(ਕਰਤਾਰਪੁਰ ਸਾਹਿਬ) ਕਸ਼ਮੀਰ ਨੂੰ ਇਨਸਾਫ ਦਿਓ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਅਮਨ ਇਨਸਾਫ ਨਾਲ ਹੀ ਆ ਸਕਦਾ ਹੈ: ਇਮਰਾਨ ਖਾਨ

(ਕਰਤਾਰਪੁਰ ਸਾਹਿਬ) ਕਸ਼ਮੀਰ ਨੂੰ ਇਨਸਾਫ ਦਿਓ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਅਮਨ ਇਨਸਾਫ ਨਾਲ ਹੀ ਆ ਸਕਦਾ ਹੈ: ਇਮਰਾਨ ਖਾਨ

ਕਰਤਾਰਪੁਰ ਸਾਹਿਬ: ਸਭ ਤੋਂ ਪਹਿਲਾਂ ਅੱਜ ਸਮੁੱਚੀ ਸਿੱਖ ਕੌਮ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੀਆਂ ਲੱਖ-ਲੱਖ ਮੁਬਾਰਕਾਂ। 

ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਅੱਜ ਕਰਤਾਰਪੁਰ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਸਟੇਜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਪੰਜਾਬ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਸੰਬੋਧਨ ਕੀਤਾ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਸਾਲ ਪਹਿਲਾਂ ਤੱਕ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖਾਂ ਲਈ ਕੀ ਅਹਿਮੀਅਤ ਹੈ। ਉਹਨਾਂ ਕਿਹਾ ਕਿ ਜੋ ਮੁਸਲਮਾਨਾਂ ਲਈ ਮੱਕਾ ਹੈ ਉਹ ਹੀ ਸਿੱਖਾਂ ਲਈ ਕਰਤਾਰਪੁਰ ਸਾਹਿਬ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਸਰਹੱਦ ਖੋਲ੍ਹਣ ਦੀ ਗੱਲ 'ਤੇ ਉਹਨਾਂ ਕਿਹਾ ਕਿ ਨਫਰਤ ਦੀ ਰਾਜਨੀਤੀ ਨੂੰ ਖਤਮ ਕਰਕੇ ਇਨਸਾਫ ਦੀ ਰਾਜਨੀਤੀ ਕਰਨੀ ਪਵੇਗੀ ਤੇ ਮੋਹੱਬਤ ਦੀ ਗੱਲ ਤੋਰਨੀ ਪਵੇਗੀ। ਉਹਨਾਂ ਕਿਹਾ ਕਿ ਸਾਰੇ ਪੈਗੰਬਰਾਂ ਨੇ ਦੁਨੀਆ ਨੂੰ ਇਹ ਹੀ ਸੁਨੇਹਾ ਦਿੱਤਾ ਹੈ। ਉਹਨਾਂ ਇੱਕ ਚੰਗੇ ਆਗੂ ਦੀ ਉਦਾਹਰਨ ਵਜੋਂ ਅਫਰੀਕਾ ਨੂੰ ਅਜ਼ਾਦੀ ਦਵਾਉਣ ਵਾਲੇ ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਜ਼ਾਲਮਾਂ ਨੂੰ ਮੁਆਫ ਕਰਕੇ ਅਫਰੀਕਾ ਵਿੱਚ ਵੱਡਾ ਖੂਨ ਖਰਾਬਾ ਹੋਣ ਤੋਂ ਬਚਾ ਲਿਆ ਸੀ ਅਤੇ ਕਈ ਤਰ੍ਹਾਂ ਵੰਡੇ ਲੋਕਾਂ ਨੂੰ ਇੱਕ ਕਰ ਦਿੱਤਾ ਸੀ। 

ਮਾਸੂਮ ਲੋਕਾਂ ਦੀ ਕਤਲੋਗਾਰਤ ਦੇ ਖਿਲਾਫ ਬੋਲਦਿਆਂ ਇਮਰਾਨ ਖਾਨ ਨੇ ਕਿਹਾ ਕਿ ਉਹਨਾਂ ਦੇ ਦੀਨ ਮੁਤਾਬਿਕ ਇੱਕ ਬੇਗੁਨਾਹ ਇਨਸਾਨ ਦਾ ਕਤਲ ਸਾਰੀ ਦੁਨੀਆ ਨੂੰ ਕਤਲ ਕਰਨ ਬਰਾਬਰ ਹੈ।

