ਸਿਖ ਪੰਥ ਗੁਆ ਰਿਹਾ ਸਾਂਝੇ ਪਰਿਵਾਰ ਦਾ ਗੁਰੂ ਵਿਰਸਾ     

ਸਿਖ ਪੰਥ ਗੁਆ ਰਿਹਾ ਸਾਂਝੇ ਪਰਿਵਾਰ ਦਾ ਗੁਰੂ ਵਿਰਸਾ     

     ਵਿਸ਼ੇਸ਼ ਮੁਦਾ                 

    ਸਾਡੀ ਸਮਝ ਗੁਰੂ ਫਲਸਫੇ ਤੇ ਗੁਰੂ ਦੇ ਦਿਤੇ ਸਭਿਆਚਾਰ ਉਪਰ ਬਹੁਤ ਮਜਬੂਤ ਹੋਣੀ ਚਾਹੀਦੀ ਹੈ ਕਿ ਸਿਖ ਸਭਿਆਚਾਰ  ਯਹੂਦੀਵਾਦ ਵਾਂਗ ਨਿਜਤਾ ਉਪਰ ਨਹੀਂ, ਸੰਗਤੀ ਸਭਿਆਚਾਰ ਉਪਰ ਆਧਾਰਿਤ ਹੈ।ਨਿਜਤਾ ਤੁਹਾਡੇ ਪਰਿਵਾਰ ਤੇ ਪੰਥ ਨੂੰ ਨਿਗਲਦੀ ਤੇ ਤੁਹਾਡੇ ਦੁਖਾਂ ਦਾ ਕਾਰਣ ਬਣਦੀ ਹੈ।ਸਿਖ ਦਾ ਵਜੂਦ ਘਰ ਪਰਿਵਾਰ ਤੋਂ ਸ਼ੁਰੂ ਹੋਕੇ ਗੁਰਮਤਿ ਦੇ ਸਕੂਲ ਗੁਰਦੁਆਰੇ ਵਿਚ ਸੰਗਤ ਦੇ ਸਰੂਪ ਵਿਚ ਤਬਦੀਲ ਹੁੰਦਾ ਹੈ।ਗੁਰੂ ਨੇ ਏਕਤਾ, ਸਾਂਝੀਵਾਲਤਾ , ਬਰਾਬਰੀ ਵਿਚ ਸਿਖ ਦਾ ਜੀਵਨ , ਦੁਖਾਂ ਦਾ ਹਲ ਤੇ ਮੁਕਤੀ ਦਸੀ ਹੈ।ਇਹ ਸੰਗਤ ਤੇ ਸਾਂਝੀ ਸੋਚ ਵਿਚੋ ਪੈਦਾ ਹੋਣੀ ਹੈ।ਸਾਡੇ ਗਰੰਥੀ , ਪ੍ਰਚਾਰਕ  ਇਸ ਵਿਆਖਿਆ ਵਲ ਨਹੀਂ ਜਾ ਰਹੇ।ਸਿਖ ਸਭਿਆਚਾਰ ਦੇ ਉਜਾੜੇ ਕਾਰਣ ਸੰਗਤ ਵੀ ਟੁਟ ਰਹੀ ਹੈ ਤੇ ਸਾਂਝੇ ਪਰਿਵਾਰ ਵੀ।ਜਿਥੇ ਨਿਜਤਾ , ਮਾਡਰਨ ਸਭਿਆਚਾਰ ਆ ਗਿਆ ਉਥੇ ਸਾਡੀ ਮਤਿ ਭਿ੍ਸ਼ਟੀ ਗਈ।ਉਥੇ ਅਸੀਂ ਆਪਣੇ ਆਪ ਤੋਂ ਬੇਗਾਨੇ ਹੋ ਕੇ ਮਾਨਸਿਕ ਰੋਗੀ ਹੋ ਗਏ ਹਾਂ । ਸਾਡੇ ਗਲੇ ਵਿਚ ਗੁਲਾਮੀ ਪੈ ਗਈ। ਗੁਰੂ ਦਾ ਬੰਦਾ ਗੁਰੂ ਦੇ ਸਭਿਆਚਾਰ ਬਿਨਾਂ ਜੀਉਂਦਾ ਰਹਿ ਨਹੀਂ ਸਕਦਾ।