ਗੁਰੂ ਨਾਨਕ ਬਾਣੀ ਵਿਚ ਕਾਇਨਾਤ ਨਾਲ ਸਾਂਝ

ਗੁਰੂ ਨਾਨਕ ਬਾਣੀ ਵਿਚ ਕਾਇਨਾਤ ਨਾਲ ਸਾਂਝ

ਗੁਰੂ ਨਾਨਕ ਸਾਹਿਬ ਇਲਾਹੀ ਸੁਨੇਹਾ

ਗੁਰੂ ਨਾਨਕ ਸਾਹਿਬ ਇਲਾਹੀ ਸੁਨੇਹਾ ਦਿੰਦੇ ਹਨ ਤਾਂ ਉਨ੍ਹਾਂ ਦੀ ਬਾਣੀ ਦਾ ਜੋ ਪਿੰਡਾ ਬਣਦਾ ਹੈ ਉਹ ਉਸ ਸਭ ਕੁਝ ਨਾਲ ਓਤ-ਪੋਤ ਹੈ ਜਿਸ ਵੀ ਵਸਤ ਨਾਲ ਗੁਰੂ ਸਾਹਿਬ ਦੀ ਸਾਂਝ ਸੀ। ਗੁਰੂ ਸਾਹਿਬ ਨੂੰ ਆਪਣੀ ਆਲੇ-ਦੁਆਲੇ ਵਿਚੋਂ ਅਕਾਲ ਪੁਰਖ ਦੇ ਦਰਸ਼ਨ ਹੋਏ, ਜਿਸ ਨੂੰ ਉਨ੍ਹਾਂ ਦੀਦਾਰ ਰੂਪ ਵਿਚ ਪ੍ਰਵਾਨ ਕੀਤਾ। ਉਨ੍ਹਾਂ ਇਨ੍ਹਾਂ ਕਾਇਨਾਤੀ ਪ੍ਰਤੀਕਾਂ ਬਿੰਬਾਂ ਦਾ ਆਪਣੀ ਸਾਰੀ ਬਾਣੀ ਵਿਚ ਪਾਸਾਰਾ ਕੀਤਾ ਹੈ। ਜਿਸ ਚੀਜ਼ ਨਾਲ ਮਨੁੱਖ ਦੀ ਸਾਂਝ ਨਾ ਹੋਵੇ ਉਹ ਉਸ ਦਾ ਨਾਮ ਵਾਰ-ਵਾਰ ਆਪਣੀ ਜ਼ੁਬਾਨ 'ਤੇ ਨਹੀਂ ਲਿਆਉਂਦਾ, ਲਿਖਣਾ ਤਾਂ ਦੂਰ ਦੀ ਗੱਲ ਹੈ। ਗੁਰੂ ਸਾਹਿਬ ਦੁਹਰਾ-ਦੁਹਰਾ ਕੇ ਆਪਣੀ ਬਾਣੀ ਵਿਚ ਰੁੱਖਾਂ, ਪਸ਼ੂ, ਪੰਛੀਆਂ, ਫ਼ੁੱਲਾਂ ਦੇ ਨਾਂਅ ਲੈਂਦੇ ਹਨ ਅਤੇ ਸਾਨੂੰ ਅਜਿਹੇ ਮਾਹੌਲ ਨਾਲ ਸਰਸ਼ਾਰ ਕਰਦੇ ਹਨ ਕਿ

ਆਪੇ ਭਵਰਾ ਫੂਲ ਬੇਲਿ॥

ਆਪੇ ਸੰਗਤਿ ਮੀਤ ਮੇਲਿ॥

(ਗੁਰੂ ਗ੍ਰੰਥ ਸਾਹਿਬ, ਅੰਗ : 1190)

ਸਾਡੀ ਆਪਣੀ ਸਾਂਝ ਕਾਇਨਾਤ/ ਪ੍ਰਕਿਰਤੀ ਨਾਲ ਬਣ ਆਵੇ।

ਗੁਰੂ ਸਾਹਿਬ ਉਪਰੋਕਤ ਅੰਕਿਤ ਸ਼ਬਦ ਵਿਚ ਦਰਸਾਉਂਦੇ ਹਨ ਕਿ ਓਹੀ ਅਕਾਲ ਪੁਰਖ ਹਰ ਸ਼ੈਅ ਵਿਚ ਸਮਾਇਆ ਹੋਇਆ ਹੈ, ਉਹ ਆਪ ਹੀ ਫ਼ੁੱਲ ਹੈ ਅਤੇ ਆਪ ਹੀ ਭੌਰ ਬਣ ਉਸ ਉੱਪਰ ਮੰਡਰਾ ਵੀ ਰਿਹਾ ਹੈ। ਉਨ੍ਹਾਂ ਦੀ ਬਾਣੀ ਦਾ ਇਹ ਖਾਸਾ ਸਾਨੂੰ ਅਨੇਕਾਂ ਪੱਧਰਾਂ 'ਤੇ ਪ੍ਰਭਾਵਿਤ ਕਰਦਾ ਹੈ ਅਤੇ ਸਾਨੂੰ ਕਾਇਨਾਤ ਪੱਖੀ ਉਤਸ਼ਾਹਿਤ ਵੀ ਕਰਦਾ ਹੈ।

ਸਾਨੂੰ ਰੱਬ ਨੇ ਦਾਤ ਵਿਚ ਬਹੁਤ ਕੁਝ ਮੁਅੱਸਰ ਕੀਤਾ ਜੋ ਸਾਡੇ ਸਮੇਤ ਹਰ ਜੀਵ ਲਈ ਢੁਕਵਾਂ ਅਤੇ ਜ਼ਰੂਰੀ ਸੀ। ਮਨੁੱਖੀ ਜ਼ਿੰਮੇਵਾਰੀ ਕਾਇਨਾਤ ਪ੍ਰਤੀ ਬਾਕੀ ਜੀਵਾਂ ਨਾਲੋਂ ਵਧੇਰੇ ਹੈ। ਮਨੁੱਖ ਦਾ ਜੁੱਸਾ ਅਤੇ ਸਰੀਰਕ ਬਣਤਰ ਉਸਨੂੰ ਆਪਣੇ ਅਤੇ ਹੋਰਨਾਂ ਜੀਵਾਂ ਦੀ ਸੇਵਾ-ਸੰਭਾਲ ਅਤੇ ਦੇਖ-ਰੇਖ ਲਈ ਢਾਲਦੀ ਹੈ। ਪਰ ਮਨੁੱਖ ਹੀ ਕਾਇਨਾਤ ਦੀ ਇਸ ਖ਼ੂਬਸੂਰਤੀ ਦਾ ਸਭ ਤੋਂ ਭੈੜਾ ਵੈਰੀ ਬਣ, ਉੱਭਰ ਕੇ ਸਾਹਮਣੇ ਆਇਆ ਹੈ। ਮਨੁੱਖ ਦੀ ਮੁਨਾਫ਼ਾਖੋਰ ਬਿਰਤੀ ਅਤੇ ਬਹੁਤਾ ਅਵੇਸਲਾਪਣ ਸਾਨੂੰ ਉਸਦੇ ਆਪਣੇ ਹੀ ਖ਼ਾਤਮੇ ਵੱਲ ਲਿਜਾ ਰਿਹਾ ਹੈ। ਸਾਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਲਿਆਉਂਦੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਗੱਲਾਂ ਕੀਤੀਆਂ ਤਾਂ ਯਾਦ ਕਰਦੇ ਰਹਾਂਗੇ ਪਰ ਕੁਝ ਨਾ ਕਰਨ ਕਰ ਕੇ ਬਾਕੀ ਬਚਿਆ ਕੁਝ ਨਜ਼ਰ ਨਹੀਂ ਆਏਗਾ।

ਕੁਦਰਤ ਨਾਲ ਪਿਆਰ ਕਰਨਾ ਸਿਰਫ਼ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਟੀਚਾ ਹੀ ਨਹੀਂ ਹੋਣਾ ਚਾਹੀਦਾ ਸਗੋਂ ਇਹ ਸਾਡੇ ਜੀਵਨ ਦਾ ਨਾਅਰਾ ਜਾਂ ਨਿਸ਼ਾਨਾ ਹੋਣਾ ਚਾਹੀਦਾ ਹੈ। ਸਾਨੂੰ ਵਿਰਸੇ ਵਿਚ ਹੀ ਗੁੜ੍ਹਤੀ ਇਸ ਪਿਆਰ ਦੀ ਮਿਲੀ ਸੀ ਪਰ ਅਸੀਂ ਅਵੇਸਲੇ ਹੋ ਇਸ ਤੋਂ ਵਿਸਰ ਗਏ ਅਤੇ ਹਨੇਰੇ ਵਿਚ ਟੱਕਰਾਂ ਮਾਰਨ ਜੋਗੇ ਰਹਿ ਗਏ ਹਾਂ। ਗੁਰੂਆਂ ਪੀਰਾਂ ਦੀ ਧਰਤੀ ਕਹੇ ਜਾਂਦੇ ਪੰਜਾਬ ਵਿਚ ਜਦੋਂ ਗੁਰੂ ਨਾਨਕ ਸਾਹਿਬ ਦਾ ਇਲਾਹੀ ਆਗਮਨ ਹੋਇਆ ਤਾਂ ਉਨ੍ਹਾਂ ਦੇ ਨਾਲ ਹੀ ਇਲਾਹੀ ਸੰਦੇਸ਼ ਵੀ ਸਾਡੇ ਤੱਕ ਪੁੱਜੇ। ਇਨ੍ਹਾਂ ਸੁਨੇਹਿਆਂ ਨੂੰ ਆਤਮਸਾਤ ਕਰ ਅਸੀਂ ਸਾਂਭਣਾ ਸੀ ਅਤੇ ਇਸੇ ਨੇ ਹੀ ਕੁਦਰਤ ਦੀ ਖ਼ੂਬਸੂਰਤੀ ਨੂੰ ਸੰਜੋਈ ਰੱਖਣਾ ਸੀ। ਗੁਰੂ ਸਾਹਿਬ ਨੇ ਇਲਾਹੀ ਨਾਦ ਵਿਚ ਜੋ-ਜੋ ਸ਼ਬਦ ਕੁਦਰਤ ਦੀ ਸਿਫ਼ਤ, ਸੰਭਾਲ ਅਤੇ ਇਸ ਵਿਚੋਂ ਕਾਦਰ ਦੇ ਹੁੰਦੇ ਦੀਦਾਰ ਸੰਬੰਧੀ ਕਹੇ ਹਨ ਉਨ੍ਹਾਂ ਨੇ ਸਾਡੀ ਕਾਇਆ ਕਲਪ ਕਰ ਦੇਣੀ ਸੀ। ਗੁਰੂ ਸਾਹਿਬ ਇਸ ਕਾਰੀ ਕੁਦਰਤ ਦੇ ਹਵਾਲੇ ਦੇ-ਦੇ ਇਸਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ ਅਤੇ ਇਸ ਵਿਚੋਂ ਹੀ ਕਾਦਰ ਦੇ ਦਰਸ਼ਨ ਕਰਦੇ ਹਨ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿਚ ਕੁਦਰਤੀ ਵਸਤਾਂ ਅਤੇ ਜੀਵਾਂ ਦੇ ਅਨੇਕਾਂ ਬਿੰਬ ਵਰਤ ਕੇ ਸਾਨੂੰ ਰੌਸ਼ਨ ਕਰਦੇ ਹਨ, ਗੁਰੂ ਸਾਹਿਬ ਆਖਦੇ ਹਨ:-

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥

(ਗੁਰੂ ਗ੍ਰੰਥ ਸਾਹਿਬ, ਅੰਗ : 467)

ਗੁਰੂ ਨਾਨਕ ਸਾਹਿਬ ਪ੍ਰਕਿਰਤੀ ਵਿਚਲੇ ਮਨੁੱਖਾਂ, ਰੁੱਖਾਂ, ਤੀਰਥਾਂ, ਤਟਾਂ, ਬੱਦਲਾਂ ਅਤੇ ਖੇਤਾਂ, ਦੀਪਾਂ, ਲੋਆਂ, ਮੰਡਲਾਂ, ਖੰਡਾਂ, ਬ੍ਰਹਿਮੰਡਾਂ, ਸਰ, ਮੇਰ ਆਦਿ ਪਰਬਤਾਂ ਅਤੇ ਜੀਵਾਂ ਦੀ ਉਤਪਤੀ ਨੂੰ ਧਿਆਨ ਵਿਚ ਰੱਖ ਉਨ੍ਹਾਂ ਦੀ ਵੰਡ ਕਰਦੇ ਹਨ ਅਤੇ ਆਖਦੇ ਹਨ ਕਿ ਇਨ੍ਹਾਂ ਸਭਨਾਂ ਨੂੰ ਪੈਦਾ ਕਰਨ ਵਾਲਾ ਇਕੋ ਹੈ ਅਤੇ ਓਸ ਇਕੋ ਨੇ ਹੀ ਸਭਨਾਂ ਜੀਆਂ ਦੀ ਚਿੰਤਾਂ ਕਰਨੀ ਹੈ। ਗੁਰੂ ਨਾਨਕ ਸਾਹਿਬ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੰਦੇ ਹਨ ਅਤੇ ਧਰਤੀ ਨੂੰ ਮਾਤਾ ਆਖਦੇ ਹਨ-

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥

(ਗੁਰੂ ਗ੍ਰੰਥ ਸਾਹਿਬ, ਅੰਗ : 8)

ਮਨੁੱਖ ਸਿਰਫ਼ ਆਪਣੀ ਹੋਂਦ ਨਾਲ ਹੀ ਸਾਰਾ ਕੁਝ ਸੰਪੂਰਨ ਸਮਝੀ ਜਾਵੇ ਤਾਂ ਉਸ ਦੇ ਅੰਤ ਨੂੰ ਕੋਈ ਨਹੀਂ ਰੋਕ ਸਕਦਾ। ਮਨੁੱਖੀ ਹੋਂਦ ਤੋਂ ਇਲਾਵਾ ਸਹਿ-ਜੀਵਾਂ ਅਤੇ ਰੁੱਖਾਂ ਬਿਰਖਾਂ ਦੀ ਹੋਂਦ ਨਾਲ ਹੀ ਸਾਰੀ ਕੁਦਰਤ ਦੀ ਹੋਂਦ ਸੰਭਵ ਹੁੰਦੀ ਹੈ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਜੇਕਰ ਅਸੀਂ ਰੁੱਖਾਂ ਦੀ ਸਦੀਵਤਾ ਨੂੰ ਕਾਇਮ ਰੱਖਦੇ ਹਾਂ ਤਾਂ ਹੀ ਸਾਡੀ ਹੋਂਦ ਕਾਇਮ ਰਹਿ ਸਕਦੀ ਹੈ। ਅੰਮ੍ਰਿਤ ਅਮਰਤਾ ਦਾ ਪ੍ਰਤੀਕ ਹੈ ਅਤੇ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਨਾਲ ਖਿੜਦੇ ਰੁੱਖਾਂ ਤੋਂ ਅੰਮ੍ਰਿਤ ਦਾ ਰਸ ਪ੍ਰਾਪਤ ਹੁੰਦਾ ਹੈ:-ਅੰਮ੍ਰਿਤ ਅਮਰਤਾ ਦਾ ਪ੍ਰਤੀਕ ਹੈ ਅਤੇ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਨਾਲ ਖਿੜਦੇ ਰੁੱਖਾਂ ਤੋਂ ਅੰਮ੍ਰਿਤ ਦਾ ਰਸ ਪ੍ਰਾਪਤ ਹੁੰਦਾ ਹੈ:-

ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ॥

(ਗੁਰੂ ਗ੍ਰੰਥ ਸਾਹਿਬ, ਅੰਗ : 1033)

ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ॥

ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ॥

(ਗੁਰੂ ਗ੍ਰੰਥ ਸਾਹਿਬ, ਅੰਗ : 59)

ਅਕਾਲ ਪੁਰਖ ਨੇ ਸਾਡੀ ਹੋਂਦ ਨੂੰ ਸੁਰੱਖਿਅਤ ਕਰਨ ਲਈ ਹੀ ਸਾਰੀ ਹੋਰ ਜੀਵ, ਬਨਸਪਤੀ ਦੀ ਉਤਪਤੀ ਕੀਤੀ ਸੀ, ਇਹ ਸਾਰਾ ਕੁਝ ਸਿਰਫ਼ ਸਾਡੇ ਲਈ ਨਹੀਂ ਸਗੋਂ ਅਸੀਂ ਇਕ ਦੂਜੇ ਲਈ ਹਾਂ। ਪੌਦੇ ਬਨਸਪਤੀ ਸਾਨੂੰ ਆਕਸੀਜਨ ਦੇਣ ਲਈ ਸੁਯੋਗੀ ਹੈ ਅਤੇ ਇਸੇ ਨਾਲ ਸਾਡੀ ਮੂਲ ਹੋਂਦ ਸੰਭਵ ਹੁੰਦੀ ਹੈ। ਗੁਰੂ ਨਾਨਕ ਸਾਹਿਬ ਇਸਨੂੰ ਲਾਲ, ਹੀਰੇ ਜਵਾਹਰ, ਮਾਣਕਾਂ ਦੇ ਪ੍ਰਤੀਕਾਂ ਦੀ ਤੁਲਣਾ ਵਿਚ ਦਰਸਾ ਕੀਮਤੀ ਦਰਸਾਉਂਦੇ ਹਨ।

ਗੁਰੂ ਸਾਹਿਬ ਦੀ ਪ੍ਰੀਤ ਪੰਛੀਆਂ ਨਾਲ ਵੀ ਓਨੀ ਹੀ ਹੈ ਜਿੰਨੀ ਹੋਰਨਾਂ ਜੀਵਾਂ ਅਤੇ ਬਨਸਪਤੀ ਨਾਲ ਹੈ। ਗੁਰੂ ਸਾਹਿਬ ਦੀ ਬਾਣੀ ਵਿਚੋਂ ਇਸਦੇ ਅਨੇਕਾਂ ਹਵਾਲੇ ਮਿਲਦੇ ਹਨ:-

ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ॥

(ਗੁਰੂ ਗ੍ਰੰਥ ਸਾਹਿਬ, ਅੰਗ : 14)

ਗੁਰੂ ਨਾਨਕ ਸਾਹਿਬ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਰੱਬ ਨਾਲ ਪ੍ਰੀਤ ਪਾਉਣ ਨੂੰ ਆਖਦੇ ਹਨ। ਰੱਬੀ ਹੁਕਮ ਵਿਚ ਰਹਿਣ ਵਾਲੇ ਮਨੁੱਖ ਦਾ ਮਨ ਰੱਬ ਦੀਆਂ ਕਿਰਤਾਂ ਦੇ ਬਿੰਬਾਂ ਨੂੰ ਵਰਤ ਹੀ ਆਪਣਾ ਰਾਹ ਚੁਣਦਾ ਹੈ। ਗੁਰੂ ਸਾਹਿਬ ਨੇ ਵੀ ਆਪਣੀ ਬਾਣੀ ਵਿਚ ਰੱਬੀ ਕਿਰਤਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਰੱਬ ਨਾਲ ਪ੍ਰੀਤ ਪਾਉਣ ਦੀ ਉਦਾਹਰਨ ਦੇਣ ਸਮੇਂ ਚਾਤ੍ਰਿਕ/ਬੰਬੀਹੇ ਵਰਗੀ ਪ੍ਰੀਤ ਪਾਉਣ ਦਾ ਸੁਨੇਹਾ ਦਿੱਤਾ ਹੈ। ਚਾਤ੍ਰਿਕ ਪੰਛੀ ਬਾਰੇ ਅਜਿਹੀ ਮਾਨਤਾ ਹੈ ਕਿ ਉਹ ਇਕ ਸਵਾਂਤੀ ਬੂੰਦ ਲਈ ਆਪਣਾ ਆਪ ਨਿਛਾਵਰ ਕਰ ਦਿੰਦਾ ਹੈ:-

ਰੇ ਮਨ ਐਸੀ ਹਰਿ ਸਿਉ ਪ੍ਰੀਤਿ

ਕਰਿ ਜੈਸੀ ਚਾਤ੍ਰਿਕ ਮੇਹ॥

(ਗੁਰੂ ਗ੍ਰੰਥ ਸਾਹਿਬ, ਅੰਗ : 60)

ਚਾਤ੍ਰਿਕ ਅਤੇ ਮੱਛੀ ਦੋਵੇਂ ਪਾਣੀ ਨਾਲ ਹੀ ਆਪਣੀ ਰੂਹ ਤ੍ਰਿਪਤੀ ਕਰਦੇ ਹਨ ਅਤੇ ਹਿਰਨ ਘੰਡੇ ਹੇੜੇ ਦੇ ਸ਼ਬਦ ਨਾਲ ਆਪਣੀ ਤ੍ਰਿਪਤੀ ਤੱਕਦਾ ਹੈ। ਇਨ੍ਹਾਂ ਦੀ ਤ੍ਰਿਪਤੀ ਦਾ ਸਾਧਨ ਦਰਸਾ ਗੁਰੂ ਸਾਹਿਬ ਮਨੁੱਖ ਦਾ ਧਿਆਨ ਰੱਬੀ ਗੀਤ ਗਾਉਣ ਵੱਲ ਸੇਧਿਤ ਕਰਦੇ ਹਨ। ਉਨ੍ਹਾਂ ਦੀ ਬਾਣੀ ਵਿਚੋਂ ਅਜਿਹੀਆਂ ਅਨੇਕਾਂ ਹੀ ਉਦਾਹਰਨਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਜਿੱਥੇ ਉਹ ਅਜਿਹੇ ਹੀ ਕਿੰਨੇ ਪਸ਼ੂ ਪੰਛੀਆਂ ਦੇ ਬਿੰਬ ਵਰਤ ਸਾਡਾ ਮਾਰਗ ਦਰਸ਼ਨ ਕਰਦੇ ਹਨ।

ਜੇਕਰ ਮਨੁੱਖ ਕਿਸੇ ਵੀ ਜੀਵ ਨੂੰ ਤੁੱਛ ਸਮਝਦਾ ਹੈ ਤਾਂ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਗੁਰੂ ਨਾਨਕ ਰਾਹ ਨਾਲ ਕੋਈ ਸਰੋਕਾਰ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਸਾਡੇ ਲਈ ਸਭ ਤੋਂ ਤੁੱਛ ਸਮਝੇ ਜਾਂਦੇ ਕੀੜੇ-ਮਕੌੜਿਆਂ, ਮੱਖੀ, ਚਿੱਚੜ ਆਦਿ ਦੀ ਵੀ ਉਦਾਹਰਨ ਦੇ ਕੇ ਸਾਨੂੰ ਰਾਹੇ ਪਾਉਣਾ ਕੀਤਾ ਹੈ:-

ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥

(ਗੁਰੂ ਗ੍ਰੰਥ ਸਾਹਿਬ, ਅੰਗ : 581)

ਫੁੱਲ ਜਿੱਥੇ ਵੀ ਦਿਖਾਈ ਦੇ ਜਾਂਦਾ ਹੈ ਅਸੀਂ ਅਸ਼-ਅਸ਼ ਕਰ ਉੱਠਦੇ ਹਾਂ, ਉਸ ਦੀ ਮਹਿਕ ਲਈ ਬਿਹਬਲ ਹੋ ਜਾਂਦੇ ਹਾਂ। ਪਰ ਸਾਡਾ ਨਜ਼ਰੀਆਂ ਹਰ ਸ਼ੈਅ ਨੂੰ ਮਾਣਨ ਤੱਕ ਮਹਿਦੂਦ ਹੋ ਗਿਆ ਹੈ, ਉਸ ਦੀ ਸਾਂਭ-ਸੰਭਾਲ ਅਤੇ ਰੱਖ-ਰੱਖਾਅ ਦਾ ਹਈਆ ਕਰਨਾ ਹੁਣ ਸਚਮੁੱਚ ਭਲੇ ਵਿਰਲੇ ਮਨੁੱਖਾਂ ਦੇ ਹਿੱਸੇ ਰਹਿ ਗਿਆ ਹੈ। ਸਾਨੂੰ ਫ਼ੁੱਲਾਂ ਦੇ ਰੰਗ ਮੋਹਿਤ ਤਾਂ ਕਰਦੇ ਹਨ ਪਰ ਅਸੀਂ ਉਸ ਮਹਿਕ ਨੂੰ ਕਾਇਮ ਰੱਖਣ ਲਈ ਅਗਰਸਰ ਨਹੀਂ ਹੁੰਦੇ। ਇਕ ਪਾਸੇ ਸਾਡੀ ਹਕੀਕਤ ਹੈ ਅਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦੀ ਫ਼ੁੱਲਾਂ ਨਾਲ ਪ੍ਰੀਤ ਦੇ ਸ਼ਬਦ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਕੰਵਲ ਦੇ ਫ਼ੁੱਲ ਦਾ ਪ੍ਰਤੀਕ ਵਰਤ ਸਾਨੂੰ ਉਪਦੇਸ਼ ਦੇਣਾ ਕੀਤਾ ਹੈ। ਉਨ੍ਹਾਂ ਦੀ ਬਾਣੀ ਵਿਚੋਂ ਜੇਕਰ ਕਿਸੇ ਫ਼ੁੱਲ ਦਾ ਸਭ ਤੋਂ ਜ਼ਿਆਦਾ ਜ਼ਿਕਰ ਅਤੇ ਬਿੰਬ ਵਰਤੋਂ ਹੋਈ ਹੈ ਤਾਂ ਉਹ ਕੰਵਲ ਦਾ ਫ਼ੁੱਲ ਹੈ। ਇਸ ਤੋਂ ਅਸੀਂ ਗੁਰੂ ਸਾਹਿਬ ਦੀ ਬਨਸਪਤੀ ਨਾਲ ਪ੍ਰੀਤ ਨੂੰ ਬਾਖ਼ੂਬੀ ਵੇਖ ਸਕਦੇ ਹਾਂ।

ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿਚ ਪ੍ਰਕਿਰਤੀ ਵਿਚੋਂ ਲਏ ਇਕ ਨਹੀਂ ਅਨੇਕ ਹੀ ਕਿਸਮ ਦੇ ਬਿੰਬਾਂ ਪ੍ਰਤੀਕਾਂ ਰਾਹੀਂ ਸਾਨੂੰ ਸਿੱਖਿਆ ਦਿੰਦੇ ਹਨ। ਉਨ੍ਹਾਂ ਦੀ ਇਸ ਜੁਗਤ ਨੂੰ ਉਨ੍ਹਾਂ ਦੀ ਜੀਵ-ਬਨਸਪਤੀ ਨਾਲ ਪ੍ਰੀਤ ਵਜੋਂ ਵੇਖ ਕੇ ਹੀ ਸਮਝਿਆ ਜਾ ਸਕਦਾ ਹੈ। ਉਨ੍ਹਾਂ ਨੇ ਪਸ਼ੂਆਂ, ਪੰਛੀਆਂ, ਰੁੱਖਾਂ, ਵੇਲਾਂ, ਪੌਦਿਆਂ, ਫ਼ੁੱਲਾਂ, ਵਿਚੋਂ ਪਾਨ, ਸਿੰਬਲ, ਭੌਰੇ, ਵੱਛੇ, ਕੋਇਲ, ਪਪੀਹਾ/ਬੰਬੀਹਾ/ਚਾਤ੍ਰਿਕ, ਹਿਰਨ, ਮੱਖੀ, ਕੀੜੀ, ਕੱਛੂ, ਜੰਗਲ, ਡੱਡੂ, ਕੰਵਲ ਫ਼ੁੱਲ, ਅੰਬ, ਬਾਂਦਰ, ਕੇਸਰ, ਕਸੁੰਭੇ, ਹੰਸ, ਅੱਕ, ਚਿੱਚੜ, ਕੀਟ, ਚੁਪਤੀ ਆਦਿ ਦੇ ਬਿੰਬਾਂ ਪ੍ਰਤੀਕਾਂ ਨੂੰ ਵਰਤ ਆਪਣੀ ਪ੍ਰਤੀ ਜ਼ਾਹਰ ਕੀਤੀ ਹੈ। ਉਨ੍ਹਾਂ ਦੇ ਆਮ ਜੀਵਨ ਦਾ ਇਹ ਸਭ ਕੁਝ ਹਿੱਸਾ ਸਨ ਅਤੇ ਇਸੇ ਨੂੰ ਹੀ ਇਲਾਹੀ ਸੁਨੇਹਾ ਦੇਣ ਦਾ ਸਾਧਨ ਚੁਣ ਉਨ੍ਹਾਂ ਆਪਣੀ ਬਾਣੀ ਵਿਚ ਉਤਾਰਿਆ। ਸਾਨੂੰ ਸੁਨੇਹਾ ਇਹੀ ਹੈ ਕਿ ਇਹ ਬਾਣੀ ਵਿਚ ਜੀਵਨ ਵਿਚਰ ਰਹੇ ਹਨ ਤਾਂ ਅਸੀਂ ਇਨ੍ਹਾਂ ਨੂੰ ਸੰਸਾਰ ਵਿਚ ਵਿਚਰਨ ਦੀ ਥਾਂ ਦਈਏ ਅਤੇ ਬਾਣੀ ਦੀ ਅਮਰਤਾ ਨੂੰ ਵੇਖ ਇਨ੍ਹਾਂ ਜੀਵਾਂ ਨੂੰ ਵੀ ਜੀਵਨ ਜਿਉਣ ਦਈਏ। ਗੁਰੂ ਸਾਹਿਬ ਸਾਨੂੰ ਮਿਲ ਕੇ ਇਸ ਹੰਭਲੇ ਦਾ ਹਿੱਸੇਦਾਰ ਬਣਾਉਣਾ ਚਾਹੁੰਦੇ ਸਨ ਤਾਂ ਜੋ ਇਸ ਧਰਤੀ ਦੀ ਗੋਦ ਰੱਬ ਦੀ ਹੋਰ ਜਾਨਦਾਰ ਅਤੇ ਸ਼ਾਹਕਾਰ ਨਜ਼ਰ ਆਵੇ।

 

ਪਰਮਿੰਦਰ ਸਿੰਘ