ਵਿਸ਼ਵ ਸ਼ਾਂਤੀ  ਦਾ ਮਸਲਾ ਤੇ ਨਸਲਵਾਦ ਬਨਾਮ ਨਿਆਂ

ਵਿਸ਼ਵ ਸ਼ਾਂਤੀ  ਦਾ ਮਸਲਾ ਤੇ ਨਸਲਵਾਦ ਬਨਾਮ ਨਿਆਂ

ਸਮਾਵੇਸ਼ੀ ਸ਼ਾਂਤੀ ਦੀ ਪ੍ਰਾਪਤੀ ਲਈ ਸਿੱਖਿਆ ਦੀ ਲੋੜ ਹੈ

ਦੀਰਘਕਾਲਿਕ ਸ਼ਾਂਤੀ ਪ੍ਰਾਪਤ ਕਰਨ ਲਈ ਵਿਸ਼ਵ ਦੀ ਪ੍ਰਮੁੱਖ ਲੀਡਰਸ਼ਿਪ ਦਾ ਵਿਵਹਾਰ ਅਤੇ ਸਮਝ ਵੀ ਬਹੁਤ ਜਿਆਦਾ ਚੇਤਨ ਨਹੀਂ ਹੈ।ਵਿਸ਼ਵ ਸ਼ਾਂਤੀ ਦਾ ਮਿੱਥ ਅਜੇ ਵੀ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ ਅਤੇ ਇਹ ਅਸਲੀਅਤ ਤੋਂ ਕਾਫੀ ਦੂਰ ਹੈ।ਵਿਸ਼ਵ ਦੇ ਵੱਖ-ਵੱਖ ਕੋਨਿਆਂ ਵਿਚ ਸ਼ਾਂਤੀ ਨਾ ਪ੍ਰਾਪਤ ਕਰ ਸਕਣ ਦਾ ਮੁੱਖ ਅਧਾਰ ਹੀ ਨਸਲਵਾਦ, ਜਾਤੀਵਾਦ, ਰੰਗ-ਭੇਦਭਾਵ, ਧਾਰਮਿਕ ਅਤੇ ਲੰਿਗਕ ਭੇਦਭਾਵ ਦਾ ਬੋਲਬਾਲਾ ਹੈ।ਸ਼ਾਂਤੀ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਮੁਲ਼ਕਾਂ ਵਿਚਕਾਰ ਆਪਸੀ ਸੰਵਾਦ – ਵਿਕਸਿਤ, ਵਿਕਾਸਸ਼ੀਲ ਅਤੇ ਅਲਪ-ਵਿਕਸਿਤ ਦੇਸ਼ਾਂ ਦੀ ਆਰਥਿਕਤਾ ਅਤੇ ਰਾਜਨੀਤਿਕ ਪ੍ਰਬੰਧ ਵਿਚ ਵੱਡੇ ਪਾੜੇ ਕਰਕੇ ਅਜੇ ਵੀ ਬਹੁਤ ਕਠਿਨ ਹੈ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਂਤੀ ਜੰਗ ਜਾਂ ਯੁੱਧ ਦੀ ਸਥਿਤੀ ਦੀ ਤੀਬਰਤਾ ਨੂੰ ਘੱਟ ਕਰਦੀ ਹੈ।ਵੱਖ-ਵੱਖ ਮੁਲ਼ਕਾਂ ਵਿਚਕਾਰ ਯੁੱਧ ਜਾਂ ਤੀਬਰਤਾ ਦੀ ਸਥਿਤੀ ਨੂੰ ਸ਼ਾਂਤੀ ਰਾਹੀ ਹੀ ਹੱਲ ਕੀਤਾ ਜਾ ਸਕਦਾ ਹੈ।ਯੁੱਧਾਂ ਨੂੰ ਮਨੁੱਖੀ ਪੀੜਾ ਦਾ ਪ੍ਰਮੁੱਖ ਕਾਰਣ ਮੰਨਿਆ ਜਾਂਦਾ ਹੈ।ਵਿਸ਼ਵ ਸ਼ਾਂਤੀ ਅਜੇ ਵੀ ਇਕ ਭਰਮ ਹੈ।ਵੱਖ-ਵੱਖ ਮੁਲ਼ਕਾਂ ਵਿਚ ਚੱਲ ਰਹੀਆਂ ਤਣਾਅ ਭਰੀਆਂ ਸਥਿਤੀਆਂ ਜਿਵੇਂ ਕਿ ਅਫਗਾਨਿਸਤਾਨ ਵਿਚ ਸੱਤਾ ਪਰਿਵਰਤਨ ਨੂੰ ਲੈ ਕੇ ਟਕਰਾਅ, ਇਜ਼ਰਾਈਲ ਅਤੇ ਫਲਸਤੀਨ ਦਾ ਆਪਸੀ ਝਗੜਾ, ਅਰਬ ਦੇਸ਼ਾਂ ਦੇ ਅੰਦਰੂਨੀ ਕਲੇਸ਼, ਭਾਰਤ, ਪਾਕਿਸਤਾਨ ਅਤੇ ਚੀਨ ਦਾ ਆਪਸੀ ਤਣਾਅ, ਕੋਰੀਅਨ ਪੈਨਿਨਸੁਲਾ ਟਕਰਾਅ, ਸੂਡਾਨ ਅਤੇ ਨਵੇਂ ਸੂਡਾਨ ਵਿਚ ਉਥਲ-ਪੁਥਲ, ਨਾਈਜੀਰੀਆ ਅਤੇ ਯੂਗਾਂਡਾ ਦਾ ਅੰਦਰੂਨੀ ਟਕਰਾਅ, ਲੈਟਿਨ ਅਮਰੀਕੀ ਦੇਸ਼ਾਂ ਦੇ ਮਸਲੇ ਅਤੇ ਬਹੁਤ ਸਾਰੇ ਅਫਰੀਕੀ ਦੇਸ਼ਾਂ ਵਿਚ ਟਕਰਾਅ ਦੀਆਂ ਸਥਿਤੀਆਂ ਇਸ ਦੀ ਗਵਾਹੀ ਭਰਦੀਆਂ ਹਨ।ਭਾਰਤ ਵਿਚ ਧਰਮ-ਨਿਰਪੱਖ ਲੋਕਤੰਤਰ ਹੌਲੀ-ਹੌਲ਼ੀ ਤਾਨਾਸ਼ਾਹੀ ਵੱਲ ਵਧ ਰਿਹਾ ਹੈ।ਇਸੇ ਤਰਾਂ ਹੀ ਨੌਬਲ ਵਿਜੇਤਾ ਦੇ ਦੇਸ਼ ਇਥੋਪੀਆ ਦਿਨ-ਬ-ਦਿਨ ਅਪਰਾਧ ਦੇ ਚੁੰਗਲ ਵਿਚ ਗਹਿਰਾ ਫਸ ਰਿਹਾ ਹੈ।

ਅਗਰ ਅਸੀ ਸ਼ਾਂਤੀ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਹ ਸਦਭਾਵਨਾ ਦੀ ਸਥਿਤੀ ਹੈ ਜਿਸ ਵਿਚ ਹਿੰਸਕ ਟਕਰਾਅ ਨਹੀਂ ਹੁੰਦੇ ਅਤੇ ਹਿੰਸਾ ਦਾ ਕੋਈ ਡਰ ਵੀ ਸ਼ਾਮਿਲ ਨਹੀਂ ਹੁੰਦਾ।ਸ਼ਾਂਤੀ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਲੋਕਤੰਤਰੀ ਜਾਂ ਤਾਨਾਸ਼ਾਹੀ ਸਰਕਾਰਾਂ ਅਸਲ ਵਿਚ ਅਜ਼ਾਦੀ ਦਾ ਘਾਣ ਕਰ ਰਹੀਆਂ ਹਨ।ਇਸ ਲਈ ਉਹ ਸੁਰੱਖਿਆ ਅਤੇ ਪ੍ਰਭੂਸੱਤਾ ਦਾ ਤਰਕ ਦਿੰਦੀਆਂ ਹਨ, ਪਰ ਸੱਚਾਈ ਇਹ ਹੈ ਕਿ ਉਨ੍ਹਾਂ ਦਾ ਸਾਰਾ ਸਰੋਕਾਰ ਆਪਣੀ ਹਕੂਮਤ ਦੀ ਸੁਰੱਖਿਆ ਹੁੰਦਾ ਹੈ, ਨਾ ਕਿ ਲੋਕਾਂ ਦੀ ਸੁਰੱਖਿਆ।