ਭਨ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥

ਭਨ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥

ਗੁਰੂ ਜੀ  ਧਰਮ ਦੀ ਖ਼ਾਤਰ ਅਸਹਿ ਤੇ ਅਕਹਿ ਕਸ਼ਟ ਝਲ ਕੇ

 ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਪੰਚਮ ਗੁਰਦੇਵ ਹਨ ਜਿਨ੍ਹਾਂ ਨੂੰ ਸਿਖਾਂ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਵੀ ਪ੍ਰਾਪਤ ਹੈ। ਇਸੇ ਕਰਕੇ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਆਖਿਆ ਜਾਂਦਾ ਹੈ।ਗੁਰੂ ਜੀ ਦਾ ਜਨਮ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਪਵਿਤਰ ਕੁਖ ਤੋਂ  ਵੈਸਾਖ ਵਦੀ 7, 19 ਵੈਸਾਖ ਸੰਮਤ  1620,ਮੁਤਾਬਿਕ 15 ਅਪਰੈਲ ਸੰਨ 1563 ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਜੀ ਦੇ ਦੋ ਵਡੇ ਭ੍ਰਾਤਾ ਬਾਬਾ ਪ੍ਰਿਥੀ ਚੰਦ ਜੀ ਅਤੇ ਬਾਬਾ ਮਹਾਂਦੇਵ ਜੀ ਸਨ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਆਪ ਜੀ ਦੇ ਨਾਨਾ ਜੀ ਸਨ। ਉਹਨਾਂ ਨੇ  ਹੀ ਆਪ ਜੀ ਦੇ ਬਚਪਨ ਵਿਚ ਹੀ ਆਪ ਜੀ ਨੂੰ 'ਦੋਹਿਤਾ ਬਾਣੀ ਕਾ ਬੋਹਿਥਾ' ਹੋਣ ਦਾ ਪਵਿਤਰ ਬਚਨ ਕੀਤਾ ਸੀ।ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਬਚਨਾਂ ਸਦਕਾ ਹੀ ਆਪ ਭਾਦੋਂ ਸੁਦੀ 3, 2 ਅੱਸੂ ਸੰਮਤ 1638 ਮੁਤਾਬਿਕ 1 ਸਤੰਬਰ ਸੰਨ 1581 ਨੂੰ  ਗੁਰਤਾਗਦੀ ਤੇ ਬਿਰਾਜਮਾਨ ਹੋਏ  ਅਤੇ ਆਪ ਜੀ ਨੇ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਜੀ ਦੀ ਸੰਪਾਦਨਾ ਕਰਵਾਈ ਅਤੇ ਆਪ ਵੀ ਬੇਅੰਤ ਬਾਣੀ ਦੀ ਰਚਨਾ ਕਰਕੇ ਸ੍ਰੀ ਪੋਥੀ ਸਾਹਿਬ (ਆਦਿ ਗ੍ਰੰਥ ਜੀ) ਵਿਚ ਦਰਜ ਕਰਵਾਈ। ਆਪ ਜੀ ਦਾ  ਵਿਆਹ 23ਹਾੜ ਸੰਮਤ 1636 ਨੂੰ ਪਿੰਡ ਮਓ, ਤਹਿਸੀਲ ਫਿਲੌਰ ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁਤਰੀ ਬੀਬੀ ਗੰਗਾ ਦੇਵੀ ਜੀ ਨਾਲ ਹੋਇਆ ਅਤੇ ਆਪ ਜੀ ਦੇ ਘਰ (ਗੁਰੂ) ਹਰਿਗੋਬਿੰਦ ਜੀ ਨੇ 21 ਹਾੜ ਸੰਮਤ 1652 ਨੂੰ ਪ੍ਰਕਾਸ਼ ਧਾਰਿਆ, ਜੋ ਸਾਡੇ ਛੇਵੇਂ  ਸਤਿਗੁਰੂ ਹਨ।ਆਪ ਜੀ ਨੇ ਗੁਰਤਾ ਗਦੀ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਜਿਥੇ ਸਿਖ ਧਰਮ ਦਾ ਪ੍ਰਚਾਰ-ਪ੍ਰਸਾਰ ਕੀਤਾ ਉਥੇ ਨਾਲ ਹੀ ਸਮਾਜ-ਸੁਧਾਰ ਅਤੇ ਵਾਤਾਵਰਣ ਸੁਧਾਰ ਲਈ ਵੀ ਅਨੇਕਾਂ ਪਰਉਪਕਾਰੀ ਕਾਰਜ ਕੀਤੇ।

