ਸਿਆਸਤ ਦੀ ਭੇਟ ਚੜ੍ਹਦੇ ਪੰਜਾਬ ਦੇ ਨੌਜਵਾਨ

ਸਿਆਸਤ ਦੀ ਭੇਟ ਚੜ੍ਹਦੇ ਪੰਜਾਬ ਦੇ ਨੌਜਵਾਨ

 1984 ਦਾ ਸਮਾਂ ਹੋਵੇ ਜਾਂ ਫਿਰ 2022 ਦਾ ਪੰਜਾਬ ਹੋਵੇ,

ਸਮੇਂ ਦੀ ਹਕੂਮਤ ਬੇਸ਼ੱਕ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੀ ਹੋਵੇ ਪਰ ਉਸ ਨੇ ਕਰਨਾ ਉਹ ਹੀ ਹੈ ਜੋ ਦਿੱਲੀਓਂ ਹੁਕਮ ਹੋਵੇ। ਪੰਜਾਬ ਦੀ ਸਿਆਸਤ ਨੇ ਕਦੇ ਵੀ ਆਪਣੇ ਪੰਜਾਬ ਦੇ ਲੋਕਾਂ ਦਾ ਪੱਖ ਉਨ੍ਹਾਂ ਅੱਗੇ ਨਹੀਂ ਰੱਖਿਆ । ਜੋ ਦਿੱਲੀ ਨੂੰ ਚੰਗਾ ਲੱਗਦਾ ਉਂਜ ਹੀ ਪੰਜਾਬ ਵਿਚ ਕੀਤਾ ਜਾਂਦਾ ਰਿਹਾ ਹੈ , ਬੇਸ਼ਕ 1984 ਦਾ ਸਮਾਂ ਹੋਵੇ ਜਾਂ ਫਿਰ 2022 ਦਾ ਪੰਜਾਬ ਹੋਵੇ, ਹੋਣਾ ਉਹ ਹੀ, ਜਿਸ ਨਾਲ ਸਮੇਂ ਦੀ ਹਕੂਮਤ ਆਪਣਾ ਪ੍ਰਭਾਵ ਲੋਕਾਂ ਵਿੱਚ ਵਧੇਰੇ ਪਾਵੇ।

ਇਹ ਲੋਕ ਆਪਣੀ ਸਿਆਸਤ ਨੂੰ ਲੰਬੇ ਸਮੇਂ ਤੱਕ ਚਲਾਉਣ ਦੇ ਲਈ ਲੋਕ ਮਨਾਂ ਵਿੱਚ ਆਪਣਾ ਪ੍ਰਭਾਵ ਕਾਇਮ ਕਰਦੇ ਹਨ । ਜੇਕਰ ਗੱਲ 1984 ਦੀ ਕੀਤੀ ਜਾਵੇ ਤਾਂ ਉਸ ਸਮੇਂ ਇੰਦਰਾ ਗਾਂਧੀ ਆਪਣੇ ਪੈਰ ਜਮਾਉਣ ਦੇ ਲਈ ਸਿਆਸਤੀ ਖੇਡਾਂ ਖੇਡਦੀ ਹੈ ਤੇ ਅੰਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਨਾਲ ਹਕੂਮਤ ਆਪਣੀ ਪੈਰ ਜਮਾਉਂਦੀ ।

