'ਹੀਰ’ ਦੇ ਬਹਾਨੇ ਸੁਮੇਲ ਸਿੱਧੂ ਦਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੂੜ ਪ੍ਰਚਾਰ

 'ਹੀਰ’ ਦੇ ਬਹਾਨੇ ਸੁਮੇਲ ਸਿੱਧੂ ਦਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੂੜ ਪ੍ਰਚਾਰ

ਜਿਹੜੇ ਸਿੱਖ ਬੰਦਾ ਬਹਾਦਰ ਨੂੰ ਇਕੱਲਾ ਸਿੱਖੀ ਦੇ ਕਿੱਲ੍ਹੇ ਬੰਨਣ ਨੂੰ ਫਿਰਦੇ ਹਨ

ਪੰਜਾਬੀ ਸਾਹਿਤ ਜਗਤ ਆਪਣੇ ਮਹਿਬੂਸ ਸ਼ਾਇਰ ਵਾਰਿਸ ਸ਼ਾਹ ਦੀ ਇਸ ਸਾਲ ਤੀਜੀ ਸਦੀ ਦਾ ਜਸ਼ਨ ਮਨਾ ਰਿਹਾ ਹੈ. ਜਸ਼ਨ ਸ਼ਬਦ ਮੈਂ ਆਪਣੇ ਤੌਰ ’ਤੇ ਸ਼ਰਮਿੰਦਾ ਹੁੰਦਿਆਂ ਵਰਤਿਆ ਹੈ, ਕਿਉਂਕਿ ਜਸ਼ਨ ਜਿਹਾ ਅਸੀਂ ਕੁਝ ਮਨਾਇਆ ਨਹੀਂ ਹੈ. ਕੁਝ ਇਕਾ-ਦੁੱਕਾ ਛੋਟੇ-ਛੋਟੇ ਸਮਾਗਮਾਂ ਤੋਂ ਇਲਾਵਾ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਾਰਿਸ ਸ਼ਾਹ ਨੂੰ ਸਮਰਪਿਤ ਇਕ ਕਿਤਾਬ ਮੇਲੇ ਦਾ ਆਯੋਜਨ ਕੀਤਾ ਹੈ, ਜਿਸ ਵਿਚ ਮਿਤੀ 22-26 ਨਵੰਬਰ ਤਕ ਵਾਰਿਸ ਸ਼ਾਹ ਨੂੰ ਯਾਦ ਕੀਤਾ ਗਿਆ ਹੈ. ਜਿਸ ਵਿਚ ਹੀਰ-ਰਾਂਝਾ ਨਾਲ ਸੰਬੰਧਿਤ ਇਕ ਤਸਵੀਰ ਪ੍ਰਦਰਸ਼ਨੀ ਲਗਾਈ ਗਈ, ਇਕ ਅੰਤਰ-ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ (ਪੰਜਾਬੀ ਦੀਆਂ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿਚ ਅੰਤਰ-ਰਾਸ਼ਟਰੀਪਣ ਕਿੰਨਾ ’ਕੁ ਹੁੰਦਾ ਇਹ ਇਸ ਖੇਤਰ ਦੇ ਸਭ ਜਾਣਕਾਰ ਭਲੀਭਾਂਤ ਜਾਣਦੇ ਹਨ), ਕੁਝ ਚਲੰਤ ਜਿਹੀ ਕਿਸਮ ਦੀਆਂ ਵਿਚਾਰ-ਚਰਚਾਵਾਂ ਤੇ ਗੀਤ ਗਾਏ ਗਏ ਤੇ ਏਨੇ ਦਿਨਾਂ ਵਿਚ ਬੜੀ ਸ਼ਾਨੋ-ਸ਼ੌਕਤ ਸਮਝਦਿਆਂ “ਹੀਰ” ਉੱਪਰ ਇਕ ਕਿਤਾਬ ਜਾਰੀ ਕੀਤੀ ਗਈ, ਜੋ ਕਿ ਯੂਨੀਵਰਸਿਟੀ ਦੀ ਪ੍ਰਕਾਸ਼ਨਾ ਨਾ ਹੋ ਕੇ ਰੀਥਿੰਕ ਫਾਉਂਡੇਸ਼ਨ ਦੁਆਰਾ ਨਿੱਜੀ ਤੌਰ ਤੇ ਪ੍ਰਕਾਸ਼ਿਤ ਕੀਤੀ ਗਈ ਈਸਵਰ ਦਿਆਲ ਗੌੜ ਦੀ ਰਚਨਾ ਸੀ. ਕੁੱਲ ਮਿਲਾ ਕੇ ਇਹ ਇਕ ਪੈਰੇ ਵਿਚ ਸਮਾ ਗਿਆ ਘਟਨਾਕ੍ਰਮ ਸਾਡੇ ਅਲਬੇਲੇ ਸ਼ਾਇਰ ਦੀ ਜਨਮ-ਸਤਾਬਦੀ ਦੇ ਨਾਮ ਹੇਠ ਇਕ ਸਾਲ ਭਰ ਵਿਚ ਕੀਤੇ ਗਏ ਕਾਰਜਾਂ ਦਾ ਬਿਊਰਾ ਦਿੰਦਾ ਹੈ. ਖ਼ੈਰ… ਇਹ ਸਾਰੀਆਂ ਗੱਲਾਂ ਸਵਾਗਤ ਯੋਗ ਹਨ ਤੇ ਮੈਂ ਇਸ ਤੋਂ ਵੱਧ ਸਾਡੀਆਂ ਯੂਨੀਵਰਸਿਟੀਜ਼ ਤੋਂ ਕੋਈ ਬਹੁਤੀ ਉਮੀਦ ਰੱਖਦਾ ਵੀ ਨਹੀਂ ਹਾਂ.