ਗੁਰੂ ਜੀ ਨੇ ਸੰਮਤ 1643 ਵਿੱਚ ਅੰਮ੍ਰਿਤ ਸਰੋਵਰ ਪਕਾ ਕਰਵਾਇਆ। ਸੰਮਤ 1645 ਵਿਚ ਸੰਤੋਖਸਰ ਸਾਹਿਬ ਦੇ ਸਰੋਵਰ ਦੀ ਸੇਵਾ ਮੁਕੰਮਲ ਕਰਵਾਈ।ਉਸੇ ਸਾਲ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾਈ। ਸੰਮਤ 1647 ਵਿਚ ਤਰਨਤਾਰਨ ਦੇ ਤਾਲ ਦੀ ਸੇਵਾ ਸ਼ੁਰੂ ਕਰਵਾਈ ਅਤੇ ਤਾਲ ਦੀ ਖੁਦਵਾਈ ਕਰਵਾ ਕੇ ਪਾਣੀ ਦੀ ਕਿਲਤ ਨੂੰ ਸਦਾ ਲਈ ਖਤਮ ਕਰ ਦਿਤਾ। ਸੰਮਤ 1650 ਵਿਚ ਕਰਤਾਰਪੁਰ (ਜਲੰਧਰ) ਨਗਰ ਵਸਾਇਆ। ਸੰਮਤ 1653 ਵਿਚ ਤਰਨਤਾਰਨ ਸ਼ਹਿਰ ਵਸਾਇਆ। ਸੰਮਤ 1654 ਵਿਚ ਛੇਹਰਟਾ ਸਾਹਿਬ ਅਤੇ ਸ੍ਰੀ ਹਰਿਗੋਬਿੰਦਪੁਰ ਆਦਿ ਨਗਰ ਵਸਾਏ ਅਤੇ ਸੰਮਤ1656 ਵਿਚ ਲਾਹੌਰ ਵਿਚ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ।ਸੰਮਤ 1659-60 ਦੇ ਵਿਚ ਸ੍ਰੀ ਰਾਮਸਰ ਸਾਹਿਬ ਅਤੇ ਗੁਰੂ ਕਾ ਬਾਗ ਦੀ ਸੇਵਾ ਕਰਵਾਈ।ਸਮਾਜ ਭਲਾਈ ਦੇ ਕਾਰਜਾਂ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਸਵੰਧ ਦੀ ਸੰਸਥਾ ਦੀ ਆਰੰਭਤਾ ਕੀਤੀ ਅਤੇ ਸਮੁਚੀਆਂ ਸਿਖ ਸੰਗਤਾਂ ਨੂੰ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਦਸਵਾਂ ਹਿਸਾ ਗੁਰੂ ਹਿਤ ਅਤੇ ਸਮਾਜ ਦੇ ਜ਼ਰੂਰਤਮੰਦ ਵਰਗ ਦੀ ਭਲਾਈ ਹਿਤ ਖ਼ਰਚਣ ਦਾ ਉਪਦੇਸ਼ ਅਤੇ ਹੁਕਮ ਜਾਰੀ ਕੀਤਾ।ਉਨ੍ਹਾਂ ਵਲੋਂ ਉਚਾਰਨ ਕੀਤੀ ਬਾਣੀ ਜਿਸ ਵਿਚ ਲਗਭਗ 2216 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਵਿਚ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਦਰਸ਼ ਸੰਪਾਦਕ ਸਥਾਪਤ ਕਰਦੀ ਹੈ।ਗੁਰੂ ਜੀ ਦਾ ਸਾਰਾ ਜੀਵਨ ਹੀ ਆਦਰਸ਼ਕ ਜੀਵਨ ਸੀ।ਉਨ੍ਹਾਂ ਦੀ ਸ਼ਹਾਦਤ ਨੇ ਸਿਖ ਧਰਮ ਦੇ ਵਿਕਾਸ ਤੇ ਵਿਗਾਸ ਵਿਚ ਇਕ ਨਵਾਂ ਅਧਿਆਇ ਸ਼ੁਰੂ ਕੀਤਾ।