ਪੰਜਾਬੀ ਵਿਚੋਂ ਹੀ ਕਿਉਂ ਫੇਲ੍ਹ ਹੋ ਰਹੇ ਹਨ ਪੰਜਾਬ ਦੇ ਜਾਏ?

ਪੰਜਾਬੀ ਵਿਚੋਂ ਹੀ ਕਿਉਂ ਫੇਲ੍ਹ ਹੋ ਰਹੇ ਹਨ ਪੰਜਾਬ ਦੇ ਜਾਏ?

ਅੱਜ ਕੁਲ ਸੰਸਾਰ ਹਰ ਵਿਅਕਤੀ ਦੀ ਜੇਬ ਵਿਚ ਪਏ ਮੋਬਾਈਲ ਫੋਨ ਅੰਦਰ ਸਮਾ ਗਿਆ ਹੈ।

ਇਹ ਮੋਬਾਈਲ ਫੋਨ ਸੱਤ ਸਮੁੰਦਰ ਪਾਰ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਬਹੁਤ ਨੇੜਿਓਂ ਦਿਖਾ ਦਿੰਦੇ ਹਨ। ਇਸ ਦੇ ਨਾਲ ਹੀ ਦੂਰ-ਦੁਰਾਡੇ ਦੇ ਦੇਸ਼ਾਂ ਦੀ ਅਮੀਰੀ ਨੇ ਦੂਜੇ ਦੇਸ਼ਾਂ ਦੇ ਵਸਨੀਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ, ਜਿਸ ਕਾਰਨ ਪ੍ਰਦੇਸ ਜਾ ਵਸਣ ਦੀ ਚਾਹਤ ਦਿਨੋ-ਦਿਨ ਵਧਣ ਲੱਗੀ। ਵਿਦੇਸ਼ ਜਾ ਕੇ ਵਸਣ ਲਈ ਸਭ ਤੋਂ ਜ਼ਰੂਰੀ ਹੈ, ਉਸ ਦੇਸ਼ ਦੀ ਭਾਸ਼ਾ ਬਾਰੇ ਜਾਣਕਾਰੀ ਹੋਣਾ ਤਾਂ ਜੋ ਉਥੋਂ ਦੇ ਵਸਨੀਕਾਂ ਨਾਲ ਲੋੜੀਂਦੀ ਗੱਲਬਾਤ ਹੋ ਸਕੇ। ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਬਿਹਤਰ ਸਹੂਲਤਾਂ ਮਾਣਨ ਦੀ ਚਾਹਤ ਵਿਚ ਦੂਜਿਆਂ ਸੂਬਿਆਂ ਜਾਂ ਦੇਸ਼ਾਂ ਵਿਚ ਜਾ ਕੇ ਵਸਣ ਦਾ ਰੁਝਾਨ ਅੱਜ ਏਨਾ ਵੱਧ ਚੁੱਕਾ ਹੈ ਕਿ ਹਰ ਪੰਜਾਬੀ ਘਰ ਵਿਚ ਬੱਚਿਆਂ ਨੂੰ ਪੰਜਾਬੀ ਦੀ ਜਗ੍ਹਾ ਦੂਜੀਆਂ ਹੋਰ ਭਾਸ਼ਾਵਾਂ ਸਿੱਖਣ ਲਈ ਪ੍ਰੇਰਿਤ ਕੀਤਾ ਜਾਣ ਲੱਗਾ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਪ੍ਰਵਾਸ ਕਰਨਾ ਗ਼ਲਤ ਹੈ ਜਾਂ ਦੂਜੀਆਂ ਬੋਲੀਆਂ ਨੂੰ ਸਿੱਖਣਾ, ਜਦੋਂ ਕਿ ਇਹ ਦੋਵੇਂ ਗੱਲਾਂ ਹੀ ਗ਼ਲਤ ਨਹੀਂ ਹਨ। ਮੁੱਢ-ਕਦੀਮ ਤੋਂ ਹੀ ਮਨੁੱਖ ਵਿਕਾਸ ਦੇ ਰਾਹ ਉੱਤੇ ਤੁਰਦਿਆਂ ਦੂਰ-ਦੁਰਾਡੇ ਵਸਦੇ ਲੋਕਾਂ ਨਾਲ ਸਾਂਝਾਂ ਵਧਾਉਂਦਾ ਅਤੇ ਉਥੋਂ ਦੀ ਬੋਲੀ ਸਿੱਖਦਾ ਆਇਆ ਹੈ, ਇਸ ਲਈ ਇਹ ਤਰਕ ਵੀ ਮੰਨਣਯੋਗ ਨਹੀਂ ਹੈ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਕੋਈ ਨਵਾਂ ਵਰਤਾਰਾ ਹੈ।

