ਤੱਤੀ ਤਵੀ ਦਾ ਸੇਕ

ਤੱਤੀ ਤਵੀ ਦਾ ਸੇਕ

ਪੰਚਮ ਪਾਤਸ਼ਾਹ ਦੀ ਸ਼ਹੀਦੀ ਗਾਥਾ !'

ਦੁਨੀਆਂ ਦੇ ਮਨੁੱਖੀ ਇਤਿਹਾਸ ਦਾ ਬੇਮਿਸਾਲ, ਲਾਸਾਨੀ ਤੇ ਬੇਨਜ਼ੀਰ ਉਹ ਵਰਕਾ ਏ, ਜਿਸ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਵਰਨਣ ਹੈ।ਜ਼ਾਲਮ ਨੇ ਭਿਆਨਕ ਤੇ ਦਿਲ ਕੰਬਾਊ  ਤਸੀਹੇ ਦੇਣ ਦੀ ਕਸਰ ਨਹੀਂ ਛੱਡੀ ਤੇ ਗੁਰੂ ਜੀ ਨੇ ਤਸੀਹੇ ਸਹਿਣ ਵਿੱਚ ਦ੍ਰਿੜਤਾ ਤੇ ਅਡੋਲਤਾ ਦਾ ਰਿਕਾਰਡ ਕਾਇਮ ਕਰ ਦਿੱਤਾ।ਇੱਕ ਪਾਸੇ ਭੁੱਖਾ-ਪਿਆਸਾ ਰੱਖ ਕੇ, ਜੇਠ ਹਾੜ ਮਹੀਨੇ ਦੀ ਪਿੰਡਾ ਸਾੜਦੀ ਦੁਪਹਿਰ ਵਿੱਚ ਦੇਗ 'ਚ ਉਬਾਲ ਕੇ, ਤੱਤੀ ਤਵੀ ਉੱਪਰ ਬਿਠਾ ਕੇ, ਤੱਤੀ-ਤੱਤੀ ਰੇਤ ਸਿਰ  'ਤੇ ਪਾ ਕੇ, ਛਾਲਿਆਂ ਨਾਲ ਫਿੱਸੇ ਸਰੀਰ ਨੂੰ ਰਾਵੀ ਵਿੱਚ ਰੋੜੵ ਕੇ ਸ਼ਹੀਦ ਕਰਨ ਦੀ ਦਿਲ ਕੰਬਾਊ ਗਾਥਾ ਤੇ ਦੂਜੇ ਪਾਸੇ ਅਕਾਲ ਪੁਰਖ ਵਿੱਚ ਦ੍ਰਿੜ ਵਿਸ਼ਵਾਸ, ਭਾਣਾ ਮੰਨਣ ਵਿੱਚ ਮਗਨ ਤੇ ਗੁਰਮਤਿ ਦੇ ਅਸੂਲਾਂ ਉੱਤੇ ਪਹਿਰਾ ਦੇਣ ਦੀ ਸਹਿਜ ਕਰਾਮਾਤ! ਇਸ ਸਭ ਕਾਸੇ ਬਾਰੇ ਹਰ ਇੱਕ ਇਤਿਹਾਸਕਾਰ ਨੇ ਇੱਕ ਹੀ ਰਾਇ ਪੇਸ਼ ਕੀਤੀ ਏ, ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਣਾਂ ਬਾਰੇ ਸਾਰੇ ਲਿਖਾਰੀਆਂ ਦੀ ਰਾਇ ਇੱਕ ਨਹੀਂ, ਸਗੋਂ ਵੱਖੋ-ਵੱਖਰੀ ਏ।ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਣ ਕੋਈ ਚੰਦੂ ਖੱਤਰੀ ਨੂੰ ਦੱਸਦਾ ਹੈ, ਕੋਈ ਪਿਰਥੀ ਚੰਦ ਨੂੰ! ਕਿਸੇ ਦਾ ਖਿਆਲ ਨਕਸ਼ਬੰਦੀਆਂ ਦੀ ਵਿਰੋਧਤਾ 'ਤੇ ਅਟਕਿਆ ਖੜ੍ਹਾ ਏ ਤੇ ਕੋਈ ਜਹਾਂਗੀਰ ਦੀ ਕੱਟੜਤਾ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।ਅਸਲ ਵਿੱਚ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਣ ਇੱਕ ਨਹੀਂ, ਸਗੋਂ ਕਈ ਸਨ।

    ਜਿਵੇਂ ਗੁਰਗੱਦੀ ਦੇ ਮਸਲੇ ਨੂੰ ਲੈ ਕੇ, ਵੱਡੇ ਭਰਾ ਪਿਰਥੀ ਚੰਦ ਦੀ ਵਿਰੋਧਤਾ।ਧੀ ਦਾ ਸਾਕ ਛੱਡ ਦੇਣ ਕਰਕੇ, ਚੰਦੂ ਸ਼ਾਹ ਦੀ ਵਿਰੋਧਤਾ।ਗੁਰਮਤਿ ਦੇ ਪ੍ਰਚਾਰ ਨੂੰ ਲੈ ਕੇ, ਸ਼ੇਖ ਅਹਿਮਦ ਸਰਹੰਦੀ ਤੇ ਬ੍ਰਾਹਮਣਾਂ ਦੀ ਵਿਰੋਧਤਾ।ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਕਾਹਨੇ, ਪੀਲੂ ਆਦਿ ਦੀ ਕੱਚੀ ਬਾਣੀ, ਬਾਣੀ ਸੰਗ੍ਰਹਿ ਵਿੱਚ ਸ਼ਾਮਿਲ ਨਾ ਕਰਨ ਕਰਕੇ, ਅਖੌਤੀ ਭਗਤਾਂ ਦੀ ਵਿਰੋਧਤਾ ਤੋਂ ਇਲਾਵਾ ਸਖੀ ਸਰਵਰੀਆਂ ਤੇ ਬੀਰਬਲ ਦਾ ਗੁਰੂ ਦੋਖੀ ਹੋਣਾ ਅਤੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਵਰਗੇ ਅਨੇਕਾਂ ਕਾਰਣ ਸਨ, ਜੋ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਕਾਰਣ ਬਣੇ।ਦੇਖਿਆ ਜਾਏ ਤਾਂ ਪਿਰਥੀ ਚੰਦ ਦੀ ਵਿਰੋਧਤਾ ਸਿਰਫ਼ ਗੁਰਗੱਦੀ ਹਾਸਿਲ ਕਰਨ ਤੱਕ ਸੀਮਤ ਸੀ।ਧੀ ਦਾ ਸਾਕ ਛੁੱਟ ਜਾਣ ਨਾਲ ਚੰਦੂ  ਦੇ ਮਨ 'ਤੇ ਗਹਿਰੀ ਸੱਟ ਵੱਜੀ, ਜਿਸ ਕਰਕੇ ਉਹ ਗੁਰੂ ਘਰ ਦਾ ਦੁਸ਼ਮਣ ਬਣ ਗਿਆ।ਉਹਦੇ ਦਿਲ ਵਿੱਚ ਗੁਰੂ ਜੀ ਤੇ ਗੁਰੂ ਘਰ ਪ੍ਰਤੀ ਨਫ਼ਰਤ, ਸਾੜਾ, ਗੁੱਸਾ ਤੇ ਈਰਖਾ ਦੀ ਅਗਨੀ ਦੇ ਭਾਂਬੜ ਬਲਣ ਲੱਗੇ।ਮਗਰ ਉਸਦੀ ਏਨੀ ਹੈਸੀਅਤ ਨਹੀਂ ਸੀ ਕਿ ਉਹ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਸਕੇ।ਇਹ ਵੱਖਰੀ ਗੱਲ ਹੈ ਕਿ ਜਦ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਚੰਦੂ ਨੇ ਤਸੀਹੇ ਦੇਣ ਦੀ ਡਿਊਟੀ ਸੰਭਾਲ ਲਈ।ਚੰਦੂ ਪੱਕਾ ਦੁਸ਼ਟ ਤੇ ਗੁਰੂ ਘਰ ਦਾ ਦੋਖੀ ਸੀ।ਗੁਰੂ ਸਾਹਿਬ ਜੀ ਨੂੰ ਤਸੀਹੇ ਦੇਣ ਵਿੱਚ ਪੂਰਾ ਬਣਦਾ ਯੋਗਦਾਨ ਪਾਇਆ।ਇਸ ਦੀ ਪੁਸ਼ਟੀ ਮੁਨਸ਼ੀ ਖੁਸ਼ਵੰਤ ਰਾਇ 'ਤਵਾਰੀਖ-ਏ-ਸਿੱਖਾਂ' ਵਿੱਚ ਕਰਦਾ ਏ- 'ਇਸ ਗੱਲੋਂ (ਧੀ ਦਾ ਰਿਸ਼ਤਾ ਮੋੜਨ ਕਰਕੇ) ਚੰਦੂ ਦਾ ਮਨ ਮੈਲਾ ਹੋ ਗਿਆ।ਉਸ ਨੇ ਵੈਰ-ਵਿਰੋਧ ਪਰ ਲੱਕ ਬੰਨ੍ਹ ਲਿਆ ਤੇ ਬਾਦਸ਼ਾਹ ਦੇ ਹਜੂਰ ਚੁਗਲੀ ਕੀਤੀ ਕਿ ਸਾਰੀ ਦੁਨੀਆਂ ਦਾ ਧਨ ਗੁਰੂ ਦੇ ਘਰ ਹੈ ਤੇ ਦੇਸ਼ ਦੇ ਰਾਜੇ ਅਕਸਰ ਉਸ ਨਾਲ ਮੇਲ-ਜੋਲ ਰੱਖਦੇ ਹਨ।'