ਗੁਰੂ ਵਾਰ ਵਾਰ ਨਿਜਤਾ ਤਿਆਗਣ ਸੰਗਤ ਨਾਲ ਜੁੜਨ ਲਈ ਆਖਦੇ ਹਨ ਤਾਂ ਜੋ ਗੁਰੂ ਦਾ ਸਿਖ ਜੀਵਨ ਮੁਕਤ ਹੋ ਸਕੇ। ਜਿਹੜੇ ਮਨੁੱਖ ਸਤਿਸੰਗਤਿ ਵਿੱਚ ਮਿਲ ਕੇ ਬੈਠਦੇ ਹਨ, ਉਹ ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ ਬਚ ਜਾਂਦੇ ਹਨ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਦੇ ਹਨ। ਜਿਸ ਤਰ੍ਹਾਂ ਮੂੰਹ ਅੰਦਰ ਖੰਡ ਜਾਣ ਨਾਲ ਹੀ ਮਿਠਾਸ ਪਾਈ ਜਾ ਸਕਦੀ ਹੈ, ਠੀਕ ਉਸੇ ਤਰ੍ਹਾਂ ਗੁਰਬਾਣੀ ਦਾ ਵਿਚਾਰ ਤੇ ਸਭਿਆਚਾਰ ਨੂੰ ਹਿਰਦੇ ਵਿੱਚ ਵਸਾ ਕੇ ਹੀ ਅਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰੂ ਦੀ ਕਿਰਪਾ ਹੀ ਹੈ, ਜਿਸ ਨਾਲ ਮਨੁੱਖ ਨੂੰ ਅਡੋਲਤਾ ਵਾਲੀ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ।ਸੰਸਾਰੀ ਸਭਿਆਚਾਰ ਤੋਂ ਨਿਰਲੇਪ ਰਹਿ ਸਕਦਾ ਹੈ। ਜਿਸ ਤਰ੍ਹਾਂ ਇੱਕ ਸੁੱਕੀ ਲੱਕੜੀ ਪਾਣੀ ਨਾਲ ਹਰੀ ਭਰੀ ਹੋ ਜਾਂਦੀ ਹੈ, ਠੀਕ ਉਸੇ ਤਰ੍ਹਾਂ ਗੁਰਬਾਣੀ ਦਾ ਫਲਸਫਾ ਤੇ ਸਭਿਆਚਾਰ ਹਿਰਦੇ ਵਿੱਚ ਵਸਾਉਣ ਨਾਲ ਇੱਕ ਵਿਕਾਰੀ ਮਨੁੱਖ, ਦੁਖਾਂ ਵਿਚੋਂ ਨਿਕਲ ਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਮਨੋਰੋਗਾਂ , ਬੇਗਾਨਗੀ , ਦੁਖਾਂ ਤੋਂ ਮੁਕਤ ਹੋ ਸਕਦਾ ਹੈ।

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥ ੧॥ ਰਹਾਉ॥ (੧੦)