ਪਰ ਆਓ! ਹੁਣ ਇਸ ਗੱਲ ਵੱਲ ਧਿਆਨ ਕਰੀਏ ਕਿ ਅਜਿਹਾ ਪੰਜਾਬ ਵਿਚ ਕੀ ਵਾਪਰ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਜਾਏ ਪੰਜਾਬੀ ਵਿਸ਼ੇ ਦੇ ਇਮਤਿਹਾਨਾਂ ਵਿਚ ਹੀ ਫੇਲ੍ਹ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਸਕੂਲ ਸਿੱਖਿਆ ਦੇ ਇਸ ਸਾਲ ਮਈ ਵਿਚ 10ਵੀਂ ਦੇ ਐਲਾਨੇ ਗਏ ਨਤੀਜੇ ਅਨੁਸਾਰ 2265 ਵਿਦਿਆਰਥੀ, ਬਾਰ੍ਹਵੀਂ ਜਮਾਤ ਵਿਚੋਂ 1755 ਅਤੇ ਅੱਠਵੀਂ ਜਮਾਤ ਵਿਚੋਂ 663 ਵਿਦਿਆਰਥੀ ਪੰਜਾਬੀ ਵਿਸ਼ੇ ਵਿਚੋਂ ਹੀ ਫੇਲ੍ਹ ਹੋ ਗਏ ਹਨ। ਸਾਡੇ ਆਪਣੇ ਪੰਜਾਬ ਰਹਿੰਦੇ ਬੱਚੇ ਪੰਜਾਬੀ ਤੋਂ ਕਿਉਂ ਦੂਰ ਭੱਜ ਰਹੇ ਹਨ? ਇਹ ਸੱਚਮੁੱਚ ਹੀ ਚਿੰਤਾ ਕਰਨ ਵਾਲੀ ਗੱਲ ਹੈ ਕਿ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਪੇਪਰ ਦੇਣ ਵਾਲੇ ਇਹ ਬੱਚੇ ਜਨਮ ਤੋਂ ਲੈ ਕੇ ਪੰਜਾਬ ਵਿਚ ਹੀ ਰਹਿੰਦੇ ਆਏ ਹਨ, ਫਿਰ ਇਨ੍ਹਾਂ ਲਈ ਪੰਜਾਬੀ ਭਾਸ਼ਾ ਹਊਆ ਕਿਉਂ ਬਣ ਗਈ? ਸਾਡੇ ਬੱਚੇ ਪੰਜਾਬੀ ਬੋਲਣ ਜਾਂ ਪੜ੍ਹਨ ਤੋਂ ਕਿਉਂ ਹਿਚਕਚਾਉਂਦੇ ਹਨ? ਇਸ ਸਭ ਲਈ ਕੋਈ ਹੋਰ ਨਹੀਂ ਸਗੋਂ ਅਸੀਂ ਪੰਜਾਬੀ ਖੁਦ ਜ਼ਿੰਮੇਵਾਰ ਹਾਂ।

ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅੱਜ ਪੰਜਾਬੀ ਮਾਪੇ ਨਵ-ਜਨਮੇ ਬੱਚੇ ਨੂੰ ਪੰਜਾਬੀ ਨਹੀਂ ਸਗੋਂ ਅੰਗਰੇਜ਼ੀ ਸਿਖਾਉਣਾ ਚਾਹੁੰਦੇ ਹਨ। ਉਹ ਆਪਣੇ ਬੱਚੇ ਨੂੰ ਪੰਜਾਬੀ ਵਿਚ ਅੱਖਾਂ, ਨੱਕ, ਕੰਨ ਨਹੀਂ ਬਲਕਿ ਆਈਜ਼, ਨੋਜ਼, ਈਅਰਜ਼ ਸਿਖਾਉਣਾ ਪਸੰਦ ਕਰਦੇ ਹਨ ਉਸਦੇ ਲਈ 'ਸ' ਸੇਬ ਨਹੀਂ, 'ਏ' ਫਾਰ ਐਪਲ ਹੈ। ਹੁਣ ਸੋਚੋ ਮਾਂ-ਬੋਲੀ ਤਾਂ ਉਹ ਬੋਲੀ ਮੰਨੀ ਜਾਂਦੀ ਹੈ ਜੋ ਮਾਂ ਖੁਦ ਬੋਲਦੀ ਹੈ ਤੇ ਬੱਚੇ ਨੂੰ ਸਿਖਾਉਂਦੀ ਹੈ। ਪਰ ਹੁਣ ਬੱਚਾ ਕੀ ਕਰੇ, ਉਸ ਬੋਲੀ ਨੂੰ ਪਹਿਲ ਦੇ ਆਧਾਰ 'ਤੇ ਸਿੱਖੇ ਜਿਸ ਵਿਚ ਉਸਦੀ ਮਾਂ ਲਾਡ ਲਡਾਉਂਦੀ ਹੈ ਜਾਂ ਗਲਤੀ ਤੋਂ ਵਰਜਦੀ ਹੈ ਕਿ ਉਹ ਸਿੱਖੇ ਜੋ ਉਸਨੂੰ ਸਿੱਖਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਬੱਚਾ ਪੰਜਾਬੀ ਨੂੰ ਚੁਣ ਲਵੇ ਤੇ ਘਰ ਆਏ ਕਿਸੇ ਮਹਿਮਾਨ ਦੇ ਸਾਹਮਣੇ ਪੰਜਾਬੀ ਬੋਲਦਿਆਂ ਇਹ ਕਹਿ ਦੇਵੇ ਕਿ ਮੈਂ ਦੂਜੀ ਜਮਾਤ ਵਿਚ ਪੜ੍ਹਦਾ ਹਾਂ ਤਾਂ ਪਰਲੋ ਆ ਜਾਂਦੀ ਹੈ, ਲੈ ਦੱਸ, ਇਹ ਕਿਹੜੇ ਸਕੂਲ ਪੜ੍ਹਦਾ, ਜਿਹਨੂੰ ਇਹ ਨਹੀਂ ਪਤਾ ਕਿ ਦੂਜੀ ਜਮਾਤ ਨੂੰ ਫੋਰਥ ਸਟੈਂਡਰਡ ਕਹਿੰਦੇ ਹਨ। ਮਾਂ-ਬਾਪ ਵੀ ਇੰਝ ਬੱਚੇ ਨਾਲ ਵਿਹਾਰ ਕਰਦੇ ਹਨ, ਜਿਵੇਂ ਉਸਨੇ ਕਿਸੇ ਦੇ ਸਾਹਮਣੇ ਕੋਈ ਭਾਰੀ ਗਲਤੀ ਕਰ ਦਿੱਤੀ ਹੋਵੇ, ਇੰਨੇ ਮਹਿੰਗੇ ਸਕੂਲ ਦੀਆਂ ਫੀਸਾਂ ਭਰਦੇ ਹਾਂ, ਫਿਰ ਵੀ ਪੰਜਾਬੀ ਬੋਲ ਕੇ ਸਾਡੀ ਬੇਇੱਜ਼ਤੀ ਕਰਵਾ ਦਿੱਤੀ। ਇਸ ਸਾਰੇ ਕੁਝ ਤੋਂ ਬਾਅਦ ਉਹ ਬੋਲੀ ਜਿਸ ਨੂੰ ਬੋਲਣ ਕਾਰਨ ਬੇਇੱਜ਼ਤੀ ਮਹਿਸੂਸ ਕੀਤੀ ਗਈ ਹੋਵੇ, ਉਸ ਬੋਲੀ ਨੂੰ ਬੱਚਾ ਸੱਚੇ ਮਨ ਨਾਲ ਸਿੱਖਣ ਦੀ ਕੋਸ਼ਿਸ਼ ਕਿਉਂ ਕਰੇਗਾ, ਉਹ ਪੰਜਾਬੀ ਦੇ ਵਿਸ਼ੇ ਨੂੰ ਸਕੂਲ ਵਲੋਂ ਪਾਇਆ ਗਿਆ ਬਿਨ੍ਹਾਂ-ਵਜ੍ਹਾ ਦਾ ਬੋਝ ਹੀ ਸਮਝੇਗਾ।