   ਦੁਨਿਆਵੀ ਪੱਖੋਂ ਚੰਦੂ ਕੋਈ ਏਨੀ ਅਹਿਮ ਸ਼ਖਸੀਅਤ ਨਹੀਂ ਸੀ,ਜਿੰਨੀ ਸਾਡੇ ਇਤਿਹਾਸਕਾਰਾਂ ਨੇ ਘੜ ਮਾਰੀ ਏ।ਰਿਸ਼ਤਾ ਮੋੜਨ ਕਰਕੇ ਚੰਦੂ ਦੀ ਗੁਰੂ ਘਰ ਨਾਲ ਜਾਤੀ ਰੰਜਿਸ਼ ਜਾਂ ਵੈਰ ਤਾਂ ਹੋ ਸਕਦਾ ਏ, ਪਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਮੂਲ ਕਾਰਣ ਨਹੀਂ।ਇਹ ਸਾਰਾ ਕੁਕਰਮ ਅਹਿਮਦ ਸਰਹੰਦੀ ਤੇ ਜਹਾਂਗੀਰ ਦਾ ਸੀ।ਜਹਾਂਗੀਰ ਦਾ ਪੋਤਰਾ ਦਾਰਾ ਸ਼ਕੋਹ ਲਿਖਦਾ ਏ- 'ਮੇਰੇ ਬਾਬਾ ਜਹਾਂਗੀਰ ਦੇ ਦਿਲ ਵਿੱਚ ਮਹਾਂਪੁਰਖਾਂ ਲਈ ਜਾਂ ਧਰਮਾਂ ਲਈ ਕੋਈ ਕਦਰ ਨਹੀਂ ਸੀ।ਉਸ ਨੇ ਇੱਕ ਮਹਾਂਪੁਰਖ ਨੂੰ ਮਾਰਨ ਦਾ ਹੁਕਮ ਦਿੱਤਾ ਸੀ: ਉਹ ਸੀ ਗੁਰੂ ਅਰਜਨ ਦੇਵ ਜੀ!' ਦਾਰਾ ਸ਼ਕੋਹ ਨੂੰ ਵੀ ਇਸ ਸ਼ਹਾਦਤ ਦਾ ਬੜਾ ਦੁੱਖ ਸੀ।ਇਸ ਕਥਨ ਦਾ ਸਾਬੂਤ ਤੁਜਕੇ-ਜਹਾਂਗੀਰੀ ਵਿੱਚੋਂ ਵੀ ਮਿਲ ਜਾਂਦਾ ਹੈ- "ਬਹੁਤ ਸਾਰੇ ਭੋਲੇ-ਭਾਲੇ ਹਿੰਦੂ ਬਲਕਿ ਕਈ ਬੇਸਮਝ ਮੁਸਲਮਾਨ ਉਸਦੀ ਰਹਿਣੀ-ਬਹਿਣੀ ਤੇ ਸਿੱਖਿਆ ਉੱਤੇ ਮੋਹਿਤ ਹੋਏ ਸਨ।ਧਾਰਮਿਕ ਅਤੇ ਦੁਨਿਆਵੀ ਆਗੂ ਦੇ ਤੌਰ 'ਤੇ ਉਸਦੀ ਬੜੀ ਮਸ਼ਹੂਰੀ ਫੈਲੀ ਹੋਈ ਸੀ।ਉਸਨੂੰ ਗੁਰੂ ਕਰਕੇ ਪੁਕਾਰ ਦੇ ਸਨ ਤੇ ਹਰ ਪਾਸਿਓਂ ਲੋਕਾਂ ਦੇ ਗਰੋਹ ਉਸਦੇ ਕੋਲ ਆਉਂਦੇ ਤੇ ਨਿਸ਼ਚਾ ਜ਼ਾਹਿਰ ਕਰਦੇ ਸਨ।ਇਹ ਗਰਮ-ਬਜਾਰੀ ਤਿੰਨ ਪੁਸ਼ਤਾਂ ਤੋਂ ਜਾਰੀ ਸੀ।ਮੁੱਦਤਾਂ ਤੋਂ ਇਹ ਖਿਆਲ ਮੇਰੇ ਦਿਲ ਵਿੱਚ ਆਉਂਦਾ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਉਸਨੂੰ ਇਸਲਾਮ ਧਰਮ ਦੇ ਘੇਰੇ ਵਿੱਚ ਲੈ ਆਵਾਂ।" ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਪੈਂਡਾ ਏਥੋਂ ਸ਼ੁਰੂ ਹੁੰਦਾ ਏ।

    ਜਹਾਂਗੀਰ, ਜਿਸ ਦਾ ਪੂਰਾ ਨਾਂ ਨੂਰਦੀਨ ਮੁਹੰਮਦ ਜਹਾਂਗੀਰ ਪਾਦਸ਼ਾਹ ਗਾਜੀ ਸੀ ਤੇ ਉਹਨੂੰ ਸਲੀਮ ਵੀ ਆਖਿਆ ਜਾਂਦਾ ਸੀ।ਅਕਬਰ ਬਾਦਸ਼ਾਹ ਦੇ ਘਰ ਮਰੀਅਮ ਜਾਮਨੀ ਦੀ ਕੁੱਖੋਂ ਸਿਕਰੀ ਦੇ ਮੁਕਾਮ 30 ਅਗਸਤ 1561ਈ: (31 ਅਗਸਤ 1569 ਈ: ਮਹਾਨ ਕੋਸ਼ ਅਨੁਸਾਰ) ਵਿੱਚ ਪੈਦਾ ਹੋਇਆ।ਅਕਬਰ ਨੂੰ ਇਹਦੀਆਂ ਆਦਤਾਂ ਬਿਲਕੁਲ ਪਸੰਦ ਨਹੀਂ ਸਨ, ਜਿਸ ਕਰਕੇ ਉਹ ਰਾਜਗੱਦੀ ਆਪਣੇ ਪੋਤਰੇ ਖੁਸਰੋ (ਜਹਾਂਗੀਰ ਦਾ ਮੁੰਡਾ) ਨੂੰ ਦੇਣਾ ਚਾਹੁੰਦਾ ਸੀ, ਮਗਰ ਸ਼ੇਖ ਅਹਿਮਦ ਸਰਹੰਦੀ ਤੇ ਉਸ ਦੇ ਚੇਲੇ ਸ਼ੇਖ ਫਰੀਦ ਬੁਖਾਰੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਜਹਾਂਗੀਰ, ਅਕਬਰ ਦਾ ਜਾਨਸ਼ੀਨ ਬਣ ਗਿਆ।ਜਹਾਂਗੀਰ ਦੇ ਬਾਦਸ਼ਾਹ ਬਣਨ ਦੀ ਸਭ ਤੋਂ ਵੱਧ ਖੁਸ਼ੀ ਸ਼ੇਖ ਅਹਿਮਦ ਸਰਹੰਦੀ ਨੂੰ ਹੋਈ ਤੇ ਉਸ ਸ਼ੇਖ ਫਰੀਦ ਬੁਖਾਰੀ ਨੂੰ ਚਿੱਠੀ ਲਿਖੀ-"ਇਸਲਾਮ ਦੀ ਸਰਬ ਉਤਮਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਅਤੇ 'ਇਸਲਾਮ ਦੇ ਬਾਦਸ਼ਾਹ' ਦੇ ਤਖਤ ਉਤੇ ਬੈਠਣ ਦੀ ਖ਼ਬਰ, ਅੱਜ ਸਾਰੇ ਸੱਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਨਾਲ ਸੁਣੀ ਤੇ ਸਭ ਨੇ ਫੈਸਲਾ ਕੀਤਾ ਏ  ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ-ਪੂਰੀ ਮਦਦ ਦਿੱਤੀ ਜਾਏ ਤਾਂ ਕਿ ਇਸਲਾਮ ਦਾ ਭਰਪੂਰ ਪਾਸਾਰਾ ਕਰਕੇ, ਇਸਦੀ ਤਾਕਤ ਵਿੱਚ ਵਾਧਾ ਕੀਤਾ ਜਾਏ।" 

