ਮਨੁੱਖੀ ਅਧਿਕਾਰਾਂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

ਮਨੁੱਖੀ ਅਧਿਕਾਰਾਂ ਦੇ ਰਾਖੇ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

                             ਸ਼ਹਾਦਤ ਦਿਵਸ                                      

ਵਿਚਾਰਾਂ ਦੀ ਆਜ਼ਾਦੀ ਤੇ ਵੰਨ-ਸੁਵੰਨਤਾ ਦੀ ਰਾਖੀ ਲਈ ਗੁਰੂ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬੇਮਿਸਾਲ ਹੈ। ਵਿਸ਼ਵ ਭਰ ਦੇ ਦਸਤਾਵੇਜ਼ਾਂ ਵਿਚੋਂ ਕਿਧਰੇ ਹੋਰ ਇਹੋ ਜਿਹੀ ਮਿਸਾਲ ਨਹੀਂ ਮਿਲਦੀ, ਜਿਸ ਵਿਚ ਕਿਸੇ ਇਤਿਹਾਸਕ ਸ਼ਖ਼ਸੀਅਤ ਨੇ ਉਸਵਿਚਾਰ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇ ਦਿੱਤੀ ਹੋਵੇ, ਜਿਸ ਵਿਚਾਰ ਨਾਲ ਉਸ ਦੀ ਆਪਣੀ ਸਹਿਮਤੀ ਨਾ ਹੋਵੇ ਜਾਂ ਫਿਰ ਇਉਂ ਕਹੀਏ ਤਾਂ ਹੋਰ ਸਪੱਸ਼ਟ ਹੋਵੇਗਾ ਕਿ ਧਰਮਾਂ ਦੀ ਦੁਨੀਆ ਵਿਚ ਕੋਈ ਹੋਰ ਅਜਿਹੀ ਘਟਨਾ ਵੇਖਣ ਵਿਚ ਨਹੀਂ ਆਉਂਦੀ, ਜਿਸ ਵਿਚ ਇਕ ਧਰਮ ਦੇ ਆਗੂ ਨੇ ਦੂਜੇ ਧਰਮ ਦੇ ਧਰਮ-ਚਿੰਨ੍ਹਾਂ ਦੀ ਹੋਂਦ ਤੇ ਬਰਕਰਾਰੀ ਲਈ ਆਪਣਾ ਬਲੀਦਾਨ ਦਿੱਤਾ ਹੋਵੇ। ਇਸੇ ਅਦੁੱਤੀ ਹਕੀਕਤ ਨੂੰ ਕਲਮਬੰਦ ਕਰਨ ਲਈ, ਪਿਤਾ ਗੁਰੂ ਦੀ ਸ਼ਹਾਦਤ ਉਪਰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ 'ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂ ਆਨ'।

ਅਸਲ ਵਿਚ, ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਮਾਨਵਤਾ ਨੂੰ ਸਮਰਪਿਤ ਸੀ। ਦੂਜਿਆਂ ਲਈ ਆਪਾ ਵਾਰਨਾ ਹੀ ਉਨ੍ਹਾਂ ਦੇ ਜੀਵਨ ਦਾ ਸਾਰ ਹੈ। ਤਿਆਗ ਤੇ ਬਲੀਦਾਨ ਉਨ੍ਹਾਂ ਦੀ ਬਾਣੀ ਦਾ ਸੰਦੇਸ਼ ਹੈ। ਇਤਿਹਾਸ ਸਾਖ਼ੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅਣਥੱਕ ਸਫ਼ਰ ਕਰ ਕੇ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੀ ਸਿੱਖ ਸੰਗਤ ਨਾਲ ਜਾਤੀ ਸੰਪਰਕ ਪੈਦਾ ਕੀਤਾ। ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਆਸਾਮ ਤੇ ਹੋਰ ਕਈ ਥਾਵਾਂ ਦੀਆਂ ਲੰਮੀਆਂ ਯਾਤਰਾਵਾਂ ਦਾ ਨਤੀਜਾ ਇਹ ਨਿਕਲਿਆ ਕਿ ਸਮੁੱਚੇ ਭਾਰਤ ਵਿਚ ਸਿੱਖ ਸੰਗਤ ਸੰਗਠਿਤ ਹੋ ਗਈ। ਇਹੋ ਸਿੱਖ ਸੰਗਤ ਬਾਅਦ ਵਿਚ ਜਥੇਬੰਦ ਹੋ ਕੇ ਖ਼ਾਲਸਾ ਪੰਥ ਦਾ ਰੂਪ ਧਾਰਨ ਕਰ ਗਈ ਅਤੇ ਫਿਰ ਹਰ ਜ਼ੁਲਮ ਤੇ ਜਬਰ ਨਾਲ ਕਰਦੀ, ਆਪਣੇ ਨਿਸ਼ਾਨੇ ਵੱਲ ਵਧਦੀ ਚਲੀ ਗਈ। ਅੱਜ ਸਾਰੀ ਦੁਨੀਆ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾ ਰਹੀ ਹੈ। ਇਸ ਮਹਾਨ ਅਵਸਰ 'ਤੇ ਮੈਨੂੰ ਕਵੀ ਸੈਨਾਪਤੀ ਦੀਆਂ ਸਤਰਾਂ ਯਾਦ ਆ ਰਹੀਆਂ ਹਨ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦੇ ਸੰਦਰਭ ਵਿਚ ਆਪਣੀ ਅਕੀਦਤ ਭੇਟ ਕਰਦਿਆਂ ਕਿਹਾ ਸੀ :