2022 ਵਿੱਚ ਅਰਵਿੰਦ ਕੇਜਰੀਵਾਲ ਭਾਰਤ ਦੇ ਬਾਕੀ ਰਾਜਾਂ ਉੱਤੇ ਪ੍ਰਭਾਵ ਪਾਉਣ ਦੇ ਲਈ ਪੰਜਾਬ ਵਿੱਚ ਸਿਆਸਤ ਖੇਡ ਰਿਹਾ ਹੈ । ਸਿਆਸਤ ਦੀ ਇਸ ਖੇਡ ਵਿੱਚ ਪੰਜਾਬ ਦਾ ਨੌਜਵਾਨ ਹਥਿਆਰਾਂ ਦੀ ਭੇਟ ਚੜ੍ਹ ਰਹੇ ਹਨ। ਜਿਨ੍ਹਾਂ ਵਿੱਚ ਉਹ ਨੌਜਵਾਨ ਸ਼ਾਮਲ ਹਨ ,ਜੋ ਕਿਸੇ ਨਾ ਕਿਸੇ ਤਰੀਕੇ ਰਾਹੀਂ ਪੰਜਾਬ ਦਾ ਨਾਮ ਸੰਸਾਰ ਭਰ ਵਿਚ ਰੋਸ਼ਨ ਕਰ ਰਹੇ ਹਨ ਚਾਹੇ ਉਹ ਖੇਡ ਜਗਤ ਹੋਵੇ ਫ਼ਿਲਮੀ ਸੰਸਾਰ ਹੋਵੇ ਜਾਂ ਫਿਰ ਸੰਗੀਤ ਦੀ ਦੁਨੀਆਂ ਵਿਚ ਹੋਵੇ । ਪਰ ਇਨ੍ਹਾਂ ਨੌਜਵਾਨਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ  ਸਦਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ ਜਾਂਦਾ ਹੈ ।

ਮੁੱਢ ਕਦੀਮ ਤੋਂ ਪੰਜਾਬ ਨੇ ਆਪਣੀ ਝੋਲੀ ਵਿਚ ਨੌਜਵਾਨਾਂ ਦੀਆਂ ਲਾਸ਼ਾਂ ਭਰੀਆਂ ਹਨ ਤੇ ਅੰਦਰੋਂ ਸਦਾ ਇੱਕ ਆਵਾਜ਼ ਹੀ ਨਿਕਲੀ ਹੈ "ਤੇਰਾ ਭਾਣਾ ਮੀਠਾ ਲਾਗੇ"।ਪਰ ਜੋ ਅੱਜ ਦਾ ਦੌਰ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਅਸੀਂ ਅਕਾਲ ਪੁਰਖ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਅੱਜ ਦੀ ਜ਼ਿੰਮੇਵਾਰੀ ਸਿਆਸਤ ਦੀ ਹੈ । ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਨੌਜਵਾਨੀ ਦਿਨ ਦਿਹਾੜੇ ਕਤਲ ਨਾ ਹੋਵੇ, ਮਾਵਾਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਝੋਲੀ ਵਿਚ ਨਾ ਪਾਣ, ਕੋਈ ਪਿਓ ਆਪਣੇ ਪੁੱਤਰ ਦੀ  ਲਾਸ਼ ਨੂੰ ਮੋਢਾ ਨਾ ਦੇਵੇ ਅਤੇ ਨਾ ਹੀ  ਨੌਜਵਾਨਾਂ ਦਾ ਆਪਸ ਵਿੱਚ ਕੋਈ ਵੈਰ ਵਿਰੋਧ ਕਾਇਮ ਹੋਵੇ  । 

ਜਦੋਂ ਸੰਦੀਪ ਨੰਗਲ ਅੰਬੀਆਂ  ਦਾ ਕਤਲ ਹੋਇਆ ਸੀ ਉਸ ਸਮੇਂ ਤੋਂ ਹੀ ਇਵੇਂ ਪ੍ਰਤੀਤ ਹੁੰਦਾ ਸੀ ਕੀ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਦੀਆਂ ਧੱਜੀਆਂ ਉੱਡ ਰਹੀਆਂ ਹਨ । ਅੱਜ ਸਿੱਧੂ ਮੂਸੇ ਵਾਲੇ ਦੇ ਕਤਲ ਨੇ ਇਸ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਹੈ ਕੀ ਪੰਜਾਬ ਵਿੱਚ ਕਾਨੂੰਨ ਨੂੰ ਕੁਝ ਲੋਕਾਂ ਦੁਆਰਾ ਸਿਰਫ਼ ਹੱਥ ਦੀ ਖੇਡ ਸਮਝਿਆ ਜਾ ਰਿਹਾ ਹੈ ।