ਪੰਜਾਬੀ ਵਿਸ਼ੇ 'ਚ ਕਮਜ਼ੋਰ ਹੋਣ ਦਾ ਦੂਜਾ ਕਾਰਨ ਸਕੂਲ ਵਿਚ ਵੀ ਬੱਚੇ ਪੜ੍ਹਾਈ ਊੜਾ ਊਠ, ਅ ਅੰਬ, ੲ ਇੱਲ ਤੋਂ ਨਹੀਂ, ਏ ਫਾਰ ਐਪਲ, ਬੀ ਫਾਰ ਬੁਆਏ, ਸੀ ਕੈਟ ਤੋਂ ਸ਼ੁਰੂ ਕਰਦੇ ਹਨ। ਪੰਜਾਬ ਦੀ ਧਰਤੀ 'ਤੇ ਜਨਮ ਲੈ ਕੇ ਵੀ ਪੰਜਾਬੀ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ। ਜਿਸ ਬੋਲੀ ਵਿਚ ਗੁਰੂ ਸਾਹਿਬਾਨਾਂ ਨੇ ਧੁਰ ਕੀ ਬਾਣੀ ਦਾ ਉਚਾਰਨ ਕੀਤਾ, ਉਸ ਬੋਲੀ ਨੂੰ ਗੈਰ ਮੰਨਦਿਆਂ ਪੰਜਾਬ ਅੰਦਰ ਅੰਗਰੇਜ਼ੀ ਮਾਧਿਅਮ ਸਕੂਲਾਂ ਵਲੋਂ ਪੰਜਾਬੀ ਬੋਲਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਪੰਜਾਬੀ ਦੀ ਅਧਿਆਪਕਾ ਆ ਕੇ ਜਦੋਂ ਕਹੇ, 'ਚਲੋ ਬੱਚੋ ਆਜ ਹਮ ਸਿਹਾਰੀ ਬਿਹਾਰੀ ਸੀਖਤੇ ਹੈਂ' ਤਾਂ ਸੋਚੋ ਉਹ ਵਿਦਿਆਰਥੀ ਪੰਜਾਬੀ ਵਿਚੋਂ ਚੰਗੇ ਨੰਬਰ ਕਿਵੇਂ ਲੈ ਸਕਣਗੇ, ਕਿਉਂਕਿ ਜਿਸ ਤਰ੍ਹਾਂ ਅਧਿਆਪਕ ਵਲੋਂ ਬੋਲਿਆ ਜਾਵੇਗਾ, ਉਸੇ ਤਰ੍ਹਾਂ ਬੱਚੇ ਬੋਲਣਗੇ ਅਤੇ ਇਮਤਿਹਾਨ ਵਿਚ ਲਿਖਣਗੇ। ਇਹ ਇਕ ਵੱਡਾ ਕਾਰਨ ਹੈ ਕਿ ਅੱਜ ਲਿਖਣ, ਪੜ੍ਹਨ ਜਾਂ ਬੋਲਣ ਲਈ ਪੰਜਾਬੀ ਬੱਚੇ ਦੇ ਦਿਲ-ਦਿਮਾਗ ਵਿਚ ਆਪਣੀ ਭਾਸ਼ਾ ਨਹੀਂ ਹੈ, ਸਗੋਂ ਬੱਚਾ ਉਹ ਭਾਸ਼ਾ ਸਿੱਖਣੀ ਜ਼ਰੂਰੀ ਸਮਝਦਾ ਹੈ ਜਿਸ ਵਿਚ ਉਸਨੇ ਪੜ੍ਹ-ਲਿਖ ਕੇ ਪਾਸ ਹੋ ਕੇ ਸਾਰੇ ਟੱਬਰ ਨੂੰ ਕੈਨੇਡਾ, ਅਮਰੀਕਾ ਵਰਗੇ ਵੱਡੇ ਅਤੇ ਅਮੀਰ ਮੁਲਕਾਂ ਵਿਚ ਲੈ ਕੇ ਜਾਣਾ ਹੈ।

ਤੀਸਰਾ ਵੱਡਾ ਕਾਰਨ ਨਜ਼ਰ ਆਉਂਦਾ ਹੈ, ਸਰਕਾਰਾਂ ਦਾ ਪੰਜਾਬੀ ਨਾਲ ਵਿਤਕਰਾ ਭਰਿਆ ਰਵੱਈਆ ਰੱਖਣਾ। ਬੇਸ਼ੱਕ ਸਰਕਾਰ ਨੇ ਪੰਜਾਬੀ ਨੂੰ ਦਫਤਰੀ ਬੋਲੀ ਵਜੋਂ ਮਾਨਤਾ ਦਿੱਤੀ ਹੈ, ਪਰ ਫਿਰ ਵੀ ਪੰਜਾਬੀ ਨੂੰ ਦਫਤਰਾਂ ਵਿਚ ਬਣਦਾ ਸਤਿਕਾਰ ਨਹੀਂ ਮਿਲ ਰਿਹਾ। ਅੱਜ ਵੀ ਬਹੁਤ ਸਾਰੇ ਦਫਤਰ ਅਜਿਹੇ ਹਨ ਜਿਥੇ ਪੰਜਾਬੀ ਲਿਖਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਜਿਥੇ ਕਿਤੇ ਦਫਤਰਾਂ ਵਿਚ ਬੈਠੇ ਕਰਮਚਾਰੀ ਮਜਬੂਰੀਵੱਸ ਪੰਜਾਬੀ ਲਿਖਦੇ ਵੀ ਹਨ, ਉਹ ਪੰਜਾਬੀ ਵਿਚ ਇੰਨੀਆਂ ਗ਼ਲਤੀਆਂ ਕਰਦੇ ਹਨ ਕਿ ਲੋਕ ਠੀਕ ਕਰਵਾਉਂਦੇ ਹੀ ਥੱਕ ਜਾਂਦੇ ਹਨ। ਪੰਜਾਬ ਦੀਆਂ ਸੜਕਾਂ 'ਤੇ ਸਰਕਾਰ ਵਲੋਂ ਲਗਵਾਏ ਗਏ ਬੋਰਡ ਇਸ ਗੱਲ ਦਾ ਸਬੂਤ ਹਨ ਕਿ ਪੰਜਾਬੀ ਦਾ ਪੰਜਾਬ ਵਿਚ ਹੀ ਕੀ ਹਾਲ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ, ਪੰਜਾਬੀ ਸਾਡੀ ਮਾਂ ਦੇ ਬਰਾਬਰ ਦਾ ਪਿਆਰ ਅਤੇ ਸਤਿਕਾਰ ਲੈਣ ਦੀ ਹੱਕਦਾਰ ਹੈ। ਪਰ ਅੱਜ ਪੰਜਾਬ ਅੰਦਰ ਪੰਜਾਬੀ ਦੇ ਬੁਰੇ ਹਾਲਾਤਾਂ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ ਅਤੇ ਸਾਨੂੰ ਸਭ ਨੂੰ ਹੀ ਮਿਲ ਕੇ ਪੰਜਾਬੀ ਨੂੰ ਸੰਭਾਲਣ ਲਈ ਹੰਭਲਾ ਮਾਰਨਾ ਪਵੇਗਾ। ਇਸ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰੀਏ, ਛੋਟੇ ਬੱਚੇ ਨੂੰ ਪਹਿਲਾਂ ਪੰਜਾਬੀ ਸਿਖਾਈਏ, ਉਸ ਨਾਲ ਪੰਜਾਬੀ ਬੋਲੀਏ, ਉਸ ਅੰਦਰ ਪੰਜਾਬੀ ਦਾ ਪਿਆਰ-ਸਤਿਕਾਰ ਬਣਾਈਏ। ਬੱਚਿਆਂ ਨੂੰ ਸਮਝਾਈਏ ਕਿ ਪੰਜਾਬੀ ਬੋਲਣਾ ਕੋਈ ਸ਼ਰਮ ਵਾਲੀ ਨਹੀਂ ਸਗੋਂ ਮਾਣ ਵਾਲੀ ਗੱਲ ਹੈ। ਅਸੀਂ ਦੁਨੀਆ ਦੇ ਕਿਸੇ ਕੋਨੇ 'ਤੇ ਵੀ ਜਾ ਕੇ ਵੱਸੀਏ, ਸਾਡੀ ਪਛਾਣ ਤਾਂ ਪੰਜਾਬ ਦੇ ਪੰਜਾਬੀ ਹੀ ਰਹੇਗੀ, ਇਸ ਲਈ ਪੰਜਾਬੀ ਬੋਲੀ ਨੂੰ ਜ਼ਿੰਦਗੀ ਵਿਚ ਕਦੇ ਵੀ ਛੱਡਣਾ ਨਹੀਂ ਚਾਹੀਦਾ। ਬੇਸ਼ੱਕ ਹੋਰ ਭਾਸ਼ਾਵਾਂ, ਬੋਲੀਆਂ ਨੂੰ ਸਿੱਖਣਾ ਕਿਸੇ ਵੀ ਤਰ੍ਹਾਂ ਨਾਲ ਗ਼ਲਤ ਨਹੀਂ ਹੈ, ਪਰ ਆਪਣੀ ਬੋਲੀ ਨੂੰ ਗੈਰ-ਜ਼ਰੂਰੀ ਜਾਂ ਦੂਜੇ ਦਰਜੇ ਦੀ ਬੋਲੀ ਸਮਝਣਾ ਬਹੁਤ ਬੁਰਾ ਹੈ, ਬਲਕਿ ਇਕ ਤਰ੍ਹਾਂ ਦਾ ਗੁਨਾਹ ਹੈ।