ਪ੍ਰਗਟ ਭਏ ਗੁਰ ਤੇਗ ਬਹਾਦਰ।

ਸਗਲ ਸ੍ਰਿਸ਼ਟਿ ਪੇ ਢਾਪੀ ਚਾਦਰ।

ਕਰਮ ਧਰਮ ਕੀ ਜਿਨਿ ਪਤਿ ਰਾਖੀ।

ਅਟਲ ਕਰੀ ਕਲਜੁਗ ਮੈਂ ਸਾਖੀ।

ਸਗਲ ਸ੍ਰਿਸ਼ਟਿ ਜਾ ਕਾ ਜਸ ਭਯੋ।

ਜਿਹ ਤੇ ਸਰਬ ਧਰਮ ਬੰਚਯੋ।

ਤੀਨ ਲੋਕ ਮੈ ਜੈ ਜੈ ਭਈ।

ਸਤਿਗੁਰਿ ਪੈਜ ਰਾਖਿ ਇਮ ਲਈ।

ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਹਕੀਕਤ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਕਾਰਨ, ਵੇਲੇ ਦੇ ਹੁਕਮਰਾਨ ਔਰੰਗਜ਼ੇਬ ਦੀ ਤੁਅੱਸਬ ਦੀ ਨੀਤੀ ਸੀ, ਜਿਸ ਦਾ ਸ਼ਿਕਾਰ ਉਸ ਵੇਲੇ ਦਾ ਸਾਰਾ ਹਿੰਦੁਸਤਾਨ ਸੀ। ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਆਪਣੇ ਭਰਾਵਾਂ ਦਾ ਕਤਲ ਕਰ ਕੇ, ਕਾਜ਼ੀਆਂ-ਮੁੱਲਿਆਂ ਦਾ ਈਮਾਨ ਖ਼ਰੀਦ ਕੇ ਬਾਦਸ਼ਾਹਤ ਦੇ ਤਖ਼ਤ 'ਤੇ ਬੈਠਾ ਸੀ ਅਤੇ ਗੱਦੀ-ਨਸ਼ੀਨੀ ਤੋਂ ਫੌਰਨ ਬਾਅਦ ਉਸ ਨੇ ਗ਼ੈਰ-ਮੁਸਲਮਾਨ ਨੂੰ ਸ਼ਾਹੀ ਤੁਅੱਸਬ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਹਿੰਦੂ ਰੀਤੀ-ਰਸਮਾਂ ਉੱਪਰ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਢਾਹੁਣ ਦੇ ਆਦੇਸ਼ ਦੇ ਦਿੱਤੇ ਗਏ, ਰਾਗ ਤੇ ਗਾਇਨ ਨੂੰ ਇਸਲਾਮੀ ਸ਼ਰਾਅ ਦੇ ਉਲਟ ਕਰਾਰ ਦੇ ਕੇ ਪਾਬੰਦੀ ਲਾ ਦਿੱਤੀ ਗਈ, ਫਿਰ ਇਨ੍ਹਾਂ ਸਾਰੀਆਂ ਤੁਅੱਸਬੀ ਨੀਤੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤਹਿਸੀਲਾਂ ਤੇ ਨਗਰਾਂ ਵਿਚ ਖ਼ਾਸ ਅਹਿਲਕਾਰ ਮੁਕੱਰਰ ਕਰ ਦਿੱਤੇ ਗਏ। ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਸਾਰੇ ਗ਼ੈਰ-ਮੁਸਲਿਮ ਜਾਨ ਬਖ਼ਸ਼ੀ ਲਈ ਆਪਣਾ ਧਰਮ ਤਿਆਗ ਕੇ ਇਸਲਾਮ ਧਾਰਨ ਕਰ ਲੈਣ। ਇੱਥੋਂ ਤੱਕ ਕਿ ਖੁੱਲ੍ਹੇ ਖ਼ਿਆਲਾਂ ਵਾਲੇ ਸੰਨਿਆਸੀਆਂ, ਫ਼ਕੀਰਾਂ ਤੇ ਸੂਫ਼ੀਆਂ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

ਅਜਿਹੀ ਸੰਗੀਨ ਤੇ ਗ਼ੈਰ-ਮਨੁੱਖੀ ਸਥਿਤੀ ਵਿਚ ਦੇਸ਼ ਵਾਸੀਆਂ ਦੀ ਪੁਕਾਰ ਲੈ ਕੇ ਪੰਡਿਤ ਕਿਰਪਾ ਰਾਮ ਆਪਣੇ ਸੈਂਕੜੇ ਸਾਥੀਆਂ ਨਾਲ ਅਨੰਦਪੁਰ ਪਹੁੰਚ ਗਏ ਸਨ ਅਤੇ ਦੁਖ ਭਰੀ ਵਿੱਥਿਆ ਗੁਰੂ ਪਾਤਸ਼ਾਹ ਨੂੰ ਸੁਣਾਈ ਸੀ। ਕਸ਼ਮੀਰ ਤੋਂ ਆਏ ਬ੍ਰਾਹਮਣਾਂ ਦੀ ਅਰਜੋਈ ਸੁਣਨ ਤੋਂ ਬਾਅਦ ਜੋ ਕੁਝ ਵਾਪਰਿਆ, ਉਸ ਬਾਰੇ 'ਤਵਾਰੀਖ਼ ਗੁਰੂ ਖ਼ਾਲਸਾ' ਦੀ ਇਹ ਲਿਖਤ ਉਚੇਚੇ ਤੌਰ 'ਤੇ ਪੜ੍ਹਨ ਵਾਲੀ ਹੈ। ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ - 'ਔਰੰਗਜ਼ੇਬ ਦੇ ਜ਼ੁਲਮ ਤੇ ਹਿੰਦੂਆਂ ਦੇ ਦੁੱਖ ਸੁਣ ਕੇ ਗੁਰੂ ਜੀ ਦਾ ਦਿਲ ਪਾਣੀ-ਪਾਣੀ ਹੋ ਗਿਆ, ਢੇਰ ਚਿਰ ਤਾਈਂ ਸੋਚਦੇ ਰਹੇ, ਓੜਕ ਏਹ ਜਵਾਬ ਦਿੱਤਾ ਕਿ ਜਦੋਂ ਤੱਕ ਕੋਈ ਸਤ ਪੁਰਖ ਧਰਮ ਦੀ ਇਸ ਥਿਤੀ ਵਾਸਤੇ ਆਪਣਾ ਸਿਰ ਬਲੀਦਾਨ ਨਹੀਂ ਕਰਦਾ, ਤਦੋਂ ਤੱਕ ਹਿੰਦੂ ਧਰਮ ਦਾ ਠਹਿਰਨਾ ਔਖਾ ਹੈ। ਇਹ ਬਚਨ ਸੁਣ ਕੇ ਹੋਰ ਤਾਂ ਕੋਈ ਨਾ ਬੋਲਿਆ, ਸਾਹਿਬਜ਼ਾਦੇ ਨੇ ਜੋ ਉਦੋਂ ਨੌਂ ਬਰਸ ਦੀ ਉਮਰ ਵਾਲੇ ਸਨ, ਭਵਿੱਖਤ ਹੋਣ ਹਾਰ ਵੇਖ ਕੇ ਆਪਣੇ ਪਿਤਾ ਸਤਿਗੁਰੂ ਅੱਗੇ ਬੇਨਤੀ ਕੀਤੀ ਕਿ 'ਮਹਾਰਾਜ! ਆਪ ਤੋਂ ਅਧਿਕ ਮਹਾਤਮਾ ਤੇ ਧਰਮਾਤਮਾ ਸਤਪੁਰਖ ਧਰਮ ਦਾ ਪਯਾਰਾ ਤੇ ਰੱਖਯਕ ਹੋਰ ਕੌਣ ਹੈ ਜੋ ਸੀਸ ਦੇਵੇ?'

