ਹੋਲਾ ਮਹੱਲਾ : ਸੰਤ ਸਿਪਾਹੀ ਦੇ ਸਿਧਾਂਤ ਦਾ ਪ੍ਰਤੀਕ

ਹੋਲਾ ਮਹੱਲਾ : ਸੰਤ ਸਿਪਾਹੀ ਦੇ ਸਿਧਾਂਤ ਦਾ ਪ੍ਰਤੀਕ

                         ਚਿੜੀ ਉਡੇ ਤਓ ਹਮ ਢਰ ਜਾਏਂ।ਦੁਸ਼ਮਣ ਸੇ ਕੈਸੇ ਲੜ ਪਾਏਂ।

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ।ਸੰਤ ਦੇ ਨਾਲ ਸਿਪਾਹੀ ਬਣਨ ਦਾ ਸਿਧਾਂਤ ਪਰਪੱਕ ਕਰਨ ਲਈ ਪੰਜ ਕਕਾਰਾਂ ਵਿਚ ਹਥਿਆਰ ਸ਼ਾਮਲ ਕੀਤਾ ਗਿਆ।ਉਸ ਦਾ ਨਾਂ ਰੱਖਿਆ ਕ੍ਰਿਪਾਨ ।ਉਨ੍ਹਾਂ ਨੇ ਹਰ ਸਿੱਖ ਲਈ ਕ੍ਰਿਪਾਨ ਨੂੰ ਧਾਰਨ ਕਰਨਾ ਲਾਜ਼ਮੀ ਕਰ ਦਿੱਤਾ।

ਸੰਨ 1700 ਵਿਚ ਦਸਮੇਸ਼ ਪਿਤਾ ਨੇ ਜ਼ਾਲਮ ਹਾਕਮਾਂ ਨਾਲ ਨਿਰਮੋਹਗੜ੍ਹ ਦਾ ਯੁਧ ਕੀਤਾ।ਸਿੱਖਾਂ ਨੂੰ ਹਥਿਆਰਾਂ ਦੇ ਅਭਿਆਸ ਦੀ ਮਹੱਤਤਾ ਦ੍ਰਿੜ ਕਰਵਾਉਣ ਲਈ ਇਸੇ ਹੀ ਸਾਲ ਹਥਿਆਰਾਂ ਦੇ ਅਭਿਆਸ ਦਾ ਸੂਚਕ ਹੋਲਾ ਮਹੱਲਾ ਵੀ ਕਾਇਮ ਕਰ ਦਿੱਤਾ।

ਸੰਨ 1700 ਤੋਂ ਲੈਕੇ ਹੁਣ ਤਕ ਹਰ ਸਾਲ ਹੋਲਾ ਮਹੱਲਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹੋਲਾ ਲਫਜ਼ ਹੂਲ ਨਾਲ ਰਲਦਾ-ਮਿਲਦਾ ਹੈ। ਹੂਲ ਦੇ ਅਰਥ ਹਨ- ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ਤੇ ਧਰ ਖੇਡਣਾ, ਤਲਵਾਰ ਦੀ ਧਾਰ ਤੇ ਚੱਲਣਾ ।ਹੋਲਾ ਲਫਜ਼ ਦਾ ਮਤਲਬ ਹੱਲਾ ਬੋਲਣਾ ਲਿਆ ਗਿਆ ਹੈ।ਹੋਲਾਤੇ ਮਹੱਲਾਦੋ ਵੱਖ-ਵੱਖ ਸ਼ਬਦ ਹਨ।ਮਹੱਲਾਫਾਰਸੀ ਭਾਸ਼ਾ ਦਾ ਸ਼ਬਦ ਹੈ।ਮਹੱਲਾਲਫਜ਼ ਦਾ ਮਤਲਬ ਹੈ ਉਹ ਥਾਂ ਜਿਸ ਨੂੰ ਫਤਿਹ ਕਰ ਕੇ ਉਥੇ ਪੜਾਅ ਕੀਤਾ ਜਾਵੇ।

ਕਵੀ ਸੁਮੇਰ ਸਿੰਘ ਇਸ ਤਰ੍ਹਾਂ ਲਿਖਦੇ ਹਨ:

ਔਰਨ ਕੀ ਹੋਲੀ ਮਮ ਹੋਲਾ।

ਕਹਯੋ ਕ੍ਰਿਪਾਨਿਧ ਬਚਨ ਅਮੋਲਾ।

(ਗੁਰ ਪਦ ਪ੍ਰੇਮ ਪ੍ਰਕਾਸ਼)

ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਬਸੰਤ ਰੁਤ ਸ਼ੁਰੂ ਹੋ ਜਾਂਦੀ ਹੈ।ਇਹ ਸਮਾਂ ਹੋਲੀ ਤਕ ਚਲਦਾ ਹੈ।ਇਹ ਰੁਤ ਚੜਦੀ ਕਲਾ ਦੀ ਪ੍ਰਤੀਕ ਮੰਨੀ ਗਈ ਹੈ।ਸਿਆਲ ਦੀ ਅਤਿ ਦੀ ਠੰਡ ਤੋਂ ਬਾਅਦ ਬਸੰਤ ਰੁਤ ਵਿਚ ਸੁਖ-ਆਰਾਮ ਦਾ ਅਨੁਭਵ ਹੁੰਦਾ ਹੈ।ਰੰਗ ਬਰੰਗੇ ਫੁਲ ਖਿਲਣ ਲਗ ਪੈਂਦੇ ਹਨ।ਹਰ ਪਾਸੇ ਰੌਣਕ ਹੋ ਜਾਂਦੀ ਹੈ।ਫੁਲਾਂ ਨਾਲ ਭਰਪੂਰ ਅਤੇ ਲਾਲ ਪੀਲੀ ਭਾਅ ਮਾਰਦਾ ਮੈਦਾਨ ਖੇੜਿਆਂ ਦਾ ਸੰਕੇਤ ਦੇਂਦਾ ਹੈ।ਬਨਸਪਤੀ, ਚੰਨ, ਸੂਰਜ, ਤਾਰੇ, ਪਹਾੜ,ਪੰਛੀ ਸਭ ਇਸ ਵਿਸਮਾਦੀ ਵਰਤਾਰੇ ਨਾਲ ਪ੍ਰਭਾਵਿਤ ਹੋਏ ਪ੍ਰਤੀਤ ਹੁੰਦੇ ਹਨ।ਕੁਦਰਤ ਖਿੜਦੀ ਹੈ ਤਾਂ ਇਨਸਾਨ ਵੀ ਖੇੜੇ ਵਿਚ ਆ ਜਾਂਦਾ ਹੈ।ਭਾਈ ਨੰਦ ਲਾਲ ਨੂੰ ਤਾਂ ਇਸ ਬਹਾਰ ਦੇ ਨਾਲ ਮਹਿਰਮ ਯਾਰ ਵੀ ਦੀਦਾਰ ਦੇ ਰਿਹਾ ਹੈ:

ਬਹੋਸ਼ ਬਾਸ਼ ਕਿ ਹੰਗਾਮਏ ਨੌ ਬਹਾਰ ਆਮਦ।

ਬਹਾਰ ਆਮਦੋ, ਯਾਰ ਆਮਦ, ਕਰਾਰ ਆਮਦ।

(ਦੀਵਾਨਿ ਗੋਯਾ)

ਦਸਮੇਸ਼ ਪਿਤਾ ਬਸੰਤ ਦੀ ਕੁਦਰਤੀ ਸੁਹੱਪਣ ਵਾਲੀ ਰੁਤ ਵਿਚ ਖਾਲਸੇ ਦੇ ਮਾਨਸਿਕ ਉਮਾਹ ਨੂੰ ਰੱਬੀ ਬਾਣੀ ਦੀ ਰੂਹਾਨੀਅਤ ਵਿਚ ਰੰਗਣ ਦੇ ਨਾਲ ਨਾਲ ਬੀਰ ਰਸੀ ਜਲਾਲ ਨਾਲ ਰੰਗੇ ਜਾਣ ਦੀ ਪ੍ਰੇਰਨਾ ਕਰਦੇ ਹਨ ਕਿਉਂਕਿ ਇਹ ਰੁਤ ਹੈ ਹੀ ਚੜ੍ਹਦੀ ਕਲਾ ਦੀ ਪ੍ਰਤੀਕ।

ਹੋਲਾ ਮਹੱਲਾ ਮਨਾਉਣ ਦਾ ਢੰਗ

ਹੋਲੀ ਸਮੇਂ ਆਮ ਜਨਤਾ ਭੰਗ ਦੇ ਨਸ਼ੇ ਵਿਚ ਮਸਤ ਹੋ ਕੇ,ਕਾਮਦੇਵ ਦੀ ਚਿਖਾ ਜਲਾ ਕੇ ਜਾਂ ਫਿਰ ਰਾਸ ਲੀਲਾ ਵਿਚ ਹੀ ਅਪਣੀ ਸ਼ਕਤੀ ਅਜਾਈਂ ਗੁਆ ਦੇਂਦੀ ਹੈ। ਰੰਗਾਂ ਨੂੰ ਇਕ-ਦੂਜੇ ਤੇ ਪਾ ਕੇ, ਇਕ-ਦੂਜੇ ਨਾਲ ਖੁਸ਼ੀਆਂ ਵੰਡਣ ਦੀ ਜਗ੍ਹਾ ਕਈ ਤਰ੍ਹਾਂ ਦੀਆਂ ਗ਼ਲਤ ਸ਼ਰਾਰਤਾਂ ਨੂੰ ਜਸ਼ਨਾਂ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ,ਜਿਸ ਕਾਰਨ ਅਤਿਅੰਤ ਹਾਨੀਕਾਰਕ ਰਸਾਇਣਕ ਰੰਗਾਂ ਦਾ ਪ੍ਰਯੋਗ ਵੀ ਹੁੰਦਾ ਹੈ।ਗੁਰੂ ਸਾਹਿਬ ਨੇ ਜਨਤਾ ਨੂੰ ਐਸੀ ਸੂਝ ਪ੍ਰਦਾਨ ਕੀਤੀ ਅਤੇ ਉਹ ਤਿਉਹਾਰ ਪ੍ਰਚਲਤ ਕੀਤਾ ਜਿਸ ਨੇ ਲੁਕਾਈ ਨੂਮ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੇ ਸਮਰੱਥ ਬਣਾ ਦਿਤਾ।ਉਹਨਾਂ ਦਿਨਾਂ ਵਿਚ ਕੋਈ ਸ਼ਸਤ੍ਰ ਨਹੀਂ ਸੀ ਰੱਖ ਸਕਦਾ।ਆਮ ਜਨਤਾ ਅੰਦਰ ਇਹ ਧਾਰਨਾ ਬਣ ਚੁਕੀ ਸੀ ਕਿ:

ਕੰਮ ਹਮਾਰਾ ਤੋਲਣ ਤੱਕੜੀ।ਨੰਗੀ ਕਰਦ ਕਦੇ ਨਹੀਂ ਪਕੜੀ।

ਚਿੜੀ ਉਡੇ ਤਓ ਹਮ ਢਰ ਜਾਏਂ।ਦੁਸ਼ਮਣ ਸੇ ਕੈਸੇ ਲੜ ਪਾਏਂ।

ਅਜਿਹੇ ਸਹਿਮੇ ਹੋਏ ਲੋਕਾਂ ਅੰਦਰ ਬਲ ਭਰਣ ਲਈ ਗੁਰੂ ਪਿਤਾ ਨੇ ਸ਼ਸਤਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾ ਆਦਿ ਕਰਤਬ ਹੋਲੇ ਮਹੱਲੇ ਦਾ ਅਟੁਟ ਅੰਗ ਬਣਾ ਦਿੱਤੇ।ਗਤਕੇ ਵਰਗੀਆਂ ਜੋਸ਼ੀਲੀਆਂ ਖੇਡਾਂ ਖਿਡਾਈਆਂ।ਕੁਸ਼ਤੀਆਂ,ਦੌੜਾਂ,ਨੇਜ਼ਾਬਾਜ਼ੀ ਅਤੇ ਹੋਰ ਕਈ ਕਿਸਮ ਦੇ ਮੁਕਾਬਲੇ ਸ਼ੁਰੂ ਕੀਤੇ ਗਏ।ਹੋਲੇ ਦਾ ਅਰੰਭ ਇਕ ਕਿਲ੍ਹੇ, ਜਿਸ ਦਾ ਨਾਂ ਰੱਖਿਆ-ਹੋਲ ਗੜ੍ਹ। ਮਹਾਰਾਜ ਸਿੰਘਾਂ ਦੀਆਂ ਦੋ ਫੌਜਾਂ ਬਣਾ ਕੇ ਨਕਲੀ ਯੁਧ ਕਰਵਾਉਂਦੇ।ਮੁਖੀ ਸਿੰਘਾਂ ਦੀ ਨਿਗਰਾਨੀ ਹੇਠਾਂ ਇਕ ਖਾਸ ਥਾਂ ਤੇ ਹਮਲਾ ਕਰਵਾਉਂਦੇ।ਗੁਰੂ ਜੀ ਉਨ੍ਹਾਂ ਨੂੰ ਪਹਿਲਾਂ ਸੰਬੋਧਨ ਕਰਦੇ। ਮੈਦਾਨ ਵਿਚ ਜਾਣ ਤੋਂ ਪਹਿਲਾਂ ਦੋਹਾਂ ਪਾਸਿਆਂ ਦੀਆਂ ਫੌਜਾਂ ਨੂੰ ਧਾਰਮਿਕ ਵਿੱਦਿਆ ਦੇ ਨਾਲ ਨਾਲ ਮੁਗ਼ਲਾਂ ਦੀ ਗ਼ੁਲਾਮੀ ਬਾਰੇ ਦੱਸਦੇ।ਮਸਨੂਈ ਯੁਧ ਕਰਵਾਏ ਜਾਂਦੇ।ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਜਾਂ ਮਸ਼ਕਾਂ ਹੁੰਦੀਆਂ।ਹੌਸਲਾ ਅਫਜ਼ਾਈ ਲਈ ਦੀਵਾਨਾਂ ਵਿਚ ਸਿਰੋਪੇ ਬਖਸ਼ੇ ਜਾਂਦੇ।ਗੁਰੂ ਸਾਹਿਬ ਨੇ ਜਾਤਪਾਤ, ਊਚ-ਨੀਚ ਨੂੰ ਖ਼ਤਮ ਕੀਤਾ। ਨੌਜਵਾਨਾਂ ਦਾ ਮਾਨਸਿਕ ਬਲ ਵਧਾਇਆ।ਜ਼ਿੰਦਗੀ ਦਾ ਅਸਲੀ ਮਕਸਦ ਸਮਝਾਇਆ। ਜਿਸ ਸਥਾਨ ਤੇ ਗੁਰੁ ਸਾਹਿਬ ਨੇ ਸਿੰਘਾਂ ਸਮੇਤ ਪਹਿਲੀ ਵਾਰੀ ਖੁਦ ਹੋਲਾ ਮਨਾਇਆ, ਉਥੇ ਗੁਰਦਵਾਰਾ ਹੋਲਗੜ੍ਹ ਸਾਹਿਬ ਸੁਸ਼ੋਭਿਤ ਹੈ।ਕਿਲ੍ਹਾ ਹੋਲਗੜ੍ਹ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਗੁਰੂ ਸਾਹਿਬ ਨੇ ਇਥੋਂ ਪਹਿਲਾ ਮਹੱਲਾ ਕੱਢਿਆ ਸੀ।