ਇਨ੍ਹਾਂ ਸਾਰੇ ਕਾਰਜਾਂ ਵਿਚ ਇਕ ਇਨਸਾਨ ਅਜਿਹਾ ਹੈ, ਜਿਸ ਨੂੰ ਤੁਸੀਂ ਵਾਰਿਸ ਸ਼ਾਹ ਦੀ ਗੱਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਜਾਂ ਕੁਝ ਹੋਰਨਾਂ ਥਾਵਾਂ ’ਤੇ ਵੀ ਅਕਸਰ ਦੇਖਿਆ ਸੁਣਿਆ ਹੋਵੇਗਾ. ਪਿਛਲੇ ਕੁਝ ਸਮੇਂ ਤੋਂ ਇਹ ਇਨਸਾਨ ਵਾਰਿਸ ਸ਼ਾਹ ਉੱਪਰ ਖ਼ੁਦ ਨੂੰ ਇਕ ਮਾਹਿਰ ਵਜੋਂ ਪੇਸ਼ ਕਰ ਰਿਹਾ ਹੈ ਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਖ਼ਾਸ ਕਿਰਪਾ ਸਦਕਾ ਇਹ ਯੂਨੀਵਰਸਿਟੀ ਦੇ ਲਗਭਗ ਹਰ ਇਕ ਸਮਾਗਮ ਵਿਚ ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਦਾ ਤਾਂ ਖ਼ੈਰ ਸ਼ੋਸਣ ਹੀ ਕਰਦਾ ਹੋਏਗਾ, ਵਿਦਵਾਨਾਂ ਦਾ ਕੀ ਕਰਦਾ ਹੈ, ਇਹ ਮੈਂ ਨਹੀਂ ਜਾਣਦਾ. ਵਿਦਿਆਰਥੀਆਂ ਦਾ ਦਾਅਵਾ ਵੀ ਵੈਸੇ ਮੈਂ ਆਪਣੇ ਜਿਹੇ ਵਿਦਿਆਰਥੀਆਂ ਦੇ ਹਵਾਲੇ ਨਾਲ ਕਰ ਰਿਹਾ ਹਾਂ, ਉਹ ਵਿਦਿਆਰਥੀ ਜਿਹੜੇ ਆਪਣੇ ਅਧਿਆਪਕਾਂ ਦੀ ਤਰ੍ਹਾਂ ਇਸ ‘ਵਿਦਵਾਨ’ ਸੱਜਣ ਵਿਚੋਂ ਆਪਣਾ ਗਿਆਨ ਲੱਭ ਰਹੇ ਹਨ, ਉਨ੍ਹਾਂ ਬਾਬਤ ਮੇਰੀ ਰਾਏ ਇਸ ਦਾਅਵੇ ਤੋਂ ਵੱਖਰੀ ਹੈ. ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਸ ਇਨਸਾਨ ਦੀ ਗੱਲ ਰਿਹਾ ਹਾਂ, ਪਰ ਫਿਰ ਵੀ ਮੈਂ ਦੱਸ ਦੇਵਾਂ ਇਹ ਗੱਲ ਕਥਿਤ ਇਤਿਹਾਸਕਾਰ ਸੁਮੇਲ ਸਿੱਧੂ ਬਾਬਤ ਹੈ. ਸੁਮੇਲ ਹੁਰਾਂ ਨੂੰ ਮੈਂ ਕਦੀ ਨਾ ਮਿਲਿਆ ਹਾਂ, ਨਾ ਉਨ੍ਹਾਂ ਮੇਰਾ ਕੁਝ ਨੁਕਸਾਨ ਕੀਤਾ ਹੈ, ਨਾ ਉਨ੍ਹਾਂ ਦੀ ਸ਼ਖਸ਼ੀਅਤ ਬਾਬਤ ਮੇਰੀ ਕੋਈ ਸ਼ਿਕਾਇਤ ਹੈ. ਮੇਰਾ ਮਸਲਾ ਸ਼ੁੱਧ ਵਿਚਾਰ ਦਾ ਹੈ, ਇਸ ਲਈ ਉਨ੍ਹਾਂ ਦੀ ਵਿਚਾਰ ਬਾਬਤ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ.

ਸੁਮੇਲ ਸਿੱਧੂ ਹੁਰਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਕਿਤਾਬ ਮੇਲੇ ਦੌਰਾਨ ਇਕ ਭਾਸ਼ਣ ਦਿੱਤਾ ਹੈ. ਉਹ ਭਾਸ਼ਣ ਕਿਹੋ ਜਿਹਾ ਹੈ, ਉਸ ਦਾ ਨਿਤਾਰਾ ਭਾਸ਼ਣ ਸੁਣਨ ਵਾਲੇ ਜਾਂ ਸੁਣਵਾਉਣ ਵਾਲੇ ਆਪਸ ਵਿਚ ਮਿਲ ਬਹਿ ਕੇ ਕਰ ਸਕਦੇ ਹਨ, ਮੈਂ ਤਾਂ ਬੜੀ ਮੁਸ਼ਕਲ ਨਾਲ ਆਪਣੇ ਮਿੱਤਰ ਜਗਦੀਪ ਦੇ ਕਹੇ ਤੇ ਉਸ ਦੇ ਯੂ-ਟਿਊਬ ਚੈਨਲ ਉੱਪਰ ਜਾ ਕੇ ਉਸ ਨੂੰ ਤਿੰਨ-ਚਾਰ ਵਾਰ ਦੀ ਕੋਸ਼ਿਸ਼ ਕਰਨ ਤੋਂ ਬਾਅਦ ਬੜੀ ਮੁਸ਼ਕਲ ਨਾਲ ਦਸ ਕੁ ਮਿੰਟ ਹੀ ਸੁਣਿਆ ਹੈ. ਇਸ ਲਈ ਏਨੇ ’ਕੁ ਸਮੇਂ ਦੇ ਹਵਾਲੇ ਨਾਲ ਹੀ ਆਪਣੀ ਗੱਲ ਕਰਾਂਗਾ. ਇਸ ਤੋਂ ਬਾਅਦ ਉਨ੍ਹਾਂ ਇਨ੍ਹਾਂ ਦਸ ਮਿੰਟਾਂ ਸੰਬੰਧੀ ਆਪਣੀ ਕੀ ਰਾਏ ਰੱਖੀ, ਉਹ ਰਾਏ ਮੇਰੇ ਕਹੇ ਨੂੰ ਸਹੀ ਜਾਂ ਗਲਤ ਕੀ ਸਾਬਤ ਕਰਦੀ ਹੈ, ਵਗੈਰਾ-ਵਗੈਰਾ ਬਾਰੇ ਨਾ ਜਾਣਦੇ ਹੋਏ ਮੈਂ ਪਹਿਲਾਂ ਹੀ ਮਾਫੀ ਮੰਗ ਕੇ ਅੱਗੇ ਵੱਧ ਰਿਹਾ ਹਾਂ.

ਆਪਣੇ ਭਾਸ਼ਣ ਦੇ ਸ਼ੁਰੂਆਤੀ ਸ਼ਬਦਾਂ ਵਿਚ ਹੀ ਸੁਮੇਲ ਸਿੱਧੂ ਇਕ ਬਿਆਨ ਜਾਰੀ ਕਰਦਾ ਹੈ. ਉਸ ਦਾ ਇਹ ਬਿਆਨ “ਹੀਰ” ਬਾਬਤ ਹੈ. “ਹੀਰ” ਜਿਸ ਨੂੰ ਕਿ ਅਸੀਂ ਹੁਣ ਤਕ ਇਸ਼ਕ ਦਾ ਕਿੱਸਾ ਸਿਰਲੇਖ ਹੇਠ ਪੜਦੇ ਆਏ ਹਾਂ, ਸੁਮੇਲ ਲਈ ਉਹ ਇਸ਼ਕ ਦੀ ਵਾਰ ਹੈ. ਉਹ ਵਾਰ ਜੋ ਸਿੱਧੀ ਜੰਗ ਨਾਲ ਸੰਬੰਧਿਤ ਹੈ. ਬੀਰ ਰਸੀ ਹੈ. ਰਾਂਝਾ ਇਸ ਜੰਗ ਦਾ ਮੁੱਖ ਨਾਇਕ ਹੈ. ਜਿਸ ਦੀ ਸਹਾਇਤਾ ਨਾਲ ਸੁਮੇਲ ਅਨੁਸਾਰ ਵਾਰਿਸ ਸ਼ਾਹ ਆਪਣੇ ਇਸ ਕਿੱਸੇ ਵਿਚ ਉਸ ਰਸ ਤੇ ਨੈਤਿਕਤਾ ਨੂੰ ਇਕ ਕਰਦਾ ਹੈ, ਜਿਸ ਨੂੰ ਸੰਤ-ਬਾਬੇ (ਅਰਥਾਤ ਧਰਮ) ਵੱਖ ਕਰਕੇ ਚੱਲਦੇ ਹਨ. ਇਹ ਬੜੀ ਦਿਲਚਸਪ ਤੇ ਬਾਰੀਕ ਬਿਰਤਾਂਤਕ ਪੇਸ਼ਕਾਰੀ ਹੈ. ਹੀਰ ਦੀ ਸਾਹਿਤਕ ਪ੍ਰਕਿਰਤੀ ਕੀ ਹੈ, ਬਜਾਏ ਇਸ ਦੇ ਮੈਂ ਦੂਸਰੀ ਗੱਲ ਕਰਨ ਵਿਚ ਜਿਆਦਾ ਦਿਲਚਸਪੀ ਰੱਖਦਾ ਹਾਂ.