 (ਮਕਤੂਬਾਤਿ-ਇਮਾਮ-ਰਬਾਨੀ,ਚਿੱਠੀ ਨੰਬਰ-47)

    ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਬਣ ਗਿਆ, ਇਹ ਗੱਲ ਉਹਦੇ ਪੁੱਤਰ ਖੁਸਰੋ ਨੂੰ ਪਸੰਦ ਨਾ ਆਈ।ਉਸ ਰਾਜਗੱਦੀ ਹਾਸਿਲ ਕਰਨ ਲਈ 6 ਅਪ੍ਰੈਲ 1606 ਈ: ਨੂੰ ਬਗ਼ਾਵਤ ਕਰ ਦਿੱਤੀ।ਉਹ ਆਗਰੇ ਤੋਂ ਪੰਜਾਬ ਵੱਲ ਭੱਜ ਤੁਰਿਆ।ਅਸਲ ਵਿੱਚ ਉਹ ਪੰਜਾਬ ਦੀ ਰਾਜਧਾਨੀ ਲਾਹੌਰ 'ਤੇ ਕਾਬਜ਼ ਹੋਣਾ ਚਾਹੁੰਦਾ ਸੀ, ਪਰ ਕਿਸਮਤ ਨੇ ਖੁਸਰੋ ਦਾ ਸਾਥ ਨਾ ਦਿੱਤਾ।ਅੰਤ ਉਹ ਝਨਾਂ ਦਰਿਆ ਪਾਰ ਕਰਨ ਸਮੇਂ ਸੋਧਰੇ ਦੇ ਮੁਕਾਮ 'ਤੇ 27 ਅਪ੍ਰੈਲ 1606 ਈ: ਨੂੰ  ਪੂਰੇ 22 ਦਿਨਾਂ ਬਾਅਦ ਆਪਣੇ ਸਾਥੀਆਂ ਸਮੇਤ ਫੜਿਆ ਗਿਆ ਜਹਾਂਗੀਰ, ਖੁਸਰੋ ਦੀ ਬਗ਼ਾਵਤ ਤੋਂ ਬਹੁਤ ਗੁੱਸੇ ਸੀ।ਉਹ ਵੀ ਖੁਸਰੋ ਦਾ ਪਿੱਛਾ ਕਰਦਾ ਆ ਰਿਹਾ ਸੀ।ਰਸਤੇ ਵਿੱਚ ਜਿਸ ਨੇ ਵੀ ਖੁਸਰੋ ਦੀ ਇਮਦਾਦ ਕੀਤੀ ਸੀ, ਜਹਾਂਗੀਰ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿੰਦਾ ਹੋਇਆ, ਲਾਹੌਰ ਪਹੁੰਚ ਗਿਆ।ਜਿਨ੍ਹਾਂ ਘੜੰਮ ਚੌਧਰੀਆਂ ਨੇ ਜਹਾਂਗੀਰ ਦੀ ਮਦਦ ਕੀਤੀ ਸੀ, ਉਨ੍ਹਾਂ ਨੂੰ ਇਨਾਮ ਤੇ ਔਹੁਦੇ ਦੇ ਕੇ ਨਿਵਾਜਿਆ।ਮਹਾਨ ਕੋਸ਼ ਵਿੱਚ ਭਾਈ ਕਾਨ੍ ਸਿੰਘ ਨਾਭਾ ਜੀ ਅਨੁਸਾਰ-'ਜਹਾਂਗੀਰ ਨੇ ਖੁਸਰੋ ਦੀਆਂ ਅੱਖਾਂ ਸਿਲਵਾ ਦਿੱਤੀਆਂ।ਇਹ ਕਾਫ਼ੀ ਚਿਰ ਕੈਦ ਰਹਿ ਕੇ, ਸੰਨ੍ਹ 1622 ਈ: ਵਿੱਚ ਮਰ ਗਿਆ।'

   ਮਈ 1606 ਈਸਵੀ ਦੇ ਪਹਿਲੇ ਹਫਤੇ ਵਿੱਚ ਖੁਸਰੋ ਦੇ ਸਾਰੇ ਸਾਥੀ ਤਸੀਹੇ ਦੇ ਕੇ ਮਾਰ ਦਿੱਤੇ।ਇਸ ਤੋਂ ਅੱਗੇ ਸ਼ੁਰੂ ਹੁੰਦੀ ਏ: ਪੰਚਮ ਪਾਤਸ਼ਾਹ ਦੀ ਸ਼ਹੀਦੀ ਗਾਥਾ! ਖੁਸਰੋ ਦੀ ਮਦਦ ਕਰਨ ਵਾਲਿਆਂ ਪ੍ਰਤੀ ਜਹਾਂਗੀਰ ਦੇ ਦਿਲ ਵਿੱਚ ਅੰਤਾਂ ਦਾ ਗੁੱਸਾ ਸੀ।ਇਸ ਗੁੱਸੇ ਦਾ ਫਾਇਦਾ ਉਠਾਉੰਦੇ ਹੋਏ ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ ਨੇ ਇੱਕ ਸਾਜ਼ਿਸ਼ ਰਚੀ।ਗੁਰੂ ਅਰਜਨ ਦੇਵ ਜੀ 'ਤੇ ਬਾਗੀ ਖੁਸਰੋ ਦੀ ਮਦਦ ਕਰਨ ਦਾ ਦੋਸ਼ ਮੜ੍ਹ ਕੇ 23 ਮਈ 1606 ਈਸਵੀ ਨੂੰ ਇੱਕ ਸ਼ਿਕਾਇਤ ਜਹਾਂਗੀਰ ਕੋਲ ਪਹੁੰਚਾਈ ਗਈ।ਸ਼ਿਕਾਇਤ ਦੀ ਇਬਾਰਤ ਕੁੱਝ ਇਸ ਤਰ੍ਹਾਂ ਦੀ ਸੀ-'ਗੋਇੰਦਵਾਲ ਵਿਖੇ ਭੱਜੇ ਆਉਂਦੇ ਬਾਗੀ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਆਸਰਾ ਦਿੱਤਾ ਤੇ ਸਹਾਇਤਾ ਕੀਤੀ ਤਾਂ ਕਿ ਉਹ ਜਹਾਂਗੀਰ ਦਾ ਮੁਕਾਬਲਾ ਕਰ ਸਕੇ।ਤਖਤ ਹਾਸਿਲ ਕਰਨ ਲਈ ਆਸ਼ੀਰਵਾਦ ਵੀ ਦਿੱਤਾ ਤੇ ਉਹਦੇ ਮੱਥੇ 'ਤੇ ਕੇਸਰ ਦਾ ਤਿਲਕ ਲਗਾਇਆ ਆਦਿ।'