ਅੱਜ ਹਰ ਇੱਕ ਵਿਦਵਾਨ, ਕੌਮ ਦਾ ਦਰਦ ਰੱਖਣ ਵਾਲਾ ਪੰਥ ਦਰਦੀ ਇੱਕੋ ਗੱਲ ਆਖ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਗੱਲ ਨੂੰ ਜਨਤਕ ਕਰਕੇ ਵਿਰੋਧੀਆਂ ਨੂੰ ਅਲਰਟ ਕਰਦੀ ਆ ਰਹੀ ਹੈ । ਉਹ ਆਪਣਾ ਪ੍ਰਭਾਵ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਪਾਉਣ ਦੀ ਖਾਤਰ ਆਪਣੀ ਹਰ ਇੱਕ ਕਾਰਗੁਜ਼ਾਰੀ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਰਹੀ ਹੈ। ਲੋਕਾਂ ਨੂੰ ਸੁਚੇਤ ਕਰਨਾ ਚੰਗੀ ਗੱਲ ਹੈ ਪਰ ਉਨ੍ਹਾਂ ਗੱਲਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਜਿਨ੍ਹਾਂ ਨਾਲ ਕਿਸੇ ਦੀ ਜ਼ਿੰਦਗੀ ਜੁੜੀ ਹੁੰਦੀ ਹੈ । ਪੰਜਾਬ ਦੀ ਸਿਅਸਤ 'ਚ ਇਸ ਸਮੇਂ ਜੋ ਸਭ ਤੋਂ ਵੱਧ ਮਸਲਾ ਉੱਠ ਰਿਹਾ ਹੈ ਉਹ ਹੈ ਸਿਕਿਉਰਿਟੀ ਦਾ ! ਜਿਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ  ਪ੍ਰਸ਼ਨਾਂ ਦੇ ਘੇਰਿਆਂ ਵਿਚ  ਘਿਰੀ ਹੋਈ ਹੈ । 

ਕੌਮ ਦੀ ਨੁਮਾਇੰਦਗੀ ਕਰਦੇ ਹਰ ਇੱਕ ਇਨਸਾਨ ਨੂੰ ਸਿਕਿਉਰਿਟੀ ਦੀ ਲੋੜ ਪੈਂਦੀ ਹੈ ਕਿਉਂਕਿ ਜਦੋਂ ਉਹ ਆਪਣਾ ਰਸਤਾ ਅਖ਼ਤਿਆਰ ਕਰਦਾ ਹੈ ਤਾਂ ਉਸ ਦੇ ਵਿਚਾਰ ਹਰ ਇਕ ਇਨਸਾਨ ਦੀ ਸੋਚ ਨਾਲ ਮੇਲ ਨਹੀਂ ਖਾਂਦੇ । ਜਿਸ ਦੇ ਕਾਰਨ ਆਪਸੀ ਮਨ ਮੁਟਾਵ ਵੱਧ ਜਾਂਦੇ ਹਨ ਜੇਕਰ ਅਸੀਂ ਥੋੜ੍ਹਾ ਡੂੰਘਾਈ ਵਿੱਚ ਜਾ ਕੇ ਸੋਚਦੇ ਹਾਂ ਤਦ ਪਤਾ ਚਲਦਾ ਹੈ ਕਿ ਗਿਆਨ ਦਾ ਪ੍ਰਕਾਸ਼ ਹਰ ਇਕ ਇਨਸਾਨ ਦੇ ਅੰਦਰ ਨਹੀਂ ਜਗ ਸਕਦਾ। ਪਰ ਜਿਸ ਦੇ ਅੰਦਰ ਇਹ ਪ੍ਰਕਾਸ਼ ਪੈਦਾ ਹੋ ਜਾਂਦਾ ਹੈ ਉਸ ਦੀ ਸੋਚ ਵੱਖਰੀ ਹੋ ਜਾਂਦੀ ਹੈ ਤਦ ਉਸ ਵੱਖਰੀ ਸੋਚ ਦਾ ਮਾਲਕ ਕੁਝ ਲੋਕਾਂ ਦੇ ਦਿਲਾਂ  ਵਿੱਚ ਖ਼ਾਸ ਜਗ੍ਹਾ ਬਣਾ ਲੈਂਦਾ ਹੈ ਅਤੇ ਕੁਝ ਕੁ ਦੀਆਂ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ । ਇਸੇ ਕਾਰਨ ਹੀ ਸੁਰੱਖਿਆ ਪ੍ਰਦਾਨ ਕੀਤੀ ਹੈ । ਜੇਕਰ ਸਰਕਾਰ ਸੁਰੱਖਿਆ ਵਾਪਸ ਲੈਂਦੀ ਹੈ ਤਾਂ ਉਸ ਨੂੰ ਜਨਤਕ ਕਰਨਾ ਸਰਕਾਰ ਦੀ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਹੈ ।