ਰਸ ਤੇ ਨੈਤਿਕਤਾ ਦਾ ਮਸਲਾ ਵਾਰਿਸ ਤੋਂ ਕਿਤੇ ਪਹਿਲਾਂ ਦਾ ਹੈ. ਵਾਰਿਸ ਇਸ ਨੂੰ ਇਕ ਨਹੀਂ ਕਰਦਾ, ਬਲਕਿ ਭਾਰਤੀ ਦਰਸ਼ਨ ਵਿਚ ਰਸ ਤੇ ਨੈਤਿਕਤਾ ਰਿਗਵੈਦਿਕ ਕਾਲ ਤੋਂ ਹੀ ਇਕ ਹੈ. ਸਿਰਫ਼ ਭਾਰਤੀ ਹੀ ਕਿਉਂ, ਪੱਛਮ ਵਿਚ ਵੀ ਰਸ ਤੇ ਨੈਤਿਕਤਾ ਨੂੰ ਕਦੀ ਵੱਖਰਾ ਨਹੀਂ ਸਮਝਿਆ ਗਿਆ. ਮੈਂ ਇਸ ਸੰਬੰਧੀ ਇੱਥੇ ਕੋਈ ਹਵਾਲੇ ਨਹੀਂ ਦਵਾਂਗਾ, ਹਾਂ ਪਾਠਕ ਮਿੱਤਰ ਜੇ.ਈ. ਸਮਿੱਥ ਦੀ ਕਿਤਾਬ “ਰੀਜਨ ਐਂਡ ਗਾਡ: ਐਨਕਾਊਂਟਰਜ਼ ਆਫ ਫਿਲਾਸਫੀ ਵਿਦ ਰਿਲੀਜਨ” ਜਰੂਰ ਪੜ੍ਹ ਸਕਦੇ ਹਨ. ਲੇਵਿਸ ਦੀ ਕਿਤਾਬ “ਫਿਲਾਸਫੀ ਆਫ ਰਿਲੀਜਨ” ਵੀ ਇਸ ਵਿਸ਼ੇ ਉੱਪਰ ਇਕ ਚੰਗੀ ਰਚਨਾ ਹੈ. ਇਸ ਲਈ ਸੁਮੇਲ ਸਿੱਧੂ ਜਦੋਂ ਇਹ ਗੱਲ ਆਖਦੇ ਹਨ ਕਿ ਵਾਰਿਸ ਨੇ ਇਸ ਨੂੰ ਇਕ ਕੀਤਾ ਤੇ ਸੰਤ-ਬਾਬੇ ਇਸ ਨੂੰ ਵੱਖ ਕਰਦੇ ਹਨ, ਉਦੋਂ ਉਹ ਨਾ ਤਾਂ ਰਸ ਨੂੰ ਸਮਝ ਰਹੇ ਹੁੰਦੇ ਹਨ ਤੇ ਨਾ ਹੀ ਨੈਤਿਕਤਾ ਨੂੰ, ਸਗੋਂ ਉਹ ਰਸ ਤੇ ਨੈਤਿਕਤਾ ਨੂੰ ਪਦਾਰਥਕਤਾ ਤੇ ਤਿਆਗ ਦੇ ਰੂਪ ਵਿਚ ਸਿਰਜ ਰਹੇ ਹੁੰਦੇ ਹਨ. ਵਾਰਿਸ ਦਾ ਰਸ ਸਰੀਰਕ ਰਸ ਨਹੀਂ ਹੈ, ਜਿਸ ਨੂੰ ਸੰਤ ਬਾਬੇ (ਧਰਮ) ਤਿਆਗਣ ਦੀ ਗੱਲ ਕਰਦਾ ਹੈ, ਸਗੋਂ ਇਹ ਰਸ ਸੁਮੇਲ ਦਾ ਹੈ. ਵਾਰਿਸ ਤਾਂ “ਹੀਰ” ਦੀ ਸਮਾਪਤੀ ਤੇ ਇਸ ਨੂੰ ਸਮੁੱਚੇ ਰਸ ਦਾ ਸਿਖ਼ਰ ਪ੍ਰਦਾਨ ਕਰਦਿਆਂ ਰਹੱਸ ਨਾਲ ਜੋੜ ਦਿੰਦਾ ਹੈ. ਰਹੱਸ ਵਿਚ ਰਸ ਕਿੱਥੇ ਰਹਿ ਜਾਂਦਾ ਹੈ? ਇਸ ਗੱਲ ਦਾ ਜੁਆਬ ਸ਼ਾਇਦ ਸੁਮੇਲ ਸਿੱਧੂ ਹੀ ਜਾਣਦੇ ਹੋਣੇਗੇ.