  ਅੱਜ ਦੇ ਆਧੁਨਿਕ ਯੁਗ ਵਿਚ ਸਾਂਝੇ ਪਰਿਵਾਰ ਤਿਆਗਣ ਕਾਰਣ ਗੁਰੂ ਦੀ ਸੰਗਤ ਘਟੀ ਤੇ ਟੁਟੀ ਹੈ। ਗੁਰਦੁਆਰਿਆਂ ਵਿਚ ਇਹ ਸਥਿਤੀ ਤੁਸੀਂ ਦੇਖ ਸਕਦੇ ਹੋ। ਪਰਿਵਾਰ ਦੇ ਬਜੁਰਗ ਜੋ ਬਚਿਆਂ ਤੇ ਯੂਥ ਨੂੰ ਸਿਖਿਆ ਦਿੰਦੇ ਹਨ ਉਹਨਾਂ ਦਾ ਹੁਣ ਯੂਥ ਨਾਲ ਸੰਪਰਕ ਨਹੀਂ ,ਕਿਉਕਿ ਸਾਂਝੇ ਪਰਿਵਾਰ ਟੁਟ ਗਏ ਹਨ। ਯਾਦ ਰਖੋ ਕਿ ਬੱਚਿਆਂ ਦਾ ਪਹਿਲਾਂ ਸਕੂਲ ਘਰ ਹੁੰਦਾ ਹੈ। ਉੱਥੇ ਹੀ ਬੱਚਿਆਂ ਦੀ ਪਾਲਣ-ਪੋਸ਼ਣ ਦੀ ਸ਼ੁਰੂਆਤ ਘਰ ਦੇ ਬਜ਼ੁਰਗਾ ਤੋਂ ਹੁੰਦੀ ਹੈ। ਦਾਦਾ-ਦਾਦੀ ਅਤੇ ਨਾਨਾ-ਨਾਨੀ ਤੋਂ ਬਿਨਾਂ ਬਚਪਨ ਅਧੂਰਾ ਲੱਗਦਾ ਹੈ ਕਿਉਂਕਿ ਉਹ ਹੀ ਤਾਂ ਹਨ ਜੋ ਪਰਿਵਾਰ ਅਤੇ ਸੰਸਕਾਰਾਂ ਦੀ ਨੀਂਹ ਰੱਖਦੇ ਹਨ ਪਰ ਅੱਜ ਦੇ ਮਾਡਰਨ ਦੌਰ 'ਚ ਸਿਖ ਪਰਿਵਾਰ ਗੁਰੂ ਵਿਰਸੇ ਤੋਂ ਟੁਟ ਗਏ।ਸਾਡਾ ਸਾਰਾ ਕੁਝ ਪਿੱਛੇ ਰਹਿ ਗਿਆ ਹੈ ਅਤੇ ਸਾਡੇ ਗਿਆਨ ਸਿਲੇਬਸਾਂ ਦਾ ਪਛਮੀਕਰਨ ਹੋ ਗਿਆ।ਬੱਚੇ ਆਪਣੇ ਵੱਡਿਆਂ ਤੋਂ ਹੀ ਸਭ ਕੁਝ ਸਿੱਖਦੇ ਹਨ। ਜੀਵਨ ਦੇ ਕਿਸੇ ਸਬਕ ਬਾਰੇ ਕਿਸੇ ਕਿਤਾਬ ਤੋਂ ਨਹੀਂ ਬਲਕਿ ਆਪਣੇ ਦਾਦਾ-ਦਾਦੀ ਤੋਂ ਹੀ ਸਿੱਖਦੇ ਹਨ। ਬੱਚਿਆਂ ਦਾ ਗੁਰੂ ਨਾਲ ਜੁੜਨਾ  , ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨੂੰ ਪਿਆਰ ਇਹ ਸਾਰੀਆਂ ਗੱਲਾਂ ਬੱਚੇ ਆਪਣੇ ਵੱਡਿਆਂ ਤੋਂ ਹੀ ਸਿੱਖਦੇ ਹਨ। ਇਨਾਂ ਹੀ ਨਹੀਂ ਆਪਣੇ ਰੀਤੀ-ਰਿਵਾਜਾਂ ਅਤੇ ਸੰਸਕਾਰਾਂ ਦਾ ਗਿਆਨ ਵੀ ਬੱਚਿਆਂ ਨੂੰ ਵੱਡਿਆਂ ਤੋਂ ਹੀ ਮਿਲਦਾ ਹੈ।ਬੱਚਿਆਂ ਲਈ ਜ਼ਰੂਰੀ ਦਾਦਾ-ਦਾਦੀ ,ਨਾਨਾ ਨਾਨੀ ਦਾ ਰਿਸ਼ਤਾ ਹੈ। ਬੱਚੇ ਆਪਣੇ ਮਾਤਾ-ਪਿਤਾ ਤੋਂ ਜ਼ਿਆਦਾ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਕਰੀਬ ਹੁੰਦੇ ਹਨ। ਉਨ੍ਹਾਂ ਦੇ ਨਾਲ ਮਸਤੀ ਕਰਦੇ ਹਨ ,ਸਾਖੀਆਂ ਸੁਣਦੇ ਹਨ ਅਤੇ ਸਾਰੀਆਂ ਗੱਲਾਂ ਵੀ ਸ਼ੇਅਰ ਕਰਦੇ ਹਨ । 

ਅੱਜ ਦੇ ਜ਼ਮਾਨੇ ''ਚ ਬੱਚਿਆਂ ਦੀ ਸੋਚ ਅਤੇ ਉਨ੍ਹਾਂ ਦਾ ਵੱਡਿਆਂ ਲਈ ਪਿਆਰ ਤੇ ਸਤਿਕਾਰ ਗੁਆਚਦਾ ਜਾ ਰਿਹਾ ਹੈ ਪਰ ਇਸਦੇ ਪਿੱਛੇ ਜਿੰਮੇਵਾਰ ਅਸੀ ਆਪ ਹੀ ਹਾਂ। ਜੇਕਰ ਤੁਸੀਂ ਬੱਚਿਆਂ ਦੇ ਸਿਰ 'ਤੇ ਸੰਸਕਾਰਾਂਂ ਅਤੇ ਵਿਚਾਰਾਂ ਦਾ ਭਾਰ  ਰੱਖ ਦਿੰਦੇ ਹੋ ਤਾਂ ਬੱਚੇ ਇਸਨੂੰ ਨਹੀ ਅਪਨਾਉਣਗੇ । ਇਸ ਲਈ  ਬਚਪਨ ਤੋਂਂ ਸਿਖਿਆ ਜਰੂਰੀ ਹੈ ਜੋ ਸਾਂਝੇ ਪਰਿਵਾਰ ਤੋਂ ਪ੍ਰਾਪਤ ਹੋ ਸਕਦੀ ਹੈ। ਦਾਦਾ ਦਾਦੀ ,ਨਾਨਾ ਨਾਨੀ  ਜੋ ਪਾਰਸ ਹਨ ਬਚਿਆਂ ਨੂੰ ਕੁੰਦਨ ਵਾਂਗ ਚਮਕਾਉਂਦੇ ਹਨ ਉਹ ਆਪਣੇ ਨਾਲੋਂ ਤੋੜ ਦਿਤੇ।ਉਹੀ ਬਚਾ ਮਾਂ ,ਬਾਪ ਪ੍ਰਤੀ ਸੁਹਿਰਦ ਨਹੀਂ ਹੁੰਦਾ ,ਉਸਨੂੰ ਵੀ ਆਪਣੇ ਮਾਂ ,ਬਾਪ ਰਦੀ ਲਗਦੇ ਹਨ।