ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰ ਬਣੋ

ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰ ਬਣੋ

ਸਭਿਆਚਾਰ

 ਪੰਜਾਬੀਅਤ ਦਾ ਮਤਲਬ ਹੈ; ਪੰਜਾਬੀਪਣ, ਰੀਤੀ-ਰਿਵਾਜ ਤੇ ਵਿਰਸੇ ਦੀ ਸੰਭਾਲ, ਬੋਲੀ ਦਾ ਵਧਾਓ ਅਤੇ ਮਜ਼ਹਬੀ, ਸਮਾਜਿਕ ਤੇ ਸਿਆਸੀ ਹੱਦਾਂ ਤੋਂ ਉੱਠ ਕੇ ਪੰਜਾਬੀਆਂ ਵਿਚ ਆਪਸ ਦਾ ਭਰੱਪਣ ਬਣਾਉਣਾ ਤੇ ਵਧਾਉਣਾ।

ਚਲੋ! ਇਨ੍ਹਾਂ ਗੱਲਾਂ ਨੂੰ ਬੁਨਿਆਦ ਮੰਨ ਕੇ ਵੇਖਦੇ ਹਾਂ ਕਿ ਅਸੀਂ ਸਹੀ ਮਾਅਨੇ ਵਿਚ ਪੰਜਾਬੀਅਤ 'ਤੇ ਕਿੰਨਾ ਕੁ ਅਮਲ ਕਰ ਰਹੇ ਹਾਂ। ਵਿਰਸੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ-ਬੋਲੀ ਦਾ ਜ਼ਿਕਰ ਆਉਂਦਾ ਹੈ। ਜ਼ਮੀਨੀ, ਸੱਭਿਆਚਾਰਕ ਤੇ ਆਪਸੀ ਨਜ਼ਦੀਕੀਆਂ ਕਰਕੇ ਪੰਜਾਬੀ ਉਤੇ ਫ਼ਾਰਸੀ ਜ਼ਬਾਨ ਦਾ ਕਾਫ਼ੀ ਅਸਰ ਪਿਆ ਹੈ, ਨਤੀਜੇ ਵਜੋਂ ਵਕਤ ਦੇ ਗੁਜ਼ਰਨ ਨਾਲ ਪੰਜਾਬੀ ਤੇ ਫ਼ਾਰਸੀ ਦੇ ਕਈ ਲਫ਼ਜ਼ ਸਾਂਝੇ ਹੋ ਗਏ ਹਨ, ਮਿਸਾਲ ਵਜੋਂ ਦਾਰਾ (ਰਾਜਾ), ਨਿਸ਼ਾਨ (ਝੰਡਾ), ਮਸੰਦ (ਗੱਦੀ), ਅਤੇ ਕੌਰ (ਸ਼ੇਰਨੀ), ਇਥੋਂ ਤੱਕ ਕਿ ਖੱਜਲ ਅਤੇ ਮੀਸਣੀ ਫ਼ਾਰਸੀ ਦੇ ਖ਼ਾਜਿਲ ਤੇ ਅਮਉਸਨੀ ਸ਼ਬਦਾਂ ਤੋਂ ਨਿਕਲੇ ਹਨ। ਦਸਮ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਫ਼ਾਰਸੀ ਦੇ ਵੱਡੇ ਵਿਦਵਾਨ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵਿਚ ਪੰਜਾਬ ਦੀ ਦਰਬਾਰੀ ਜ਼ਬਾਨ ਵੀ ਫ਼ਾਰਸੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦੀ ਸਾਡੀ ਕੌਮੀ ਪੱਧਰ 'ਤੇ ਸੰਪਰਕ ਭਾਸ਼ਾ ਹੈ ਅਤੇ ਇਕ ਹਿੰਦੁਸਤਾਨੀ ਹੋਣ ਦੇ ਨਾਤੇ ਸਾਨੂੰ ਇਸ ਦੀ ਜ਼ਰੂਰਤ ਹੈ। ਪਰ ਆਪਣੀ ਜ਼ਬਾਨ ਦੀ ਵਿਲੱਖਣਤਾ ਤੇ ਠੇਠਤਾ ਨੂੰ ਕਾਇਮ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਕੁਝ ਵਕਤ ਤੋਂ ਅਸੀਂ ਆਪਣਾ ਕੰਮ ਸੌਖਾ ਕਰਨ ਲਈ ਆਪਣੀ ਬੋਲੀ ਅਤੇ ਲਿਖਤ ਵਿਚ ਹਿੰਦੀ ਦੇ ਲਫ਼ਜ਼ਾਂ ਦਾ ਖੁੱਲ੍ਹਦਿਲੀ ਨਾਲ ਇਸਤੇਮਾਲ ਕਰ ਰਹੇ ਹਾਂ, ਮਿਸਾਲ ਵਜੋਂ, ਪ੍ਰਤੀ, ਉਕਤ, ਪ੍ਰਤੀਕਰਮ, ਪ੍ਰਸ਼ਾਸਨ, ਪ੍ਰਤੀਨਿਧੀ ਤੇ ਹੋਰ ਵੀ ਕਈ ਲਫ਼ਜ਼ ਕਿਸੇ ਪਾਸਿਓਂ ਵੀ ਪੰਜਾਬੀ ਦੇ ਨਹੀਂ ਹਨ। ਮਿਲਾਵਟ ਏਨੀ ਹੋ ਗਈ ਹੈ ਕਿ ਆਮ ਵਰਤੋਂ ਵਿਚ ਠੇਠ ਪੰਜਾਬੀ ਕੁਝ ਕੁ ਫ਼ੀਸਦੀ ਹੀ ਰਹਿ ਗਈ ਹੈ। ਯਕੀਨ ਨਹੀਂ ਆਉਂਦਾ ਤਾਂ ਪੰਜਾਬੀ ਟੀ.ਵੀ. ਚੈਨਲਾਂ 'ਤੇ ਖ਼ਬਰਾਂ, ਕੋਈ ਵੀ ਪ੍ਰੋਗਰਾਮ ਜਾਂ ਬਹਿਸ ਵੇਖ ਲਵੋ। ਟੀ.ਵੀ. ਇਕ ਅਜਿਹਾ ਜ਼ਰੀਆ ਹੈ ਜਿਹੜਾ ਸਾਡੇ ਵਿਰਸੇ ਦੀ ਸਾਂਭ-ਸੰਭਾਲ ਵਿਚ ਮਦਦ ਕਰ ਸਕਦਾ ਹੈ, ਪਰ ਅਫ਼ਸੋਸ ਸਾਡੇ ਬਹੁਤੇ ਪੰਜਾਬੀ ਚੈਨਲਾਂ 'ਤੇ ਸਿਵਾਏ ਬੇ-ਮਤਲਬ ਤੇ ਭੱਦੇ ਨਾਚ ਗਾਣਿਆਂ ਤੋਂ ਇਲਾਵਾ ਕੁਝ ਵੀ ਨਹੀਂ। ਸਾਡੇ ਕੋਲ ਅਦਬ ਦਾ ਬਹੁਤ ਵੱਡਾ ਖਜ਼ਾਨਾ ਹੈ। ਕਿਉਂ ਨਾ ਅਸੀਂ ਆਪਣੇ ਉੱਘੇ ਅਦੀਬਾਂ ਪੂਰਨ ਸਿੰਘ ,ਭਾਈ ਵੀਰ ਸਿੰਘ ,ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ: ਆਈ.ਸੀ. ਨੰਦਾ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਪ੍ਰੋ: ਦਿਲ ਮੁਹੰਮਦ ਦੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਅਤੇ ਪੰਜਾਬੀ ਸੂਫ਼ੀ ਸੰਤਾਂ ਬਾਬਾ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ੇਖ ਫ਼ਰੀਦ, ਪੂਰਨ ਭਗਤ, ਪੰਜਾਬ ਦੇ ਲੋਕ ਕਿੱਸੇ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਵਾਲ, ਦੁੱਲਾ ਭੱਟੀ ਉਤੇ ਟੀ.ਵੀ. ਸੀਰੀਅਲ ਬਣਾਈਏ ਤਾਂ ਜੋ ਇਸ ਅਟੁੱਟ ਖਜ਼ਾਨੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੁਚਾਈਏ।

ਫੌਜ ਵਿਚ ਰਹਿਣ ਕਰਕੇ ਮੈਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਵੇਖਿਆ ਕਿ ਜਿਥੇ ਸਾਡੇ ਬਾਕੀ ਹਮਵਤਨ ਆਪਣੇ ਵਿਰਸੇ ਅਤੇ ਮਾਂ-ਬੋਲੀ 'ਤੇ ਫ਼ਖਰ ਮਹਿਸੂਸ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਪਣੀ ਮਾਦਰੀ ਜ਼ਬਾਨ ਦੀ ਤਾਲੀਮ ਦਿੰਦੇ ਹਨ ਤੇ ਅਸੀਂ ਪੰਜਾਬੀ ਬਿਲਕੁਲ ਉਲਟ ਹਾਂ ਅਤੇ ਵਿਖਾਵੇ ਦਾ ਸ਼ਿਕਾਰ ਹਾਂ, ਕਿਉਂਕਿ ਅਸੀਂ ਪੰਜਾਬੀ ਤੋਂ ਬਿਨਾਂ ਦੂਜੀਆਂ ਜ਼ਬਾਨਾਂ ਸਿਖਾਉਣ ਨੂੰ ਤਰਜੀਹ ਦਿੰਦੇ ਹਾਂ। ਫ਼ਾਰਸੀ ਦੀ ਕਹਾਵਤ ਮੁਤਾਬਿਕ ਰਫ਼ਤਾਰ (ਚਾਲ-ਢਾਲ), ਦਸਤਾਰ (ਪਹਿਰਾਵਾ) ਤੇ ਗੁਫਤਾਰ (ਗੱਲਬਾਤ) ਇਹ ਤਿੰਨ ਚੀਜ਼ਾਂ ਹਨ ਜੋ ਕਿਸੇ ਵਿਰਸੇ ਦੀ ਪਛਾਣ ਕਰਾਉਂਦੀਆਂ ਹਨ। ਮੈਂ ਆਖ਼ਰੀ ਪਹਿਲੂ ਗੁਫ਼ਤਾਰ 'ਤੇ ਜ਼ੋਰ ਦਿਆਂਗਾ। ਕਹਿਣ ਨੂੰ ਤਾਂ ਅਸੀਂ ਪੰਜਾਬੀ ਬੋਲਦੇ ਹਾਂ, ਪਰ ਬੋਲਣ ਦਾ ਲਹਿਜਾ ਕਿਸੇ ਵੀ ਪੱਖੋਂ ਪੰਜਾਬੀ ਨਹੀਂ, ਕਿਉਂਕਿ ਪਹਿਲਾਂ ਤਾਂ ਹੁਣ ਬਹੁਤਿਆਂ ਦੀ ਠੇਠ ਜ਼ਬਾਨ ਨਹੀਂ ਤੇ ਦੂਜਾ ਬਹੁਤੇ ਬੁਲਾਰੇ ਗ਼ੈਰ-ਪੰਜਾਬੀ ਲਹਿਜੇ ਵਿਚ ਬੋਲਦੇ ਹਨ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਡੀ ਮਾਂ-ਬੋਲੀ ਪੰਜਾਬੀ ਨੂੰ ਭਾਰਤੀ ਸੰਵਿਧਾਨ ਵਿਚ ਕੌਮੀ ਜ਼ਬਾਨ ਦਾ ਦਰਜਾ ਹਾਸਲ ਹੈ। ਬੇਸ਼ੱਕ ਸੂਬਾ ਸਰਕਾਰ ਤੇ ਕਈ ਜ਼ਾਤੀ ਤਨਜ਼ੀਮਾਂ ਪੰਜਾਬੀ ਜ਼ਬਾਨ ਦੇ ਵਧਣ-ਫੁੱਲਣ ਵਿਚ ਭਰਪੂਰ ਮਦਦ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਸ ਖੇਤਰ ਵਿਚ ਅਸੀਂਲੂ ਬਾਕੀਆਂ ਤੋਂ ਬਹੁਤ ਪਿੱਛੇ ਹਾਂ। ਥੋੜ੍ਹੀ ਦੇਰ ਸਿਆਸਤ ਨੂੰ ਪਰੇ ਰੱਖੀਏ ਤੇ ਲਹਿੰਦੇ ਪੰਜਾਬ ਵਿਚ ਝਾਤੀ ਮਾਰੀਏ, ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਪੰਜਾਬੀ ਨੂੰ ਕੋਈ ਸਰਕਾਰੀ ਰੁਤਬਾ ਹਾਸਲ ਨਹੀਂ ਹੈ ਅਤੇ ਨਾ ਹੀ ਪੰਜਾਬੀ ਜ਼ਬਾਨ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਪੰਜਾਬੀ ਜ਼ਬਾਨ ਅਤੇ ਪੰਜਾਬੀਅਤ ਨੂੰ ਸਾਡੇ ਤੋਂ ਜ਼ਿਆਦਾ ਸਾਂਭ ਕੇ ਰੱਖਿਆ ਹੈ। ਜਦ ਵੀ ਮੇਰਾ ਜੀਅ ਮਾਝੀ ਜਾਂ ਠੇਠ ਪੰਜਾਬੀ ਸੁਣਨ ਨੂੰ ਕਰਦਾ ਹੈ ਮੈਂ ਉਨ੍ਹਾਂ ਦੇ ਪੰਜਾਬੀ ਪ੍ਰੋਗਰਾਮ ਵੇਖਦਾ ਹਾਂ। ਇਕ ਹੋਰ ਦਿਲਚਸਪ ਗੱਲ ਲਹਿੰਦੇ ਪੰਜਾਬ ਦੀ ਵਸੋਂਕੁੱਲ ਆਬਾਦੀ ਦਾ 44 ਫ਼ੀਸਦੀ ਹੈ ਪਰ ਪਾਕਿਸਤਾਨ ਵਿਚ ਤਕਰੀਬਨ 57 ਫ਼ੀਸਦੀ ਪੰਜਾਬੀ ਬੋਲਦੇ ਹਨ। ਮਤਲਬ ਇਹ ਕਿ ਉਥੇ ਗ਼ੈਰ-ਪੰਜਾਬੀ ਵੀ ਪੰਜਾਬੀ ਬੋਲਣ ਨੂੰ ਤਰਜੀਹ ਦਿੰਦੇ ਹਨ। ਸਾਡੇ ਪਾਸੇ ਹਾਲਾਤ ਉਲਟ ਹਨ। ਪੰਜਾਬੀ ਹੁੰਦੇ ਹੋਏ ਵੀ ਅਸੀਂ ਆਪਣੀ ਮਾਂ-ਬੋਲੀ ਬੋਲ ਕੇ ਰਾਜ਼ੀ ਨਹੀਂ ਹਾਂ। ਬੜੀ ਨਮੋਸ਼ੀ ਪਰ ਥੋੜ੍ਹੀ ਸੰਤੁਸ਼ਟੀ ਦੀ ਗੱਲ ਹੈ ਕਿ ਸਾਡੇ ਉੱਤਰ ਪ੍ਰਦੇਸ਼, ਬਿਹਾਰ ਦੇ ਹਮਵਤਨ ਜੋ ਪੰਜਾਬ ਵਿਚ ਵੱਸੇ ਹੋਏ ਹਨ, ਉਨ੍ਹਾਂ ਵਿਚੋਂ ਕਈ ਸਾਡੇ ਨਾਲੋਂ ਚੰਗੀ ਪੰਜਾਬੀ ਬੋਲਦੇ ਹਨ।

ਇਹ ਮਜ਼੍ਹਬੀ ਜਾਂ ਸਿਆਸੀ ਖੇਡ ਸਮਝੋ ਕਿ ਅਸੀਂ ਵੱਖ-ਵੱਖ ਜ਼ਬਾਨਾਂ ਤੇ ਲਿਪੀਆਂ ਨੂੰੂ ਵੀ ਮਜ਼੍ਹਬਾਂ ਨਾਲ ਜੋੜ ਦਿੱਤਾ ਹੈ। ਮਿਸਾਲ ਵਜੋਂ ਹਿੰਦੀ ਤੇ ਦੇਵਨਾਗਰੀ ਲਿਪੀ ਨੂੰ ਹਿੰਦੂਆਂ ਨਾਲ ਅਤੇ 13ਵੀਂ ਸਦੀ ਵਿਚ ਅਮੀਰ ਖੁਸਰੋ ਵਲੋਂ ਬਣਾਈ ਗਈ ਉਰਦੂ ਜ਼ਬਾਨ ਅਤੇ ਸ਼ਾਹਮੁਖੀ ਲਿਪੀ ਨੂੰ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ ਜਦ ਕਿ ਇਸ ਜ਼ਬਾਨ ਬਣਾਉਣ ਦਾ ਮਕਸਦ ਫ਼ਾਰਸੀ ਤੇ ਸੰਸਕ੍ਰਿਤ/ਹਿੰਦੀ ਦੀਆਂ ਦੂਰੀਆਂ ਨੂੰ ਖ਼ਤਮ ਕਰਨਾ ਸੀ। ਆਜ਼ਾਦੀ ਤੋਂ ਪਹਿਲਾਂ ਪੰਜਾਬ ਅਤੇ ਹੋਰ ਕਈ ਸੂਬਿਆਂ ਦੀ ਸਰਕਾਰੀ ਜ਼ਬਾਨ ਵੀ ਉਰਦੂ ਹੁੰਦੀ ਸੀ। ਮੈਂ ਆਪਣੇ ਬਜ਼ੁਰਗਾਂ ਤੋਂ ਕਹਿੰਦੇ ਸੁਣਿਆ ਸੀ ਕਿ 'ਜੇ ਪੰਜਾਬੀ ਸਾਡੀ ਮਾਂ-ਬੋਲੀ ਹੈ ਤਾਂ ਉਹ ਉਰਦੂ ਨੂੰ 'ਮਾਸੀ ਬੋਲੀ' ਦਾ ਦਰਜਾ ਦਿੱਤਾ ਜਾ ਸਕਦਾ ਹੈ। ਵਕਤ ਆ ਗਿਆ ਹੈ ਕਿ ਸਾਨੂੰ ਇਸ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਰੱਬ ਦੇ ਵਾਸਤੇ ਗੁਰਮੁਖੀ ਨੂੰ ਕਿਸੇ ਮਜ਼੍ਹਬ ਨਾਲ ਨਾ ਜੋੜੀਏ, ਕਿਉਂਕਿ ਇਹ ਸਾਰੇ ਪੰਜਾਬ ਦੀ ਸਾਂਝੀ ਜ਼ਬਾਨ ਹੈ। ਪੰਜਾਬੀ ਇਤਿਹਾਸ ਤੇ ਧਰਮ ਨੂੰ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਪੰਜਾਬੀ ਤੇ ਗੁਰਮੁਖੀ ਸਿੱਖੀਏ।

