ਆਪ ਦੀ ਜਿੱਤ ਜਾਂ ਪੰਜਾਬ ਦੇ ਅਕਰੋਸ਼ ਦੀ ਜਿੱਤ....?

ਆਪ ਦੀ ਜਿੱਤ ਜਾਂ ਪੰਜਾਬ ਦੇ ਅਕਰੋਸ਼ ਦੀ ਜਿੱਤ....?

 ਕੇਵਲ ਖੂਹ ਦੀ ਜ਼ਿੰਦਗੀ ਜੀਅ ਰਹੇ

ਬੜਿਆਂ ਲਈ ਇਹ ਭੁਲੇਖਾ ਪਾਊ ਟਿੱਪਣ ਹੋਵੇਗੀ ਕਿ ਆਪ ਦੀ ਜਿੱਤ ਹੋਈ ਹੈ ਜਾਂ ਪਿੱਛੇ ਕੁੱਝ ਹੋਰ ਹੈ। ਏਸ ਪਿੱਛੇ ਹੈ ਕੀ? ਇਹਦਾ ਜਵਾਬ ਦੇਣ ਤੋਂ ਪਹਿਲਾਂ ਇਹ ਜ਼ਰੂਰ ਕਹਾਂਗਾ ਕਿ ਪੰਜਾਬ ਦਾ ਗੁੱਸਾ ਇਕ ਵਾਰੀ ਜ਼ਰੂਰ ਸ਼ਾਂਤ ਹੋ ਗਿਐ; ਜਿਵੇਂ ਦੁਸ਼ਮਣ ਨੂੰ ਹਰਾ ਕੇ ਮਨ ਨੂੰ ਸ਼ਾਂਤੀ ਤੇ ਖੁਸ਼ੀ ਦੋਨੋ ਆ ਬਹੁੜਦੀਐਂ,ਪੰਜਾਬ ਵੀ ਏਸ ਵੇਲੇ ਕੁੱਝ ਇਉਂ ਹੀ ਮਹਿਸੂਸ ਕਰ ਰਿਹੈ। ਜੇ ਅਸ਼ਾਂਤ ਨੇ ਕੇਵਲ ਉਹ ਜੋ ਪਾਰਟੀਆਂ ਦੇ ਗੜਵੱਈ ਨੁਮਾ ਅੰਧਭਗਤ ਤੇ ਹਿਤਾਂਬੱਧੇ ਕਾਰਕੁੰਨ ਜਾਂ ਉਹ ਜਿਹਨਾਂ ਨੂੰ ਸਮਾਜੀ ਸੂਝ ਦੀ ਐਡੀ ਕੋਈ ਜਾਣਕਾਰੀ ਨਹੀਂ ਸੀ ਤੇ ਕੇਵਲ ਖੂਹ ਦੀ ਜ਼ਿੰਦਗੀ ਜੀਅ ਰਹੇ ਸਨ। ਅਸਲ ਵਿੱਚ ਪੰਜਾਬ ਦੀ ਜਨਤਾ ਲੰਮੇ ਸਮੇਂ ਤੋਂ ਬਦਲਾਉ ਦੇ ਮੂਡ ਵਿੱਚ ਚੱਲ ਰਹੀ ਸੀ। ਸਿਆਪਾ ਇਹ ਸੀ ਕਿ ਉਹਨਾਂ ਕੋਲ ਕੋਈ ਵਿਕੱਲਪ ਨਹੀਂ ਸੀ। ਸਤਾਰਾਂ ਦੀ ਅਲੈਕਸ਼ਨ ਵਿਚ ਆਪ ਦੀ ਚੜ੍ਹਤ ਵਿਸ਼ੇਸ਼ ਕਰ ਤੱਤਭੜੱਤੀ ਸੀ ਜੀਹਦੇ ਵਿਚ ਪਰਵਾਸੀ ਪੰਜਾਬੀਆਂ ਦੀਆਂ ਉਪਰੋਂ ਡੂੰਘੀਆਂ ਤੀਬਰ ਇਛਾਵਾਂ ਦਾ ਛਲਕਦਾ ਬਦਲ ਸੀ ਜੋ ਪੰਜਾਬ ਦੇ ਯਥਾਰਥ ਨੂੰ ਨਹੀਂ ਸਮਝ ਰਿਹਾ ਸੀ।ਦੂਜਾ ਆਪ ਵੀ ਨਵੀਂ ਨਵੀਂ ਅੰਨਾ ਲਹਿਰ 'ਚੋਂ ਉਠਿਆ ਅਸਲੋਂ ਨਵਾਂ ਨਕੋਰ ਵਰਤਾਰਾ ਸੀ ਜੋ ਜੋਸ਼ੀਲੇ ਨਾਅਰੇ ਤਾਂ ਮਾਰ ਰਿਹਾ ਸੀ ਪਰ ਉਹਨਾਂ ਦੇ ਲੀਡਰਾਂ ਨੂੰ ਜਮੀਨੀ ਹਕੀਕਤਾਂ ਦਾ ਅਨੁਭਵ ਨਾਮਾਤਰ ਸੀ।