ਦੂਜੀ ਵੱਡੀ ਗੱਲ ਉਹ ਇਨ੍ਹਾਂ ਦਸ ਮਿੰਟਾਂ ਵਿਚ ਇਹ ਕਰ ਜਾਂਦੇ ਹਨ ਕਿ ਵਾਰਿਸ ਦੇ ਇਨ੍ਹਾਂ ਬੋਲਾਂ, ਜਿਨ੍ਹਾਂ ਵਿਚ ਉਹ ਆਖਦਾ ਹੈ:

ਐਵੈਂ ਸਰਕਦਾ ਆਵਦਾ ਖੇੜਿਆ ਨੂੰ ਜਿਵੇਂ ਫੌਜ ਸਰਕਾਰ ਦੀ ਲੁੱਟ ਉੱਤੇ

ਸੰਨਿਆਸ ਬੈਰਾਗ ਜਿਉਂ ਲੜਨ ਚੱਲੇ ਰੱਖ ਹੱਥ ਤਲਵਾਰ ਦੀ ਮੁੱਠ ਉੱਤੇ।

ਦੇ ਰਾਹੀਂ ਉਹ ਸੰਨਿਆਸ ਤੇ ਬੈਰਾਗ ਦੇ ਧਾਰਨੀ ਰਹਿ ਚੁੱਕੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਹਵਾਲੇ ਸਹਿਤ ਸਿੱਖਾਂ ਉੱਪਰ ਆਪਣੀ ਕਾਮਰੇਡਪੁਣੇ ਭਰੀ ਜ਼ਹਿਰ ਸੁੱਟਣ ਲਈ ਕਾਹਲੇ ਪੈ ਜਾਂਦੇ ਹਨ. ਉਨ੍ਹਾਂ ਦੇ ਹੂਬਹੂ ਸ਼ਬਦ ਮੈਂ ਇੱਥੇ ਦਰਜ ਕਰ ਰਿਹਾ ਹਾਂ. ਪਾਠਕ ਪਹਿਲਾਂ ਉਹ ਧਿਆਨ ਨਾਲ ਪੜ੍ਹ ਲੈਣ. ਸੁਮੇਲ ਸਿੱਧੂ ਹੁਰੀਂ ਆਖਦੇ ਹਨ:

ਜਿਹੜੇ ਸਿੱਖ ਬੰਦਾ ਬਹਾਦਰ ਨੂੰ ਇਕੱਲਾ ਸਿੱਖੀ ਦੇ ਕਿੱਲ੍ਹੇ ਬੰਨਣ ਨੂੰ ਫਿਰਦੇ ਹਨ, ਉਹ ਇਸ ਵਹਿਮ ਵਿੱਚੋਂ ਬਾਹਰ ਆ ਜਾਣ, ਕਿਉਂਕਿ ਸੰਨਿਆਸੀ ਤੇ ਬੈਰਾਗੀ ਭਾਈਚਾਰਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਇਕ ਵੱਡਾ ਅੰਗ ਸੀ। ਸੰਨਿਆਸੀਆਂ ਬੈਰਾਗੀਆਂ ਦਾ ਟੋਲਾ ਅਠਾਰਵੀ ਸਦੀ ’ਵਿਚ ਇਕੱਠਾ ਪੰਜਾਬ ਵੱਲ ਮੂਵ ਕਰ ਰਿਹਾ ਸੀ.

ਇਹ ਸ਼ਬਦ ਇੱਧਰ-ਉੱਧਰ ਹੋਣ ਦੀ ਸੰਭਾਵਨਾ ਇਸ ਕਰਕੇ ਹੋ ਸਕਦੀ ਹੈ ਕਿ ਮੇਰੇ ਸੁਣਨ ਵਿਚ ਕੋਈ ਕਮੀ ਰਹਿ ਜਾਣੀ ਸੁਭਾਵਿਕ ਹੈ, ਪਰ ਸੁਮੇਲ ਦੀ ਸ਼ਬਦਾਵਲੀ ਲਗਭਗ ਇਸ ਤਰ੍ਹਾਂ ਦੀ ਹੀ ਹੈ. ਸਹੀ ਸ਼ਬਦਾਵਲੀ ਵਿਚ ਉੱਨੀ-ਇੱਕੀ ਦੀ ਬਜਾਏ ਵੀਹ-ਇੱਕੀ ਦਾ ਫੇਰਬਦਲ ਹੋਣ ਦੀ ਸੰਭਾਵਨਾ ਸਦਕਾ ਮੇਰੀ ਗੱਲ ਜਾਂ ਸੁਮੇਲ ਹੁਰਾਂ ਦੀ ਭਾਵਨਾ ਵਿਚ ਕੋਈ ਕਮੀ ਨਹੀਂ ਆ ਸਕਦੀ।ਇਹ ਮੇਰਾ ਯਕੀਨ ਹੈ. ਹੁਣ ਆਪਣੀ ਗੱਲ ਵੱਲ ਆਉਂਦੇ ਹਾਂ.