    ਬੇਸ਼ੱਕ ਇਹ ਸ਼ਿਕਾਇਤ ਬੇਬੁਨਿਆਦ ਤੇ ਨਿਰਮੂਲ ਹੀ ਸੀ, ਪਰ ਇਸ ਦਾ ਅਸਰ ਕਾਫ਼ੀ ਹੋਇਆ।ਜਹਾਂਗੀਰ ਆਪਣੀ ਸਵੈ ਜੀਵਨੀ ਤੁਜਕਿ-ਜਹਾਂਗੀਰ ਵਿੱਚ ਆਪਣੇ ਮਨ ਦੀ ਭੜਾਸ ਕੱਢਦਾ ਹੋਇਆ ਲਿਖਦਾ ਹੈ-"ਇਨ੍ਹਾਂ ਦਿਨਾਂ ਵਿੱਚ ਹੀ ਖੁਸਰੋ ਨੇ ਦਰਿਆ (ਬਿਆਸ) ਪਾਰ ਕੀਤਾ।ਇਸ ਜ਼ਾਹਲ ਤੇ ਹਕੀਰ ਖੁਸਰੋ ਨੇ ਇਰਾਦਾ ਕੀਤਾ ਕਿ ਉਹ ਇਸਦੇ ਨਜ਼ਦੀਕ ਹੋਏ।ਇਹ ਉਸਨੂੰ ਮਿਲਿਆ ਤੇ ਕਈ ਮਿਥਿਆ ਹੋਈਆਂ ਗੱਲਾਂ ਉਸਨੂੰ ਸੁਣਾਈਆਂ ਤੇ ਕੇਸਰ ਨਾਲ ਇੱਕ ਉਂਗਲੀ ਉਸਦੇ ਮੱਥੇ 'ਤੇ ਲਗਾਈ, ਜਿਸ ਨੂੰ ਹਿੰਦੂ ਤਿਲਕ ਕਹਿੰਦੇ ਹਨ ਤੇ ਚੰਗਾ ਸ਼ਗਨ ਕਰਕੇ ਸਮਝਦੇ ਹਨ।ਜਦ ਇਹ ਗੱਲ ਮੇਰੇ ਕੰਨਾਂ ਵਿੱਚ ਪਈਤਦ ਮੈਂ ਅੱਗੇ ਹੀ ਇਨ੍ਹਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ।ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਅਤੇ ਉਸ ਦੇ ਘਰ ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਵੇ।ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ 'ਸਿਆਸਤ ਤੇ ਯਾਸਾ' ਦੇ ਸਖਤ ਕਾਨੂੰਨ ਹੇਠ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ।" ਜਹਾਂਗੀਰ ਦੀ ਲਿਖਤ ਵਿੱਚ ਆਏ ਸ਼ਬਦ-'ਕਿਤਨੇ ਸਮੇਂ ਤੋਂ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਤੇ ਜਾਂ ਉਸਨੂੰ ਮੁਸਲਮਾਨੀ ਮੱਤ ਵਿੱਚ ਲੈ ਆਉਣਾ ਚਾਹੀਦਾ ਹੈ।' ਤੇ ਉੱਪਰ ਲਿਖੇ ਪਹਿਰੇ ਵਿੱਚ ਆਏ ਸ਼ਬਦ-'ਇਹ ਗੱਲ ਮੇਰੇ ਕੰਨਾਂ ਵਿੱਚ ਪਈ, ਤਦ ਮੈਂ ਅੱਗੇ ਹੀ ਇਨ੍ਹਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ।' ਹੀ ਅਸਲ ਵਿੱਚ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਮੁੱਖ ਕਾਰਣ ਸੀ।ਜਹਾਂਗੀਰ ਦੇ ਮਨ ਵਿੱਚ ਬੜੇ ਚਿਰਾਂ ਤੋਂ ਇਹ ਲਾਲਸਾ ਸੀ ਕਿ ਕਿਵੇਂ ਨਾ ਕਿਵੇਂ ਤੇ ਕਿਸੇ ਬਹਾਨੇ ਗੁਰੂ ਘਰ ਨੂੰ ਤਹਿਸ ਨਹਿਸ ਕੀਤਾ ਜਾਵੇ।ਬਾਕੀ ਉਸ ਬਾਦਸ਼ਾਹ ਬਣਨ ਤੋਂ ਪਹਿਲਾਂ ਮਦਦ ਕਰਨ ਵਾਲੇ ਸ਼ੇਖ ਅਹਿਮਦ ਸਰਹੰਦੀ ਨਾਲ ਗੈਰ-ਮੁਸਲਮਾਨਾਂ ਨੂੰ ਕੁਚਲਣ ਦਾ ਵਾਅਦਾ ਕੀਤਾ ਸੀ।ਜਿਸ ਸਦਕਾ ਇਸ ਮਨਘੜਤ ਕਹਾਣੀ ਰਾਹੀਂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਰਾਹ ਪੱਧਰਾ ਹੋ ਗਿਆ।

   ਹੁਣ ਸੁਆਲ ਪੈਦਾ ਹੁੰਦਾ ਏ ਕਿ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ 'ਯਾਸਾ ਤੇ ਸਿਆਸਤ' ਕਾਨੂੰਨ ਅਧੀਨ ਕਤਲ ਕਰਨ ਦਾ ਹੁਕਮ ਕਿਉਂ ਦਿੱਤਾ  ? ਜਹਾਂਗੀਰ ਲਿਖਦਾ ਹੈ-'ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ।ਉਸਦੇ ਘਰ ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਵੇ।ਉਸਦਾ ਮਾਲ ਅਸਬਾਬ ਜ਼ਬਤ ਕਰਕੇ, ਉਸਨੂੰ ਯਾਸਾ ਤੇ ਸਿਆਸਤ ਨਿਯਮ ਅਨੁਸਾਰ ਸਖਤ ਤਸੀਹੇ ਦੇ ਕੇ ਮਾਰ ਦਿੱਤਾ ਜਾਏ।' ਇਹ 'ਸਿਆਸਤ-ਵ-ਬ-ਯਾਸਾ' ਨਾਮਕ ਕਾਨੂੰਨ ਕੀ ਹੈ ? ਕਈ ਵਿਦਵਾਨਾਂ ਨੇ ਯਾਸਾ ਸ਼ਬਦ ਦਾ ਅਰਥ ਤਸੀਹੇ ਕੀਤੇ ਹਨ ਤੇ ਇਸ ਦਾ ਸੰਬੰਧ ਤੁਰਕੀ ਭਾਸ਼ਾ ਨਾਲ ਜੋੜਿਆ ਹੈ, ਪਰ ਇਸ ਸ਼ਬਦ ਦਾ ਮੂਲ ਸਥਾਨ ਮੰਗੋਲੀ ਭਾਸ਼ਾ ਹੈ।

   ਮੱਧ ਯੁੱਗ ਦੇ ਇਤਿਹਾਸ ਵਿੱਚ ਮੰਗੋਲ ਸ਼ਾਸ਼ਕਾਂ ਦੇ ਰਾਜ ਪ੍ਰਬੰਧ ਦਾ ਜ਼ਿਕਰ ਕਈ ਤਵਾਰੀਖਾਂ ਵਿੱਚ ਹੈ।ਮੱਧ ਯੁੱਗ ਵਿੱਚ ਕਈ ਅਜਿਹੇ ਸਾਮਰਾਜਾਂ ਦਾ ਵੀ ਜ਼ਿਕਰ ਆਉਂਦਾ ਏ, ਜਿਨ੍ਹਾਂ ਦਾ ਰਾਜ ਚੀਨ ਤੋਂ ਯੂਰਪ, ਉੱਤਰ ਵਿੱਚ ਰੂਸ ਤੇ ਦੱਖਣ ਵਿੱਚ ਫਰਾਂਸ ਤੱਕ ਫੈਲਿਆ ਹੋਇਆ ਸੀ।ਮੰਗੋਲ ਮੱਧ ਏਸ਼ੀਆ ਦੇ ਬਨਜਾਰਾ ਕਬੀਲਿਆਂ ਦੇ ਸਮੂਹ ਦਾ ਨਾਂ ਸੀ, ਜੋ ਬੇਜੋੜ ਘੋੜ ਸਵਾਰ ਤੇ ਬਹਾਦਰ ਸਨ।ਇਨ੍ਹਾਂ ਬਨਜਾਰਾਂ ਕਬੀਲਿਆਂ ਦਾ ਮੁੱਖ ਧੰਦਾ ਲੁੱਟ ਮਾਰ ਸੀ।ਆਪਸੀ ਲੜਾਈ ਤੇ ਵੈਰ ਵਿਰੋਧ ਬਹੁਤ ਹੱਦ ਤੱਕ ਵਧ ਚੁੱਕਾ ਸੀ।

   ਸੰਨ੍ਹ 1162 ਈ: ਵਿੱਚ ਇੱਕ ਕਬੀਲੇ ਵਿੱਚ ਤੈਮੂਇਨ ਨਾਂ ਦੇ ਲੜਕੇ ਨੇ ਜਨਮ ਲਿਆ।ਉਸ ਲੜਕੇ ਦਾ ਪਿਉ ਕਬੀਲਿਆਂ ਦੀ ਆਪਸੀ ਲੜਾਈ ਵਿੱਚ ਮਰ ਚੁੱਕਾ ਸੀ।ਤੈਮੂਇਨ  ਨੇ ਜਵਾਨ ਅਵਸਥਾ ਵਿੱਚ ਹੀ ਆਪਣੇ ਪਿਤਾ ਦੀ ਥਾਂ ਤੇ ਆਪਣੇ ਕਬੀਲੇ ਦੀ ਵਾਗਡੋਰ ਸੰਭਾਲ ਲਈ।ਤੈਮੂਇਨ ਦਾ ਮੁੱਖ ਮੰਤਵ ਆਪਣੇ ਪਿਤਾ ਦੇ ਕਾਤਲ ਤੋਂ ਬਦਲਾ ਲੈਣਾ ਸੀ, ਜਿਸ ਵਿੱਚ ਉਹ ਕਾਮਯਾਬ ਵੀ ਹੋਇਆ।ਬਦਲਾ ਲੈਣ ਉਪਰੰਤ ਉਸ ਨੇ ਕਬੀਲੇ ਨੂੰ ਵਧੀਆ ਢੰਗ ਨਾਲ ਲਾਮਬੰਦ ਕਰਕੇ, ਸੰਨ੍ਹ 1206 ਈ: ਤੱਕ ਸਾਰੇ ਮੰਗੋਲੀ ਕਬੀਲਿਆਂ ਦਾ ਸਰਦਾਰ ਬਣ ਗਿਆ।ਸਰਦਾਰ ਬਣਨ ਉਪਰੰਤ ਉਸਨੇ 'ਚੰਗੇਜ਼ ਖਾਨ' ਦੀ ਉਪਾਧੀ ਧਾਰਨ ਕੀਤੀ।ਚੰਗੇਜ਼ ਖਾਨ ਦਾ ਭਾਵ ਸਭ ਦਾ ਬਾਦਸ਼ਾਹ ਹੈ।ਸੰਨ੍ਹ 1207 ਈ: ਵਿੱਚ ਚੰਗੇਜ਼ ਖਾਨ ਨੇ ਆਪਣੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਕਾਨੂੰਨਾਂ ਤੇ ਦੰਡਾਵਲੀ ਦੇ ਨਿਯਮਾਂ ਦੀ ਕਿਤਾਬ ਭਾਵ ਸੰਵਿਧਾਨ ਤਿਆਰ ਕਰਵਾਇਆ, ਜਿਸ ਦਾ ਨਾਮ 'ਬਿਲੀਕ' ਸੀ।ਚੰਗੇਜ਼ ਖਾਨ 'ਸਮਨ' ਨਾਮਕ ਧਰਮ ਨਾਲ ਸੰਬੰਧਿਤ ਸੀ।ਬੇਸ਼ੱਕ ਸਮਨ ਇੱਕ ਅੰਧ-ਵਿਸ਼ਵਾਸ਼ੀ ਧਰਮ ਸੀ, ਜਿਸ ਵਿੱਚ ਰੁੱਖਾਂ, ਪ੍ਰੇਤਾਂ, ਰੂਹਾਂ ਤੇ ਨਾਗਾਂ ਦੀ ਪੂਜਾ ਦਾ ਵਿਧਾਨ ਸੀ।ਇਸ ਧਰਮ ਨਾਲ ਸੰਬੰਧਿਤ ਧਾਰਮਿਕ ਆਗੂਆਂ ਨੂੰ 'ਬਿੱਕੀ' ਕਿਹਾ ਜਾਂਦਾ ਸੀ।ਇਹ ਸਤਿਕਾਰ ਕਾਜ਼ੀ, ਜਥੇਦਾਰ, ਪੰਡਿਤ ਤੇ ਪਾਦਰੀ ਵਾਂਗ ਸੀ।ਅਗਰ ਕਿਸੇ ਸਮਨ ਧਰਮ ਦੇ ਧਾਰਮਿਕ ਆਗੂ ਬਿੱਕੀ ਕੋਲੋਂ ਕੋਈ ਅਜਿਹਾ ਪਾਪ ਕਰਮ ਹੋ ਜਾਏ ਤੇ ਉਸਨੂੰ ਸਜ਼ਾ ਦੇਣੀ ਪਵੇ ਤਾਂ ਚੰਗੇਜ਼ੀ ਸੰਵਿਧਾਨ ਬਿਲੀਕ ਅਨੁਸਾਰ ਉਸ ਬਿੱਕੀ 'ਤੇ ਸੰਵਿਧਾਨ ਦੀ ਧਾਰਾ 'ਸਿਆਸਤ-ਵ-ਬ-ਯਾਸਾ' ਲੱਗਦੀ ਸੀ।

  ਮੰਗੋਲੀ ਲੋਕਾਂ ਦਾ ਵਿਸ਼ਵਾਸ ਸੀ ਕਿ ਜੇ ਕਿਸੇ ਬਿੱਕੀ ਜਾਂ ਧਾਰਮਿਕ ਆਗੂ ਦਾ ਖੂਨ ਜ਼ਮੀਨ ਉਤੇ ਡੁੱਲ੍ਹ ਜਾਵੇ ਤਾਂ ਉਸ ਖੂਨ ਤੋਂ ਕਈ ਅਜਿਹੀਆਂ ਸ਼ਕਤੀਸ਼ਾਲੀ ਰੂਹਾਂ ਜਨਮ ਲੈਂਦੀਆਂ ਹਨ, ਜੋ ਕਬੀਲੇ ਦੇ ਲੋਕਾਂ ਨੂੰ ਦੁੱਖ ਪਹੁੰਚਦੀਆਂ ਹਨ।ਸਿਆਸਤ ਤੇ ਯਾਸਾ  ਨਾਮਕ ਧਾਰਾ ਅਜਿਹੇ ਹੀ ਤਸੀਹਿਆਂ ਦੀ ਸੂਚੀ ਸੀ, ਜਿਨ੍ਹਾਂ ਨਾਲ ਧਾਰਮਿਕ ਆਗੂਆਂ ਨੂੰ ਖਤਮ ਕੀਤਾ ਜਾਏ, ਪਰ ਉਨ੍ਹਾਂ ਦਾ ਖੂਨ ਜ਼ਮੀਨ 'ਤੇ ਨਾ ਡੁੱਲ੍ਹੇ। A  Short History Of Chinese Civilisation ਵਿੱਚ ਲਿਖਿਆ ਏ-'ਚੰਗੇਜ਼ ਖਾਨ ਦੇ ਜਰਨੈਲ ਮੁਖਾਲੀ ਨੂੰ ਇੱਕ ਵਾਰ ਕੁੱਝ ਬਿੱਕੀਆਂ ਨੂੰ ਦੰਡ ਦੇਣਾ ਪਿਆ, ਉਸ ਨੇ ਕੁੱਝ ਨੂੰ ਗਰਮ ਪਾਣੀ 'ਚ ਉਬਾਲ ਕੇ ਖਤਮ ਕਰ ਦਿੱਤਾ  ਤੇ ਕੁੱਝ ਨੂੰ ਹੱਥ ਪੈਰ ਬੰਨ੍ਹ ਕੇ ਦਰਿਆ ਵਿਚ ਰੋਹੜ ਦਿੱਤਾ ਤਾਂ ਜੋ ਖੂਨ ਨਾ ਡੁੱਲ੍ਹੇ।' ਚੰਗੇਜ਼ ਖਾਨ ਦੀ ਅਗਵਾਈ ਵਿੱਚ ਮੰਗੋਲ ਬਹੁਤ ਵੱਡਾ ਸਾਮਰਾਜ ਬਣ ਚੁੱਕਾ ਸੀ ਤੇ ਆਪਣੀ ਜ਼ਿੰਦਗੀ ਦੇ ਅੰਤਲੇ ਸਾਲਾਂ ਵਿੱਚ ਚੰਗੇਜ਼ ਖਾਨ ਨੇ ਇਸਲਾਮ ਧਰਮ ਅਪਣਾ ਲਿਆ ਸੀ।ਸੋ ਇਸ ਤਰ੍ਹਾਂ ਉਹਦੇ ਬਣਾਏ ਕਾਨੂੰਨ ਅੱਗੇ ਮੁਗਲਾਂ ਤੱਕ ਉਸੇ ਤਰ੍ਹਾਂ ਬਰਕਰਾਰ ਰਹੇ।ਗੁਰੂ ਅਰਜਨ ਦੇਵ ਜੀ ਨੂੰ ਵੀ ਮੰਗੋਲੀ ਦੰਡਾਵਲੀ ਦੇ ਨਿਯਮਾਂ ਅਧੀਨ ਹੀ ਸ਼ਹੀਦ ਕੀਤਾ ਗਿਆ।ਭਾਵ ਤੱਤੀ ਤਵੀ 'ਤੇ ਬਿਠਾਉਣਾ, ਸੀਸ 'ਤੇ ਗਰਮ ਰੇਤਾ ਪਾਉਣਾ, ਪਾਣੀ ਵਿੱਚ ਉਬਾਲਣਾ ਤੇ ਦਰਿਆ ਵਿੱਚ ਰੋਹੜ ਦੇਣਾ ਆਦਿ, ਜਿਸ ਨਾਲ ਜ਼ਮੀਨ 'ਤੇ ਖੂਨ ਨਾ ਡੁੱਲ੍ਹੇ।

