ਵਧੀਆ ਭਵਿੱਖ ਲਈ ਯੋਜਨਾਬੰਦੀ ਕਰੇ ਸਿੱਖ ਪੰਥ 

ਵਧੀਆ ਭਵਿੱਖ ਲਈ ਯੋਜਨਾਬੰਦੀ ਕਰੇ ਸਿੱਖ ਪੰਥ 

    ਸਿੱਖ ਕੌਮ ਦੀ ਧਾਰਮਿਕ ਪ੍ਰਫੁੱਲਿਤਾ ਅਤੇ ਕਾਮਯਾਬੀ ਲਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ

ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿੱਖ ਕੌਮ ਇਸ ਦੇਸ਼ ਦੇ ਹਰ ਪ੍ਰਾਂਤ ਅਤੇ ਵਿਦੇਸ਼ਾਂ ਵਿਚ ਵੱਸ ਚੁੱਕੀ ਹੈ ਅਤੇ ਬਹੁਤ ਕਾਮਯਾਬੀਆਂ ਪ੍ਰਾਪਤ ਕਰ ਰਹੀ ਹੈ। ਇਸ ਦੇਸ਼ ਦੇ ਹਰ ਵੱਡੇ ਸਥਾਨ ਜਿਵੇਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਫ਼ੌਜ ਦੇ ਮੁਖੀ ਆਦਿ ਹਰ ਵੱਡੀ ਪਦਵੀ ਇਸ ਕੌਮ ਨੇ ਪ੍ਰਾਪਤ ਕੀਤੀ ਹੈ।ਜਦੋਂ ਕੋਈ ਕੌਮ ਬਹੁਤ ਤਰੱਕੀਆਂ ਕਰਨ ਲੱਗ ਪਵੇ ਤਾਂ ਇਹ ਸੁਭਾਵਿਕ ਹੈ ਕਿ ਕੁਝ ਤਾਕਤਾਂ ਉਸ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਹੋ ਜਾਂਦੀਆਂ ਹਨ।ਸਿੱਖ ਕੌਮ ਦੀ ਧਾਰਮਿਕ ਪ੍ਰਫੁੱਲਿਤਾ ਅਤੇ ਕਾਮਯਾਬੀ ਲਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ। ਕੌਮ ਦੀ ਇਸ ਸੰਸਥਾ 'ਤੇ ਸ਼ਰਧਾ ਵੀ ਹੈ ਅਤੇ ਆਸਾਂ ਵੀ ਹਨ। ਸ਼੍ਰੋਮਣੀ ਕਮੇਟੀ ਨੂੰ ਇਹ ਸੋਚਣਾ ਪਵੇਗਾ ਕਿ ਆਉਣ ਵਾਲੇ ਸਮਿਆਂ ਵਿਚ ਇਸ ਕੌਮ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਅਤੇ ਕੀ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਇਸ ਕੌਮ ਦਾ ਆਉਣ ਵਾਲਾ ਸਮਾਂ ਚੰਗਾ ਅਤੇ ਖ਼ੁਸ਼ਹਾਲ ਹੋਵੇ।ਆਉਣ ਵਾਲੇ ਸਮੇਂ ਵਿਚ ਸਾਰੀ ਦੁਨੀਆ ਦੇ ਲੋਕ ਇਕ-ਦੂਜੇ ਦੇ ਬਹੁਤ ਨੇੜੇ ਹੁੰਦੇ ਜਾਣਗੇ ਅਤੇ ਇਕ ਕੌਮ ਦਾ ਦੂਜੀ ਕੌਮ ਦੇ ਲੋਕਾਂ 'ਤੇ ਹਰ ਪੱਖੋਂ ਪ੍ਰਭਾਵ ਪਵੇਗਾ। ਜਿਵੇਂ ਖਾਣ ਦੇ ਤੌਰ-ਤਰੀਕੇ, ਪਹਿਰਾਵਾ, ਜੀਵਨ-ਸ਼ੈਲੀ ਆਦਿ। ਆਉਣ ਵਾਲੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੋਰ ਚੰਗਿਆਈ ਨਾਲ ਸਮਝਣ ਦੀ ਲੋੜ ਹੋਵੇਗੀ।ਇਸ ਕੌਮ ਨੇ ਦੇਸ਼ ਵਿਚ ਅਤੇ ਵਿਦੇਸ਼ਾਂ ਵਿਚ ਹਰ ਔਕੜ ਸਮੇਂ ਮਨੁੱਖਤਾ ਨੂੰ ਸੁਖੀ ਕਰਨ ਲਈ ਹਰ ਯਤਨ ਕੀਤਾ ਹੈ ਅਤੇ ਆਪਣੀ ਕਿਰਤ ਕਮਾਈ ਵਿਚੋਂ ਕਰੋੜਾਂ, ਨਹੀਂ ਅਰਬਾਂ ਰੁਪਏ ਦਾਨ ਗੁਰੂ ਦੇ ਸਿਧਾਂਤਾਂ 'ਤੇ ਚਲਦਿਆਂ ਹੋਇਆਂ ਕੀਤੇ ਹਨ। ਜਿਵੇਂ ਬਰਤਾਨੀਆ ਵਿਚ ਬੇਰੁਜ਼ਗਾਰਾਂ ਨੂੰ ਲੰਗਰ ਛਕਾਉਣਾ, ਫਰਾਂਸ ਤੋਂ ਇੰਗਲੈਂਡ ਜਾਂਦੇ ਟਰੱਕਾਂ ਦੇ ਰੁਕਣ 'ਤੇ ਮਦਦ ਕਰਨੀ, ਅਰਬ ਦੇਸ਼ਾਂ ਵਿਚ ਲੜਾਈ ਦੇ ਸਮੇਂ ਉਨ੍ਹਾਂ ਲੋਕਾਂ ਲਈ ਸਹਾਈ ਹੋਣਾ, ਰੋਹਿੰਗਿਆ ਮੁਸਲਮਾਨਾਂ ਦੇ ਉਜੜਨ 'ਤੇ ਸਹਾਇਤਾ ਕਰਨੀ, ਦੇਸ਼ ਵਿਚ ਤਾਲਾਬੰਦੀ ਸਮੇਂ ਪੈਦਲ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਹਰ ਪੱਖੋਂ ਮਦਦ ਕਰਨੀ, ਕੋਵਿਡ-19 ਦੇ ਸਮੇਂ ਵਿਚ ਦੇਸ਼ ਦੇ ਹਰ ਵਾਸੀ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਆਦਿ, ਜੇ ਲਿਖਣ ਲੱਗੀਏ ਤਾਂ ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਸਿੱਖ ਕੌਮ ਦੇ ਗੁਰਦੁਆਰੇ ਬਹੁਤ ਵਿਸ਼ਾਲ ਤੇ ਸੁੰਦਰ ਹਨ ਅਤੇ ਸ਼ਰਧਾਲੂਆਂ ਲਈ ਇਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਹਨ। ਹੁਣ ਸਾਰੀ ਮਨੁੱਖਤਾ ਇਸ ਬਾਬਤ ਜਾਣਦੀ ਹੈ।

ਸਮਾਂ ਬੜੀ ਤੇਜ਼ੀ ਨਾਲ ਹਰ ਪਹਿਲੂ ਤੋਂ ਪਰਿਵਰਤਨਸ਼ੀਲ ਹੈ। ਇਸ ਕੌਮ ਲਈ ਵੀ ਇਸ ਬਾਰੇ ਬੜੀ ਸੰਜੀਦਗੀ ਨਾਲ ਸੋਚਣ ਦਾ ਸਮਾਂ ਆ ਗਿਆ ਹੈ। ਪੰਜਾਬ ਵਿਚੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਕਰੋੜਾਂ ਰੁਪਏ ਖ਼ਰਚ ਕੇ ਵਿਦੇਸ਼ਾਂ ਨੂੰ ਚਲੇ ਜਾ ਰਹੇ ਹਨ। ਇਸ ਪ੍ਰਕਿਰਿਆ ਨੂੰ ਵੇਖਦਿਆਂ ਹੋਇਆਂ ਮਨ ਉਦਾਸ ਹੋ ਜਾਂਦਾ ਹੈ। ਪੰਜਾਬ ਦੇ ਇਹ ਬੱਚੇ ਕਿਸ ਮੁਲਕ ਵਿਚ ਚਲੇ ਗਏ ਹਨ ਅਤੇ ਉਨ੍ਹਾਂ ਦੇ ਉਥੇ ਕੀ ਹਾਲਾਤ ਹਨ, ਕੋਈ ਅਜਿਹੀ ਸੰਸਥਾ ਨਹੀਂ ਜੋ ਇਸ ਬਾਬਤ ਪਤਾ ਕਰਨ ਲਈ ਯਤਨਸ਼ੀਲ ਹੋਵੇ।ਕੁਝ ਸੰਸਥਾਵਾਂ ਤੋਂ ਵੀ ਸਿੱਖਣ ਦੀ ਲੋੜ ਹੈ ਜਿਵੇਂ ਡੀ.ਏ.ਵੀ. ਕਮੇਟੀ ਇਕ ਅਜਿਹੀ ਖ਼ੁਦਮੁਖ਼ਤਿਆਰ ਸੰਸਥਾ ਹੈ ਜਿਸ ਦਾ ਕੰਮ ਸਿਰਫ ਅਤੇ ਸਿਰਫ ਪੜ੍ਹਾਈ ਦੇ ਅਦਾਰੇ ਕਾਇਮ ਕਰਨਾ ਹੈ। ਇਹ ਸੰਸਥਾਨ ਦੇਸ਼ ਅਤੇ ਵਿਦੇਸ਼ਾਂ ਵਿਚ ਨਵੇਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬਣਾਈ ਜਾ ਰਹੇ ਹਨ। ਇਥੋਂ ਤੱਕ ਹੀ ਨਹੀਂ, ਚੰਡੀਗੜ੍ਹ ਦੇ ਇਕ ਪ੍ਰੋਫ਼ੈਸਰ ਨੇ ਪੰਜਾਬ ਵਿਚ ਇਕ ਅਤੇ ਹਿਮਾਚਲ ਵਿਚ ਦੋ ਯੂਨੀਵਰਸਿਟੀਆਂ ਕਾਇਮ ਕਰ ਦਿੱਤੀਆਂ ਹਨ। ਇੰਗਲੈਂਡ ਤੋਂ ਆਏ ਇਕ ਪਰਿਵਾਰ ਨੇ ਆਪਣੀ ਹਿੰਮਤ ਨਾਲ ਪੰਜਾਬ ਅਤੇ ਹਿਮਾਚਲ ਵਿਚ ਕਈ ਯੂਨੀਵਰਸਿਟੀਆਂ ਕਾਇਮ ਕੀਤੀਆਂ ਹਨ। ਸਿੱਖ ਕੌਮ ਦੀਆਂ ਕਿੰਨੀਆਂ ਯੂਨੀਵਰਸਿਟੀਆਂ ਹਨ? ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੇ ਇਸ ਵੱਲ ਧਿਆਨ ਤਾਂ ਦਿੱਤਾ ਹੈ ਪਰ ਇਸ ਕੰਮ ਵਿਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਸਿੱਖ ਕੌਮ ਆਉਣ ਵਾਲੇ ਸਮੇਂ ਦੀ ਨਾਜ਼ੁਕਤਾ ਨੂੰ ਸਮਝੇ ਕਿ ਆਉਣ ਵਾਲਾ ਸਮਾਂ ਸਿੱਖਿਆ ਤੇ ਤਕਨਾਲੋਜੀ ਦਾ ਯੁੱਗ ਹੋਵੇਗਾ ਅਤੇ ਹਰ ਕੰਮ ਲਈ ਕੰਪਿਊਟਰਾਂ ਦੀ ਵਰਤੋਂ ਹੋਵੇਗੀ ਅਤੇ ਉਸ ਵਿਚ ਨਵੇਂ-ਨਵੇਂ ਤਰੀਕੇ ਦੇ ਸਾਫਟਵੇਅਰ ਪ੍ਰੋਗਰਾਮ ਸ਼ਾਮਿਲ ਹੋਣਗੇ ਜੋ ਸਿਰਫ ਉੱਚ ਪੱਧਰੀ ਪੜ੍ਹਾਈ ਵਾਲੇ ਵਿਦਿਆਰਥੀ ਹੀ ਵਰਤ ਸਕਣਗੇ। ਉਹੀ ਕੌਮ ਅੱਗੇ ਵਧ ਸਕੇਗੀ ਜਿਸ ਦੇ ਬੱਚੇ ਉੱਚ ਪੱਧਰੀ ਸਿੱਖਿਆ ਹਾਸਲ ਕਰਨਗੇ। ਲੋੜ ਹੈ ਕਿ ਸਿੱਖ ਕੌਮ ਹੁਣ ਤੋਂ ਹੀ ਤਿਆਰੀ ਕਰੇ ਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਅਰੋਗ ਅਤੇ ਸਿਹਤਮੰਦ ਹੋਣ। ਇਸ ਲਈ ਵਧੀਆ ਪੱਧਰ ਦੇ ਹਸਪਤਾਲ ਅਤੇ ਮੈਡੀਕਲ ਕਾਲਜ ਬਣਾਉਣ ਦੀ ਲੋੜ ਹੈ।

ਇਸ ਮੌਕੇ 'ਤੇ ਉਸ ਮਹਾਂਵਾਕ ਨੂੰ ਯਾਦ ਕਰਦਿਆਂ 'ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ' ਕੌਮ ਦੇ ਰੋਸ ਅਤੇ ਦੁੱਖ ਨੂੰ ਇਸ ਤਰ੍ਹਾਂ ਪਰਿਵਰਤਿਤ ਕਰਨ ਦੀ ਲੋੜ ਹੈ ਕਿ ਕੌਮ ਦੀ ਸੱਚੀ ਅਤੇ ਸੁੱਚੀ ਕਮਾਈ ਸਾਂਭ ਕੇ ਉਸ ਢੰਗ ਲਾਈ ਜਾਵੇ ਜੋ ਕੌਮ ਦੇ ਆਉਣ ਵਾਲੇ ਸਮੇਂ ਨੂੰ ਰੁਸ਼ਨਾਏ ਅਤੇ ਚਾਨਣ ਮੁਨਾਰੇ ਦਾ ਕੰਮ ਕਰੇ। ਇਹ ਮੇਰੀ ਪ੍ਰਾਰਥਨਾ ਹੈ।

 

ਇੰਜੀਨੀਅਰ ਸੁਰਿੰਦਰ ਸਿੰਘ

-ਮੈਂਬਰ ਪੰਜਾਬ ਯੂਨੀਵਰਸਿਟੀ ਸੈਨਿਟ ਅਤੇ ਸਿੰਡੀਕੇਟ