ਪੰਜਾਬੀਅਤ ਸਾਡੇ ਪੰਜਾਬੀਆਂ ਦਾ ਸਾਂਝਾ ਵਿਰਸਾ ਹੈ ਅਤੇ ਕਿਸੇ ਖ਼ਾਸ ਤਬਕੇ, ਮਜ਼੍ਹਬ ਜਾਂ ਜ਼ਿਆਦਾ ਵਸੋਂ ਦੀ ਬਿਨਾ ਦੇ ਉਸ ਨਾਲ ਨਹੀਂ ਜੋੜਿਆ ਜਾ ਸਕਦਾ। ਜੇ ਇਹ ਗੱਲ ਹੈ ਤਾਂ ਪੰਜਾਬੀਅਤ ਦਾ ਹੱਕ ਮੁਸਲਮਾਨ ਦੋਸਤਾਂ ਨੂੰ ਜਾਂਦਾ ਹੈ ਕਿਉਂਕਿ ਲਹਿੰਦੇ ਪੰਜਾਬ ਦੀ ਵਸੋਂ ਅੰਦਾਜ਼ਨ 11 ਕਰੋੜ ਹੈ। ਇਸ ਦੇ ਮੁਕਾਬਲੇ ਅਸੀਂ ਸਿਰਫ 3 ਕਰੋੜ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਾਨੂੰ ਸਭ ਨੂੰ ਪੰਜਾਬੀ ਹੋਣ 'ਤੇ ਫ਼ਖਰ ਹੋਣਾ ਚਾਹੀਦਾ ਹੈ। ਪੰਜਾਬੀ ਸਾਡੀ ਸਾਂਝੀ ਮਲਕੀਅਤ ਹੈ। ਸਾਡੇ ਪੰਜਾਬ ਦੀ ਕੁੱਲ ਵਸੋਂ ਵਿਚ ਤਕਰੀਬਨ 57.70 ਫ਼ੀਸਦੀ ਸਿੱਖ ਅਤੇ ਹਿੰਦੂਆਂ ਦੀ ਤਾਦਾਦ ਅੰਦਾਜ਼ਨ 38.50 ਫ਼ੀਸਦੀ ਹੈ। ਹਿੰਦੂ-ਸਿੱਖਾਂ ਦੀ ਰੋਟੀ ਬੇਟੀ ਦੀ ਸਾਂਝ ਹੈ ਅਤੇ ਇਹ ਸਾਡੀ ਤਾਕਤ ਹੈ। ਅਸੀਂ ਇਸ ਨੂੰ ਹੋਰ ਮਜ਼ਬੂਤ ਕਰਨਾ ਹੈੈ ਅਤੇ ਸਾਰਿਆਂ ਨੂੰ ਧਰਮ, ਜਾਤ-ਪਾਤ ਤੋਂ ਉੱਠ ਕੇ ਪੰਜਾਬੀ ਹੋਣ ਦਾ ਫਖ਼ਰ ਹੋਣਾ ਚਾਹੀਦਾ ਹੈ। ਕਿਉਂਕਿ ਸਿੱਖ ਬਰਾਦਰੀ ਦੀ ਵਸੋਂ ਜ਼ਿਆਦਾ ਹੈ। ਉਹ ਵੱਡੇ ਭਰਾ ਵਾਂਗ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਇਕੱਠੇ ਬੈਠ ਕੇ ਆਪਣੀਆਂ ਸਮੱਸਿਆਵਾਂ ਹੱਲ ਕਰਨ।