ਉਨ੍ਹਾਂ ਦੀ ਸ਼ਹਾਦਤ  ਵਿਲਖਣ ਸ਼ਹਾਦਤ ਸੀ। ਉਨ੍ਹਾਂ ਦੀ ਸ਼ਹਾਦਤ ਦੇ ਕਾਰਨ ਜਿਥੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਨ ਉਥੇ ਆਪਸੀ ਘਰੇਲੂ ਫੁਟ ਨੇ ਵੀ ਬਹੁਤ ਵਡਾ ਰੋਲ ਅਦਾ ਕੀਤਾ। ਉਨ੍ਹਾਂ ਦੇ ਵਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਚਾਹੁੰਦੇ  ਸਨ ਕਿ ਗੁਰਤਾਗਦੀ ਉਨ੍ਹਾਂ ਨੂੰ ਮਿਲੇ ਪਰ ਉਹ ਇਹ ਭੁਲ ਗਏ ਸਨ ਕਿ ਗੁਰਤਾਗਦੀ ਤੇ ਉਹ ਹੀ ਬਿਰਾਜਮਾਨ ਹੋ ਸਕਦਾ ਹੈ ਜਿਸ ਵਿਚ ਗੁਰੂ  ਨਾਨਕ ਦੇਵ ਜੀ ਦੀ ਅਗੰਮੀ ਜੋਤਿ ਪ੍ਰਵੇਸ਼ ਕਰੇਗੀ।ਉਹ ਜੋਤਿ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਤਾਂ ਹੈ ਸੀ ਪਰ ਬਾਬਾ ਪ੍ਰਿਥੀ ਚੰਦ ਜੀ ਵਿਚ ਨਹੀਂ ਸੀ। ਇਸ ਕਰਕੇ ਬਾਬਾ ਪ੍ਰਿਥੀ ਚੰਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਵਿਚ ਸ਼ਾਹੀ ਦਰਬਾਰ ਦੇ ਨਾਲ ਖੜ੍ਹੇ ਸਨ। ਉਨ੍ਹਾਂ ਨੇ ਹੀ ਸੁਲਹੀ ਖਾਨ ਤੇ ਸੁਲਭੀ ਖਾਨ ਨੂੰ ਉਕਸਾ ਕੇ ਗੁਰੂ ਜੀ ਤੇ ਚੜ੍ਹਾਈ ਕਰਵਾਈ ਸੀ ਪਰ ਅਕਾਲ ਪੁਰਖ ਦੀ ਮਿਹਰ ਸਦਕਾ ਦੋਵੇਂ ਹੀ ਨਾਪਾਕ ਹੋ ਕੇ ਮਰ ਗਏ। ਫਿਰ ਚੰਦੂ ਸ਼ਾਹ ਵਲੋਂ ਹੰਕਾਰ ਵਿਚ ਬੋਲੇ ਗਏ ਬੋਲਾਂ ਕਰਕੇ ਸੰਗਤ ਦੇ ਕਹਿਣ ਤੇ ਜਦੋਂ ਗੁਰੂ ਜੀ ਨੇ ਸਾਹਿਬਜਾਦੇ ਵਾਸਤੇ ਚੰਦੂ ਸ਼ਾਹ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿਤਾ ਤਾਂ ਉਹ ਵੀ ਗੁਰੂ ਜੀ ਦਾ ਵਿਰੋਧੀ ਹੋ ਗਿਆ ਅਤੇ ਉਸ ਦੇ ਮਨ ਵਿਚ ਗੁਰੂ ਜੀ ਤੋਂ ਬਦਲਾ ਲੈਣ ਦੀ ਭਾਵਨਾ ਨੇ ਜੋਰ ਫੜ ਲਿਆ। ਇਕ ਹੋਰ ਕਾਰਨ ਵੀ ਸੀ ਕਿ ਜੋ ਨਕਸ਼ਬੰਦੀ ਜਮਾਤ ਦੇ ਸ਼ੇਖ ਅਹਿਮਦ ਸਰਹੰਦੀ ਅਤੇ ਸ਼ੇਖ ਫ਼ਰੀਦ ਬੁਖਾਰੀ ਸਨ ਉਹ ਵੀ ਗੁਰੂ ਜੀ ਵਲੋਂ ਕੀਤੇ ਜਾ ਰਹੇ ਸਿਖੀ ਦੇ ਪ੍ਰਚਾਰ-ਪ੍ਰਸਾਰ ਕਾਰਨ ਗੁਰੂ ਜੀ ਦੇ ਬਹੁਤ ਵਿਰੋਧੀ ਬਣ ਚੁਕੇ ਸਨ ਕਿਉਂਕਿ ਗੁਰੂ ਜੀ ਦੇ ਉਪਦੇਸ਼ਾਂ ਅਤੇ ਜੀਵਨ ਦੇ ਪੂਰਨਿਆਂ ਦਾ ਸਦਕਾ ਅਨੇਕਾਂ ਹਿੰਦੂ ਤੇ ਮੁਸਲਮਾਨ ਸਿਖੀ ਧਾਰਨ ਕਰਦੇ ਜਾਂਦੇ ਸਨ।