ਲੰਬੀ ਉਮਰ ਲਈ ਪੋਸ਼ਟਿਕ ਖਾਣਾ ਖਾਓ

ਲੰਬੀ ਉਮਰ ਲਈ ਪੋਸ਼ਟਿਕ ਖਾਣਾ ਖਾਓ

                 ਨਾਰਵੇ ਵਿਚ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪ੍ਰਭਾਵੀ ਅਧਿਐਨ ਹੋਇਆ 

  ਖਾਣ-ਪੀਣ ਦਾ ਮਨੁੱਖ ਦੇ ਸਰੀਰ ਤੇ ਕੀ ਅਸਰ ਪੈਂਦਾ ਹੈ, ਇਸ ਨੂੰ ਲੈ ਕੇ ਹਾਲ ਹੀ ਵਿਚ ਨਾਰਵੇ ਚ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪ੍ਰਭਾਵੀ ਅਧਿਐਨ ਕੀਤਾ ਗਿਆ। ਇਸ ਤੋਂ ਪਤਾ ਲੱਗਾ ਹੈ ਕਿ ਜੇਕਰ ਲੋਕ ਆਪਣੇ ਖਾਣ-ਪੀਣ ਵਿਚ ਤਬਦੀਲੀ ਕਰ ਲੈਣ, ਫਾਸਟਫੂਡ ਖਾਣ ਦੀ ਬਜਾਏ ਪੌਸ਼ਟਿਕ ਅਤੇ ਚੰਗੀ ਗੁਣਵੱਤਾ ਵਾਲਾ ਖਾਣਾ ਖਾਣ ਤਾਂ ਉਹ ਤੰਦਰੁਸਤ ਰਹਿਣ ਦੇ ਨਾਲ-ਨਾਲ ਲੰਬੀ ਉਮਰ ਭੋਗ ਸਕਦੇ ਹਨ। ਇਸ ਅਧਿਐਨ ਵਿਚ ਦੁਨੀਆ ਦੇ 204 ਦੇਸ਼ਾਂ ਵਿਚ ਖਾਧੇ ਜਾਣ ਵਾਲੇ ਭੋਜਨ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਕੁਲ 369 ਬੀਮਾਰੀਆਂ ਅਤੇ ਸਿਹਤ ਸਬੰਧੀ ਉਨ੍ਹਾਂ 286 ਕਾਰਨਾਂ ਦਾ ਵੀ ਅਧਿਐਨ ਕੀਤਾ ਗਿਆ, ਜਿਨ੍ਹਾਂ ਕਾਰਨ ਲੋਕਾਂ ਦੀ ਮੌਤ ਹੁੰਦੀ ਹੈ। ਇਹ ਅਧਿਐਨ ਗਲੋਬਲ ਬਰਡਨ ਆਫ ਡਿਜ਼ੀਜ਼ਨਾਂ ਦੇ ਕੌਮਾਂਤਰੀ ਪ੍ਰੋਗਰਾਮ ਅਧੀਨ ਹੋਇਆ, ਜਿਸ ਵਿਚ ਕੁਲ 145 ਦੇਸ਼ਾਂ ਦੇ 3600 ਵਿਗਿਆਨੀਆਂ ਨੇ ਹਿੱਸਾ ਲਿਆ।

