ਪੰਜਾਬ ਦਾ ਸੰਕਟ ਤੇ ਆਪ ਸਰਕਾਰ

ਪੰਜਾਬ ਦਾ ਸੰਕਟ ਤੇ ਆਪ ਸਰਕਾਰ

ਸਿਆਸੀ ਮੰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰਸੇ ਵਿਚ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਪੰਡ, ਹੱਥਾਂ ਵਿਚ ਡਿਗਰੀਆਂ ਫੜੀ ਦਰ-ਦਰ ਦੇ ਧੱਕੇ ਖਾਣ ਦੇ ਨਾਲ-ਨਾਲ ਪੁਲਿਸ ਦੀ ਝੰਬੀ ਹੋਈ ਬੇਰੁਜ਼ਗਾਰਾਂ ਦੀ ਫ਼ੌਜ, ਲੈਂਡ, ਰੇਤ, ਸ਼ਰਾਬ, ਕੇਬਲ ਅਤੇ ਡਰੱਗ ਮਾਫ਼ੀਆ, ਕਿਸਾਨੀ ਸੰਕਟ, ਨਸ਼ਿਆਂ ਕਾਰਨ ਗਲੀਆਂ ਵਿਚ ਕੱਖਾਂ ਵਾਂਗ ਰੁਲਦੀ ਜਵਾਨੀ, ਨਸ਼ੱਈ ਪੁੱਤਾਂ ਤੋਂ ਪੋਟਾ-ਪੋਟਾ ਦੁਖੀ ਖ਼ੂਨ ਦੇ ਹੰਝੂ ਕੇਰਦੇ ਮਾਪੇ, ਦਫ਼ਤਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ, ਗੈਂਗਵਾਰ ਕਾਰਨ ਦਿਨ-ਦਿਹਾੜੇ ਹੁੰਦੇ ਕਤਲ ਅਤੇ ਔਰਤਾਂ ਦੀ ਅਸੁਰੱਖਿਆ ਵਰਗੇ ਅਨੇਕਾਂ ਮਸਲੇ ਮਿਲੇ ਹਨ। ਜੇ ਘੋਖਵੀਂ ਨਜ਼ਰ ਮਾਰੀ ਜਾਵੇ ਤਾਂ 20 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਰਵਾਇਤੀ ਪਾਰਟੀਆਂ ਦੀ 75 ਸਾਲਾਂ ਦੀ ਕਾਰਗੁਜ਼ਾਰੀ ਨੂੰ ਪੰਜਾਬ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ ਹੈ।ਬਦਲਾਅ ਦੀ ਇੱਛਾ ਨਾਲ ਅਤੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਵੇਖਦਿਆਂ ਉਨ੍ਹਾਂ ਨੇ ਆਸ ਭਰੀਆਂ ਨਜ਼ਰਾਂ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿਧਾਨ ਸਭਾ ਵਿਚ ਭੇਜਿਆ ਹੈ।

ਆਮ ਆਦਮੀ ਪਾਰਟੀ ਦੇ 92 ਜੇਤੂ ਵਿਧਾਨਕਾਰਾਂ ਚੋਂ ਭਾਵੇਂ ਕਈ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਜੇਤੂ ਵਿਧਾਨਕਾਰਾਂ ਵਿਚ 52 ਦਾਗ਼ੀ ਉਮੀਦਵਾਰਾਂ ਨੇ ਵੀ ਜਿੱਤ ਦਰਜ ਕੀਤੀ ਹੈ। ਪੰਜਾਬੀਆਂ ਨੇ ਸਭ ਕੁਝ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ। ਦਰਅਸਲ, ਲੋਕ ਭਵਿੱਖ ਪ੍ਰਤੀ ਸੁਚੇਤ ਵੀ ਹੋਏ ਹਨ ਅਤੇ ਕਿਸਾਨ ਅੰਦੋਲਨ ਨੇ ਰਾਜਨੀਤਕ ਸੂਝ ਵੀ ਦਿੱਤੀ ਹੈ। ਪਿਛਲੀਆਂ ਰਵਾਇਤੀ ਪਾਰਟੀਆਂ ਦੇ ਲਾਰਿਆਂ, ਵਾਅਦਿਆਂ ਅਤੇ ਚੋਣਾਂ ਸਮੇਂ ਵੋਟ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡਿਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੋ ਗਏ ਸਨ। ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਸਿਆਸੀ ਲੋਕ ਵੋਟਰਾਂ ਦੀ ਕੀਮਤ ਭੇਡ-ਬੱਕਰੀਆਂ ਵਾਂਗ ਪਾ ਕੇ ਉਨ੍ਹਾਂ ਦੇ ਸਿਰ ਤੇ ਸਾਰੀ ਉਮਰ ਰਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖੱਜਲ-ਖੁਆਰ ਵੀ ਕਰਦੇ ਹਨ।