ਮੁਸਲਮਾਨਾਂ ਦਾ ਸਿਖ ਹੋ ਜਾਣਾ ਇਕ ਅਜਿਹਾ ਮਸਲਾ ਸੀ ਜਿਸ ਤੋਂ ਸ਼ਰਈ ਮੁਸਲਮਾਨ ਬਹੁਤ ਤੈਸ਼ ਵਿੱਚ ਸਨ ।ਉਹ ਮੋਮਨਾਂ ਨੂੰ ਕਾਫ਼ਰ ਬਣਦੇ ਵੇਖ ਕੇ ਕਦੇ ਵੀ ਚੁਪ ਨਹੀਂ ਰਹਿ ਸਕਦੇ ਸਨ।ਇਸ ਕਰਕੇ ਉਹਨਾਂ ਨੇ ਸ਼ਹਿਜ਼ਾਦਾ ਖੁਸਰੋ ਦੀ ਬਗ਼ਾਵਤ ਨੂੰ ਬਹਾਨਾ ਬਣਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਿਕਾਇਤ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੂੰ ਕੀਤੀ।ਪ੍ਰੋਫ਼ੈਸਰ ਕਰਤਾਰ ਸਿੰਘ ਆਪਣੀ ਪੁਸਤਕ 'ਸਿਖ ਇਤਿਹਾਸ' ਵਿਚ ਲਿਖਦੇ ਹਨ ਕਿ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਫਤਵਾ ਜਾਰੀ ਕੀਤਾ ਕਿ 'ਜਦੋਂ ਇਹ ਗਲ ਮੇਰੇ ਕੰਨੀ ਪਈ ਤਾਂ ਮੈਂ ਤਾਂ ਅਗੇ ਹੀ ਉਸ ਦੇ ਝੂਠ ਤੇ ਕੁਫਰ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ।ਮੈਂ ਹੁਕਮ ਦਿਤਾ ਕਿ ਉਸ ਨੂੰ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਉਸ ਦਾ ਘਰ ਘਾਟ ਅਤੇ ਬਚੇ ਮੈਂ ਮੁਰਤਜਾ ਖਾਂ ਨੂੰ ਇਨਾਇਤ ਕਰ ਦਿਤੇ ਅਤੇ ਉਸ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿਤਾ ਕਿ ਉਸ ਨੂੰ ਤਸੀਹੇ ਦੇ ਕੇ ਜਾਨੋਂ ਮਾਰ ਦਿਤਾ ਜਾਵੇ।'  ਬਾਦਸ਼ਾਹ ਦਾ ਇਹ ਹੁਕਮ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਸਹਿ ਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕਰਨ ਦਾ ਜ਼ਿੰਮਾ ਦਰਬਾਰ ਦੇ ਅਹਿਲਕਾਰ ਚੰਦੂ ਨੇ ਲੈ ਲਿਆ।