ਅੱਜ ਪਰਿਵਾਰਾਂ ਦੀ  ਪਰਿਭਾਸ਼ਾ ਤਾਂ ਬਿਲਕੁਲ ਹੀ ਸੁੰਗੜ ਗਈ ਹੈ। ਅੱਜ ਪਰਿਵਾਰ ਪਤੀ ਪਤਨੀ ਤੇ ਉਨ੍ਹਾਂ ਦੇ ਬੱਚਿਆਂ ਤਕ ਹੀ ਸੀਮਤ ਹੋ ਗਿਆ ਹੈ। ਅੱਜ ਦੇ  ਜ਼ਿਆਦਾਤਰ ਬੱਚੇ ਦਾਦਾ-ਦਾਦੀ ,ਨਾਨਾ ਨਾਨੀ ਨੂੰ ਵੀ ਇਹ ਕਹਿ ਦਿੰਦੇ ਹਨ ਕਿ ਤੁਸੀਂ ਸਾਡੇ ਪਰਿਵਾਰ ਵਿੱਚ ਸ਼ਾਮਲ ਨਹੀਂ ਹੋ। ਇਸ ਤਰ੍ਹਾਂ ਦੀ ਪਰਿਵਾਰ ਦੀ ਪ੍ਰਥਾ ਨੇ ਸਮਾਜ ਦਾ ਤਾਣਾ-ਬਾਣਾ ਬਿਲਕੁਲ ਹੀ ਬਦਲ ਦਿੱਤਾ ਹੈ। ਅਜੋਕੇ ਸਮੇਂ ਹਰ ਬੰਦਾ ਇਹ ਸ਼ਿਕਾਇਤ ਕਰਦਾ ਹੈ ਕਿ ਅੱਜ ਦੇ ਬੱਚੇ ਬੜੇ ਸੁਆਰਥੀ ਹਨ। ਉਹ ਕਿਸੇ ਰਿਸ਼ਤੇ ਦੀ ਕੋਈ ਪ੍ਰਵਾਹ ਨਹੀਂ ਕਰਦੇ। ਹਾਲਾਤ ਇਹੋ ਜਿਹੇ ਹੋ ਰਹੇ ਹਨ ਕਿ ਬੱਚੇ ਆਪਣੇ ਮਾਂ-ਬਾਪ ਦੀ ਵੀ ਪ੍ਰਵਾਹ ਘੱਟ ਹੀ ਕਰਦੇ ਹਨ। ਮਾਂ -ਬਾਪ ਜੋ ਕੁਝ ਵੀ ਆਪਣੇ ਬੱਚਿਆਂ ਵਾਸਤੇ ਕਰਦੇ ਹਨ, ਬੱਚੇ ਉਸ ਨੂੰ ਉਨ੍ਹਾਂ ਦਾ ਫ਼ਰਜ਼ ਦੱਸਦੇ ਹਨ। ਇਸੇ ਕਾਰਨ ਅੱਜ ਕਈ ਬਜ਼ੁਰਗ ਮਾਪਿਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਬੱਚਿਆਂ ਤੋਂ ਤੰਗ ਆ  ਕੇ ਮਾਪੇ ਘਰਾਂ ਵਿੱਚ ਘੁਟਣ ਮਹਿਸੂਸ ਕਰਨ ਕਰਕੇ ਬਿਰਧ ਆਸ਼ਰਮਾਂ ਵਿੱਚ ਰਹਿਣ ਲਈ ਮਜਬੂਰ ਹੋ ਜਾਂਦੇ ਹਨ। ਇਸ ਦੀ ਮਿਸਾਲ ਬਿਰਧ ਆਸ਼ਰਮਾਂ ਦੀ ਗਿਣਤੀ ‘ਚ ਹੋ ਰਿਹਾ ਲਗਾਤਾਰ ਵਾਧਾ ਹੈ। ਮਾਪਿਆਂ ਨਾਲ ਬੱਚਿਆਂ ਵੱਲੋਂ ਗ਼ਲਤ ਵਤੀਰੇ ਦੀਆਂ ਖ਼ਬਰਾਂ ਵੀ ਅੱਜ ਆਮ  ਪੜ੍ਹਨ-ਸੁਣਨ  ਨੂੰ ਮਿਲਦੀਆਂ ਹਨ ਅਤੇ ਆਪਣੇ ਆਸ ਪਾਸ ਇਹੋ ਜਿਹਾ ਕੁਝ ਦੇਖਣ ਨੂੰ ਵੀ ਆਮ ਮਿਲ ਜਾਂਦਾ ਹੈ।  