ਲੋਕਾਂ ਨੇ ਨੇਤਾਵਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਲਾਰੇ, ਵਾਅਦੇ ਅਤੇ ਦਿਲਜੋਈਆਂ ਦੇ ਤੁਸੀਂ ਹੀ ਮਾਹਿਰ ਨਹੀਂ, ਸਾਨੂੰ ਵੀ ਹੁਣ ਚੰਗੀ ਤਰ੍ਹਾਂ ਜਵਾਬ ਦੇਣਾ ਆ ਗਿਆ ਹੈ। ਰਵਾਇਤੀ ਪਾਰਟੀਆਂ ਨੂੰ ਮੂਧੇ ਮੂੰਹ ਮਾਰ ਕੇ ਲੋਕ ਇਨਕਲਾਬੀ ਬਦਲਾਅ ਹੋਣ ਤੇ ਖ਼ੁਸ਼ੀ ਵਿਚ ਭੰਗੜਾ ਪਾਉਂਦੇ ਰਹੇ। ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਜੇ ਲੁੱਟਣ ਵਾਲੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਿਜੌਰੀਆਂ ਭਰ ਰਹੇ ਨੇ, ਫਿਰ ਲੁੱਟੇ ਜਾਣ ਵਾਲਿਆਂ ਦਾ ਵੀ ਇਕੱਠੇ ਹੋਣਾ ਜ਼ਰੂਰੀ ਹੈ। ਇਹ ਸਿਆਸੀ ਇਨਕਲਾਬ ਭ੍ਰਿਸ਼ਟਾਚਾਰ, ਲੋਕ ਸੇਵਕ ਦੀ ਥਾਂ ਲੋਕ ਮਾਲਕਬਣ ਕੇ ਲੋਕਾਂ ਦੇ ਹਿੱਤਾਂ ਦੇ ਕੀਤੇ ਘਾਣ, ਖੇਤੀ ਸੰਕਟ, ਉਦਯੋਗਿਕ ਸੰਕਟ ਅਤੇ ਅਜਿਹੇ ਹੀ ਹੋਰ ਕਾਰਨਾਮਿਆਂਵਿਰੁੱਧ ਫ਼ਤਵਾ ਹੈ। ਗ਼ਰੀਬਾਂ ਨੇ ਗ਼ਰੀਬੀ ਦੂਰ ਕਰਨ ਲਈ, ਬੇਰੁਜ਼ਗਾਰਾਂ ਨੇ ਰੁਜ਼ਗਾਰ ਪ੍ਰਾਪਤੀ ਲਈ, ਕੱਚੇ ਕਰਮਚਾਰੀਆਂ ਨੇ ਪੱਕੇ ਹੋਣ ਲਈ, ਦੂਸ਼ਿਤ ਵਾਤਾਵਰਨ ਤੋਂ ਤੰਗ-ਪਰੇਸ਼ਾਨ ਲੋਕਾਂ ਨੇ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਲਈ ਆਮ ਆਦਮੀ ਪਾਰਟੀ ਨੂੰ ਆਪ-ਮੁਹਾਰੇ ਵੋਟਾਂ ਪਾਈਆਂ ਹਨ।

ਕਿਸੇ ਵੀ ਪ੍ਰਾਂਤ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਾਲਤ ਦਾ ਜਾਇਜ਼ਾ ਗੁਆਂਢੀ ਪ੍ਰਾਂਤ ਨਾਲ ਤੁਲਨਾਤਮਕ ਅਧਿਐਨ ਤੋਂ ਵੀ ਸਹਿਜੇ ਹੀ ਲੱਗ ਜਾਂਦਾ ਹੈ। ਗੁਆਂਢੀ ਪ੍ਰਾਂਤ ਹਰਿਆਣਾ ਕਦੇ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ ਪਰ 1 ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਦੀ ਵੰਡ ਸਮੇਂ 6:4 ਦੇ ਅਨੁਪਾਤ ਨਾਲ ਸਰੋਤਾਂ ਦੀ ਵੰਡ ਹੋਈ। ਹਰਿਆਣਾ ਪੰਜਾਬ ਨਾਲੋਂ ਛੋਟਾ ਸੂਬਾ ਅਤੇ ਸਰੋਤ ਵੀ ਪੰਜਾਬ ਦੇ ਮੁਕਾਬਲੇ ਘੱਟ ਹਨ ਪਰ ਪੰਜਾਬ ਦੀ ਪ੍ਰਤੀ ਵਿਅਕਤੀ ਔਸਤਨ ਸਾਲਾਨਾ ਆਮਦਨ 01 ਲੱਖ 09 ਹਜ਼ਾਰ ਰੁਪਏ ਹੈ ਜਦੋਂ ਕਿ ਹਰਿਆਣੇ ਦੀ ਪ੍ਰਤੀ ਵਿਅਕਤੀ ਔਸਤ ਸਾਲਾਨਾ ਆਮਦਨ 01 ਲੱਖ 63 ਹਜ਼ਾਰ ਰੁਪਏ ਹੈ।ਹਰਿਆਣੇ ਦਾ ਬਜਟ 01 ਲੱਖ 65 ਹਜ਼ਾਰ ਕਰੋੜ ਦਾ ਅਤੇ ਪੰਜਾਬ ਦਾ ਬਜਟ 01 ਲੱਖ 68 ਹਜ਼ਾਰ ਕਰੋੜ ਦਾ ਹੈ। ਸੋਸ਼ਲ ਵੈੱਲਫੇਅਰ ਤੇ ਹਰਿਆਣਾ 19 ਹਜ਼ਾਰ ਕਰੋੜ ਖ਼ਰਚ ਕੇ ਸਮਾਜਿਕ ਸੁਰੱਖਿਆ ਲਈ ਯਤਨਸ਼ੀਲ ਹੈ ਜਦੋਂਕਿ ਪੰਜਾਬ ਸਰਕਾਰ ਨੇ ਇਸ ਮੰਤਵ ਲਈ 6500 ਕਰੋੜ ਦੇ ਫੰਡ ਰਾਖਵੇਂ ਰੱਖੇ ਹਨ। ਹਰਿਆਣੇ ਦੇ ਐਨਰਜੀ ਸੈਕਟਰ ਤੇ ਕੁੱਲ ਖ਼ਰਚ 7000 ਕਰੋੜ ਦਾ ਹੈ ਜਦੋਂਕਿ ਪੰਜਾਬ 10,000 ਕਰੋੜ ਦੀ ਬਿਜਲੀ ਮੁਫ਼ਤ ਦੇ ਰਿਹਾ ਹੈ ਅਤੇ ਲਗਪਗ 14 ਲੱਖ ਦਿਨ-ਰਾਤ ਚੱਲ ਰਹੇ ਟਿਊਬਵੈਲਾਂ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨਾ ਨੀਵਾਂ ਕਰ ਦਿੱਤਾ ਹੈ ਕਿ ਅੰਦਾਜ਼ਨ ਦੋ ਦਹਾਕਿਆਂ ਤੋਂ ਬਾਅਦ ਪੰਜਾਬ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੀਆਂ ਖੇਡਾਂ ਦਾ ਬਜਟ 44 ਕਰੋੜ ਦਾ ਹੈ ਜਦੋਂਕਿ ਹਰਿਆਣੇ ਦਾ ਬਜਟ 394 ਕਰੋੜ ਰੱਖਿਆ ਗਿਆ ਹੈ। ਸਿਹਤ ਸੇਵਾਵਾਂ, ਵਿੱਦਿਆ, ਖੇਡਾਂ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਵਿਚ ਹਰਿਆਣਾ ਪੰਜਾਬ ਨਾਲੋਂ ਅੱਗੇ ਹੈ। ਨਿਵੇਸ਼ ਦੇ ਖੇਤਰ ਵਿਚ ਹਰਿਆਣਾ ਦੇਸ਼ ਭਰ ਵਿਚ ਤੀਜੇ ਨੰਬਰ ਤੇ ਹੈ। ਜਦੋਂਕਿ ਪੰਜਾਬ ਬਿਹਾਰ ਨਾਲੋਂ ਵੀ ਪੱਛੜ ਕੇ 20ਵੇਂ ਨੰਬਰ ਤੇ ਪਹੁੰਚ ਗਿਆ ਹੈ। ਵੈਟ ਪ੍ਰਾਪਤੀ ਦੇ ਖੇਤਰ ਵਿਚ ਵੀ ਹਰਿਆਣੇ ਨੇ ਪੰਜਾਬ ਨੂੰ ਪਛਾੜ ਦਿੱਤਾ ਹੈ। ਸਿਆਸੀ ਲੋਕਾਂ ਦੀ ਲੁੱਟ-ਖਸੁੱਟ ਅਤੇ ਪੰਜਾਬ ਨੂੰ ਘੁਣ ਵਾਂਗ ਖਾ ਰਹੀ ਰਿਸ਼ਵਤਖੋਰੀ ਅਤੇ ਬੇਈਮਾਨੀ ਨੇ ਪੰਜਾਬ ਦੇ ਵਿਕਾਸ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।