    ਯਾਸਾ ਕਾਨੂੰਨ ਅਨੁਸਾਰ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਇਆ।ਗਰਮ ਰੇਤਾ ਸੀਸ 'ਤੇ ਪਾਈ, ਪਰ ਗੁਰੂ ਸਾਹਿਬ ਜੀ ਹਰ ਕਸ਼ਟ ਨੂੰ ਝੱਲਦੇ ਹੋਏ, ਭਾਣੇ ਵਿੱਚ ਅਡੋਲ ਰਹੇ ਤਾਂ ਮੁਗਲਾਂ ਨੇ ਗੁਰੂ ਸਾਹਿਬ ਜੀ ਨੂੰ ਦਰਿਆ ਰਾਵੀ ਦੇ ਕੰਢੇ ਲਿਆ ਸੁੱਟਿਆ।ਮੁਗਲਾਂ ਤੇ ਗੁਰੂ ਦੋਖੀਆਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।ਇੱਕ ਪੱਥਰ ਗੁਰੂ ਜੀ ਦੇ ਭਰਵੱਟੇ  ਉੱਪਰ ਲੱਗਾ, ਜਿਸ ਨਾਲ ਖੂਨ ਵਗ ਪਿਆ।ਖੂਨ ਵਗਣ ਨਾਲ ਸਿਆਸਤ-ਵ-ਬ-ਯਾਸਾ ਕਾਨੂੰਨ ਦੀ ਉਲੰਘਣਾ ਹੋ ਗਈ, ਜਿਸ ਤੋਂ ਮੁਗਲ ਅਹਿਲਕਾਰਾਂ ਨੇ ਡਰਕੇ ਛੇਤੀ-ਛੇਤੀ ਗੁਰੂ ਜੀ ਨੂੰ ਦਰਿਆ ਵਿੱਚ ਰੋਹੜ ਦਿੱਤਾ।ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਵਿੱਚ ਲਿਖਦੇ ਹਨ-

   ਇਕਸੁ ਮੁਗਲੇ ਕਾਪਰ ਨੇ ਮੰਦਾ ਅਲਾਈ।

    ਸੋ ਭਰਵੱਟੇ ਉਪਰ ਚੋਟ ਆਇ ਲੱਗੀ।

    ਚਲਿਆ ਲਹੂ, ਧਾਰਾ ਵਗੀ।

    ਤਿਸ ਚੋਟ ਕਰ ਛੁਟੀ ਦੇਹ।

    ਪਈ ਦੁਸ਼ਟਾਂ ਦੇ ਸਿਰ ਖੇਹ।

   ਸੋ ਇਸ ਕਾਨੂੰਨ ਤਹਿਤ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ।ਇਸ ਸ਼ਿਕਾਇਤ ਵਿੱਚ ਬਾਗੀ ਖੁਸਰੋ ਨੂੰ ਜਹਾਂਗੀਰ ਵਿਰੁੱਧ ਭੜਕਾਉਣ ਦੀਆਂ ਝੂਠੀਆਂ ਕਹਾਣੀਆਂ ਦਾ ਵੇਰਵਾ ਦਿੱਤਾ ।ਜਦ ਕਿ ਗੁਰੂ ਸਾਹਿਬ ਜੀ ਦਾ ਖੁਸਰੋ ਨਾਲ ਕੋਈ ਮੇਲ ਮਿਲਾਪ ਈ ਨਹੀਂ ਹੋਇਆ।ਸਮਕਾਲੀ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਜਦ ਖੁਸਰੋ ਗੋਇੰਦਵਾਲ ਸਾਹਿਬ ਤੋਂ ਲੰਘਿਆ, ਉਸ ਵਕਤ 26 ਅਪ੍ਰੈਲ ਤੋਂ ਲੈ ਕੇ 22 ਮਈ ਤੱਕ ਪੰਚਮ ਪਾਤਸ਼ਾਹ ਜੀ ਗੋਇੰਦਵਾਲ ਹੈ ਈ ਨਹੀਂ ਸੀ, ਸਗੋਂ ਤਰਨਤਾਰਨ ਵਿਖੇ ਸਨ।ਖੁਸਰੋ ਨਾਲ ਮਿਲਾਪ ਹੋਣ ਵਾਲੀ ਘਟਨਾ ਇਤਿਹਾਸ ਦੀ ਕਸੌਟੀ 'ਤੇ ਖਰੀ ਨਹੀਂ ਉਤਰਦੀ।ਮਗਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਮੁੱਖ ਕਾਰਣ ਖੁਸਰੋ ਨਾਲ ਹੋਈ ਮੁਲਾਕਾਤ ਹੀ ਬਣਦੀ ਏ।ਸਮਕਾਲੀ ਲਿਖਤਾਂ ਦੀ ਚੀਰ ਫਾੜ ਕਰਨ ਉਪਰੰਤ ਸਿੱਟਾ ਨਿਕਲਦਾ ਹੈ ਕਿ ਇਹ ਗੁਰੂ ਸਾਹਿਬ ਜੀ ਦੇ ਵਿਰੋਧੀਆਂ ਵਲੋਂ ਘੜੀ ਗਈ ਇੱਕ ਨਿਰਮੂਲ ਸਾਜ਼ਿਸ਼ ਸੀ, ਜਿਸ ਵਿੱਚ ਨਕਸ਼ਬੰਦੀ, ਸ਼ੇਖ ਅਹਿਮਦ ਸਰਹੰਦੀਫਰੀਦ ਬੁਖਾਰੀ, ਚੰਦੂ, ਕਾਜ਼ੀ ਤੇ ਬ੍ਰਾਹਮਣ ਆਦਿ ਸ਼ਾਮਿਲ ਸਨ।