ਇਸ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਆਪਣੇ ਭੋਜਨ ਵਿਚ ਹਰੀਆਂ-ਪੱਤੇਦਾਰ ਸਬਜ਼ੀਆਂ, ਬੀਨਜ਼ ਅਤੇ ਮਟਰ ਵਰਗੀਆਂ ਫਲੀਦਾਰ ਚੀਜ਼ਾਂ, ਅਖਰੋਟ, ਬਾਦਾਮ, ਪਿਸਤਾ ਵਰਗੇ ਡ੍ਰਾਈ ਫਰੂਟਸ ਅਤੇ ਰੋਜ਼ ਇਕ ਤੋਂ ਦੋ ਕੱਪ ਫਲ ਤੇ ਸਾਬੁਤ ਅਨਾਜ ਨਾਲ ਬਣਿਆ ਭੋਜਨ ਕਰੇ ਤਾਂ ਉਹ ਜ਼ਿੰਦਗੀ ਭਰ ਤੰਦਰੁਸਤ ਰਹਿੰਦਾ ਹੈ ਤੇ ਉਸ ਦੀ ਉਮਰ ਵੀ ਵਧ ਜਾਂਦੀ ਹੈ। ਇਸ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਜੇਕਰ ਕੋਈ ਮਰਦ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਚੀਜ਼ਾਂ ਨੂੰ ਆਪਣੇ ਭੋਜਨ ਵਿਚ ਨਿਯਮਿਤ ਤੌਰ ਤੇ ਸ਼ਾਮਲ ਕਰ ਲਵੇ ਤਾਂ ਉਸ ਦੀ ਉਮਰ ਲਗਭਗ 13 ਸਾਲ ਤੱਕ ਅਤੇ ਜੇਕਰ ਕੋਈ ਔਰਤ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਨਿਯਮਿਤ ਤੌਰ ਤੇ ਲੈਣਾ ਸ਼ੁਰੂ ਕਰ ਦੇਵੇ ਤਾਂ ਉਸ ਦੀ ਉਮਰ 10 ਸਾਲ ਤੱਕ ਵਧ ਸਕਦੀ ਹੈ। ਇਸ ਦੇ ਇਲਾਵਾ ਇਸ ਅਧਿਐਨ ਵਿਚ ਦੇਖਿਆ ਗਿਆ ਕਿ ਜੇਕਰ 60 ਸਾਲ ਦੇ ਹੋ ਚੁੱਕੇ ਬਜ਼ੁਰਗ ਵਿਅਕਤੀ ਵੀ ਹਰੀਆਂ ਸਬਜ਼ੀਆਂ, ਫਲਾਂ ਤੇ ਸੰਤੁਲਿਤ ਮਾਤਰਾ ਚ ਡ੍ਰਾਈਫਰੂਟ ਨੂੰ ਰੈਗੂਲਰ ਤੌਰ ਤੇ ਆਪਣੇ ਭੋਜਨ ਚ ਸ਼ਾਮਲ ਕਰਨ ਤਾਂ ਉਹ ਵੀ ਆਪਣੀ ਉਮਰ 9 ਸਾਲ ਤੱਕ ਜਦਕਿ ਬਜ਼ੁਰਗ ਔਰਤਾਂ 8 ਸਾਲ ਤੱਕ ਵਧਾ ਸਕਦੀਆਂ ਹਨ।

ਅੱਜ ਦੇ ਯੁੱਗ ਚ ਲੋਕ ਸਿਹਤ ਵਧਾਊ ਖਾਣਾ ਖਾਣ ਦੀ ਬਜਾਏ ਸਵਾਦਿਸ਼ਟ ਖਾਣੇ ਤੇ ਵੱਧ ਧਿਆਨ ਦਿੰਦੇ ਹਨ। ਇਹੀ ਕਾਰਨ ਹੈ ਕਿ ਆਏ ਦਿਨ ਨਵੀਆਂ-ਨਵੀਆਂ ਬੀਮਾਰੀਆਂ ਦਾ ਜਨਮ ਹੋ ਰਿਹਾ ਹੈ ਅਤੇ ਘੱਟ ਉਮਰ ਵਿਚ ਹੀ ਲੋਕ ਉਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜਕਲ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਕ ਫੂਡ, ਫਾਸਟਫੂਡ ਆਦਿ ਬਣਾਉਣ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ ਆਪਣੇ ਫਾਇਦੇ ਲਈ ਲੋਕਾਂ ਦੀਆਂ ਆਦਤਾਂ ਵਿਗਾੜ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਉਂਝ ਇਹ ਸੱਚ ਹੈ ਕਿ ਅੱਜ ਦੇ ਜ਼ਮਾਨੇ ਵਿਚ ਸਿਹਤ ਵਿਗਾੜਨੀ ਸਸਤੀ ਹੈ ਪਰ ਪੌਸ਼ਟਿਕ ਭੋਜਨ ਲੈਣਾ ਥੋੜ੍ਹਾ ਮਹਿੰਗਾ ਪੈਂਦਾ ਹੈ। ਇਸ ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਲੋਕ ਮਾਸ ਖਾਣ ਦੇ ਸ਼ੌਕੀਨ ਹੁੰਦੇ ਹਨ ਅਤੇ ਡੱਬਾਬੰਦ ਮਾਸ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹਾਈ ਕੋਲੈਸਟ੍ਰਾਲ ਵਰਗੀਆਂ ਬੀਮਾਰੀਆਂ ਛੋਟੀ ਉਮਰ ਵਿਚ ਹੀ ਹੋ ਜਾਂਦੀਆਂ ਹਨ। ਮਾਸਾਹਾਰੀ ਵਿਅਕਤੀ ਵੀ ਜੇਕਰ ਹਫਤੇ ਵਿਚ ਇਕ ਦਿਨ ਸ਼ਾਕਾਹਾਰੀ ਭੋਜਨ ਕਰਨ ਦਾ ਨਿਯਮ ਬਣਾ ਲੈਣ ਤਾਂ ਉਹ ਆਪਣੀ ਸਥਿਤੀ ਵਿਚ ਕਾਫੀ ਸੁਧਾਰ ਕਰ ਸਕਦੇ ਹਨ।