ਵਰਤਮਾਨ ਦਾ ਹੋਲਾ ਮਹੱਲਾ

ਅਨੰਦਪੁਰ ਦੀ ਧਰਤੀ ਉੱਤੇ ਹਰ ਸਾਲ ਸਿੱਖ ਸੰਗਤਾਂ ਬੜੇ ਉਤਸ਼ਾਹ ਅਤੇ ਸ਼ਰਧਾ-ਭਾਵਨਾ ਨਾਲ ਹੋਲੇ-ਮਹੱਲੇ ਵਾਲੇ ਦਿਨ ਪਹੁੰਚ ਕੇ ਹਾਜ਼ਰੀਆਂ ਭਰਦੀਆਂ ਹਨ। ਪੰਜ ਪਿਆਰੇ ਅਰਦਾਸਾ ਕਰ ਕੇ, ਨਿਸ਼ਾਨ ਸਾਹਿਬ ਲੈ ਕੇ ਮਹੱਲਾ ਕਢਦੇ ਹਨ। ਨਿਹੰਗ ਸਿੰਘ ਘੋੜਿਆਂ ਤੇ ਸਵਾਰ ਹੋ ਕੇ,ਨਗਾਰੇ ਵਜਾਉਂਦੇ,ਜੈਕਾਰੇ ਗਜਾਉੰਦੇ ਇਕ ਅਨੋਖੇ ਉਤਸ਼ਾਹ ਨਾਲ ਦੌੜਦੇ ਹਨ।ਕਿਲ੍ਹਾ ਹੋਲਗੜ੍ਹ ਤੋਂ ਹੁੰਦੇ ਹੋਏ ਚਰਨ ਗੰਗਾ ਦੇ ਰੇਤਲੇ ਮੈਦਾਨ ਵਿਚ ਪੁਜਦੇ ਹਨ।ਉਥੇ ਨੇਜ਼ਾ-ਬਾਜ਼ੀ,ਗਤਕਾ ਆਦਿ ਅਨੇਕਾਂ ਕਰਤਬ ਦਿਖਾਏ ਜਾਂਦੇ ਹਨ।ਸਮਾਪਤੀ ਦਾ ਅਰਦਾਸਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁਜ ਕੇ ਹੁੰਦਾ ਹੈ।

ਹੋਲੇ ਮਹੱਲਾ ਮਨਾਉਣ ਦਾ ਵਰਤਮਾਨ ਕਾਲਾ ਪੱਖ

ਅੱੱਜ ਅਸੀਂ ਅਗਿਆਨਤਾ ਵੱਸ ਹੋਲੀ ਦੇ ਕਰਮਕਾਂਡਾਂ ਵਿਚ ਸ਼ਾਮਲ ਹੁੰਦੇ ਹਾਂ। ਇਸ ਗਲ ਵਲ ਧਿਆਨ ਦੇਣ ਦੀ ਲੋੜ ਹੈ।ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਗੁਰੂ ਜੀ ਜਾਂ ਉਨ੍ਹਾਂ ਦੇ ਸਮਕਾਲੀ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।ਲੋਕਾਈ ਨੂੰ ਇਨ੍ਹਾਂ ਕੱਚੀਆਂ ਹੋਲੀਆਂ ਵਿਚੋਂ ਕੱਢ ਕੇ ਗੁਰਬਾਣੀ ਅਤੇ ਇਤਿਹਾਸ ਤੋਂ ਸੇਧ ਲੈ ਕੇ ਪ੍ਰਭੂ ਰੰਗ ਵਿਚ ਰੰਗੀ ਹੋਈ ਜੀਵਨ ਸ਼ੈਲੀ ਨੂੰ ਸਵੱਛ ਰੰਗਤ ਦੇਣ ਦਾ ਯਤਨ ਕਰਨਾ ਚਾਹੀਦਾ ਹੈ।ਗੁਰੂ ਦੀਆਂ ਲਾਡਲੀਆਂ ਫੌਜਾਂ ਸੁਖ ਨਿਧਾਨ ਦੀ ਵਰਤੋਂ ਇਸ ਦਿਨ ਸ਼ਰੇਆਮ ਕਰਦੀਆਂ ਹਨ। ਇਸ ਦਾ ਪ੍ਰਭਾਵ ਸੰਸਾਰ ਉਤੇ ਕਿੰਨ੍ਹਾਂ ਨਾਂਹ-ਪੱਖੀ ਹੁੰਦਾ ਹੈ,ਇਸ ਦਾ ਅੰਦਾਜ਼ਾ ਲਗਾਉਣਾ ਕਠਿਨ ਹੈ।ਇਸ ਵਰਤਾਰੇ ਵਿਚ ਸੁਧਾਰ ਲਿਆਉਣਾ ਅਜੋਕੇ ਸਮੇਂ ਦੀ ਮੰਗ ਹੈ।ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਇਕੱਠਾਂ ਸਮੇਂ ਸਿਆਸੀ ਪਾਰਟੀਆਂ ਇਕ ਦੂਜੇ ਉਤੇ ਦੂਸ਼ਣਬਾਜ਼ੀ ਕਰਦੀਆਂ ਹਨ। ਇਸ ਪੱਖ ਵੱਲ ਧਿਆਨ ਦੇਣ ਦੀ ਲੋੜ ਹੈ।

ਹੋਲੇ ਮਹੱਲੇ ਦਾ ਸੰਦੇਸ਼

ਹੋਲਾ ਮਹੱਲਾ ਮਨਾਉਣਾ ਆਪਣੇ ਆਪ ਵਿਚ ਹੀ ਸਾਡੇ ਲਈ ਗੁਰੂ ਦਸਮੇਸ਼ ਦਾ ਸਦੀਵੀ ਸੰਦੇਸ਼ ਹੈ ਕਿ ਬਲਵਾਨ ਬਣੋ-ਤਨ ਦੇ ਵੀ ਅਤੇ ਮਨ ਦੇ ਵੀ।ਤਨ ਕਸਰਤ ਨਾਲ ਅਤੇ ਮਨ ਬਾਣੀ ਨਾਲ ਬਲਵਾਨ ਬਣਦਾ ਹੈ।ਸੰਤ ਸਿਪਾਹੀ ਬਣ ਕੇ ਹੀ ਗੁਲਾਮੀ ਦੇ ਸੰਗਲ ਕੱਟ ਕੇ ਹਲੇਮੀ ਰਾਜ ਦੀ ਸਥਾਪਨਾ ਸੰਭਵ ਹੈ। ਹੋਲਾ ਮਹੱਲਾ ਚੜ੍ਹਦੀ ਕਲਾ,ਫਤਿਹ ਅਤੇ ਅਜ਼ਾਦੀ ਦਾ ਪ੍ਰਤੀਕ ਹੈ। ਇਹ ਇਕ ਸਿੱਖ ਤਿਉਹਾਰ ਹੀ ਨਹੀਂ, ਸਗੋਂ ਇਹ ਸ਼ਸਤਰ ਅਭਿਆਸੀ ਬਣੇ ਰਹਿਣ ਦਾ ਸੰਦੇਸ਼ ਵੀ ਹੈ।ਗੁੜ੍ਹਤੀ ਗੁਰਬਾਣੀ ਦੀ ਹੋਵੇ ਅਤੇ ਸ਼ਸਤ੍ਰ ਵਰਤੋਂ ਮਜ਼ਲੂਮ ਦੀ ਰਾਖੀ,ਅਣਖ ਅਤੇ ਗੈਰਤ ਕਾਇਮ ਰੱਖਣ ਲਈ ਹੋਵੇ।ਇਹ ਦਸਮ ਪਿਤਾ ਦੀ ਕ੍ਰਾਂਤੀਕਾਰੀ ਸੋਚ ਦਾ ਕ੍ਰਿਸ਼ਮਾ ਸੀ, ਜਿਸ ਦੁਆਰਾ ਉਨ੍ਹਾਂ ਇਕ ਪਲੀਤ ਰੀਤ ਨੂੰ ਪੁਨੀਤ ਬਣਾਇਆ ਅਤੇ ਇਸ ਰਾਹੀਂ ਦੇਸ ਨੂੰ ਇਨਕਲਾਬ ਦੇ ਰਾਹ ਤੋਰ ਕੇ ਗੁਲਾਮੀ ਤੋਂ ਨਿਜ਼ਾਤ ਦਿਵਾਈ। 

 

ਨਿਰਮਲੇ ਸੰਤ ਨਿਹਾਲ ਸਿੰਘ ਬੁੰਗਾ ਸੋਹਲਾਂ