ਹੁਣ ਇਥੋਂ ਹੀ ਵਿਦਵਾਨ ਪੁਰਖ ਸਮਝ ਸਕਦੇ ਹਨ ਕਿ ਅਜਿਹਾ ਬਚਨ ਹੋਰ ਕੌਣ ਅਜਿਹਾ ਬਾਲਕ ਹੈ ਜੋ ਆਪਣੇ ਪਿਤਾ ਨੂੰ ਕਹਿ ਦੇਵੇ ਕਿ ਤੁਸੀਂ ਸੀਸ ਦੇਵੋ ਅਤੇ ਏਹੋ ਜੇਹਾ ਪਰਉਪਕਾਰੀ ਪਿਤਾ ਕੌਣ ਹੈ ਜੋ ਪੁੱਤਰ ਤੋਂ ਏਹ ਸੁਣ ਕੇ ਖ਼ੁਸ਼ ਹੋਵੇ ?'ਇਤਿਹਾਸ ਦੱਸਦਾ ਹੈ ਕਿ ਪੰਡਿਤਾਂ ਦੇ ਦੁਖੀ ਮਨਾਂ ਦੀ ਫ਼ਰਿਆਦ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਰਬ-ਉੱਚ ਕੁਰਬਾਨੀ ਲਈ ਤਿਆਰ ਕਰ ਦਿੱਤਾ ਸੀ ਅਤੇ ਫਿਰ ਗੁਰੂ ਜੀ ਨੇ ਬ੍ਰਾਹਮਣਾਂ ਰਾਹੀਂ ਇਹ ਸੁਨੇਹਾ ਹੁਕਮਰਾਨਾਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵੀ ਦੇ ਦਿੱਤਾ ਸੀ ਕਿ ਉਹ ਆਪਣੀ ਸ਼ਹਾਦਤ ਦੇ ਕੇ ਤੁਅੱਸਬ ਦੀ ਸ਼ਿਕਾਰ ਮਜ਼ਲੂਮ ਜਨਤਾ ਵਿਚ ਨਵੀਂ ਰੂਹ ਫੂਕਣਗੇ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਤੁਅੱਸਬ ਦੀਆਂ ਜੜ੍ਹਾਂ ਉੱਖੜ ਜਾਣਗੀਆਂ, ਲੋਕਾਂ ਵਿਚ ਨਵੀਂ ਚੇਤਨਾ ਪੈਦਾ ਹੋਵੇਗੀ। ਮਨੁੱਖੀ ਅਧਿਕਾਰਾਂ ਦਾ ਹਨਨ ਬੰਦ ਹੋ ਜਾਵੇਗਾ ਅਤੇ ਆਪਣੇ ਹੱਕਾਂ, ਅਧਿਕਾਰਾਂ ਤੇ ਵਿਚਾਰਾਂ ਦੀ ਰਾਖੀ ਕਰਨ ਲਈ ਮਰ-ਮਿਟਣ ਵਾਲੀ ਨਵੀਂ ਜਥੇਬੰਦਕ ਸ਼ਕਤੀ ਪੈਦਾ ਹੋਵੇਗੀ।

ਇੱਥੇ ਮਹਾਂਕਵੀ ਸੰਤੋਖ ਸਿੰਘ ਦੀ ਇਕ ਇਤਿਹਾਸਕ ਰਚਨਾ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। ਇਸ ਰਚਨਾ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਵੰਨ-ਸੁਵੰਨਤਾ ਤੇ ਵਿਭਿੰਨਤਾ ਦੀ ਪੈਰਵੀ ਕਰਦਿਆਂ, ਵੇਲੇ ਦੇ ਹੁਕਮਰਾਨਾ ਨੂੰ ਤਾੜਨਾ ਕੀਤੀ ਸੀ ਅਤੇ ਕਿਹਾ ਸੀ ਕਿ ਧਰਤੀ 'ਤੇ ਸੱਤਾਧਾਰੀ ਰਾਜੇ-ਮਹਾਰਾਜੇ ਬਹੁਤ ਹੋਏ ਹਨ ਪਰ ਜਿਹੜੇ ਸੱਤਾਧਾਰੀ ਹੁਕਮਰਾਨ ਹੰਕਾਰ ਵਿਚ ਆ ਕੇ ਜ਼ੁਲਮ ਕਰਦੇ ਹਨ, ਉਹ ਆਪਣੇ ਮੂਲ ਸਮੇਤ ਫਨਾਹ ਹੋ ਜਾਂਦੇ ਹਨ। ਸਾਰੀ ਖ਼ਲਕਤ ਉਸ ਖ਼ਾਲਕ ਦੀ ਹੈ ਅਤੇ ਇਸ ਖ਼ਲਕਤ ਵਿਚ ਵਸਦੇ ਲੋਕਾਂ ਨੂੰ ਆਪਣਾ-ਆਪਣਾ ਧਰਮ ਪਿਆਰਾ ਹੁੰਦਾ ਹੈ। ਪਰੰਪਰਾ ਦੀ ਇਹ ਰੀਤ ਮਹਾਨ ਹੈ ਅਤੇ ਕੋਈ ਇਸ ਰੀਤ ਨੂੰ ਹਾਨੀ ਨਹੀਂ ਪਹੁੰਚਾ ਸਕਦਾ, ਜਿਸ ਪਰਮਾਤਮਾ ਦੀ ਇਹ ਖ਼ਲਕਤ ਹੈ ਉਹੀ ਉਨ੍ਹਾਂ ਦਾ ਰੱਖਿਅਕ ਹੈ। ਕਿਸੇ ਵਿਚ ਇਸ ਪਰੰਪਰਕ ਰੀਤ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਨਹੀਂ :

ਸਕਲ ਖ਼ਲਕ ਖ਼ਾਲਿਕ ਕੀ ਗਾਈਏ।

ਇਸ ਮਹਿਂ ਆਪਾ ਨਹੀਂ ਜਨਾਈਏ।

ਅਪਨਿ ਧਰਮ ਸਭਿਹਿਨਿ ਕੋ ਪਯਾਰੋ।

ਸੁਖ ਕਾਂਖੀ ਨਹਿਂ ਤਜਹਿ ਦੁਖਾਰੋ।

ਨਿਜ ਨਿਜ ਧਰਮ ਰਾਖਹੀ ਜੋਇ।

ਉੱਤਮ ਗਤਿ ਸੋ ਪ੍ਰਾਪਤਿ ਹੋਇ।

ਪਰੰਪਰਾ ਕੀ ਰੀਤਿ ਮਹਾਨੀ।

ਕੌਨ ਸਕਹਿ ਇਸ ਕੋ ਕਰਿ ਹਾਨੀ।

ਇਸ ਭੂਤਲ ਪਰ ਭਏ ਘਨੇਰੇ।

ਤੇਜਵੰਤ ਸਮਰੱਥ ਬਡੇਰੇ।

ਗਰਬਤ ਗਮਨਤਿ ਜੋ ਬਿਪਰੀਤ।

ਮੂਲ ਸਮੇਤ ਜਾਤਿ ਸੋ ਬੀਤ।

ਜਿਸ ਪ੍ਰਭੁ ਨੋ ਇਹ ਜੀਵ ਉਪਾਏ।

ਰੱਛਕ ਹੁਇ ਸੋ ਬਨਹਿ ਸਹਾਏ।

ਅਪਰ ਬਿਖੈ ਕਯਾ ਸ਼ਕਤੀ ਅਹੈ।

ਕਰਮ ਕੁਕਰਮ ਕਰਨਿ ਕੋ ਚਹੈ।

ਸਮੁੱਚੇ ਸੰਦਰਭ ਵਿਚ ਇੱਥੇ ਦੋ ਅਹਿਮ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ। ਪਹਿਲਾ, ਪ੍ਰਿੰ. ਸਤਿਬੀਰ ਸਿੰਘ ਮੁਤਾਬਕ ਲਾਲਾ ਦੌਲਤ ਰਾਇ ਆਪਣੀ ਇਕ ਲਿਖਤ ਵਿਚ ਦੱਸਦੇ ਹਨ ਕਿ ਅਸੀਂ ਉਲਟੀ ਗੰਗਾ ਵਹਾਉਣ ਦਾ ਅਖਾਣ ਸੁਣਦੇ ਚਲੇ ਆ ਰਹੇ ਸਾਂ ਪਰ ਅਰਥ ਗੁਰੂ ਤੇਗ ਬਹਾਦਰ ਜੀ ਨੇ ਹੀ ਸਮਝਾਏ ਹਨ।