ਚੰਦੂ ਨੇ ਸ਼ਾਹੀ ਦਰਬਾਰ ਨੂੰ ਇਕ ਲਖ ਰੁਪਇਆ ਦੇ ਕੇ ਗੁਰੂ ਜੀ ਨੂੰ ਆਪਣੇ ਕਬਜੇ ਵਿਚ ਲਿਆ ਸੀ ਤੇ ਉਹ ਪਹਿਲਾਂ ਗੁਰੂ ਜੀ ਨੂੰ ਤਸੀਹੇ ਦੇ ਕੇ ਗੁਰੂ ਜੀ ਪਾਸੋਂ ਇਕ ਲਖ ਰੁਪਿਆ ਵਸੂਲ ਕਰਨ ਦਾ ਯਤਨ ਕਰਨਾ ਚਾਹੁੰਦਾ ਸੀ ਪਰ ਉਹ ਅਸਫਲ ਰਿਹਾ। ਚੰਦੂ ਨੇ ਗੁਰੂ ਜੀ ਨੂੰ ਕਸ਼ਟ ਦੇਣੇ ਸ਼ੁਰੂ ਕੀਤੇ। ਅਤਿ ਦੀ ਗਰਮੀ ਦੀ ਰੁਤ ਵਿਚ ਪਹਿਲੇ ਦਿਨ ਗੁਰੂ ਜੀ ਨੂੰ ਖਾਣ -ਪੀਣ ਵਾਸਤੇ ਕੁਝ ਨਾ ਦਿਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਆਰਾਮ ਕਰਨ ਦਿਤਾ ਗਿਆ। ਪਰ ਗੁਰੂ ਜੀ ਕਰਤਾਰ ਦੀ ਬੰਦਗੀ ਵਿਚ ਮਗਨ ਰਹੇ। ਦੂਜੇ ਦਿਨ ਉਨ੍ਹਾਂ ਨੂੰ ਉਬਲਦੇ ਪਾਣੀ ਦੀ ਦੇਗ਼ ਵਿਚ ਬਿਠਾਇਆ ਗਿਆ ਅਤੇ ਸਰੀਰ ਉਪਰ ਤਤੀ ਰੇਤ ਪਾਈ ਗਈ। ਤੀਜੇ ਦਿਨ ਗੁਰੂ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਉਪਰੋਂ ਫੇਰ ਭਖਦੀ ਰੇਤ ਸਿਰ ਤੇ ਪਾਈ ਗਈ। ਇਨ੍ਹਾਂ ਕਸਟਾਂ ਦੇ ਕਾਰਨ ਗੁਰੂ ਜੀ ਦਾ ਸਰੀਰ ਛਾਲੋ-ਛਾਲੀ ਹੋ ਗਿਆ ਅਤੇ ਅਤਿ ਨਿਰਬਲ ਹੋ ਗਿਆ। ਅੰਤ ਨੂੰ ਉਨ੍ਹਾਂ ਨੂੰ ਹੋਰ  ਕਸ਼ਟ ਦੇਣ ਲਈ ਰਾਵੀ ਦੇ ਠੰਢੇ ਪਾਣੀ ਵਿਚ ਸੁਟਵਾ ਦਿਤਾ। ਉਨ੍ਹਾਂ ਦੇ ਸਰੀਰ ਵਿਚ ਹੋਰ ਕਸ਼ਟ ਸਹਾਰਨ ਦੀ ਅਤੇ ਭਰੇ ਦਰਿਆ ਦੇ ਰੋੜ ਦਾ ਟਾਕਰਾ ਕਰਨ ਦੀ ਸ਼ਕਤੀ ਨਹੀਂ ਸੀ ਰਹਿ ਗਈ।ਸਰੀਰ ਨੂੰ ਦਰਿਆ ਰੋੜ੍ਹ ਕੇ ਲੈ ਗਿਆ ਅਤੇ ਗੁਰੂ ਜੀ  ਧਰਮ ਦੀ ਖ਼ਾਤਰ ਅਸਹਿ ਤੇ ਅਕਹਿ ਕਸ਼ਟ ਝਲ ਕੇ ਅਤੇ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ। ਇਹ ਭਾਣਾ ਜੇਠ ਸੁਦੀ ਚਾਰ ਇਕ ਹਾੜ ਸੰਮਤ 1663 ਮੁਤਾਬਕ 30 ਮਈ ਸੰਨ 1606 ਨੂੰ ਵਾਪਰਿਆ।

ਭਟ ਮਥਰਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਪਮਾ ਵਿਚ ਉਚਾਰਣ ਕੀਤਾ:

ਭਨ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥

 

 

ਡਾ. ਦਲਵੀਰ ਸਿੰਘ