ਜਿਸ ਵਕਤ ਸੁਮੇਲ ਹੁਰੀਂ ਇਹ ਆਖਦੇ ਹਨ ਕਿ ਸਿੱਖ ਬੰਦਾ ਸਿੰਘ ਬਹਾਦਰ ਨੂੰ ਸਿੱਖੀ ਦੇ ਕਿੱਲੇ ਬੰਨਣ ਨੂੰ ਫਿਰਦੇ ਹਨ ਤਾਂ ਉਹ ਇਹ ਗੱਲ ਸੁਭਾਵਿਕ ਰੂਪ ਵਿਚ ਨਹੀਂ ਆਖ ਰਹੇ, ਸਗੋਂ ਇਸ ਪਿੱਛੇ ਇਕ ਸੂਖਮ ਬਿਰਤਾਂਤ ਇਹ ਪਿਆ ਹੈ ਕਿ ਬੰਦਾ ਸਿੰਘ ਬਹਾਦੁਰ ਨੂੰ ਸਿੱਖੀ ਦੇ ਵਿਹੜੇ ਵਿਚੋਂ ਕੱਢਣ ਦੀ ਚਾਲਾਂ ਪਿਛਲੇ ਲੰਮੇ ਸਮੇਂ ਤੋਂ ਚੱਲੀਆਂ ਜਾ ਰਹੀਆਂ ਹਨ।ਬੰਦਾ ਸਿੰਘ ਬਹਾਦਰ ਬੰਦਾ ਬੈਰਾਗੀ ਸੀ, ਇਹ ਸੁਮੇਲ ਦੀ ਘਾੜਤ ਨਹੀਂ, ਬਿਪਰ ਦੀ ਘਾੜਤ ਹੈ।ਉਸੇ ਘਾੜਤ ਕਾਰਨ ਅੱਜ ਵੀ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਦੀ ਬੈਰਾਗੀ ਸੰਸਥਾਵਾਂ ਦਾ ਨਾਮ ਬੰਦਾ ਬੈਰਾਗੀ ਦੇ ਨਾਮ ਹੇਠ ਆਉਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਬਣਾ ਕੇ ਬਿਪਰ ਇਕ ਤੀਰ ਨਾਲ ਕਈ ਨਿਸ਼ਾਨੇ ਸਾਧ ਰਿਹਾ ਹੈ।ਸੁਮੇਲ ਸਿੱਧੂ ਤਾਂ ਉਨ੍ਹਾਂ ਨਿਸ਼ਾਨਿਆਂ ਦੀ ਦੂਰੋਂ ਪੈ ਰਹੀ ਕੋਈ ਪਰਛਾਈਂ ਮਾਤਰ ਹੈ।

ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜਦੋਂ ਇਕ ਵਿਅਕਤੀ ਨੂੰ ਖਾਲਸਾ ਪੰਥ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਖੰਡੇ ਬਾਟੇ ਕੀ ਪਾਹੁਲ ਦੇਣ ਲੱਗੇ ਪੰਜ ਪਿਆਰਿਆਂ ਵੱਲੋਂ ਉਸ ਨੂੰ ਇਹ ਸਾਫ ਤੌਰ ’ਤੇ ਆਖਿਆ ਜਾਂਦਾ ਹੈ ਕਿ ਤੁਹਾਡੀ ਅੱਜ ਤੋਂ ਪਿਛਲੀ ਪਛਾਣ ਖਤਮ ਹੋਈ ਤੇ ਨਵੀਂ ਪਛਾਣ ਤੁਹਾਡੀ ਇਹ ਹੈ. ਇਸ ਨਵੀਂ ਪਛਾਣ ਨੂੰ ਸਾਡੇ ਵਰਗੇ ਦੁਨਿਆਵੀ ਜੀਵ ਬੇਸ਼ੱਕ ਵਿਸਾਰ ਜਾਣ, ਪਰ ਪ੍ਰਤੱਖ ਤੌਰ ਤੇ ਦਸਮ ਪਿਤਾ ਵੱਲੋਂ ਵਰੋਸਾਏ ਬੰਦਾ ਸਿੰਘ ਬਹਾਦਰ ਨਾ ਨਿਭਾਅ ਸਕਣ ਇਹ ਖ਼ੁਦ ਦਸਮ ਪਾਤਸ਼ਾਹ ਦੀ ਸਖ਼ਸ਼ੀਅਤ ਉੱਪਰ ਸਵਾਲ ਚੁੱਕਣ ਸਮਾਨ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਵਕਤ ਬੈਰਾਗੀ ਸੰਪਰਦਾਇ ਨਾਲ ਸੰਬੰਧ ਰੱਖਣ ਵਾਲੇ ਇਨਸਾਨ ਨੇ ਖੰਡੇ ਬਾਟੇ ਕੀ ਪਾਹੁਲ ਲੈ ਕੇ ਆਪਣਾ ਨਾਮ ਬੰਦਾ ਸਿੰਘ ਬਹਾਦੁਰ ਰੱਖ ਲਿਆ, ਤੇ ਉਹ ਫਿਰ ਵੀ ਬੈਰਾਗੀ ਹੀ ਰਿਹਾ ਹੋਵੇਗਾ, ਇਹ ਨਾ ਸਿਰਫ਼ ਸਿੱਖ ਇਤਿਹਾਸ/ਸਿਧਾਂਤ ਤੇ ਵਿਹਾਰ ਤੋਂ ਕੋਰੇ ਹੋਣ ਦੀ ਨਿਸ਼ਾਨੀ ਹੈ, ਬਲਕਿ ਅਜਿਹਾ ਆਖਣ ਵਾਲੇ ਦੀ ਨੀਯਤ ਉੱਪਰ ਵੀ ਸ਼ੱਕ ਪ੍ਰਗਟ ਕਰਦੀ ਗੱਲ ਹੈ. ਫਿਰ ਵੀ ਜੇਕਰ ਸੁਮੇਲ ਦੀ ਇਸ ਪੁੱਠੀ ਮਤਿ ਨੂੰ ਇਕ ਪਲ ਲਈ ਉਪਰੋਕਤ ਨਜ਼ਰੀਏ ਤੋਂ ਬਾਹਰ ਜਾ ਕੇ ਇਤਿਹਾਸਕ ਤੋਰ ’ਤੇ ਪਰਖਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਸਾਫ ਦਿਖਾਈ ਦਿੰਦਾ ਹੈ ਕਿ ਸੁਮੇਲ ਦਾ ਇਹ ਦਾਅਵਾ ਇਤਿਹਾਸਕ ਤੌਰ ਤੇ ਬਿਲਕੁਲ ਥੋਥਾ ਸਾਬਤ ਹੁੰਦਾ ਹੈ।