'ਆਜ ਤਕ ਯਹ ਤੋ ਹੂਆ ਹੈ ਕਿ ਕਾਤਲ ਮਕਤੂਲ ਕੇ ਪਾਸ ਆ ਜਾਏ, ਯਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ, ਐਸਾ ਕਰ ਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾ ਦੀ।' ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਚਾਂਦਨੀ ਚੌਕ ਪਹੁੰਚ ਕੇ ਆਪਣੀ ਸ਼ਹਾਦਤ ਦਿੱਤੀ ਸੀ। ਦੂਜੀ ਗੱਲ, ਸਾਰੀ ਦੁਨੀਆ ਖ਼ਾਸ ਤੌਰ 'ਤੇ ਪੱਛਮੀ ਦੁਨੀਆ ਵਿਚ ਜਮਹੂਰੀਅਤ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸੇ ਸੰਦਰਭ ਵਿਚ ਇੰਗਲੈਂਡ ਦੇ ਬਹੁਤ ਵੱਡੇ ਵਿਚਾਰਕ 'ਐਵਿਲਿਨ ਹਾਲ' ਦੇ ਇਕ ਬਿਆਨ ਨੂੰ ਲੋਕਤੰਤਰ ਦੀ ਬੁਨਿਆਦ ਮੰਨਿਆ ਜਾਣ ਲੱਗ ਪਿਆ। ਉਸ ਦਾ ਕਥਨ ਸੀ, 'ਮੈਂ ਤੇਰੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਤੇਰੇ ਵਿਚਾਰਾਂ ਦੀ ਰਾਖੀ ਲਈ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਦਿਆਂਗਾ।' ਪਰ ਇੱਥੇ ਇਕ ਇਤਿਹਾਸਕ ਸੱਚਾਈ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਹੁਤ ਸਮਾਂ ਪਹਿਲਾਂ ਵਿਚਾਰਾਂ ਦੀ ਆਜ਼ਾਦੀ ਲਈ ਸ਼ਹਾਦਤ ਦੇ ਦਿੱਤੀ ਸੀ। ਤਿਲਕ ਤੇ ਜਨੇਊ ਦੇ ਧਾਰਨੀ ਨਹੀਂ ਸਨ, ਗੁਰੂ ਸਾਹਿਬ। ਪਰ ਜਦੋਂ ਤਿਲਕ ਤੇ ਜਨੇਊ ਉਤਾਰਿਆ ਜਾਣ ਲੱਗਾ ਤਾਂ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਤਿਲਕ ਤੇ ਜਨੇਊ ਦੀ ਰੱਖਿਆ ਕੀਤੀ ਸੀ। ਆਖ਼ਿਰ ਵਿਚ, ਗੁਰੂ ਤੇਗ ਬਹਾਦਰ ਸਾਹਿਬ ਦੀ ਇਕ ਰਚਨਾ ਇੱਥੇ ਦਰਜ ਕਰਨਾ ਚਾਹੁੰਦਾ ਹਾਂ। ਇਸ ਰਚਨਾ ਵਿਚ ਮਨੁੱਖ ਨੂੰ ਖਿਨ-ਖਿਨ ਬੀਤਦੇ ਜੀਵਨ ਪ੍ਰਤੀ ਚੇਤੰਨ ਕਰਦਿਆਂ, ਵੈਰਾਗਮਈ ਢੰਗ ਨਾਲ, ਇਕ ਸਦੀਵੀ ਸੰਦੇਸ਼ ਦਿੰਦਿਆਂ ਗੁਰੂ ਸਾਹਿਬ ਫ਼ਰਮਾਉਂਦੇ ਹਨ :

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ

ਨਿਸਿ ਦਿਨੁ ਸੁਨਿ ਕੈ

ਪੁਰਾਨ ਸਮਝਤ ਨਹ ਰੇ ਅਜਾਨ

ਕਾਲੁ ਤਉ ਪਹੁਚਿਓ ਆਨਿ

ਕਹਾ ਜੈਹੈ ਭਾਜਿ ਰੇਰਹਾਉ

ਅਸਥਿਰੁ ਜੋ ਮਾਨਿਓ ਦੇਹ ਸੋ

ਤਉ ਤੇਰਉ ਹੋਇ ਹੈ ਖੇਹ

ਕਿਉ ਨ ਹਰਿ ਕੇ ਨਾਮੁ ਲੇਹਿ

ਮੂਰਖ ਨਿਲਾਜ ਰੇ

ਰਾਮ ਭਗਤਿ ਹੀਏ ਆਨਿ ਛਾਡਿ

ਦੇ ਤੈ ਮਨ ਕੋ ਮਾਨੁ

ਨਾਨਕ ਜਨ ਇਹ ਬਖਾਨਿ

ਜਗ ਮਹਿ ਬਿਰਾਜੁ ਰੇ

 

ਡਾਕਟਰ ਜਸਪਾਲ ਸਿੰਘ

-ਸਾਬਕਾ ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