ਵਗਦੀ ਹਵਾ ਦੇ ਕੰਧਾੜਿਆਂ ਤੇ ਚੜ੍ਹ ਕੇ ਕੇਜਰੀਵਾਲ ਲਾਣਾ ਪੰਜਾਬ ਨੂੰ ਦਿੱਲੀ ਮੰਨੀ ਬੈਠਾ ਕਿ ਜਿਵੇਂ ਦਿੱਲੀ ਦੀ ਹਵਾ ਦਾ ਰੁੱਖ ਮੋੜ ਲਿਐ,ਏਵੇਂ ਈ ਪੰਜਾਬ ਨੂੰ ਵੀ ਆਪਣੇ ਹੱਥ ਬੋਚ ਲਵਾਂਗੇ,ਪਰ ਸਤਾਰਾਂ ਦੀ ਅਲੈਕਸ਼ਨ 'ਚ ਆਪ ਦੀ ਚੜ੍ਹੀ ਹੋਈ ਗੁੱਡੀ ਪੰਜਾਬੀਆਂ ਨੇ ਹੇਠਾਂ ਪਟਕਾ ਕੇ ਮਾਰੀ;ਪਰ ਇੱਜਤ ਏਨੀ ਕੁ ਰੱਖ'ਲੀ ਕਿ ਉਹਨੂੰ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਬਣਾ ਦਿੱਤੀ। ਪਰ ਇਹ ਪਾਰਟੀ ਪਿਛਲੇ ਸਾਲਾਂ ਤੱਕ ਤੇ ਮੈਂ ਕਹਾਂਗਾ ਕਿ ਸਾਡੇ ਚਾਰ ਸਾਲਾਂ ਤੱਕ ਕੋਈ ਮੂੰਹ ਸਿਰ ਨਹੀਂ ਬਣਾ ਸਕੀ,ਏਥੋਂ ਤੱਕ ਕਿ ਪੰਜਾਬ ਦੇ ਮਨੋਂ ਵੀ ਲੱਥਣ ਤੱਕ ਦੀ ਨੌਬਤ ਆ ਚੁੱਕੀ ਸੀ।
 ਹੁਣ ਮਸਲਾ ਇਹ ਕਿ ਆਪ ਕਿਵੇਂ ਏਡਾ ਭਾਰੀ ਬਹੁਮੱਤ ਲੈ ਗਈ? ਇਹਦੇ ਵਿਚ ਆਪ ਦੀ ਕਾਰਗੁਜ਼ਾਰੀ ਦਾ ਰੱਤੀ ਭਰ ਵੀ ਰੋਲ ਨਹੀਂ।ਅਸਲ ਵਿਚ ਮੁੱਖ ਰੋਲ ਪੰਜਾਬ 'ਚ ਵਿਆਪਤ ਸੰਕਟ ਵਿਚੋਂ ਨਿਕਲਿਆ ਪੰਜਾਬੀਆਂ ਦਾ ਤਿੱਖਾ ਰੋਹ ਸੀ। ਏਸ ਰੋਹ ਦੀ ਚਿੰਗਾਰੀ ਤਿੱਖੀ ਤਰ੍ਹਾਂ ਧੁੱਖ ਰਹੀ ਸੀ,ਉਹਨਾਂ ਵਿਰੁੱਧ ਜਿਨ੍ਹਾਂ ਪੰਜਾਬ ਨਾਲ ਧ੍ਰੋਹ ਕਮਾਇਆ ਸੀ। ਰਾਜੇ ਸ਼ੀਂਹ ਹੋ ਚੁੱਕੇ ਸਨ,ਖੂਨ ਮੂੰਹ ਨੂੰ ਲੱਗ ਚੁੱਕਿਆ ਸੀ।ਪੰਜਾਬ ਦੀਆਂ ਨਰੋਈਆਂ ਨੈਤਿਕ ਕਦਰਾਂ ਕੀਮਤਾਂ ਨੂੰ ਮਧੋਲਿਆ ਜਾ ਰਿਹਾ ਸੀ।ਪੰਜਾਬ ਏਸ ਵੇਲੇ ਖੁੰਗਲ ਹੋਇਆ ਪਿਐ।