ਇਹ ਕੌੜੀ ਸੱਚਾਈ ਹੈ ਕਿ ਬੁਰਾਈ, ਭ੍ਰਿਸ਼ਟਾਚਾਰ, ਹਰ ਤਰ੍ਹਾਂ ਦੇ ਮਾਫ਼ੀਏ ਨਾਲ ਸੰਬਧਤ ਸਰਗਨੇ, ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲੇ ਭੇੜੀਏ, ਗੁੰਡਾ ਰਾਜ, ਗੈਂਗਸਟਰ ਵਾਰ, ਅਸੁਰੱਖਿਅਤ ਮਾਹੌਲ, ਇਹ ਸਭ ਕੁਝ ਸਿਆਸੀ ਸ਼ਹਿ ਤੋਂ ਬਿਨ੍ਹਾਂ ਸੰਭਵ ਹੀ ਨਹੀਂ। ਜੇਕਰ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਅਤੇ ਹੋਰ ਰਾਜਨੀਤਕ ਆਗੂਆਂ ਦੀ ਸੋਚ ਉਸਾਰੂ, ਨੇਕ, ਇਮਾਨਦਾਰ, ਹਾਂ-ਪੱਖੀ ਅਤੇ ਲੋਕ-ਪੱਖੀ ਹੋਵੇ ਤਾਂ ਹੇਠਲੇ ਅਧਿਕਾਰੀ ਅਤੇ ਕਰਮਚਾਰੀ ਤਾਂ ਉਨ੍ਹਾਂ ਦੇ ਪਦ-ਚਿੰਨ੍ਹਾਂ ਤੇ ਹੀ ਚੱਲਣਗੇ। ਜੇ ਮੰਤਰੀ ਹੇਠਲੇ ਅਧਿਕਾਰੀਆਂ ਤੋਂ ਹਫ਼ਤਾਜਾਂ ਮਹੀਨਾਵਸੂਲੀ ਦੇ ਚੱਕਰ ਵਿਚ ਪੈ ਗਏ ਫਿਰ ਪਹਿਲੀਆਂ ਰਵਾਇਤੀ ਪਾਰਟੀਆਂ ਅਤੇ ਹੁਣ ਦੀ ਰਾਜ ਸੱਤਾ ਵਾਲੀ ਪਾਰਟੀ ਵਿਚ ਕੀ ਫ਼ਰਕ ਰਹਿ ਜਾਵੇਗਾ? ਪਾਸ਼ ਦੇ ਇਹ ਬੋਲ ਆਤਮਸਾਤ ਕਰੋ :