ਅੱਜ ਕੱਲ੍ਹ ਕੰਮਕਾਜੀ ਮਾਪਿਆਂ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇੱਕਲੇਪਣ ਦੀ ਆਦਤ ਹੋ ਜਾਂਦੀ ਹੈ। ਦੂਜਾ ਅੱਜ ਕੱਲ੍ਹ ਦੇ ਬੱਚੇ ਟੀ.ਵੀ. ਇੰਟਰਨੈੱਟ ਅਤੇ ਮੋਬਾਈਲਾਂ ਦੇ ਆਦੀ ਹੋ ਰਹੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਤਾਂ ਇਕਹਿਰੇ ਪਰਿਵਾਰ ਦੇ ਵਿੱਚ ਹੀ ਹੋਰ ਇਕਹਿਰੇ ਪਰਿਵਾਰ ਪੈਦਾ ਹੋ ਰਹੇ ਹਨ ਕਿਉਂਕਿ ਅੱਜ ਅੱਜ ਕੱਲ੍ਹ ਹਰ ਬੱਚਾ ਆਪਣੇ ਕਮਰੇ ਵਿੱਚ ਰਹਿਣਾ ਪਸੰਦ ਕਰਦਾ ਹੈ। ਇਕੱਠੇ ਮਿਲ ਕੇ ਬੈਠਣ ਦਾ ਰਿਵਾਜ ਲਗਪਗ ਖ਼ਤਮ  ਹੀ ਹੋ ਗਿਆ ਹੈ। ਜੇ ਕਦੇ ਸਾਰੇ ਮੈਂਬਰ ਇੱਕ ਥਾਂ ਇਕੱਠੇ  ਬੈਠਦੇ ਵੀ ਹਨ ਤਾਂ ਹਰ ਕੋਈ ਆਪਣੇ ਆਪਣੇ ਮੋਬਾਈਲ ‘ਤੇ ਰੁਝਿਆ ਹੁੰਦਾ ਹੈ। ਖ਼ਾਸ ਤੌਰ ‘ਤੇ ਬੱਚੇ ਤਾਂ ਮੋਬਾਈਲ ਨੂੰ ਕਦੀ ਛੱਡਦੇ ਹੀ ਨਹੀਂ। ਇਸ ਤਰ੍ਹਾਂ ਰਲ-ਮਿਲ ਕੇ ਗੱਲਾਂਬਾਤਾਂ ਸਾਂਝੀਆਂ ਕਰਨ ਦਾ ਘਰਾਂ ਵਿੱਚ ਘੱਟ ਹੀ ਮਾਹੌਲ ਬਣਦਾ ਹੈ, ਪਰ ਇਸ ਸਭ ਦੇ ਨਤੀਜੇ ਕੋਈ ਬਹੁਤੇ ਚੰਗੇ ਨਹੀਂ ਨਿਕਲ ਰਹੇ। ਇਸ ਲਈ ਲੋੜ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ। ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ ਦਾ ਵਾਤਾਵਰਨ ਇਸ ਤਰ੍ਹਾਂ ਦਾ ਬਣਾਉਣ ਕਿ ਬੱਚੇ ਨੂੰ ਰਿਸ਼ਤਿਆਂ ਦੇ ਮਹੱਤਵ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਸਿੱਖਿਆ ਸਹਿਜ-ਸੁਭਾਅ ਘਰ ਵਿੱਚੋਂ ਹੀ ਮਿਲਦੀ ਰਹੇ। ਆਪਣੇ ਮਾਪਿਆਂ ਅਤੇ ਹੋਰ  ਬਜ਼ੁਰਗਾਂ ਤੇ ਰਿਸ਼ਤੇਦਾਰਾਂ ਦਾ ਮਾਣ-ਸਨਮਾਨ ਕਰਕੇ ਅਸੀਂ ਆਪਣੇ ਬੱਚਿਆਂ ਸਾਹਮਣੇ ਮਿਸਾਲ ਪੇਸ਼ ਕਰ ਸਕਦੇ ਹਾਂ। ਪਰਿਵਾਰ ਦੇ ਹਰ ਔਖੇ-ਸੇਖੇ ਤੇ ਮਾੜੇ-ਚੰਗੇ ਵਕਤ ਵਿੱਚ ਬੱਚਿਆਂ ਨੂੰ ਪੂਰਨ ਤੌਰ ‘ਤੇ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਸ਼ੁਰੂ ਤੋਂ ਹੀ ਘਰ-ਪਰਿਵਾਰ ਅਤੇ ਰਿਸ਼ਤਿਆਂ ਦੀ ਅਹਿਮੀਅਤ ਸਮਝ ਜਾਣ ਅਤੇ ਇੱਕ ਸਾਂਝੇ ਨਰੋਏ ਤੇ ਮਨਭਾਉਂਦੇ ਸਮਾਜ ਦੀ ਸਥਾਪਨਾ ਹੋ ਸਕੇ।ਇਹ ਵਰਤਾਰਾ ਵਿਦੇਸ਼ਾਂ ਵਿਚ ਸਿਖ ਪਰਿਵਾਰਾਂ ਦਾ ਗੰਭੀਰ ਤੇ ਰੋਗੀ ਕਿਸਮ ਦਾ ਹੈ।ਬੱਚਾ ਵਿਦੇਸ਼ ਪੜਨ ਗਿਆ ਪੜ੍ਹਾਈ ਪੂਰੀ ਕਰਕੇ ਵਾਪਸ ਨਹੀਂ ਆਇਆ। ਮਾਂਂ ਬਾਪ ਮਿਲਣ ਨੂੰ ਤਰਸ ਗਏ।ਵਿਆਹਿਆ ਗਿਆ ਆਪਣੇ ਪਰਿਵਾਰ ਨਾਲ ਟੁਟ ਗਿਆ।ਬਚੇ ਸੋਚਦੇ ਹਨ ਪਿਆਰ ,ਸਾਂਝ ਕੋਈ ਚੀਜ ਨਹੀਂ, ਇਹ ਤਾਂ ਪਰਿਵਾਰਕ ਜਿੰਮੇਵਾਰੀ ਹੈ।ਇਹੀ ਤਾਂ ਮਾਡਰਨ ਕਲਚਰ ਹੈ ਕਿ ਪਰਿਵਾਰਾਂ ਦਾ ਟੁਟਣਾ।ਤਲਾਕ ਦਾ ਕਾਰਣ ਮਨੁੱਖੀ ਰਿਸ਼ਤਿਆਂ  ਨੂੰ ਜਿੰਮੇਵਾਰੀ ਤਕ ਸੀਮਤ ਕਰਨਾ ਹੈ।ਜਦ ਗੁਰੂ ਦਾ ਫਲਸਫਾ ਰੂਹ ਸਭਿਆਚਾਰ ਨਿਕਲ ਗਿਆ ਤੁਸੀਂ ਸਿਖ ਕਿਵੇਂ ਰਹਿ ਸਕਦੇ ਹੋ।ਤੁਹਾਡੀ ਤੀਜੀ ਪੀੜੀ ਸਿਖ ਕਦੇ ਨਹੀਂ ਰਹਿ ਸਕਦੀ।ਤੁਸੀਂ ਖੁਦ ਦੋਸ਼ੀ ਹੋ ਜੋ ਬੀਜਿਆ ਉਹੀ ਵਢਣਾ ਪੈ ਰਿਹਾ। ਗੁਰੂ ਦੀ ਸੋਚ ਸੰਸਾਰ ਨਾਲ ਚਲਣ ਵਾਲੀ ਨਹੀਂ ਹੈ ,ਗੁਰੂ ਦਾ ਫਲਸਫਾ ਕਾਇਨਾਤੀ  ਹੈ ਜੋ ਸੰਸਾਰ ਨੂੰ ਇਕ ਪਰਿਵਾਰ ਵਿਚ ਬੰਨ ਕੇ ਨਸਲਵਾਦ ਰੰਗ ਭੇਦ ਸਭ ਵਿਕਾਰ ਖਤਮ ਕਰਦਾ ਹੋ।