    6 ਅਪ੍ਰੈਲ 1606 ਈ: ਨੂੰ ਜਦ ਖੁਸਰੋ ਆਗਰੇ ਤੋਂ ਬਗ਼ਾਵਤ ਕਰਕੇ ਲਾਹੌਰ ਵੱਲ ਤੁਰਦਾ ਹੈ ਤਾਂ ਉਸੇ ਵਕਤ ਜਹਾਂਗੀਰ ਬਾਦਸ਼ਾਹ ਵੀ ਖੁਸਰੋ ਦੀ ਬਗਾਵਤ ਨੂੰ ਦਬਾਉਣ ਲਈ ਫੌਜ ਸਮੇਤ ਪਿੱਛਾ ਕਰਦਾ ਏ।ਜਿਥੋਂ-ਜਿਥੋਂ ਖੁਸਰੋ ਲੰਘਦਾ ਹੈ, ਠਹਿਰਦਾ ਹੈ ਜਾਂ ਕਿਤੇ ਕੋਈ ਮਦਦ ਮਿਲਦੀ ਹੈ।ਇਹਦੀ ਸਾਰੀ ਖ਼ਬਰ ਜਹਾਂਗੀਰ ਨੂੰ ਮਿਲਦੀ ਜਾਂਦੀ ਹੈ ਤੇ ਉਹ ਨਾਲ ਦੀ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਦਿੰਦਾ ਜਾਂਦਾ ਏ।ਜਹਾਂਗੀਰ ਲਿਖਦਾ ਹੈ-' 16 ਤਾਰੀਖ਼ ਜ਼ੀਉਲਹਜ ਮੁਤਾਬਿਕ (15 ਅਪ੍ਰੈਲ) ਨੂੰ ਮੈਂ ਸਰਾਇ ਕਾਜ਼ੀ ਸਾਂ।17 ਜ਼ੀਉ: (16 ਅਪ੍ਰੈਲ) ਦੀ ਸਵੇਰ ਨੂੰ ਸੁਲਤਾਨਪੁਰ ਪਹੁੰਚਿਆ।ਏਥੇ ਦੁਪਹਿਰ ਤੱਕ ਰਿਹਾ।ਫਿਰ ਪੁਲ ਤੋਂ ਪਾਰ ਹੋ ਕੇ ਗੋਇੰਦਵਾਲ ਪੁੱਜਾ।ਏਥੇ ਖ਼ਬਰ ਮਿਲੀ ਕਿ ਖੁਸਰੋ 'ਤੇ ਫਤਹਿ ਹੋ ਗਈ ਏ।ਹੁਣ ਬਾਦਸ਼ਾਹ ਸਹਿਜੇ-ਸਹਿਜੇ ਮੁਕਾਮ ਕਰਦਾ ਹੋਇਆ 28 ਜ਼ੀਉ: (27 ਅਪ੍ਰੈਲ) ਨੂੰ ਜੈਪਾਲ ਪਹੁੰਚਦਾ ਹੈ।ਇਹ ਪਿੰਡ ਲਾਹੌਰ ਤੋਂ 7 ਕੋਹ ਉਰੇ ਹੈ।17 ਤੋਂ 28 ਜ਼ੀਉ: (16 ਤੋਂ 27 ਅਪ੍ਰੈਲ) ਤੱ ਲੱਗਭਗ 12 ਦਿਨ ਜਹਾਂਗੀਰ ਮਾਝੇ ਵਿੱਚ ਰਹਿੰਦਾ ਹੈ, ਪਰ ਖੁਸਰੋ ਦੇ ਗੁਰੂ ਸਾਹਿਬ ਜੀ ਨੂੰ ਮਿਲਣ ਦੀ ਰਿਪੋਰਟ ਅਥਵਾ ਖ਼ਬਰ ਜਹਾਂਗੀਰ ਦੇ ਕੰਨਾਂ ਤੱਕ ਨਹੀਂ ਅੱਪੜਦੀ।ਹੁਣ ਇਹ ਗੱਲ ਸੰਘ ਤੋਂ ਥੱਲੇ ਨਹੀਂ ਉਤਰਦੀ ਕਿ ਗੁਰੂ ਸਾਹਿਬ ਜੀ ਖੁਸਰੋ ਨੂੰ ਮਿਲੇ ਹੋਣ ਤੇ ਜਹਾਂਗੀਰ ਨੂੰ ਮਾਝੇ ਦੀ (ਸੁਲਤਾਨਪੁਰ ਤੇ ਗੋਇੰਦਵਾਲ ਆਦਿ) ਧਰਤੀ 'ਤੇ ਮੌਜੂਦ ਹੋਣ ਦੇ ਬਾਵਜੂਦ ਵੀ ਖ਼ਬਰ ਨਾ ਮਿਲੇ।ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ।ਜਹਾਂਗੀਰ ਦੀ ਖੁਫ਼ੀਆ ਏਜੰਸੀ ਦੇ ਬੰਦੇ ਚੱਪੇ-ਚੱਪੇ 'ਤੇ ਸਰਗਰਮ ਸਨ।ਇਤਿਹਾਸ ਦੇ ਲੇਖ ਅਨੁਸਾਰ-"ਜਿਸ ਦਿਨ ਖੁਸਰੋ ਬਗਾਵਤ ਕਰਕੇ ਭੱਜਿਆ ਸੀ, ਉਸੇ ਦਿਨ ਤੋਂ ਹੀ ਜਹਾਂਗੀਰ ਨੇ ਰਾਜਾ ਬਾਸੂ ਨੂੰ ਖੁਸਰੋ ਬਾਰੇ ਖਬਰਾਂ ਲੈਣ ਤੇ ਉਸਨੂੰ ਪਕੜਣ ਲਈ ਪਿੱਛੇ ਲਾ ਦਿੱਤਾ ਸੀ।ਇਹ ਰਾਜਾ ਬਾਸੂ ਪੰਜਾਬ ਦਾ ਸੀ, ਪਰ ਏਹਨੂੰ ਵੀ ਗੁਰੂ ਸਾਹਿਬ ਜੀ ਤੇ ਖੁਸਰੋ ਦੇ ਮਿਲਾਪ ਦੀ ਖ਼ਬਰ ਨਾ ਮਿਲੀ।"

   1 ਤੋਂ 7 ਮਈ ਤੱਕ ਜਹਾਂਗੀਰ ਨੇ ਖੁਸਰੋ ਦੀ ਬਗਾਵਤ ਦਾ ਸਾਰਾ ਹਿਸਾਬ ਕਿਤਾਬ ਖਤਮ ਕਰ ਦਿੱਤਾ, ਮਗਰ ਗੁਰੂ ਸਾਹਿਬ ਜੀ ਤੇ ਖੁਸਰੋ ਦੇ ਮਿਲਾਪ ਦੀ ਖ਼ਬਰ ਅਜੇ ਤੱਕ ਵੀ ਨਹੀਂ ਮਿਲੀ।ਖੁਸਰੋ ਦੇ ਫੜੇ ਹੋਏ ਸਾਥੀਆਂ ਨੂੰ ਤਸੀਹੇ ਦੇ-ਦੇ ਕੇ ਖੁਸਰੋ ਦੀ ਸਹਾਇਤਾ ਕਰਨ ਵਾਲੇ ਮਦਦਗਾਰਾਂ ਬਾਰੇ ਪੁੱਛਿਆ, ਪਰ ਉਨ੍ਹਾਂ ਵਿਚੋਂ ਵੀ ਕਿਸੇ ਨੇ ਗੁਰੂ ਸਾਹਿਬ ਜੀ ਨਾਲ ਮਿਲਾਪ ਦੀ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ।ਅਗਰ ਖੁਸਰੋ ਨਾਲ ਮੇਲ ਮਿਲਾਪ ਹੋਇਆ ਹੁੰਦਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਪਤਾ ਹੋਣਾ ਸੀ।

   7 ਤੋਂ 20 ਮਈ ਤੱਕ 13 ਦਿਨ ਹੋਰ  ਲੰਘ ਗਏ।ਭਾਵ ਖੁਸਰੋ ਦੀ ਬਗਾਵਤ ਵਾਲੀ ਹੀਰ ਦਾ ਭੋਗ ਪਏ ਨੂੰ ਦੋ ਹਫਤੇ ਹੋ ਗਏ ਸੀ।20 ਮਈ ਤੋਂ ਬਾਅਦ ਅਚਾਨਕ ਜਹਾਂਗੀਰ ਨੂੰ ਇਹ ਖ਼ਬਰ ਮਿਲਦੀ ਏ।ਸੋਚਣ ਵਾਲੀ ਗੱਲ ਹੈ ਕਿ ਜਹਾਂਗੀਰ ਦੀ ਖੁਫ਼ੀਆ ਏਜੰਸੀ ਤੇ ਅਹਿਲਕਾਰਾਂ ਨੇ ਇਹ ਖ਼ਬਰ ਪਹਿਲਾਂ ਕਿਉਂ ਨਹੀਂ ਦਿੱਤੀ ? ਉਤਰ ਸਪੱਸ਼ਟ ਹੈ ਕਿ ਇਹ ਇੱਕ ਝੂਠੀ ਖ਼ਬਰ ਸੀ ਤੇ ਗੁਰੂ ਸਾਹਿਬ ਜੀ ਦੇ ਦੁਸ਼ਮਣਾਂ ਦੇ ਗੰਦੇ ਮਨਸੂਬਿਆਂ ਦੀ ਉਪਜ ਸੀ।ਮਤਲਬ-ਪੰਚਮ ਪਾਤਸ਼ਾਹ ਦੇ ਵਿਰੋਧੀਆਂ ਨੇ ਰਲਕੇ 'ਖੁਸਰੋ ਦੀ ਬਗਾਵਤ ਵਿੱਚ ਮਦਦ ਕਰਨ ਦਾ ਬਹਾਨਾ ਬਣਾ ਕੇ' ਖਤਮ ਕਰਨਲਈ ਛੜਯੰਤਰ ਰਚਿਆ, ਜਿਸ ਨੂੰ ਅੰਜ਼ਾਮ ਦੇਣ ਲਈ ਖਬਰ ਜਹਾਂਗੀਰ ਦੇ ਕੰਨਾਂ ਵਿੱਚ ਪਾਈ ਗਈ।

    ਜਹਾਂਗੀਰ ਨੇ ਇਸ ਝੂਠੀ ਸ਼ਿਕਾਇਤ ਨੂੰ ਅਧਾਰ ਬਣਾ ਕੇ, ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ।ਮੁਰਤਜ਼ਾ ਖਾਨ ਨੇ ਗੁਰੂ ਸਾਹਿਬ ਜੀ ਨੂੰ ਅੰਮ੍ਰਿਤਸਰ ਤੋਂ ਮਈ ਦੇ ਅਖੀਰਲੇ ਹਫਤੇ ਵਿੱਚ ਗ੍ਰਿਫ਼ਤਾਰ ਕਰਵਾ ਕੇ ਲਾਹੌਰ ਮੰਗਵਾਇਆ।ਲਾਹੌਰ ਬੰਦੀਖਾਨੇ ਵਿੱਚ ਤਸੀਹੇ ਦੇਣ ਲਈ ਚੰਦੂ ਸ਼ਾਹ ਦੇ ਹਵਾਲੇ ਕਰ ਦਿੱਤਾ।ਸ਼ਾਇਦ ਇਹ ਘਿਰਣਤ ਡਿਊਟੀ ਚੰਦੂ ਨੇ ਆਪ ਮੰਗ ਕੇ ਲਈ ਹੋਵੇ।ਧੀ ਦਾ ਸਾਕ ਛੁੱਟ ਜਾਣ ਕਰਕੇ ਚੰਦੂ ਦੇ ਮਨ ਵਿੱਚ ਬਦਲੇ ਦੀ ਅੱਗ ਲਟ ਲਟ ਬਲ ਰਹੀ ਸੀ।