ਇਮਰਾਨ ਖਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਜਦੋਂ ਇੱਕ ਵਾਰ ਉਹ ਭਾਰਤ ਇੱਕ ਕਾਨਫਰੰਸ ਵਿੱਚ ਗਏ ਸੀ ਤਾਂ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮਸਲੇ ਨੂੰ ਹੱਲ ਕਰਕੇ ਦੋਵੇਂ ਦੇਸ਼ਾਂ ਦੇ ਸਬੰਧ ਸਹੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੇ ਪਹਿਲੇ ਦਿਨ ਹੀ ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਹੀ ਗੱਲ ਕਹੀ ਸੀ ਕਿ ਕਸ਼ਮੀਰ ਦੇ ਲੋਕਾਂ ਨੂੰ ਇਨਸਾਫ ਦੇ ਕੇ ਉਹਨਾਂ ਦੇ ਹੱਕ ਬਹਾਲ ਕਰ ਦਿਓ ਸਾਡੇ ਸਾਰੇ ਮਸਲੇ ਹੱਲ ਹੋਏ ਸਮਝੋ। ਉਹਨਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੇ ਕਸ਼ਮੀਰ ਦਾ ਮਸਲਾ ਹੱਲ ਹੋ ਜਾਵੇ ਤਾਂ ਦੋਵਾਂ ਦੇਸ਼ਾਂ ਵਿੱਚ ਖੁਸ਼ਹਾਲੀ ਆ ਜਾਵੇਗੀ ਅਤੇ ਗੁਰਬਤ ਦੂਰ ਹੋ ਜਾਵੇਗੀ।

ਇਮਰਾਨ ਖਾਨ ਨੇ ਕਿਹਾ, "ਪਰ ਜੋ ਅੱਜ ਕਸ਼ਮੀਰ ਵਿੱਚ ਹੋ ਰਿਹਾ ਹੈ ਉਹ ਮਹਿਜ਼ ਖੇਤਰੀ ਮਸਲੇ ਨਹੀਂ ਬਲਕਿ ਇਨਸਾਨੀ ਹੱਕਾਂ ਦਾ ਮਸਲਾ ਬਣ ਗਿਆ ਹੈ। ਇਹ ਇਨਸਾਨੀਅਤ ਦਾ ਮਸਲਾ ਹੈ।"

ਉਹਨਾਂ ਕਿਹਾ, "ਕਸ਼ਮੀਰੀਆਂ ਨੂੰ ਜਾਨਵਰਾਂ ਵਾਂਗ ਬੰਦ ਕਰਕੇ ਰੱਖਿਆ ਜਾ ਰਿਹਾ ਹੈ।" ਇਮਰਾਨ ਖਾਨ ਨੇ ਕਿਹਾ ਕਿ ਅਮਨ ਸਿਰਫ ਇਨਸਾਫ ਨਾਲ ਹੀ ਆ ਸਕਦਾ ਹੈ ਅਤੇ ਬੇਇਨਸਾਫੀ ਨਾਲ ਅਮਨ ਨਹੀਂ ਹੋ ਸਕਦਾ। 

ਉਹਨਾਂ ਫਰਾਂਸ ਅਤੇ ਜਰਮਨੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਹ ਦੋਵੇਂ ਦੇਸ਼ ਕਿਸੇ ਸਮੇਂ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਸਨ ਪਰ ਅੱਜ ਦੋਵਾਂ ਦਰਮਿਆਨ ਸਰਹੱਦਾਂ ਖੁੱਲ੍ਹੀਆਂ ਹਨ, ਖੁੱਲ੍ਹਾ ਵਪਾਰ ਹੁੰਦਾ ਹੈ ਅਤੇ ਲੋਕ ਇੱਕ-ਦੂਜੇ ਪਾਸੇ ਬਿਨ੍ਹਾਂ ਰੋਕ ਜਾਂਦੇ ਹਨ। ਉਹਨਾਂ ਭਾਰਤ ਅਤੇ ਪਾਕਿਸਤਾਨ ਦੇ ਬਿਹਤਰ ਸਬੰਧ ਹੋਣ ਦੀ ਆਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਦੁਆ ਕਰਦੇ ਹਨ ਕਿ ਕਸ਼ਮੀਰ ਦਾ ਮਸਲਾ ਛੇਤੀ ਹੀ ਹੱਲ ਹੋ ਜਾਵੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।