ੇੜੀਆਂ ਦਾ ਬਿਰਤਾਂਤ

 ਪੰਜਾਬੀ ਜਨ ਜੀਵਨ ਦੀ ਇੱਕ ਗੰਭੀਰ ਸਮੱਸਿਆ ਨਸ਼ੇ ਹਨ। ਨਸ਼ੇ ਪੁਰਾਤਨ ਸਮਿਆਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਵੱਖ ਵੱਖ ਸੱਭਿਆਚਾਰਾਂ ਦਾ ਹਿੱਸਾ ਰਹੇ ਹਨ। ਪੰਜਾਬੀਆਂ ਵਿੱਚ ਵੀ ਵੱਖ ਵੱਖ ਨਸ਼ਿਆਂ ਦੀ ਵਰਤੋਂ ਦਾ ਰੁਝਾਨ ਰਿਹਾ ਹੈ। ਪੰਜਾਬੀਆਂ ਵਿੱਚ ਸ਼ਰਾਬ ਦੀ ਵਰਤੋਂ ਵਿਆਪਕ ਪੱਧਰ ’ਤੇ ਹੁੰਦੀ ਰਹੀ ਹੈ। ਲੋਕਾਂ ਨੂੰ ਸ਼ਰਾਬ ਅਤੇ ਦੂਸਰੇ ਨਸ਼ਿਆਂ ਦੇ ਭਿਆਨਕ ਨਤੀਜੇ ਆਰਥਿਕ, ਸਮਾਜਿਕ, ਮਾਨਸਿਕ, ਸਰੀਰਕ, ਪਰਿਵਾਰਿਕ ਰੂਪਾਂ ਵਿੱਚ ਭੁਗਤਣੇ ਪੈਂਦੇ ਰਹੇ ਹਨ। ਮੁੱਖ ਰੂਪ ਵਿੱਚ ਆਰਥਿਕ ਪੱਖ ਤੋਂ ਅਜਿਹੇ ਪਰਿਵਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੋਣ ਕਾਰਨ ਲੋਕ ਬੋਲੀਆਂ ਵਿੱਚ ਇੱਕ ਔਰਤ ਦੀ ਮਨੋਸਥਿਤੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ:

 

ਡੰਗਰ ਵੱਛਾ ਸਾਰਾ ਵੇਚਤਾ,

ਨਾਲੇ ਵੇਚਤੀ ਕੱਟੀ,

ਪੱਟੀ ਤੇਰੀ ਦਾਰੂ ਨੇ ਪੱਟੀ

ਪੱਟੀ ਮੈਂ ਦਾਰੂ ਪੀਣਿਆ

ਮੈਂ ਤੇਰੀ ਦਾਰੂ ਨੇ ਪੱਟੀ।

ਕਿਸੇ ਪਰਿਵਾਰਿਕ ਮੈਂਬਰ ਦਾ ਨਸ਼ੇ ਦੇ ਆਦੀ ਹੋਣ ਖਮਿਆਜ਼ਾ ਵੱਖ ਵੱਖ ਰੂਪਾਂ ਵਿੱਚ ਸਬੰਧਤ ਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਇਸ ਕਾਰਨ ਪਰਿਵਾਰ ਨੂੰ ਆਰਥਿਕ, ਸਮਾਜਿਕ, ਮਾਨਸਿਕ ਨੁਕਸਾਨ ਦੇ ਨਾਲ ਨਾਲ ਸਬੰਧਤ ਨੂੰ ਸਰੀਰਕ ਰੂਪ ਵਿੱਚ ਵੀ ਇਸਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਨਸ਼ੇ ਦਾ ਆਦੀ ਹੋਣ ਕਾਰਨ ਨੌਜਵਾਨਾਂ ਨੂੰ ਵਿਆਹ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਸ਼ੇ ਦੇ ਅਜਿਹੇ ਪੱਖ ਕਾਰਨ ਲੋਕ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਭਾਬੀ ਕਹਿੰਦੀ ਸੁਣ ਵੇ ਦਿਉਰਾ,