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ,

ਜੋ ਸਭ ਕੁਝ ਵੇਖਦਿਆਂ ਠੰਡੀ ਯਖ਼ ਹੁੰਦੀ ਹੈ।’

ਚੇਤਨ ਬੁੱਧੀਜੀਵੀ ਵਰਗ, ਪੱਤਰਕਾਰ ਭਾਈਚਾਰਾ, ਅਧਿਆਪਕ, ਮੁਲਾਜ਼ਮ ਜੱਥੇਬੰਦੀਆਂ, ਕਿਸਾਨ ਆਗੂ ਅਤੇ ਪਬਲਿਕ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਬੇਇਨਸਾਫ਼ੀ ਅਤੇ ਜਬਰ ਵਿਰੁੱਧ ਉਹ ਇਕਮੁੱਠ ਹੋ ਕੇ ਰਾਜ ਸੱਤਾ ਦੀਆਂ ਚੂਲਾਂਹਿਲਾ ਵੀ ਸਕਦੇ ਨੇ।ਨੌਜਵਾਨਾਂ ਦੀਆਂ ਨਸ਼ੇ ਦੇ ਟੀਕਿਆਂ ਨਾਲ ਵਿੰਨ੍ਹੀਆਂ ਬਾਹਾਂ, ਗੰਧਲਾ ਵਾਤਾਵਰਨ, ਖ਼ਸਤਾ ਕਿਸਾਨੀ ਹਾਲਤ, ਬੇਰੁਜ਼ਗਾਰੀ, ਸਿਹਤ ਅਤੇ ਵਿੱਦਿਅਕ ਢਾਂਚੇ ਵਿਚ ਨਿਘਾਰ, ਤਰ੍ਹਾਂ-ਤਰ੍ਹਾਂ ਦੇ ਮਾਫ਼ੀਏ ਗਰੁੱਪਾਂ ਨਾਲ ਝੰਬਿਆ ਪਿਆ ਪੰਜਾਬ ਅਤੇ ਬੇਈਮਾਨੀ, ਗੁਰਬਤ, ਭੁੱਖਮਰੀ ਜਿਹੀਆਂ ਕਿੰਨੀਆਂ ਹੀ ਪੰਜਾਬ ਦਾ ਖ਼ੂਨ ਚੂਸ ਰਹੀਆਂ ਜੋਕਾਂ ਤੋਂ ਪੰਜਾਬ ਪੀੜਤ ਹੈ। ਪੰਜਾਬ ਦੇ ਲੋਪ ਹੋ ਰਹੇ ਹਾਸੇ ਨੂੰ ਵਾਪਸ ਲਿਆਉਣ ਲਈ ਆਸਵੰਦ ਨਜ਼ਰਾਂ ਨਾਲ ਲੋਕ ਆਮ ਆਦਮੀ ਪਾਰਟੀ ਵੱਲ ਵੇਖ ਰਹੇ ਹਨ। ਆਮ ਆਦਮੀ ਪਾਰਟੀ ਲਈ ਇਸ ਇਤਿਹਾਸਕ ਫ਼ਤਵੇ ਦਾ ਮਾਣ-ਸਤਿਕਾਰ ਰੱਖਣਾ ਅਤਿਅੰਤ ਜ਼ਰੂਰੀ ਹੈ।

         ਮੋਹਨ ਸ਼ਰਮਾ