ਕਿਸੇ ਵੇਲੇ ਵਸਦਾ ਰਸਦਾ ਪੰਜਾਬ ਨਿਮੋਸ਼ੀ ਦਾ ਮਾਰਿਆ ਬਾਹਰ ਨੂੰ ਦੌੜ ਰਿਹੈ।ਘਰ ਰੁਜ਼ਗਾਰ ਨਹੀਂ,ਬਾਹਰ ਧੱਕੇ ਮਿਲ ਰਹੇ ਨੇ।ਬਹੁਤੇ ਨਿਰਾਸ਼ ਨੌਜਵਾਨਾਂ ਨੂੰ ਚਿੱਟੇ ਨੇ ਚੱਟ ਲਿਐ ਤੇ ਕੁੱਝ ਨੌਜਵਾਨ ਗੈਂਗਵਾਰ ਦੇ ਢਏ ਚੜ੍ਹ ਕੇ ਆਪਸ ਵਿੱਚ ਜਾਂ ਪੁਲਸੀਆ ਗੋਲੀ ਨਾਲ ਮਰ ਖੱਪ ਰਹੇ ਨੇ।ਨੌਜਵਾਨ ਵੀ ਕਿੱਥੇ ਜਾਣ? ਉਹਨਾਂ ਨੂੰ ਸਾਡੀ ਰਾਜਨੀਤੀ ਨੇ ਕੋਈ ਥਹੁ ਪੱਲਾ ਫੜਾਇਆ ਈ ਨਹੀਂ। ਸਾਡੀ ਰਾਜਨੀਤੀ ਫੜਾਵੇ ਵੀ ਕਿਵੇਂ? ਉਹ ਤਾਂ ਖੁਦ ਗੈਂਗਸਟਰ ਬਣੀ ਹੋਈ ਹੈ।ਪੰਜਾਬ ਦੇ ਸਾਰੇ ਦੇ ਸਾਰੇ ਰਿਸੋਰਸਜ਼ ਨੂੰ ਬੋਝਿਆਂ 'ਚ ਪਾ ਰੱਖਿਐ ਸਾਡੀ ਰਾਜਨੀਤੀ ਨੇ,ਬਚਾਇਆ ਈ ਕੀ ਹੈ ਜਿਹੜਾ ਨੌਜਵਾਨਾਂ ਨੂੰ ਕੋਈ ਕੰਮ ਦੇ ਸਕੇ;ਤੇ ਏਦਾਂ ਪੰਜਾਬ ਦਾ ਪੂਰੇ ਦਾ ਪੂਰਾ ਇਨਫਰਾ ਸਟਰਕਚਰ ਹਿਲਾ ਕੇ ਰੱਖ ਦਿੱਤਾ ਇਹਨਾਂ ਨੇ;ਜਿਵੇਂ ਪੰਜਾਬ ਨਾ ਹੋ ਗਿਆ ਕੋਈ ਵੱਡਾ ਲੁੱਟ ਦਾ ਖਜਾਨਾ ਹੋ ਗਿਆ ਕਿ ਚਹੁੰ ਹੱਥੀਂ ਲੁੱਟੀ ਜਾਉ।ਅਖੀਰ ਫਿਰ ਪਾਪ ਦੇ ਘੜੇ ਨੇ ਤਾਂ ਭਰਨਾ ਹੀ ਸੀ।ਏਸ ਪਾਪ ਦੇ ਘੜੇ ਤੋਂ ਪਹਿਲਾ ਢੱਕਣ ਬਗਰਾੜੀ ਮੋਰਚੇ ਨੇ ਚੱਕਿਆ ਬੇਅਦਬੀ ਸਬੰਧੀ,ਫੇਰ ਕਿਸਾਨੀ ਮੋਰਚੇ ਨੇ।ਪੰਜਾਬ ਦਾ ਰੋਹ ਵੱਖ ਵੱਖ ਰੂਪਾਂ ਵਿਚ ਚੱਲ ਰਿਹਾ ਸੀ,ਬਸ ਕੇਵਲ ਪਛਾਨਣ ਦੀ ਹੀ ਤਾਂ ਲੋੜ ਸੀ।ਅਗਰ ਏਸ ਰੋਹ ਨੂੰ ਪੂਰੇ ਜਬ੍ਹੇ ਵਿਚ ਕੋਈ ਥਾਂ ਮਿਲੀ ਹੈ ਤਾਂ ਉਹ ਦਿੱਲੀ ਦਾ ਕਿਸਾਨ ਮੋਰਚਾ ਹੀ ਸੀ।ਇਹ ਮੋਰਚਾ ਪੰਜਾਬ ਦੇ ਰੋਹ ਦਾ ਜੁਝਾਰੂ ਪ੍ਰਤੀਕ ਸੀ।ਏਸ ਰੋਹ ਨੇ ਦਰਸਾ ਦਿੱਤਾ ਸੀ ਕਿ ਪੰਜਾਬ ਕਰਵੱਟ ਲੈ ਚੁੱਕਿਐ।