ਪੰਜਾਬ ਸਰਕਾਰ ਨੂੰ ਉਨ੍ਹਾਂ ਸਾਰੇ ਵਿੱਦਿਅਕ ਅਦਾਰਿਆਂ ਨੂੰ ਸਖ਼ਤ ਹਿਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਜੋ ਸਾਡੇ ਬੱਚਿਆਂ ਉਪਰ ਪੰਜਾਬੀ ਬੋਲਣ ਲਈ ਪਾਬੰਦੀਆਂ ਲਗਾਉਂਦੇ ਹਨ। ਇਸ ਦੇ ਨਾਲ ਹੀ ਉੱਚ-ਸਿੱਖਿਆ ਦੇ ਅਦਾਰੇ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਣੀ ਚਾਹੀਦੀ ਹੈ। ਪੰਜਾਬ ਵਿਚ ਸਰਕਾਰੀ ਨੌਕਰੀ ਲੈਣ ਲਈ ਘੱਟੋ-ਘੱਟ ਗ੍ਰੈਜੂਏਸ਼ਨ ਤੱਕ ਪੰਜਾਬੀ ਵਿਸ਼ੇ ਵਿਚੋਂ ਪਾਸ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ। ਗ੍ਰੈਜੂਏਸ਼ਨ ਕੋਰਸ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਿਤ ਹੋਵੇ ਜਾਂ ਆਧੁਨਿਕ ਤਕਨੀਕੀ ਵਿਸ਼ੇ ਨਾਲ, ਪੰਜਾਬੀ ਵਿਚੋਂ ਪਾਸ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਸਕੂਲਾਂ-ਕਾਲਜਾਂ ਵਿਚ ਪੰਜਾਬੀ ਵਿਸ਼ੇ 'ਤੇ ਡਾਕਟਰੇਟ ਅਧਿਆਪਕਾਂ ਦੀਆਂ ਭਰਤੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੰਜਾਬੀ ਦੀ ਯੋਗ ਅਤੇ ਉੱਤਮ ਸਿੱਖਿਆ ਮਿਲ ਸਕੇ। ਸਰਕਾਰੀ ਅਤੇ ਗੈਰ-ਸਰਕਾਰੀ ਸਭ ਦਫਤਰਾਂ ਵਿਚ ਦਫ਼ਤਰੀ ਕਾਰਵਾਈ ਸਖਤੀ ਨਾਲ ਪੰਜਾਬੀ ਵਿਚ ਲਾਗੂ ਕਰਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਆਪਣਾ ਫਰਜ਼ ਸਮਝਦਿਆਂ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਪੰਜਾਬੀ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਨੂੰ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ।

 

ਯਸ਼ਪ੍ਰੀਤ ਕੌਰ