ਤੰਦਰੁਸਤ ਜ਼ਿੰਦਗੀ ਜਿਊਣ ਲਈ ਵਿਅਕਤੀ ਦੇ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਚੋਂ ਫਾਈਬਰ ਬਹੁਤ ਮਹੱਤਵਪੂਰਨ ਹੈ। ਫਲਾਂ-ਸਬਜ਼ੀਆਂ, ਸਾਬੁਤ ਅਨਾਜ ਅਤੇ ਬੀਨਜ਼ ਤੋਂ ਫਾਈਬਰ ਪ੍ਰਾਪਤ ਹੁੰਦਾ ਹੈ, ਜੋ ਸਾਡੀ ਪਾਚਨ ਕਿਰਿਆ ਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਨਾਲ ਹੀ ਇਹ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਰੱਖਦਾ ਹੈ। ਫਾਈਬਰ ਹਾਰਟ ਲਈ ਵੀ ਚੰਗਾ ਹੈ ਤੇ ਗਲੋਇੰਗ ਸਕਿਨ ਤੇ ਭਾਰ ਘੱਟ ਕਰਨ ਲਈ ਵੀ ਇਹ ਕਾਫੀ ਮਹੱਤਵਪੂਰਨ ਹੈ। ਡਾਈਟ ਵਿਚ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਕੇ ਅਪਚ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਕੈਂਸਰ ਵਰਗੀਆਂ ਪੁਰਾਣੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਕ ਲੰਬੀ ਤੰਦਰੁਸਤ ਜ਼ਿੰਦਗੀ ਬਿਤਾਈ ਜਾ ਸਕਦੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਅਨੁਸਾਰ, ਇਕ ਵਿਅਕਤੀ ਨੂੰ ਰੋਜ਼ਾਨਾ 28 ਗ੍ਰਾਮ ਫਾਈਬਰ ਖਾਣਾ ਚਾਹੀਦਾ ਹੈ। ਦਾਲਾਂ ਅਤੇ ਬੀਨਜ਼ ਜਿਵੇਂ ਛੋਲੇ, ਰਾਜਮਾਂ, ਮਟਰ, ਮਸੂਰ ਆਦਿ ਚ ਪ੍ਰੋਟੀਨ, ਫਾਲੇਟ ਅਤੇ ਆਇਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਰਾਜਮਾਂ ਦੇ ਅੱਧੇ ਕੱਪ 8 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ। ਸਾਬੁਤ ਅਨਾਜ ਜਿਵੇਂ ਕਿ ਕਣਕ, ਜੌਂ, ਮੱਕਾ, ਬ੍ਰਾਊਨ ਰਾਈਸ, ਬਲੈਕ ਰਾਈਸ, ਬਾਜਰਾ ਆਦਿ ਚ ਫਾਈਬਰ ਦੇ ਇਲਾਵਾ ਪ੍ਰੋਟੀਨ, ਵਿਟਾਮਿਨ ਬੀ, ਐਂਟੀਆਕਸੀਡੈਂਟ ਤੇ ਮਿਨਰਲਜ਼ ਵਰਗੇ ਆਇਰਨ, ਜ਼ਿੰਕ, ਕਾਪਰ ਤੇ ਮੈਗਨੀਸ਼ੀਅਮ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਬ੍ਰੋਕਲੀ ਵਿਚ ਫਾਈਬਰ ਦੇ ਨਾਲ-ਨਾਲ ਕੈਲਸ਼ੀਅਮ ਤੇ ਵਿਟਾਮਿਨ ਸੀ ਦੀ ਮਾਤਰਾ ਵੀ ਪਾਈ ਜਾਂਦੀ ਹੈ। ਨਾਸ਼ਪਤੀ, ਸਟ੍ਰਾਬੇਰੀ, ਰਾਸਪਬੇਰੀ ਆਦਿ ਫਲਾਂ ਚ ਫਾਈਬਰ ਵੱਧ ਮਾਤਰਾ ਚ ਮੌਜੂਦ ਰਹਿੰਦਾ ਹੈ। ਇਸ ਦੇ ਇਲਾਵਾ ਫਲੈਕਸ ਸੀਡਸ ਭਾਵ ਅਲਸੀ ਚ ਫਾਈਬਰ ਦੇ ਨਾਲ-ਨਾਲ ਮਿਨਰਲਜ਼, ਵਿਟਾਮਿਨ, ਮੈਗੀਸ਼ੀਅਮ, ਕਾਪਰ, ਓਮੇਗਾ-3 ਫੈਟੀ ਐਸਿਡ, ਫਾਸਫੋਰਸ ਚੰਗੀ ਮਾਤਰਾ ਚ ਪਾਏ ਜਾਂਦੇ ਹਨ। ਅਲਸੀ ਦੇ 100 ਗ੍ਰਾਮ ਬੀਜਾਂ 27 ਗ੍ਰਾਮ ਫਾਈਬਰ ਮੌਜੂਦ ਹੁੰਦਾ ਹੈ।ਫਾਈਬਰ ਨਾਲ ਭਰਪੂਰ ਖੁਰਾਕੀ ਪਦਾਰਥ ਬਲਿਊ ਜ਼ੋਨਸ ਦੇ ਆਹਾਰ ਵਿਚ ਪ੍ਰਮੁੱਖਤਾ ਨਾਲ ਸ਼ਾਮਲ ਹੁੰਦੇ ਹਨ। ਬਲਿਊ ਜ਼ੋਨਸ ਦੁਨੀਆ ਦੀਆਂ 5 ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਲੰਬੀ ਸਿਹਤ ਜ਼ਿੰਦਗੀ ਬਿਤਾਉਂਦੇ ਹਨ।