ਅਗਰ ਏਸ ਮੋਰਚੇ ਵਿਚੋਂ ਸਮਾਂ ਰਹਿੰਦਿਆਂ ਕੋਈ ਰਾਜਨੀਤਿਕ ਧਿਰ ਨਿਕਲ ਆਉਂਦੀ ਤਾਂ ਨਿਸਚੇ ਹੀ ਓਸ ਨੇ ਹੀ ਜਿੱਤਣਾ ਸੀ,ਉਹ ਪੰਜਾਬ ਦੀ ਔਰਗੈਨਿਕ ਕਿਸਮ ਦੀ ਪਾਰਟੀ ਹੁੰਦੀ।ਕੇਂਦਰ ਦੀ ਬੀਜੇਪੀ ਵੀ ਸ਼ਾਇਦ ਸਮਝ ਚੁੱਕੀ ਸੀ ਕਿ ਅਗਰ ਤਿੰਨ ਕਨੂੰਨਾਂ ਨੂੰ ਪੰਜਾਬ ਦੀ ਚੋਣ ਤੱਕ ਲੇਟ ਕੀਤਾ ਜਾਵੇ ਤਾਂ ਜੋ ਕੋਈ ਸਮੇਂ ਰਹਿੰਦਿਆਂ ਸ਼ਰੀਕ ਰਾਜਨੀਤਕ ਧਿਰ ਨਾ ਗਲ਼ ਪੈ ਜਾਵੇ ਜਿਹੜੀ ਦੇਸ਼ ਦੀ ਆਤਮਾ ਨੂੰ ਜਗਾ ਦੇਵੇ।ਏਸ ਕੂਟਨੀਤੀ ਤੇ ਚੱਲਦਿਆਂ ਬੀਜੇਪੀ ਸਫ਼ਲ ਰਹੀ ਹੈ ਜਿਸ ਨਾਲ ਕਿਸਾਨ ਮੋਰਚੇ ਵਿਚੋਂ ਪੰਜਾਬ ਚੋਣਾਂ ਦੇ ਲਾਗੇ ਨਿਕਲੀ ਸਸਮ ਬੁਰੀ ਤਰ੍ਹਾਂ ਪੱਛੜ ਕੇ ਰਹਿ ਗਈ। ਤਿੰਨ ਕਨੂੰਨ ਅਗਰ ਪੰਜ ਸੱਤ ਮਹੀਨੇ ਪਹਿਲਾਂ ਕਿਤੇ ਬੀਜੇਪੀ ਵਾਪਸ ਲੈ ਲੈਂਦੀ ਤਾਂ ਨਿਸਚੇ ਹੀ ਕਿਸਾਨੀ ਮੋਰਚੇ 'ਚੋਂ ਨਿਕਲੀ ਰਾਜਨੀਤਕ ਧਿਰ ਅੱਜ ਪੰਜਾਬ ਦੀ ਹਾਕਮ ਹੁੰਦੀ। ਮੌਜੂਦਾ ਦੌਰ ਅੰਦਰ ਪੰਜਾਬ ਦੇ ਰੋਹ ਨੂੰ ਆਪ ਨੂੰ ਵੀ ਤੇ ਪੰਜਾਬ ਦੇ ਚਿੰਤਕਾਂ ਨੂੰ ਸਮਝਣਾ ਪੈਣੈ ਤੇ ਤਾਰਕਿਕ ਢੰਗ ਨਾਲ ਸੰਵਾਦ ਰਚਾਉਣਾ ਪੈਣੈ,ਨਹੀਂ ਤਾਂ ਇਹ ਰੋਹ ਕਿਸੇ ਕੁਰੱਖਤ ਰੂਪ ਵਿਚ ਸਾਹਮਣੇ ਆ ਸਕਦੈ। ਆਮ ਆਦਮੀ ਪਾਰਟੀ ਵੀ ਦੋ ਚਾਰ ਮਹੀਨੇ ਹਨੀਮੂਨ ਪੀਰੀਅਡ ਪੂਰਾ ਕਰ ਲਵੇ, ਅੱਗੇ ਪੰਜਾਬ ਰੋਹ ਦੇ ਜੰਗਲ ਦੀ ਅੱਗ ਤੱਪਸ਼ ਨਾਲ ਭੋਇੰ ਤੱਤੀ ਕਰੀ ਬੈਠੀ ਹੈ ਜੀਹਦੇ ਤੇ ਰਾਜਭਾਗ ਤੇ ਕਾਬਜ਼ ਸੱਤਾ ਨੂੰ ਪੈਰ ਬਚਾ ਕੇ ਚੱਲਣਾ ਪੈਣੈ।

ਅਮਰਜੀਤ ਅਰਪਨ