ਬ੍ਰਿਟਿਸ਼ ਲੀਡਰ ਵਿੰਸਟਿਨ ਚਰਚਿਲ ਨੇ ਕਿਹਾ ਸੀ, “ਸਰਕਾਰਾਂ ਦੇ ਬਹੁਤ ਸਾਰੇ ਰੂਪ ਅਜਮਾਏ ਗਏ ਹਨ ਅਤੇ ਪਾਪ ਅਤੇ ਸੰਤਾਪ ਨਾਲ ਭਰੇ ਇਸ ਸੰਸਾਰ ਵਿਚ ਹੋਰ ਵੀ ਰੂਪ ਅਜਮਾਏ ਜਾਣਗੇ।ਕੋਈ ਵੀ ਇਹ ਝੂਠਾ ਦਾਅਵਾ ਨਹੀਂ ਕਰਦਾ ਕਿ ਲੋਕਤੰਤਰੀ ਰੂਪ ਹੀ ਸ਼ਾਂਤੀ ਲਈ ਪੂਰਣ ਹੈ।ਅਸਲ ਵਿਚ ਇਹ ਕਿਹਾ ਗਿਆ ਹੈ ਕਿ ਸੱਤਾ ਦੇ ਉਨ੍ਹਾਂ ਸਾਰੇ ਰੂਪਾਂ ਨੂੰ ਛੱਡ ਕੇ ਜੋ ਕਿ ਸਮੇਂ-ਸਮੇਂ ਤੇ ਅਜਮਾ ਲਏ ਗਏ ਹਨ, ਲੋਕਤੰਤਰ ਸਭ ਤੋਂ ਖਰਾਬ ਰੂਪ ਹੈ।” ਵਿਸ਼ਵ ਸ਼ਾਂਤੀ ਦੇ ਲਈ ਅਜਿਹੇ ਕੱਦਾਵਰ ਨੇਤਾਵਾਂ ਦੀ ਲੋੜ ਹੈ ਜੋ ਕਿ ਇਤਿਹਾਸ ਨੂੰ ਦੀਰਘਕਾਲੀਨ ਸ਼ਾਂਤੀ ਵੱਲ ਮੋੜ ਸਕਣ ਜਿਸ ਵਿਚ ਸਥਾਪਿਤ ਮਿੱਥਾਂ ਤੋਂ ਵੱਖਰਾ ਦ੍ਰਿਸ਼ਟੀਕੋਣ ਸ਼ਾਮਿਲ ਹੋਵੇ। ਭਾਰਤ ਅਤੇ ਆਸਟ੍ਰੇਲੀਆ ਵਰਗੇ ਵਿਕਸਿਤ ਦੇਸ਼ਾਂ ਵਿਚ ਵੀ ਡਰ ਅਤੇ ਕਠੋਰ ਕਾਨੂੰਨ ਹੀ ਸੱਤਾ ਦੇ ਔਜਾਰ ਬਣ ਰਹੇ ਹਨ।ਵਿਅਕਤੀਗਤ ਸਪੇਸ ਲਈ ਲੜ ਰਹੇ ਅਗਿਆਤ ਲੋਕਾਂ ਦੇ ਸੰਘਰਸ਼ ਦੀਆਂ ਕਹਾਣੀਆਂ ਵਿਚੋਂ ਮਨੁੱਖੀ ਗਰਿਮਾ ਅਤੇ ਸ਼ਾਂਤੀ ਦੀ ਭਾਲ ਨੂੰ ਅਜੇ ਵੀ ਰੱਬ ਆਸਰੇ ਹੀ ਛੱਡ ਦਿੱਤਾ ਗਿਆ ਹੈ। ਅਸਲ ਵਿਚ ਸ਼ਾਂਤੀ ਵੱਧ ਅਜ਼ਾਦੀ ਨੂੰ ਯਕੀਨੀ ਬਣਾਉਦੀ ਹੈ।ਸ਼ਾਂਤੀ ਅਤੇ ਸਦਭਾਵਨਾ ਪ੍ਰੇਰਣਾਦਾਇਕ ਵਰਤਾਰੇ ਹਨ। ਆਪਣੇ ਆਪ ਵਿਚ ਸ਼ਾਂਤੀ ਇਕ ਗੁੰਝਲਦਾਰ ਪੱਖ ਹੈ ਜਿਵੇਂ ਕਿ ਆਈਨਸਟਾਈਨ ਨੇ ਇਕ ਵਾਰ ਕਿਹਾ ਸੀ, “ਸ਼ਾਂਤੀ ਬਲ ਦੇ ਜੋਰ ਤੇ ਨਹੀਂ ਸਥਾਪਿਤ ਕੀਤੀ ਜਾ ਸਕਦੀ; ਇਹ ਮਹਿਜ਼ ਸਮਝ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।”

ਸ਼ਾਂਤੀ ਵਿਚਾਰਾਂ ਨੂੰ ਬਦਲਣ, ਲੋਕਾਂ ਅਤੇ ਸੱਤਾ ਵਿਚਕਾਰ ਅੜਚਨਾਂ ਨੂੰ ਦੂਰ ਕਰਕੇ ਪਾੜਿਆਂ ਨੂੰ ਪੂਰਨ ਦੀ ਮੰਗ ਕਰਦੀ ਹੈ।ਇੱਥੋਂ ਤੱਕ ਕਿ ਭਾਰਤ ਵਿਚ ਡਿੱਗਦਾ ਲੋਕਤੰਤਰੀ ਪੱਧਰ ਵੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਸੀ ਸੰਵਾਦ ਅਤੇ ਲੋਕਾਂ ਦੀ ਭਾਗੀਦਾਰੀ ਰਾਹੀ ਹੀ ਉੱਪਰ ਚੁੱਕਿਆ ਜਾ ਸਕਦਾ ਹੈ।ਵਿਚਾਰਾਂ ਦੀ ਅਜ਼ਾਦੀ ਦੇ ਸੰਬੰਧ ਵਿਚ ਭਾਰਤ ਦੇ ਲੋਕ ਬਹੁਤ ਔਖੇ ਦੌਰ ਵਿਚੋਂ ਲੰਘ ਰਹੇ ਹਨ।ਗਲੋਬਲ ਸ਼ਾਂਤੀ ਸੂਚਕ ਦੀ ੨੦੨੦ ਦੀ ਰਿਪੋਰਟ ਵਿਚ ੧੬੩ ਮੁਲ਼ਕਾਂ ਵਿਚ ਸ਼ਾਂਤੀ ਦੇ ਪੱਧਰ ਬਾਰੇ ਵੇਰਵਾ ਦਿੱਤਾ ਗਿਆ।ਇਸ ਵਿਚ ੧੩੯ ਅੰਕਾਂ ਨਾਲ ਭਾਰਤ ਦਾ ਸਥਾਨ ਬਹੁਤ ਨੀਵਾਂ ਹੈ, ਜੋ ਕਿ ਪਾਕਿਸਤਾਨ ਨਾਲੋਂ ਕੁਝ ਕੁ ਹੀ ਉੱਪਰ ਹੈ।ਆਈਸਲੈਂਡ ਨੂੰ ਵਿਸ਼ਵ ਦਾ ਸ਼ਾਂਤੀਪੂਰਵਕ ਦੇਸ਼ ਐਲਾਨਿਆ ਗਿਆ ਹੈ।ਵਿਸ਼ਵ ਸ਼ਾਂਤੀ ਸਾਂਝੇ ਯਤਨਾਂ, ਸਦਭਾਵਨਾ ਅਤੇ ਸਹਿਯੋਗ ਦੀ ਮੰਗ ਕਰਦੀ ਹੈ ਜੋ ਕਿ ਅਜੇ ਵੀ ਸਿਧਾਂਤਕ ਵਿਚਾਰ ਹੀ ਜਾਪਦਾ ਹੈ।ਵਿਸ਼ਵ ਦੇ ਕੁਝ ਸ਼ਕਤੀਸ਼ਾਲੀ ਦੇਸ਼ਾਂ ਦੁਆਰਾ ਸ਼ਾਂਤੀ ਥੋਪੀ ਜਾ ਰਹੀ ਹੈ ਜਿਸ ਵਿਚ ਕੁਝ ਕੁ ਹੀ ਭਾਗੀਦਾਰ ਹਨ।ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਕਿਉਂਕਿ ਗਲੋਬਲ ਸੱਤਾ ਜਿਆਦਾ ਤੋਂ ਜਿਆਦਾ ਵਿਭਿੰਨ ਹੋ ਰਹੀ ਹੈ।ਪਰ ਇਹ ਵਿਸ਼ਵ ਸ਼ਾਂਤੀ ਦੇ ਮੂਲਾਂ ਤੋਂ ਵਿਰਵੀ ਹੈ ਜਿਸ ਵਿਚ ਕੁਝ ਮੁਲ਼ਕਾਂ ਨੂੰ ਹਾਸ਼ੀਏ ’ਤੇ ਧੱਕਣਾ, ਆਰਥਿਕ ਅਸਮਾਨਤਾ, ਹਥਿਆਰਾਂ ਦੀ ਖਰੀਦੋ-ਫਰੋਖਤ ਅਤੇ ਰਾਜਨੀਤਿਕ ਹਿੱਤਾਂ ਦੀ ਸੁਰੱਖਿਆ ਸ਼ਾਮਿਲ ਹੈ।ਸਮਾਵੇਸ਼ੀ ਸ਼ਾਂਤੀ ਦੀ ਪ੍ਰਾਪਤੀ ਲਈ ਸਿੱਖਿਆ ਦੀ ਲੋੜ ਹੈ ਤਾਂ ਕਿ ਟਕਰਾਆਂ ਨੂੰ ਰੋਕਿਆ ਜਾ ਸਕੇ, ਮਨੁੱਖੀ ਵਿਕਾਸ ਅਤੇ ਸਮਾਜਿਕ ਨਿਆਂ ਲਈ ਸੰਸਾਧਨ ਪੈਦਾ ਕੀਤੇ ਜਾ ਸਕਣ।ਸ਼ਾਂਤੀ ਨੂੰ ਤਾਕਤਵਰ ਦੁਆਰਾ ਕਠੋਰ ਤਰੀਕਿਆਂ ਦੁਆਰਾ ਨਿਰਬਲ ਉੱਪਰ ਜਿੱਤ ਪ੍ਰਾਪਤ ਕਰਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜਿਸ ਵਿਚ ਤਿੱਬਤ, ਚੀਨ ਦੇ ਉਈਗਰ, ਕਸ਼ਮੀਰੀਆਂ, ਸਿੱਖਾਂ, ਨਾਗਾ, ਇਥੋਪੀਆ ਦੇ ਔਰੋਮੋ, ਨਾਈਜੀਰੀਆ ਦੇ ਅੋਗੋਨੀ, ਕੁਰਦਾਂ ਅਤੇ ਵੱਖ-ਵੱਖ ਮੁਲ਼ਕਾਂ ਦੀਆਂ ਜਨਜਾਤੀਆਂ ਦੀ ਉਦਾਹਰਣ ਲਈ ਜਾ ਸਕਦੀ ਹੈ।ਸ਼ਾਂਤੀ ਦਾ ਸਕਰਾਤਮਕ ਪੱਖ ਨਿਆਂ, ਸਦਭਾਵਨਾ ਨਾਲ ਜੁੜਦਾ ਹੈ ਜਿਸ ਵਿਚ ਸੌੜੀ ਰਾਜਨੀਤਿਕ ਪ੍ਰਤੀਕਿਰਿਆ ਸ਼ਾਮਿਲ ਨਹੀਂ ਹੁੰਦੀ।ਸ਼ਾਂਤੀ ਦੇ ਲਈ ਹਾਲੇ ਕੋਈ ਸਪੱਸ਼ਟ ਰਾਸਤਾ ਨਜ਼ਰ ਨਹੀਂ ਆਉਂਦਾ, ਪਰ ਸ਼ਾਂਤੀ ਆਪਣੇ ਆਪ ਵਿਚ ਹੀ ਇਕ ਰਾਸਤਾ ਹੈ।ਦੀਰਘਕਾਲੀਨ ਸ਼ਾਂਤੀ ਨੌਜਵਾਨ ਅਤੇ ਚੇਤਨ ਮਨਾਂ ਨਾਲ ਸ਼ੁਰੂ ਹੁੰਦੀ ਹੈ। ਇਸ ਦੇ ਲਈ ਅਸਹਿਣਸ਼ੀਲਤਾ ਦੇ ਬੋਝ ਨੂੰ ਉਤਾਰਨ ਦੀ ਲੋੜ ਹੈ ਕਿਉਂਕਿ ਇਹ ਹੀ ਹਿੰਸਾ ਦਾ ਸਭ ਤੋਂ ਨਿਰਦਈ ਰੂਪ ਹੈ।ਇਸ ਤਰਾਂ ਹੀ ਗਰੀਬੀ ਨੂੰ ਵੀ ਦੂਰ ਕਰਨ ਦੀ ਲੋੜ ਹੈ ਜੋ ਕਿ ਸਹੀ ਲੋਕਤੰਤਰੀ ਗਣਤੰਤਰ ਦੇ ਵਿਕਾਸ ਦੇ ਰਾਹ ਵਿਚ ਰੋੜਾ ਬਣਦੀ ਹੈ।ਭਾਰਤ ਦਾ ਰਾਜਨੀਤਿਕ ਪ੍ਰਬੰਧ ਬਹੁਤ ਹੀ ਗਹਿਰੇ ਰੂਪ ਨਾਲ ਇਨ੍ਹਾਂ ਖਾਮੀਆਂ ਦਾ ਸ਼ਿਕਾਰ ਹੈ ਜੋ ਕਿ ਸਮਾਜਵਾਦ ਦੇ ਵਿਕਾਸ ਅਤੇ ਗਣਤੰਤਰ ਦੇ ਵਿਕਾਸ ਦੇ ਰਾਹ ਦੀਆਂ ਅੜਚਨਾਂ ਹਨ।

ਹਿੰਸਾ ਅਸਲ ਵਿਚ ਸ਼ਾਂਤੀ ਦੀ ਨਾ-ਮੌਜੂਦਗੀ ਹੈ।ਸਮੇਂ-ਸਮੇਂ ਤੇ ਪ੍ਰਮੁੱਖ ਲੋਕਾਂ ਨੇ ਸ਼ਾਂਤੀ ਰਾਹੀ ਮਸਲਿਆਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਦੀ ਮਹੱਤਤਾ ਸ਼ਾਂਤੀ ਦੇ ਨਾਂ ਤੇ ਹੋਣ ਵਾਲੀਆਂ ਯੁੱਧ ਦੀਆਂ ਚਾਲਾਂ ਵਿਚ ਹੀ ਕਿਤੇ ਗੁਆਚ ਗਈ।ਅੱਜ ਪੂਰੇ ਵਿਸ਼ਵ ਵਿਚ ੧.੫ ਬਿਲੀਅਨ ਲੋਕਾਂ ਸ਼ਾਂਤੀ ਦੇ ਨਾਂ ਹੇਠ ਚੱਲ ਰਹੀਆਂ ਇਹਨਾਂ ਜੰਗੀ ਚਾਲਾਂ ਕਰਕੇ ਦੁੱਖ ਹੰਢਾ ਰਹੇ ਹਨ।ਜਿਆਦਾਤਰ ਲੋਕਾਂ ਨੇ ਕਿਸੇ ਵੀ ਹਿੰਸਾ ਦਾ ਅਨੁਭਵ ਜਰੂਰ ਕੀਤਾ ਹੈ।ਮੌਜੂਦਾ ਸਮੇਂ ਵਿਚ ਅੱਸੀ ਮਿਲੀਅਨ ਲੋਕ ਆਪਣੇ ਵਤਨ ਵਿਚ ਅਸ਼ਾਂਤੀ ਹੋਣ ਕਰਕੇ ਰਿਫਊਜੀ ਬਣ ਕੇ ਜ਼ਿੰਦਗੀ ਗੁਜਾਰਨ ਲਈ ਮਜਬੂਰ ਹਨ।ਸੰਯੁਕਤ ਰਾਸ਼ਟਰ ਦੇ ਅਨੁਸਾਰ ਮਹਿਜ਼ ਅਫਗਾਨਿਸਤਾਨ ਵਿਚ ਹੀ ਯੁਧ ਕਰਕੇ 2009 ਤੋਂ ਲੈ ਕੇ 2019 ਤੱਕ ਦਸ ਸਾਲਾਂ ਵਿਚ ਇਕ ਲੱਖ ਲੋਕ ਤਬਾਹ ਹੋਏ ਹਨ ਅਤੇ ਪ੍ਰਤੀ ਵਰ੍ਹਾ ਦਸ ਹਜ਼ਾਰ ਲੋਕ ਅਜੇ ਵੀ ਇਸ ਸਥਿਤੀ ਵਿਚੋਂ ਨਿਕਲ ਰਹੇ ਹਨ।ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਸ਼ਾਂਤੀ ਵਾਲਾ ਰਸਤਾ ਵੀ ਕਰੂਰ ਇਸਲਾਮਿਕ ਰਾਜ ਵੱਲ ਹੀ ਵਧ ਰਿਹਾ ਹੈ।ਸ਼ਾਂਤੀ ਨੂੰ ਕਿਸੇ ਟਕਰਾਅ ਦੀ ਅਣਹੌਂਦ ਦੇ ਰੂਪ ਵਿਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ।ਇਹ ਕਿਸੇ ਵੀ ਪਰਿਸਥਿਤੀ ਤੰਤਰ ਦਾ ਕੁਦਰਤੀ ਵਰਤਾਰਾ ਹੈ, ਹਿੰਸਾ ਨੂੰ ਅਸਲ ਵਿਚ ਥੋਪਿਆ ਜਾਂਦਾ ਹੈ।ਅਸਮਾਨ ਵਰਤਾਰਿਆਂ ਦਾ ਪ੍ਰਫੁੱਲਿਤ ਹੋਣਾ ਹੀ ਸ਼ਾਂਤੀ ਲਈ ਖਤਰਾ ਪੈਦਾ ਕਰਦਾ ਹੈ।ਪੀੜਿਤ ਅਤੇ ਉਤਪੀੜਕ ਵਿਚਕਾਰ ਅਸੰਤੁਲਨ ਵੀ ਹਿੰਸਾ ਨੂੰ ਜਨਮ ਦਿੰਦਾ ਹੈ ਕਿਉਂਕਿ ਉਤਪੀੜਕ ਧਿਰਾਂ ਮਹਿਜ਼ ਆਪਣੀਆਂ ਅਭਿਲਾਸ਼ਾਵਾਂ, ਕਰੂਰਤਾ, ਆਰਥਿਕ ਅਤੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਪੀੜਿਤ ਧਿਰਾਂ ਦਾ ਸ਼ੋਸ਼ਣ ਕਰਦੀਆਂ ਹਨ।ਇਸ ਵਿਚੋਂ ਹੀ ਅਸੰਤੁਲਨ, ਸਮਾਜਿਕ ਢਾਂਚੇ ਦਾ ਟੁੱਟਣਾ ਪੈਦਾ ਹੁੰਦਾ ਹੈ ਜਿਸ ਵਿਚ ਸ਼ਾਂਤੀ ਤਬਾਹ ਹੋ ਜਾਂਦੀ ਹੈ।

ਇਸ ਦਾ ਨਤੀਜਾ ਅਸੰਤੁਲਨ, ਵਿਕਾਸ ਦੇ ਰੁਕਣ, ਸਿਹਤ ਅਤੇ ਸਿੱਖਿਆ ਪ੍ਰਬੰਧਨ ਵਿਚ ਗਿਰਾਵਟ ਦੇ ਰੂਪ ਵਿਚ ਨਿਕਲਦਾ ਹੈ।ਨਾ-ਬਰਾਬਰੀ ਅਤੇ ਹਿੰਸਾ ਤੋਂ ਸ਼ਾਂਤੀ ਰਾਹੀ ਹੀ ਬਾਹਰ ਨਿਕਲਿਆ ਜਾ ਸਕਦਾ ਹੈ ਜੋ ਕਿ ਭਵਿੱਖ ਵਿਚ ਮਨੁੱਖਤਾ ਲਈ ਅੱਗੇ ਦੇ ਰਸਤੇ ਖੋਲ ਸਕਦੀ ਹੈ।ਸ਼ਾਂਤੀ ਲਈ ਭਾਰਤ ਵਿਚ ਹਿੰਦੂਵਾਦ ਨੇ ਸੰਸਕ੍ਰਿਤ ਸ਼ਬਦ “ਵਾਸੂਦੇਵ ਕੁਟੰਬਕਮ” ਅਪਣਾਇਆ,ਜਿਸ ਦਾ ਅਰਥ ਹੈ ਕਿ ਇਹ ਸਾਰਾ ਸੰਸਾਰ ਇਕ ਪਰਿਵਾਰ ਹੈ।ਸੱਤ ਹਜ਼ਾਰ ਸਾਲ ਪਹਿਲਾਂ ਲਿਖੇ ਗਏ ਮਹਾਗ੍ਰੰਥ ਰਮਾਇਣ ਵਿਚ ਰਾਮ ਕਹਿੰਦਾ ਹੈ, “ਭੈਅ ਬਿਨ ਹੋਏ ਨਾ ਪ੍ਰੀਤ” ਜਿਸ ਦਾ ਭਾਵ ਹੈ ਕਿ ਜਿੱਥੇ ਸ਼ਾਂਤੀ ਲਈ ਦੁਆਵਾਂ ਅਸਫਲ ਹੋ ਜਾਂਦੀਆਂ ਹਨ, ਉੱਥੇ ਸ਼ਾਂਤੀ ਸਥਾਪਿਤ ਕਰਨ ਲਈ ਲੋਕਾਂ ਵਿਚ ਭੈਅ ਪੈਦਾ ਕਰਨਾ ਜਰੂਰੀ ਹੈ।ਮੌਜੂਦਾ ਸਮੇਂ ਵਿਚ ਭਾਰਤ ਵਿਚ ਡਰ ਹੀ ਸ਼ਾਂਤੀ ਹੈ।ਇੱਥੋਂ ਤੱਕ ਕਿ ਵਿਸ਼ਵ ਸ਼ਕਤੀ ਅਮਰੀਕਾ ਨੇ ਵੀ ਆਪਣੇ ਹਥਿਆਰਾਂ ਨੂੰ ਸ਼ਾਂਤੀ, ਸੁਪਰ ਬੰਬਾਂ ਨੂੰ ਸ਼ਾਂਤੀ ਸਥਾਪਿਤ ਕਰਨ ਵਾਲੇ ਅਤੇ ਅੰਤਰ-ਮਹਾਂਦੀਪ ਮਿਜਾਈਲ ਨੂੰ ਸ਼ਾਂਤੀ ਬਣਾਈ ਰੱਖਣ ਦਾ ਨਾਂ ਦਿੱਤਾ ਹੈ।ਅੱਜ ਸ਼ਾਂਤੀ ਨੂੰ ਫੌਜੀ ਸ਼ਕਤੀ ਰਾਹੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਅਤੇ ਸੱਤਾ ਦੇ ਸੰਤੁਲਨ ਦੀ ਥਾਂ ਤੇ ਸੱਤਾ ਪ੍ਰਧਾਨਤਾ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ।ਇਸੇ ਕਰਕੇ ਹੀ ਗਲੋਬਲ ਸ਼ਾਂਤੀ ਸੂਚਕ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸੱਤਾ ਦੀ ਪ੍ਰਧਾਨਤਾ ਦੇ ਬਾਵਜੂਦ ਵਿਭਿੰਨਤਾਵਾਂ ਨੂੰ ਸਵੀਕਾਰਨਾ, ਸਹਿ-ਹੌਂਦ ਲਈ ਸਨਮਾਨ ਅਤੇ ਮੁਲ਼ਕਾਂ ਵਿਚ ਸਰਹੱਦਾਂ ਦਾ ਕਮਜੋਰ ਹੋਣਾ ਵੀ ਜਾਰੀ ਹੈ।ਨਿਆਂ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਅੰਤਰ-ਰਾਸ਼ਟਰੀ ਪਹੁੰਚ ਰਾਹੀ ਸ਼ਾਂਤੀ ਮਨੁੱਖਤਾ ਦੀ ਭਾਵਨਾ ਨੂੰ ਮਜਬੂਤ ਬਣਾਉਣ ਲਈ ਰਾਹ ਬਣਾ ਰਹੀ ਹੈ।ਅੰਤ ਵਿਚ ਅਸੀ ਪੌਪ ਪਾੱਲ ਛੇਵੇਂ ਦੇ ਸ਼ਬਦਾਂ ਵਿਚ ਕਹਿ ਸਕਦੇ ਹਾਂ, “ਅਗਰ ਤੁਸੀ ਸ਼ਾਂਤੀ ਚਾਹੁੰਦੇ ਹੋ ਤਾਂ ਨਿਆਂ ਲਈ ਕੰਮ ਕਰੋ।”

            ਰਣਜੀਤ ਸਿੰਘ ਕੁਕੀ