ਬੰਦਾ ਸਿੰਘ ਬਹਾਦਰ ਬਾਬਤ ਸਾਡੇ ਕੋਲ ਮੁੱਢਲੇ ਇਤਿਹਾਸਕ ਸਰੋਤ ਫਾਰਸੀ ਭਾਸ਼ਾ ਦੇ ਹਨ. ਇਨ੍ਹਾਂ ਸਮੂਹ ਸਰੋਤਾਂ ਨੂੰ  ਫਾਰਸੀ ਤੋਂ ਪੰਜਾਬੀ ਵਿਚ ਡਾ. ਬਲਵੰਤ ਸਿੰਘ ਢਿੱਲੋਂ ਨੇ ਅਨੁਵਾਦ ਕਰਕੇ ਪ੍ਰਕਾਸ਼ਿਤ ਕਰਵਾਇਆ ਹੋਇਆ ਹੈ।ਕੋਈ ਵੀ ਪਾਠਕ ਇਹ ਕਿਤਾਬ ਪੜ੍ਹ ਸਕਦਾ ਹੈ. ਇਸ ਸਾਰੀ ਕਿਤਾਬ ਵਿਚ ਦੋ ਦਰਜਨ ਦੇ ਕਰੀਬ ਫਾਰਸੀ ਗ੍ਰੰਥਾਂ ਦਾ ਅਨੁਵਾਦ ਹੈ, ਜਿਹੜੇ ਕਿ ਸਾਰੇ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਗ੍ਰੰਥ ਹਨ। ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਦਾਅਵਾ ਸੁਮੇਲ ਸਿੱਧੂ ਕਰ ਰਿਹਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਬੈਰਾਗੀ ਸੰਪਰਦਾਇ ਦੇ ਲੋਕ ਪੰਜਾਬ ਆਏ ਤੇ ਇਹ ਉਸ ਦੀ ਫੌਜ ਦਾ ਵੱਡਾ ਹਿੱਸਾ ਸਨ, ਇਸ ਬਾਰੇ ਕਿਸੇ ਵੀ ਗ੍ਰੰਥ ਵਿਚ ਕੋਈ ਹਵਾਲਾ ਨਹੀਂ ਦਿੱਤਾ ਗਿਆ। ਸਗੋਂ ਪਰੰਪਰਾ ਤੇ ਇਤਿਹਾਸ ਇਹ ਆਖਦਾ ਹੈ ਕਿ ਨਾਂਦੇੜ ਤੋਂ ਤੁਰਨ ਲੱਗੇ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦੁਰ ਨਾਲ ਪੰਜ ਪਿਆਰਿਆਂ ਨੂੰ ਤੋਰਿਆ ਸੀ. ਉਸ ਵਕਤ ਕਿਸੇ ਬੈਰਾਗੀ ਦੇ ਬੰਦਾ ਸਿੰਘ ਬਹਾਦਰ ਨਾਲ ਤੁਰਨ ਦਾ ਇਤਿਹਾਸ ਵਿਚ ਕੋਈ ਹਵਾਲਾ ਨਹੀਂ ਹੈ. ਜੇਕਰ ਸੁਮੇਲ ਸਿੱਧੂ ਹੁਣ ਇਹ ਆਖ ਦੇਣ ਕਿ ਇਹ ਬੈਰਾਗੀ/ਸੰਨਿਆਸੀ ਯੋਧੇ ਬਾਅਦ ਵਿਚ ਬੰਦਾ ਸਿੰਘ ਬਹਾਦਰ ਨਾਲ ਮਿਲੇ ਸਨ, ਤਾਂ ਵੀ ਇਸ ਨੂੰ ਸਹੀ ਨਹੀਂ ਆਖਿਆ ਜਾ ਸਕਦਾ, ਕਿਉਂਕਿ ਉਸ ਵਕਤ ਤਾਂ ਹੋਰ ਬਹੁਤ ਸਾਰੇ ਗੈਰ ਸਿੱਖ ਤੇ ਗੈਰ ਇਖਲਾਕੀ ਬੰਦੇ ਸਿੱਖ ਫੌਜ ਵਿਚ ਲਾਲਚ ਹਿਤ ਸ਼ਾਮਲ ਹੋ ਗਏ ਸਨ, ਜੋ ਬਾਅਦ ਵਿਚ ਭਜਾ ਦਿੱਤੇ ਗਏ. ਉਸ ਵਕਤ ਸਿੱਖ ਫੌਜ ਵਿਚ ਜੋ ਲੋਕ ਸ਼ਾਮਲ ਸਨ, ਉਹ ਬੈਰਾਗੀ/ਸੰਨਿਆਸੀ/ਮੁਸਲਮਾਨ/ਹਿੰਦੂ ਜਾਂ ਕੋਈ ਹੋਰ ਨਹੀਂ, ਸਗੋਂ ਸਿੱਖ ਹੀ ਸਨ. ਬੈਰਾਗੀ/ਸੰਨਿਆਸੀ/ਮੁਸਲਮਾਨ ਆਦਿ ਉਨ੍ਹਾਂ ਦੀ ਨਿੱਜੀ ਪਛਾਣ ਜਰੂਰ ਹੋ ਸਕਦੀ ਹੈ, ਪਰ ਸਮੂਹਿਕ ਤੌਰ ਤੇ ਉਹ ਸਾਰੇ ਖਾਲਸਾਈ ਫੌਜ ਦਾ ਹਿੱਸਾ ਸਨ ਤੇ ਇਹ ਆਖ ਦੇਣਾ ਕਿ ਉਹ ਸਾਰੇ ਪੰਜਾਬ ਵੱਲ ਕਿਸੇ ਯੁੱਧ ਲਈ ਆਪਣੀ ਨਿੱਜੀ ਪਛਾਣ ਸਹਿਤ ਹੀ ਅੱਗੇ ਵਧ ਰਹੇ ਸਨ, ਸਰਾਸਰ ਮੂਰਖਤਾ ਤਾਂ ਹੈ ਹੀ, ਸਗੋਂ ਇਤਿਹਾਸ ਨੂੰ ਵੇਖਣ ਲਈ ਇਕ ਬੇਹੱਦ ਪੇਤਲੀ ਦ੍ਰਿਸ਼ਟੀ ਦਾ ਕੋਝਾ ਪ੍ਰਦਰਸ਼ਨ ਵੀ ਹੈ. ਜਿਸ ਦਾ ਇਕ ਸ਼ਾਨਦਾਰ ਨਮੂਨਾ ਸਾਨੂੰ ਸੁਮੇਲ ਸਿੱਧੂ ਹੁਰਾਂ ਦੁਆਰਾ ਘੜੇ ਜਾ ਰਹੇ ਬਿਰਤਾਂਤ ਰਾਹੀਂ ਹਾਸਲ ਹੁੰਦਾ ਹੈ।

 

 

  ਪਰਮਿੰਦਰ ਸਿੰਘ ਸ਼ੌਂਕੀ

ਸੰਪਰਕ: 94643-46677