ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ 'ਤੇ ਚਰਚਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ, 16 ਅਪ੍ਰੈਲ ( ) ਬਰਤਾਨੀਆਂ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਅਤੇ ਗੈਰ-ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਘੰਟਾ ਭਰ ਚੱਲੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ: ਇੰਦਰਬੀਰ ਸਿੰਘ ਨਿੱਝਰ ਵਿਧਾਇਕ ਅੰਮ੍ਰਿਤਸਰ ਦੱਖਣੀ ਅਤੇ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਵੀ ਹਾਜ਼ਰ ਸਨ। ਢੇਸੀ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਬਹੁਤ ਧੰਨਵਾਦੀ ਹਾਨ ਜਿਸ ਨੇ ਗਰਮਜੋਸ਼ੀ ਨਾਲ ਮੇਰਾ ਸੁਆਗਤ ਕੀਤਾ। ਢੇਸੀ ਨੇ ਕਿਹਾ ਕਿ ਅਸੀਂ ਮੁਲਾਕਾਤ ਦੌਰਾਨ ਪੰਜਾਬੀ ਭਾਈਚਾਰੇ ਦੀ ਬਿਹਤਰੀ ਵਾਲੇ ਅਹਿਮ ਮਾਮਲਿਆਂ ਬਾਰੇ ਲੰਬੇ ਸਮਾਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਿਸ ਵਿੱਚ ਐਨਆਰਆਈਜ ਦੇ ਜ਼ਮੀਨੀ ਵਿਵਾਦ ਸਬੰਧੀ ਕੇਸਾਂ, ਬਲੈਕਲਿਸਟ ਕੀਤੇ ਵਿਅਕਤੀਆਂ ਅਤੇ ਲੰਬੇ ਸਮੇਂ ਤੋਂ ਸਿਆਸੀ ਕੈਦੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਸਿੱਧੇ ਨਿਵੇਸ਼ ਲਈ ਆਕਰਸ਼ਿਤ ਕਰਨ ਬਾਰੇ ਬਿਹਤਰ ਕਾਨੂੰਨ ਅਤੇ ਨੀਤੀਆਂ ਬਣਾਉਣਾ ਸ਼ਾਮਲ ਹਨ।
ਯੂਕੇ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਨਾਂ ਪੰਜਾਬ ਨਾਲ ਵਧੇਰੇ ਸੰਪਰਕ ਲਈ ਕਾਰਗੋ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਚਰਚਾ ਕੀਤੀ ਹੈ, ਖਾਸ ਕਰਕੇ ਲੰਦਨ, ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਸ਼ਹਿਰਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਚਾਲੂ ਕਰਵਾਉਣਾ ਸ਼ਾਮਲ ਹੈ। ਢੇਸੀ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਸਪੱਸ਼ਟ ਤੌਰ 'ਤੇ ਆਪਣੀ ਵਿਰਾਸਤੀ ਧਰਤੀ ਨੂੰ ਵੱਧਦਾ-ਫੁੱਲਦਾ ਦੇਖਣਾ ਚਾਹੁੰਦਾ ਹੈ ਅਤੇ ਇਸ ਵਿੱਚ ਯੋਗਦਾਨ ਵੀ ਪਾਉਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਵਿਦੇਸ਼ ਦੌਰਿਆਂ ਤੋਂ ਪ੍ਰਾਪਤ ਹੋਏ ਵਿਆਪਕ ਗਿਆਨ ਦੇ ਮੱਦੇਨਜ਼ਰ ਭਰੋਸਾ ਦਿਵਾਇਆ ਕਿ ਉਹ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਨਾਲ ਬਿਨਾਂ ਸ਼ੱਕ ਦੁਵੱਲੇ ਸਹਿਯੋਗ ਸਦਕਾ ਪੰਜਾਬ ਦੀ ਹੋਰ ਤਰੱਕੀ ਹੋਵੇਗੀ।
Comments (0)