ਮਾਡਰਨ ਜਿੰਦਗੀ ਇਕਲਤਾ ਗੰਭੀਰ ਰੋਗ ਹੈ।ਸਿਖੀ ਬਚਾਉਣੀ ਹੈ ਆਪਣੇ ਪਰਿਵਾਰ ਬਚਾਉ।ਮਾਡਰਨ ਸਭਿਆਚਾਰ ਵਿਚ ਨਾ ਸੁਟੋ।ਇਕ ਵਾਰ ਆਪਣੇ ਛੋਟੇ ਬਚੇ ਨੂੰ ਦਾਦਾ ਦਾਦੀ ,ਨਾਨਾ ਨਾਨੀ ਕੋਲ ਛਡਕੇ ਦੇਖੋ ਉਹ ਕਿੰਨਾ ਅਰਾਮ ਮਹਿਸੂਸ ਕਰੇਗਾ।ਉਸਦੇ ਸੁਭਾਅ ਵਿਚ ਇਕਲਤਾ ਵਿਚ ਰਹਿ ਰਹੈ ਬਚਿਆਂ ਨਾਲੋਂ ਯੋਗ ਤੇ ਉਸਾਰੂ ਤਬਦੀਲੀ ਆਵੇਗੀ।ਮਾਡਰਨ ਜਿੰਦਗੀ ਸਾਡੀ ਗੁਲਾਮੀ ਦਾ ਕਾਰਣ ਹੈ।ਜਿਵੇਂ ਤੁਸੀਂ ਮਾਂਂ , ਬਾਪ ਦਾ ਬੁਢਾਪਾ ਰੋਲਿਆ ਉਂਝ ਥੋਡੇ ਬਚੇ  ਥੋਡਾ ਬੁਢਾਪਾ ਰੋਲ ਰਹੇ ਹਨ।ਇਸੇ ਨੂੰ ਤੁਸੀਂ ਮਾਡਰਨ ਕਲਚਰ ਆਖਦੇ ਹੋ ਜੋ ਥੋਡੇ ਦੁਖਾਂ ਦਾ ਕਾਰਣ ਹੈ।ਗੋਰੇ ਵਿਆਹ , ਔਲਾਦ ਪੈਦਾ ਕਰਨ ਤੋਂ ਕਤਰਾ ਰਹੇ ਹਨ। ਕਿਉ ਰਿਸ਼ਤੇ ਬੋਝ ਬਣ ਗਏ ਹਨ।ਪਿਆਰ ,ਮੋਹ ਤੇ ਸਾਂਝ ਸਭ ਉਡ ਗਿਆ।ਆਪਣਾ ਗੁਰਮਤਿ ਸੰਗਤੀ ਸਿਖ ਸਾਂਂਝੇ ਪਰਿਵਾਰ ਵਾਲਾ ਸਭਿਆਚਾਰ ਲਾਗੂ ਕਰੋ।ਗੁਰੂ ਦੀ ਪਿਠ ਵਿਚ ਛੁਰਾ ਨਾ ਮਾਰੋ ਜਿਸਨੇ ਥੋਡੇ ਲਈ ਸ਼ਹਾਦਤਾਂ ਦਿਤੀਆਂ ਤੇ ਚੰਗੀ ਸੋਚ ਵਾਲੇ ਮਨੁੱਖ ਗੁਰਮੁਖਿ ਰੂਪ ਵਿਚ ਸਿਰਜਿਆ।ਇਹ ਵਿਚਾਰ ਗੁਰਦੁਆਰਿਆਂ ਵਿਚ ਲਗਾਤਾਰ ਪ੍ਰਚਾਰੋ ।ਨੌਜਵਾਨ ਪੀੜੀ ਤਾਂਂ ਹੀ ਤੁਹਾਡੇ ਨਾਲ ਜੁੜੀ ਰਹਿ ਸਕਦੀ ਹੈ।    

 ਪ੍ਰੋਫੈਸਰ ਬਲਵਿੰਦਰ ਪਾਲ ਸਿੰਘ 

  9815700916