ਹਾਲ ਸੁਣਾਵਾਂ ਸਾਰਾ।

ਦਾਰੂ ਪੀ ਕੇ ਰਹੇਂ ਝੂਲਦਾ,

ਆ ਮਾਰੇਂ ਲਲਕਾਰਾ।

ਮੇਰੇ ਵੰਨੀਂ ਕੱਢਦਾ ਆਨੇ,

ਜਿਮੇਂ ਵਹਿੜਕਾ ਨਾਰਾ।

ਅੰਦਰੋਂ ਡਰ ਲਗਦਾ,

ਫਿਰਦਾ ਦਿਉਰ ਕੁਵਾਰਾ।

ਜਿਨ੍ਹਾਂ ਨੂੰ ਅਜਿਹੇ ਪਤੀ ਮਿਲਦੇ ਹਨ, ਜਿਹੜੇ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦੇ, ਉਨ੍ਹਾਂ ਦਾ ਜੀਵਨ ਕਾਫੀ ਸੁਖਾਲਾ ਹੁੰਦਾ ਹੈ। ਨਸ਼ਿਆਂ ਦੇ ਆਦੀ ਲੋਕਾਂ ਦੇ ਮੁਕਾਬਲੇ ਉਨ੍ਹਾਂ ਨੂੰ ਬਹੁਤ ਸਾਰੇ ਪੱਖਾਂ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੋਣ ਕਾਰਨ ਲੋਕ ਬੋਲੀਆਂ ਵਿੱਚ ਇਸ ਪੱਖ ਦਾ ਵਰਨਣ ਕੁਝ ਇਸ ਤਰ੍ਹਾਂ ਮਿਲਦਾ ਹੈ:

ਕਈਆਂ ਦੇ ਮਾਹੀਏ ਦਾਰੂ ਪੀਂਦੇ

ਤੇ ਅੱਤ ਰੱਖਦੇ ਨੇ ਚੱਕੀ।

ਪਰ ਮੇਰਾ ਮਾਹੀ ਅੰਤਾਂ ਦਾ ਚੰਗਾ

ਖਾਂਦਾ ਰੁੱਖੀ ਮਿੱਸੀ।

ਨਾਲ ਮੇਰੇ ਉਹ ਹੱਸਦਾ ਖੇਡਦਾ

ਦਿਲ ਵਿੱਚ ਮੈਲ ਨਾ ਰੱਖੀ।

ਨੀ ਮਾਹੀ ਮੇਰੇ ਨੇ

ਮੈਂ ਰਾਣੀ ਬਣਾ ਕੇ ਰੱਖੀ।

ਕਿਸੇ ਦੇ ਵਿਆਹ ਰਿਸ਼ਤੇ ਲਈ ਸਬੰਧਤ ਦਾ ਨਸ਼ਾ ਰਹਿਤ ਹੋਣਾ ਇੱਕ ਜ਼ਰੂਰੀ ਪੱਖ ਹੈ। ਜੇਕਰ ਸਬੰਧਤ ਕਿਸੇ ਕਿਸਮ ਦਾ ਨਸ਼ਾ ਕਰਦਾ ਹੈ, ਤਾਂ ਰਿਸ਼ਤਾ ਕਰਨ ਵਾਲੇ ਅਤੇ ਕਰਵਾਉਣ ਵਾਲੇ ਕੰਨੀਂ ਕਤਰਾਉਂਦੇ ਹਨ। ਅਜਿਹੇ ਪੱਖ ਕਾਰਨ ਹੀ ਕਿਸੇ ਦਿਉਰ ਨੂੰ ਭਰਜਾਈ ਕੁਝ ਇਸ ਤਰ੍ਹਾਂ ਕਹਿੰਦੀ ਹੈ:

ਆ ਵੇ ਦਿਉਰਾ, ਬਹਿ ਵੇ ਦਿਉਰਾ,

ਤੈਨੁੰ ਇੱਕ ਗੱਲ ਸਮਝਾਵਾਂ।

ਵੇ ਜੇ ਤੂੰ ਚਿਟਾ ਛੱਡ ਦੇਂ,

ਤੈਨੂੰ ਪੇਕਿਉਂ ਸਾਕ ਕਰਵਾਵਾਂ।

ਸ਼ਰਾਬ ਪੀਣ ਵਾਲਿਆਂ ਦੇ ਘਰੇ ਲੜਾਈ ਕਲੇਸ਼ ਅਤੇ ਦੂਸਰੀਆਂ ਸਮੱਸਿਆਵਾਂ ਦਾ ਹੋਣਾ ਆਮ ਜਿਹੀ ਗੱਲ ਹੈ:

ਵੇਖ ਨਣਦੇ ਨੀ ਬਾਲੇ ਮੇਰੇ ਟੁੱਟੂੰ ਕਰਦੇ

ਜਦੋਂ ਮੈਂ ਕਹਿੰਦੀ ਹੋਰ ਕਰਾ ਦੇ

ਚੱਕਦਾ ਮੇਰੇ ਬੰਨੀਂ ਡਾਂਗ ਫੇਰ ਅੜੀਏ

ਠੇਕੇ ਦੀ ਦਾਰੂ ਪੀਂਦਾ

ਘਰੇ ਖਾਲੀ ਬੋਤਲਾਂ ਦਾ ਢੇਰ ਅੜੀਏ।

ਮਿਹਨਤਕਸ਼ ਲੋਕਾਂ ਦੀਆਂ ਕਬੀਲਦਾਰੀਆਂ ਬਿਨਾਂ ਕਿਸੇ ਨਸ਼ੇ ਕੀਤਿਆਂ ਵੀ ਬੜੀ ਔਖਿਆਈ ਨਾਲ ਚਲਦੀਆਂ ਹਨ। ਪਰ ਜੇਕਰ ਕਿਸੇ ਦੇ ਘਰ ਨਸ਼ੇ ਦਾ ਵਾਸਾ ਹੋਵੇ ਤਾਂ ਆਰਥਿਕ ਪੱਖ ਤੋਂ ਸਥਿਤੀ ਹੋਰ ਵੀ ਡਾਵਾਂ ਡੋਲ ਹੁੰਦੀ ਹੈ। ਅਜਿਹਾ ਹੋਣ ਕਾਰਨ ਕਿਸੇ ਦੀ ਪਤਨੀ ਵੱਲੋਂ ਆਪਣੀ ਪਤੀ ਨੂੰ ਨਸ਼ੇ ਤੋਂ ਕੁਝ ਇਸ ਤਰ੍ਹਾਂ ਵਰਜਿਆ ਜਾਂਦਾ ਹੈ:

ਔਖੇ ਚਲਦੇ ਘਰਾਂ ਦੇ ਢਾਂਚੇ

ਛੱਡਦੇ ਤੂੰ ਵੈਲਦਾਰੀਆਂ।

ਨਸ਼ੇ ਕਰਨ ਵਾਲਿਆਂ ਦੇ ਘਰਾਂ ਦੇ ਦੂਸਰੇ ਮੈਂਬਰ ਨਸ਼ੇੜੀ ਦੀਆਂ ਗਤੀਵਿਧੀਆਂ ਕਾਰਨ ਤੰਗ ਪ੍ਰੇਸ਼ਾਨ ਹੁੰਦੇ ਹਨ। ਅਜਿਹਾ ਹੋਣ ਕਾਰਨ ਉਨ੍ਹਾਂ ਦੇ ਜੀਵਨ ਦੀ ਲੈ ਵਿਗੜਦੀ ਹੈ ਅਤੇ ਜ਼ਿੰਦਗੀ ਵਿੱਚ ਨਿਰਾਸ਼ਤਾ ਦਾ ਵਾਸਾ ਹੁੰਦਾ ਹੈ। ਕੁਝ ਅਜਿਹਾ ਹੋਣ ਕਾਰਨ ਹੀ ਨੂੰਹ ਆਪਣੀ ਸੱਸ ਨੂੰ ਕੁੱਝ ਇਸ ਤਰ੍ਹਾਂ ਕਹਿੰਦੀ ਹੈ:

ਕਿਹੜੇ ਹੌਂਸਲੇ ਲੰਬਾ ਤੰਦ ਪਾਵਾਂ,

ਪੁੱਤ ਤੇਰਾ ਵੈਲੀ ਸੱਸੀਏ।

ਜਿਨ੍ਹਾਂ ਦੇ ਘਰ ਦੇ ਲੋਕ ਨਸ਼ੇੜੀ ਹੁੰਦੇ ਹਨ, ਉਨ੍ਹਾਂ ਦੇ ਘਰਾਂ ਦੇ ਸਮਾਨ ਤੱਕ ਵਿਕਦੇ ਹਨ। ਨਸ਼ੇੜੀਆਂ ਵੱਲੋਂ ਆਪਣੇ ਘਰਾਂ ਵਾਲੀਆਂ ਦੇ ਗਹਿਣੇ ਵੇਚਣੇ ਵੀ ਆਮ ਜਿਹੀ ਗੱਲ ਹੈ:

ਮੇਰਾ ਨਸ਼ੇੜੀ ਨੀ ਅੜੀਓ ਘਰਵਾਲਾ

ਵੇਚ ਕੇ ਕਲਿੱਪ ਖਾ ਗਿਆ।

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਪੱਖਾਂ ਦਾ ਲੋਕ ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਲੋਹੇ ਦੇ ਕੋਹਲੂ ਤੇਲ ਮੂਤਦੇ

ਕੁਤਰਾ ਕਰਨ ਮਸ਼ੀਨਾਂ

ਤੂੜੀ ਖਾਂਦੇ ਬਲਦ ਹਾਰ ਗਏ

ਗੱਭਰੂ ਲੱਗ ਗਏ ਫੀਮਾਂ

ਤੂੰ ਘਰ ਪੱਟਤਾ ਵੇ

ਚਿਟੇ ਦਿਆ ਸ਼ਕੀਨਾ

ਸ਼ਰਾਬ ਜਾਂ ਦੂਸਰੇ ਨਸ਼ਿਆ ਦੇ ਆਦੀ ਲੋਕਾਂ ਕਾਰਨ ਉਨ੍ਹਾਂ ਦੀਆਂ ਪਤਨੀਆਂ ਅਤੇ ਦੂਸਰੇ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਪੱਖਾਂ ਕਾਰਨ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਪ੍ਰਭਾਵਿਤ ਔਰਤ ਵਾਲੋਂ ਆਪਣੇ ਮਾਪਿਆਂ ਨੂੰ ਉਲਾਮ੍ਹਾ ਕੁਝ ਇਸ ਤਰ੍ਹਾਂ ਦਿੱਤਾ ਮਿਲਦਾ ਹੈ:

ਮਾਏ ਨੀ ਮੈਨੂੰ ਰੱਖ ਲੈਂਦੀ ਕੁਆਰੀ

ਕੱਤਦੀ ਤੇਰਾ ਗੋਹੜਾ।

ਸਾਰਾ ਦਿਨ ਉਹ ਰਹਿੰਦਾ ਠੇਕੇ

ਰਾਤ ਨੂੰ ਪਾਵੇ ਮੋੜਾ।

ਵੈਲੀ ਮਾਹੀ ਦਾ

ਲੱਗ ਗਿਆ ਹੱਡਾਂ ਨੂੰ ਝੋਰਾ

ਇਸ ਤਰ੍ਹਾਂ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਨਸ਼ਿਆਂ ਸਬੰਧੀ ਵੱਖ ਵੱਖ ਪੱਖਾਂ ਅਤੇ ਇਸ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਜ਼ਿਕਰ ਵੱਖ ਵੱਖ ਰੂਪਾਂ ਵਿੱਚ ਮਿਲਦਾ ਹੈ।

 

ਜੱਗਾ ਸਿੰਘ

​​​