     ਪਹਿਲੇ ਦਿਨ ਦੁਸ਼ਟ ਚੰਦੂ ਨੇ ਗੁਰੂ ਸਾਹਿਬ ਜੀ ਨੂੰ ਉਬਲਦੇ ਪਾਣੀ ਵਿੱਚ ਬਿਠਾਇਆ।ਅਗਲੇ ਦਿਨ ਨੰਗੇ ਸਰੀਰ 'ਤੇ ਗਰਮ-ਗਰਮ ਰੇਤ ਪਾਈ ਗਈ।ਫਿਰ ਤੱਤੀ ਤਵੀ 'ਤੇ ਬਿਠਾ ਕੇ, ਥੱਲੇ ਅੱਗ ਦੇ ਭਾਂਬੜ ਬਾਲੇ ਗਏ।ਉਪਰੋਂ ਤੱਤੀ-ਤੱਤੀ ਰੇਤ ਸਿਰ ਵਿੱਚ ਪਾਈ ਗਈ।ਇੰਝ ਗੁਰੂ ਸਾਹਿਬ ਜੀ ਦਾ ਸਰੀਰ ਨਿਢਾਲ ਹੋ ਗਿਆ।ਅਤਿ ਦੇ ਭਿਆਨਕ ਕਸ਼ਟਾਂ ਵਿੱਚ ਵੀ ਗੁਰੂ ਜੀ ਦੀ ਸੁਰਤ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹੀ।ਤੱਤੀ ਤਵੀ 'ਤੇ ਬੈਠ ਕੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਗੁਰੂ ਜੀ ਨੂੰ ਵੇਖ ਕੇ, ਸਾਈਂ ਮੀਆਂ ਮੀਰ ਜੀ ਦਾ ਹਿਰਦਾ ਵੀ ਕੁਰਲਾ ਉੱਠਿਆ।ਉਹਦੇ ਜ਼ਿਹਨ ਵਿੱਚ ਕੁੱਝ ਸਾਲ ਪਹਿਲਾਂ ਦੀ ਝਾਕੀ ਉਭਰ ਆਈ : 'ਲਾਹੌਰ ਵਿੱਚ ਗੁਰੂ ਸਾਹਿਬ ਜੀ ਕਾਲ ਪੀੜਤਾਂ ਦੀ ਸੇਵਾ ਕਰ ਰਹੇ ਹਨ।ਬਿਮਾਰਾਂ ਦੀ ਸੇਵਾ ਦੇ ਨਾਲ-ਨਾਲ ਬਿਮਾਰੀ ਦੀ ਦੁਆ-ਦਾਰੂ ਵੀ ਕਰਦੇ ਹਨ।ਭੁੱਖਿਆ ਨੂੰ ਭੋਜਨ ਤੇ ਯਤੀਮਾਂ ਦੀ ਸੰਭਾਲ ਵਿੱਚ ਜੁੱਟੇ ਹੋਏ ਹਨ।' ਪਰ ਅੱਜ ਉਸੇ ਹੀ ਲਾਹੌਰ ਵਿੱਚ ਅਕਹਿ ਤੇ ਅਸਹਿ ਕਸ਼ਟ ਸਹਿ ਰਹੇ ਹਨ।

     ਅਕਹਿ ਤੇ ਅਸਹਿ ਕਸ਼ਟ ਦੇਣ ਤੋਂ ਬਾਅਦ ਬੁੱਚੜ ਹਾਕਮਾਂ ਨੇ, ਅੰਤ 30 ਮਈ 1606 ਈਸਵੀ ਨੂੰ ਗੁਰੂ ਸਾਹਿਬ ਜੀ ਨੂੰ ਰਾਵੀ ਵਿੱਚ ਰੋਹੜ ਦਿੱਤਾ।ਆਪ ਜੀ ਦੀ ਜੋਤ ਪ੍ਰਭੂ ਦੀ ਸਰਵ-ਵਿਆਪਕ ਜੋਤ ਵਿੱਚ ਜਾ ਰਲੀ।ਪੰਚਮ ਪਾਤਸ਼ਾਹ ਦੇ ਆਪਣੇ ਬਚਨ-

   ਜਿਉ ਜਲ ਮਹਿ ਜਲੁ ਆਇ ਖਟਾਨਾ॥

   ਤਿਉ ਜੋਤੀ ਸੰਗਿ ਜੋਤਿ ਸਮਾਨਾ॥

   ਗੁਰੂ ਸਾਹਿਬ ਜੀ ਦੀ ਸ਼ਹੀਦੀ ਉਪਰੰਤ 'ਉਮਦੁਤੁਲ ਤਵਾਰੀਖ' ਦਾ ਕਰਤਾ ਲਿਖਦਾ ਹੈ-

 ਕਿ ਕਲਮ ਦਰ ਤਹਿਰੀਕੇ ਆ ਖੂੰ ਫਿਸ਼ਾਂ

 ਵ ਦੀਦਹ ਗਿਰਿਯਾਂ

 ਵ ਦਿਲ ਬਿਰਿਯਾਂ

  ਵ ਜਾਨ ਹੈਰਾਂ ਮੇਂ ਬਾਸ਼ਦ।

   ਭਾਵ ਗੁਰੂ ਜੀ ਦੀ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਰੱਤ ਦੇ ਹੰਝੂ ਕੇਰਦੀ ਹੈ।ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਤੇ ਜਾਨ ਹੈਰਾਨ ਹੋ ਜਾਂਦੀ ਹੈ।ਗੁਰੂ ਸਾਹਿਬ ਜੀ ਦੀ ਸ਼ਹੀਦੀ ਦੀ ਖ਼ਬਰ ਜਿਸ ਨੇ ਵੀ ਸੁਣੀ, ਉਹ ਕੁਰਲਾ ਉੱਠਿਆ।ਮਗਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਮੁੱਖ ਦੋਸ਼ੀ ਸ਼ੇਖ ਅਹਿਮਦ ਸਰਹੰਦੀ ਤੇ ਉਸਦੇ ਚੇਲੇ-ਚਾਟੜਿਆਂ ਨੂੰ ਅੰਤਾਂ ਦੀ ਖੁਸ਼ੀ ਹੋਈ।ਇਸ ਸ਼ਹਾਦਤ ਵਿੱਚ ਮੁੱਖ ਰੋਲ ਸ਼ੇਖ ਅਹਿਮਦ ਸਰਹੰਦੀ ਦਾ ਸੀ, ਜਿਸ ਨੇ ਆਪਣੇ ਨਾਪਾਕ ਇਰਾਦਿਆਂ ਨੂੰ ਸਫਲ ਕਰਨ ਲਈ ਸ਼ੇਖ ਫਰੀਦ ਬੁਖਾਰੀ (ਮੁਰਤਜ਼ਾ ਖਾਨ) ਨੂੰ ਵਰਤਿਆ।ਸ਼ੇਖ ਫਰੀਦ ਬੁਖਾਰੀ ਨੇ ਇਸ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਸ਼ੇਖ ਅਹਿਮਦ ਸਰਹੰਦੀ ਦੇ ਸਮੂਹ ਜਨੂੰਨੀ ਚੇਲਿਆਂ ਦਾ ਸਾਥ ਦਿੱਤਾ।ਜਹਾਂਗੀਰ ਨੇ ਇਸ ਸਾਜਿਸ਼ ਨੂੰ ਅਮਲੀ ਜਾਮਾ ਪਹਿਨਾਇਆ।ਭਾਵ ਗੁਰੂ ਸਾਹਿਬ ਜੀ ਨੂੰ ਖ਼ਤਮ ਕਰਨ ਲਈ ਅਹਿਮ ਹਿੱਸਾ ਪਾਇਆ।ਇਸ ਤਰ੍ਹਾਂ ਸਮਾਪਤ ਹੋਈ : 'ਪੰਚਮ ਪਾਤਸ਼ਾਹ ਦੀ ਸ਼ਹੀਦੀ ਗਾਥਾ !'

 ਸੁਖਦੇਵ ਸਿੰਘ ਭੁੱਲੜ 

 ਸੁਰਜੀਤ ਪੁਰਾ ਬਠਿੰਡਾ ਪੰਜਾਬ 

 94170-46117