ਪੰਜਾਬੀ ਦੀ ਕਹਾਵਤ ਹੈ ਕਿ 'ਕਦੀ-ਕਦੀ ਹੱਥਾਂ ਨਾਲ ਦਿੱਤੀਆਂ ਗੰਢਾਂ, ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ। ਇਹ ਕਹਾਵਤ ਸਾਡੇ ਪੰਜਾਬੀਆਂ ਦੇ ਪੂਰੀ ਢੁਕਦੀ ਹੈ। ਇਸ ਨੂੰ ਸਮਝਣ ਲਈ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਡੂੰਘਾ ਨੁਕਸਾਨ ਪਹੰਚੁਾਇਆ। 1950 ਦੇ ਦਹਾਕੇ ਵਿਚ ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਇਕੱਠੇ ਮਿਲਾ ਕੇ ਪੰਜਾਬੀ ਸੂਬਾ ਬਣਾਉਣ ਲਈ ਮੋਰਚਾ ਸ਼ੁਰੂ ਹੋਇਆ। ਇਹ ਮੁਹਿੰਮ ਪੂਰੇ ਪੰਜਾਬ ਅਤੇ ਪੰਜਾਬੀਆਂ ਦੀ ਸੀ ਤੇ ਜ਼ਰੂਰਤ ਸੀ ਕਿ ਸਾਰੇ ਪੰਜਾਬੀਆਂ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਂਦਾ। ਪਰ ਹੋਇਆ ਇਹ ਕਿ ਕੁਝ ਵਕਤ ਬਾਅਦ ਇਹ ਮੋਰਚਾ ਇਕ ਤਬਕੇ ਤੱਕ ਮਹਿਦੂਦ ਹੋ ਕੇ ਰਹਿ ਗਿਆ। ਨਤੀਜਾ ਇਹ ਹੋਇਆ ਕਿ ਦੂਜਾ ਤਬਕਾ ਆਪਣੇ ਆਪ ਨੂੰ ਅਲੱਗ-ਥਲੱਗ ਸਮਝਣ ਲੱਗ ਪਿਆ। ਦੂਜੀ ਘਟਨਾ 1960 ਦੀ ਮਰਦਮਸ਼ੁਮਾਰੀ ਦੀ ਹੈ ਜਿਸ ਵਿਚ ਬਦਲੇ ਵਜੋਂ ਕਈ ਪੰਜਾਬੀਆਂ ਨੇ ਆਪਣੀ ਮਾਂ-ਬੋਲੀ ਬਦਲ ਦਿੱਤੀ ਤੇ ਨਤੀਜਾ ਸਾਡੇ ਸਾਹਮਣੇ ਹੈ। ਇਹ ਤੇ ਪਤਾ ਨਹੀਂ ਕੌਣ ਜਿੱਤਿਆ, ਪਰ ਹਾਰਿਆ ਪਰ ਇਹ ਵਿਵਾਦ ਪੰਜਾਬ ਅਤੇ ਪੰਜਾਬੀਅਤ ਨੂੰ ਇਕ ਦਾਗ਼ ਲਾ ਗਿਆ। ਪੰਜਾਬੀਅਤ ਧਰਮ, ਜਾਤ-ਪਾਤ ਤੇ ਸਿਆਸਤ ਤੋਂ ਉਤੇ ਹੈ। ਟ੍ਰਿਬਿਊਨ ਦੇ ਮੋਢੀ ਸ: ਦਿਆਲ ਸਿੰਘ ਮਜੀਠੀਆ 'ਬ੍ਰਹਮੋ ਸਮਾਜ' ਨਾਲ ਜੁੜੇ ਹੋਏ ਸਨ। ਇਸੇ ਤਰ੍ਹਾਂ ਬੇਸ਼ੱਕ ਆਰੀਆ ਸਮਾਜ ਇਕ ਧਾਰਮਿਕ ਤਨਜ਼ੀਮ ਹੈ, ਪਰ ਇਸ ਨੇ ਲਾਹੌਰ ਵਿਚ ਆਪਣਾ ਮਰਕਜ਼ ਬਣਾ ਕੇ ਸਭ ਧਰਮਾਂ ਦੇ ਲੋਕਾਂ ਨੂੰ ਇੱਕਠਾ ਕਰਕੇ ਆਜ਼ਾਦੀ ਦੀ ਜੰਗ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਪਰ ਪੰਜਾਬੀ ਜ਼ਬਾਨ ਦੇ ਸੰਦਰਭ ਵਿਚ ਆਰੀਆ ਸਮਾਜ ਦੇ ਆਗੂ ਸਹੀ ਪਹੁੰਚ ਨਾ ਅਪਣਾ ਸਕੇ। ਪੰਜਾਬੀ ਵਿਰਸੇ ਦੀ ਮਿਸਾਲ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚੋਂਮਿਲਦੀ ਹੈ, ਉਨ੍ਹਾਂ ਨੇ ਇਸ ਨੂੰ ਕਿਸੇ ਮਜ਼੍ਹਬ ਨਾਲ ਨਹੀਂ ਜੋੜਿਆ, ਉਹ ਫ਼ਰਮਾਉਂਦੇ ਹਨ

* ਉਮਰ ਗਵਾਈ ਵਿਚ ਮਸੀਤੀ,

ਅੰਦਰ ਭਰਿਆ ਨਾਲ ਪਲੀਤੀ,

ਕਦੇ ਨਮਾਜ਼ ਤੌਹੀਦ ਨਾ ਕੀਤੀ,

ਹੁਣ ਕੀ ਕਰਨਾ ਏਂ ਸ਼ੋਰ ਪੁਕਾਰ।

ਇਸ਼ਕ ਦੀ ਨਵੀਓਂ ਨਵੀਂ ਬਹਾਰ।

* ਨਾ ਮੈਂ ਅਰਬੀ ਨਾ ਲਾਹੌਰੀ,

ਨਾ ਮੈਂ ਹਿੰਦੀ ਸ਼ਹਿਰ ਨਗੌਰੀ,

ਨਾ ਹਿੰਦੂ ਨਾ ਤੁਰਕ ਪਸ਼ੌਰੀ,

ਨਾ ਮੈਂ ਰਹਿੰਦਾ ਵਿਚ ਨਦੌਣ।

ਬੁੱਲ੍ਹਾ ਕੀ ਜਾਣਾ ਮੈਂ ਕੌਣ।

ਆਪਣੇ ਵਿਰਸੇ ਨੂੰ ਕਿਸ ਤਰ੍ਹਾਂ ਸਾਂਭਿਆ ਜਾਂਦਾ ਹੈ ਇਸ ਦੀ ਮਿਸਾਲ ਸਾਂਝੀ ਕਰਦਾ ਹਾਂ। ਲਾਹੌਰ ਵਿਚ 'ਲਕਸ਼ਮੀ ਚੌਕ' ਇਕ ਮਸ਼ਹੂਰ ਅਤੇ ਇਤਿਹਾਸਕ ਜਗ੍ਹਾ ਹੈ ਜਿਸ ਦਾ ਨਾਂਅ 1935 ਵਿਚ ਬਣੀ ਲਕਸ਼ਮੀ ਬਿਲਡਿੰਗ ਦੇ ਉਤੇ ਰੱਖਿਆ ਗਿਆ ਸੀ। ਕੀ ਹੋਇਆ ਕਿ 2019 ਵਿਚ ਕੁਝ ਮਜ਼੍ਹਬ-ਪ੍ਰਸਤਾਂ ਦੇ ਦਬਾਅ ਕਰਕੇ ਲਹਿੰਦੇ ਪੰਜਾਬ ਨੇ ਲਕਸ਼ਮੀ ਚੌਕ ਦਾ ਨਾਂਅ ਬਦਲ ਕੇ 'ਮੌਲਾਨਾ ਜ਼ਫਰਉੱਲਾ ਖਾਨ ਚੌਕ' ਰੱਖ ਦਿੱਤਾ। ਲੋਕਾਂ ਨੇ ਇਸ ਬਦਲਾਅ 'ਤੇ ਬਹੁਤ ਇਤਰਾਜ਼ ਕੀਤਾ ਤੇ ਇਸ ਕਦਮ ਨੂੰ ਪੰਜਾਬ ਦੀ ਵਿਰਾਸਤ ਨੂੰ ਖ਼ਤਮ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਜਿਸ ਦੇ ਸਦਕਾ ਉਥੋਂ ਦੀ ਸਰਕਾਰ ਨੂੰ ਇਸ ਦਾ ਪਹਿਲਾ ਨਾਂਅ ਲਕਸ਼ਮੀ ਚੌਕ ਬਹਾਲ ਕਰਨਾ ਪਿਆ। ਪੰਜਾਬੀਆਂ ਦੀ ਦੇਸ਼ ਭਗਤੀ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਦੇ ਜ਼ਿਕਰ ਤੋਂ ਬਗੈਰ ਪੰਜਾਬੀਅਤ ਅਧੂਰੀ ਹੈ। ਕੁਝ ਸਾਲ ਪਹਿਲਾਂ ਅੰਡੇਮਾਨ-ਨਿਕੋਬਾਰ ਜਾਣ ਦਾ ਮੌਕਾ ਮਿਲਿਆ। ਉਥੇ ਕਾਲੇ ਪਾਣੀ ਦੀ ਜੇਲ੍ਹ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸਜ਼ਾਵਾਂ ਕੱਟੀਆਂ, ਉਨ੍ਹਾਂ ਵਿਚ ਤਕਰੀਬਨ 75 ਫ਼ੀਸਦੀ ਪੰਜਾਬੀ ਸਨ। ਮੁਲਕ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬੀਆਂ ਦੀ ਕੁਰਬਾਨੀ ਸਭ ਤੋਂ ਜ਼ਿਆਦਾ ਹੈ। ਸਭ ਤੋਂ ਪਹਿਲਾ 'ਪਰਮਵੀਰ ਚੱਕਰ' ਲੈਣ ਦਾ ਸਿਹਰਾ ਵੀ ਇਕ ਪੰਜਾਬੀ 'ਮੇਜਰ ਸੋਮ ਨਾਥ ਸ਼ਰਮਾ' ਨੂੰ ਜਾਂਦਾ ਹੈ। ਬੜੀ ਨਮੋਸ਼ੀ ਦੀ ਗੱਲ ਹੈ ਕਿ ਕੁਝ ਵਕਤ ਤੋਂ ਫ਼ੌਜ ਵਿਚ ਪੰਜਾਬੀਆਂ ਦੀ ਨੁਮਾਇੰਦਗੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਬੇਸ਼ੱਕ ਜਵਾਨਾਂ ਦੀ ਭਰਤੀ ਹਰ ਸੂਬੇ ਦੀ ਆਬਾਦੀ ਦੇ ਆਧਾਰ 'ਤੇ ਹੁੰਦੀ ਹੈ। ਅਫ਼ਸਰਾਂ ਦੀ ਭਰਤੀ 'ਤੇ ਅਜਿਹੀ ਕੋਈ ਬੰਦਿਸ਼ ਨਹੀਂ। ਇਕ ਵਕਤ ਸੀ ਕਿ ਹਰ ਤੀਜਾ-ਚੌਥਾ ਅਫ਼ਸਰ ਪੰਜਾਬੀ ਹੁੰਦਾ ਸੀ। ਹੁਣ ਹਾਲਤ ਇਹ ਹੈ ਕਿ ਦਸੰਬਰ 2020 ਦੇ ਆਈ.ਐਮ. ਏ ਕੋਰਸ ਵਿਚ ਪੰਜਾਬੀਆਂ ਦਾ ਨੰਬਰ 8ਵਾਂ ਹੈ ਤੇ ਕੁੱਲ 427 ਕੈਡਿਟਾਂ ਵਿਚੋਂ ਪੰਜਾਬ ਦਾ ਹਿੱਸਾ ਸਿਰਫ਼ 14 ਹੀ ਸੀ। ਖੁਸ਼ੀ ਦੀ ਗੱਲ ਹੈ ਕਿ ਮੁਹਾਲੀ ਵਿਚ ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਅਕੈਡਮੀ ਦੇ ਸਦਕਾ ਪੰਜਾਬੀਆਂ ਦੀ ਨੁਮਾਇੰਦਗੀ ਵਧਣ ਦੀ ਉਮੀਦ ਜਾਗੀ ਹੈ।ਵਕਤ ਆ ਗਿਆ ਹੈ ਕਿ ਅਸੀਂ ਸਾਰੇ ਪੰਜਾਬੀ ਆਪਣੀ ਜ਼ਮੀਰ ਨੂੰ ਝੰਜੋੜੀਏ ਤੇ ਕਿਸੇ ਨੂੰ ਆਖਣ ਤੋਂ ਪਹਿਲਾਂ ਇਹ ਸੋਚੀਏ ਕਿ ਮੈਂ ਪੰਜਾਬੀ ਤੇ ਪੰਜਾਬੀਅਤ ਲਈ ਕੀ ਕਰ ਰਿਹਾ ਹਾਂ? ਵਿਰਸੇ ਦੀ ਸੰਭਾਲ ਦਾ ਕੰਮ ਸਿਰਫ ਸਰਕਾਰ ਜਾਂ ਸਮਾਜੀ ਤਨਜ਼ੀਮਾਂ 'ਤੇ ਨਹੀਂ ਛੱਡ ਸਕਦੇ ਬਲਕਿ ਜ਼ਾਤੀ ਕੋਸ਼ਿਸ਼ਾਂ ਤੋਂ ਬਗੈਰ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ। ਅਸੀਂ ਆਪਣੀਆਂ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਸਾਂਭ ਕੇ ਰੱਖਣਾ ਹੈ। ਆਓ! ਆਪਣੀ ਤਰਜ਼ੇ-ਜ਼ਿੰਦਗੀ ਨੂੰ ਇਸ ਤਰ੍ਹਾਂ ਢਾਲੀਏ ਕਿ ਆਉਣ ਵਾਲੀਆਂ ਪੁਸ਼ਤਾਂ ਆਪਣੇ ਵਿਰਸੇ ਅਤੇ ਪੰਜਾਬੀਅਤ ਨਾਲ ਜੁੜੀਆਂ ਰਹਿਣ ਅਤੇ ਇਸ 'ਤੇ ਫ਼ਖਰ ਕਰਨ।

 

ਸਾਬਕਾ ਕਰਨਲ ਰਮੇਸ਼ ਦਵੇਸ਼ਰ

-16-ਐਲ-1, 16 ਪਾਮ ਗਰੋਵਜ਼, ਬੀ.ਟੀ. ਕਾਵਡੇ ਰੋਡ, ਪੁਣੇ।