ਸੋਸ਼ਲ ਮੀਡੀਆ ਉੱਤੇ ਆਪਣੀ ਵਾਹ ਵਾਹੀ ਕਰਾਉਣੀ, ਸਿਆਸਤੀ ਲੋਕਾਂ ਨੇ ਆਪਣਾ ਪੈਂਤੜਾ ਬਣਾ ਲਿਆ । ਅੱਜ ਹਰ ਇਕ ਸਿਆਸੀ ਲੀਡਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ ਜੇਕਰ  ਚਾਰ ਲੋਕਾਂ ਵਿੱਚ ਜਾ ਕੇ ਵਿਚਰ ਰਿਹਾ ਹੈ ਤਾਂ ਉਹ ਇੱਥੋਂ ਹੀ ਲਾਈਵ ਹੋ ਕੇ ਆਪਣੀ ਪਾਰਟੀ ਦੀ ਨੁਮਾਇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ । ਇਹ ਲੋਕ ਉਸ ਜਗ੍ਹਾ ਉੱਤੇ  ਲਾਈਵ ਕਿਉਂ ਨਹੀਂ ਹੁੰਦੇ ਜਿੱਥੇ ਇਨ੍ਹਾਂ ਦੇ ਖ਼ਿਲਾਫ਼ ਧਰਨੇ ਦਿੱਤੇ ਜਾਂਦੇ ਹਨ । ਇਹ ਹੀ ਅਸਲੀ ਸਿਆਸਤ ਹੈ, ਜਿਸ ਦੇ ਜ਼ਰੀਏ ਹਕੂਮਤ  ਲੰਬੇ ਸਮੇਂ ਤਕ ਲੋਕਾਂ ਉੱਪਰ ਕੀਤੀ ਜਾ ਸਕੇ । ਅਰਵਿੰਦ ਕੇਜਰੀਵਾਲ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੇਵਲ  ਰੋਟੀ, ਕੱਪੜਾ ਤੇ ਮਕਾਨ ਦੀ ਜ਼ਰੂਰਤ ਹੈ । ਉਹ ਪੰਜਾਬ ਦੇ ਇਤਿਹਾਸ ਤੋਂ ਜਾਣੂ ਨਹੀਂ ਹਨ ਜੇਕਰ ਉਹ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੇ ਹਨ ਪਹਿਲਾਂ ਪੰਜਾਬ ਦੀ ਨੌਜੁਆਨੀ ਨੂੰ ਸਿਆਸਤ ਮੁਕਤ ਕਰਨਾ ਪਵੇਗਾ  ਤਾਂ ਜੋ ਉਹ ਹਕੂਮਤਾਂ ਦੇ ਪ੍ਰਭਾਵ ਵਿੱਚ ਨਾ ਪੈਣ ਅਤੇ ਨਾ ਹੀ ਕੋਈ ਗਲਤ ਰਸਤੇ ਅਖਤਿਆਰ ਕਰਨ । ਜੇਕਰ ਇੰਜ ਹੀ ਮਰਨ ਮਰਾਉਣ ਦੀ ਲੜੀ ਚਲਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੌਜਵਾਨੀ ਖ਼ਤਮ ਹੋ ਜਾਵੇਗੀ । ਕੁਝ ਕੁ ਤੇ ਨਸ਼ੇ ਨੇ ਖ਼ਤਮ ਕਰ ਦਿੱਤੀ ਹੈ ਤੇ ਕੁਝ ਇਹ ਰੰਜਿਸ਼ਾਂ ਕਰ ਦੇਣਗੀਆਂ।

     ਸਰਬਜੀਤ ਕੌਰ ਸਰਬ