ਇਨ੍ਹਾਂ ਪੰਜਾਂ ਜ਼ੋਨਸ ਵਿਚ ਰਹਿਣ ਵਾਲੇ ਲੋਕਾਂ ਦੀ ਲੰਬੀ ਉਮਰ ਦਾ ਰਾਜ਼ ਇਹ ਹੈ ਕਿ ਉਹ ਕਦੀ ਵੀ ਭੁੱਖ ਤੋਂ ਵੱਧ ਨਹੀਂ ਖਾਂਦੇ। ਉਹ ਖਾਸ ਤੌਰ ਤੇ ਸ਼ਕਰਕੰਦੀ ਤੇ ਤਰਬੂਜ਼ ਖਾਣਾ ਪਸੰਦ ਕਰਦੇ ਹਨ। ਇਸ ਚ ਕਈ ਤਰ੍ਹਾਂ ਦੇ ਵਿਟਾਮਿਨਜ਼ ਤੇ ਮਿਨਰਲਜ਼ ਹੁੰਦੇ ਹਨ। ਜਿਵੇਂ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਅਤੇ ਫਾਈਬਰ ਪੇਟ ਨੂੰ ਸਾਫ ਰੱਖਦਾ ਹੈ। ਇਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਇਹ ਵੀ ਹੈ ਕਿ ਉਹ ਜਿਮ ਜਾਣ ਦੀ ਬਜਾਏ ਕੁਦਰਤੀ ਥਾਵਾਂ ਤੇ ਕਸਰਤ ਕਰਨੀ ਪਸੰਦ ਕਰਦੇ ਹਨ। ਕਸਰਤ ਇਨ੍ਹਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੁੰਦੀ ਹੈ। ਸਰੀਰਕ ਤੌਰ ਤੇ ਸਰਗਰਮ ਰਹਿਣ ਨਾਲ ਇਹ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹਨ।