ਬੱਬਰ ਅਕਾਲੀ ਲਹਿਰ ਦੇ ੧੦੦ ਸਾਲ

ਬੱਬਰ ਅਕਾਲੀ ਲਹਿਰ ਦੇ ੧੦੦ ਸਾਲ

ਬੱਬਰ ਅਕਾਲੀ ਕਹਾਉਣ ਵਾਲੇ ਇਸ ਜਥੇ ਦੇ ਸਿੰਘ ਪੂਰਨ ਗੁਰਸਿੱਖ ਸਨ

ਬੱਬਰ ਅਕਾਲੀ ਲਹਿਰ ਸਰਬੱਤ ਦੇ ਭਲੇ ਦੀ ਖਾਤਰ ਧਰਮ ਦੇ ਰਸਤੇ ਉਪਰ ਚੱਲਦਿਆਂ ਸਿੱਖ ਰਾਜ ਦੀ ਦੁਬਾਰਾ ਬਹਾਲੀ ਅਤੇ ਇੰਡੀਆ ਵਿਚ ਸਭ ਕੌਮਾਂ ਅਤੇ ਪਹਿਚਾਣਾਂ ਨੂੰ ਉਹਨਾਂ ਦਾ ਬਣਦਾ ਰਾਜ ਪ੍ਰਬੰਧ ਦਾ ਹੱਕ ਦਬਾਉਣ ਲਈ ਲੜੀ ਗਈ ਸੀ। ਪੂਰੇ ਪੰਜਾਬ ਅਤੇ ਖਾਸ ਕਰ ਦੁਆਬੇ ਦੇ ਇਲਾਕੇ ਵਿਚ ਸਰਗਰਮ ਰਹੀ ਇਸ ਲਹਿਰ ਦਾ ਪਿਛਲੇ ਦਿਨੀਂ ਦੁਆਬੇ ਦੀ ਧਰਤੀ ਤੇ ੧੦੦ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। 

ਬੱਬਰ ਅਕਾਲੀ ਕਹਾਉਣ ਵਾਲੇ ਇਸ ਜਥੇ ਦੇ ਸਿੰਘ ਪੂਰਨ ਗੁਰਸਿੱਖ ਸਨ, ਜਿਹਨਾਂ ਵਿਚੋਂ ਜ਼ਿਆਦਾਤਰ ਪਹਿਲਾਂ ਅੰਗਰੇਜ਼ੀ ਸਰਕਾਰ ਵਿਚ ਸਿੱਖ ਫੌਜੀਆਂ ਵਜੋਂ ਭਰਤੀ ਹੋਏ ਸਨ। ਸਾਕਾ ਨਨਕਾਣਾ ਸਾਹਿਬ ਅਤੇ ਉਸਤੋਂ ਬਾਅਦ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਸਿੰਘਾਂ ਦੀਆਂ ਹੋਈਆਂ ਸ਼ਹੀਦੀਆਂ ਅਤੇ ਸ਼ਾਂਤਮਈ ਸਿੱਖਾਂ 'ਤੇ ਹੁੰਦੇ ਜ਼ੁਲਮਾਂ ਖਿਲਾਫ਼ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਦੌਲਤ ਸਿੰਘ ਕਰਮਪੁਰ ਨੇ ਸੰਘਰਸ਼ ਨੂੰ ਹਥਿਆਰਬੰਦ ਕਰਕੇ ਅੰਗਰੇਜ਼ਾਂ ਖਿਲਾਫ ਬਗਾਵਤ ਕਰਨ ਦਾ ਸੱਦਾ ਦਿੱਤਾ। ਜਥੇ ਬਣਾਉਣ ਤੋਂ ਬਾਅਦ ਬੱਬਰ ਅਕਾਲੀਆਂ ਨੇ ਅੰਗਰੇਜ਼ ਸਰਕਾਰ ਵਿਰੁੱਧ ਲਗਾਤਾਰ ਪ੍ਰਚਾਰ ਕਰਕੇ ਲੋਕਾਂ ਨੂੰ ਸਰਕਾਰ ਵਿਰੁਧ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਪ੍ਰਚਾਰ ਵਿਚ ਬੱਬਰ ਅਕਾਲੀ ਲੋਕਾਂ ਨੂੰ ਖਾਲਸਾ ਰਾਜ ਦੀ ਯਾਦ ਦੁਆਉਂਦੇ ਸਨ ਅਤੇ ਅੰਗਰੇਜ਼ੀ ਸਰਕਾਰ ਦੇ ਜ਼ੁਲਮਾਂ ਨੂੰ ਬੇਪਰਦ ਕਰਦੇ ਸਨ। ਇਸ ਪ੍ਰਚਾਰ ਦੇ ਸਦਕੇ ਲੋਕਾਂ ਵਿਚ ਅੰਗਰੇਜ਼ੀ ਰਾਜ ਪ੍ਰਤੀ ਲਗਾਅ ਘਟ ਗਿਆ ਅਤੇ ਸਰਕਾਰ ਨੇ ਬੱਬਰਾਂ ਵਿਰੁੱਧ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। 

ਜ਼ਮੀਨੀ ਪੱਧਰ 'ਤੇ ਜੁਝਾਰੂ ਸਰਗਰਮੀ ਕਰਦਿਆਂ ਇਹਨਾਂ ਸਿੰਘਾਂ ਨੇ ਅੰਗਰੇਜ਼ ਹਕੂਮਤ ਨਾਲ ਮਿਲੇ ਜੈਲਦਾਰ, ਨੰਬਰਦਾਰਾਂ, ਪਟਵਾਰੀਆਂ ਅਤੇ ਮੁਖਬਰ ਨੂੰ ਲੁੱਟ ਕੇ ਜਥੇ ਦੇ ਖਰਚੇ ਲਈ ਖਜ਼ਾਨੇ ਪੂਰੇ ਕੀਤੇ ਅਤੇ ਇਹਨਾਂ ਦੀ ਅਲਖ ਮੁਕਾ ਕੇ ਹਕੂਮਤ ਦੇ ਦਿਲ ਵਿੱਚ ਦਹਿਲ ਪਾ ਦਿੱਤਾ। ਗੁਰੂ ਕੇ ਬਾਗ ਮੋਰਚੇ ਦੇ ਮੁੱਖ ਦੋਸ਼ੀ ਅਫਸਰ ਬੀ.ਟੀ. ਨੂੰ ਅਤੇ ਵਿਦੇਸ਼ ਦੀ ਧਰਤੀ ਉਪਰ ਦੋਸ਼ੀ ਅੰਗਰੇਜ਼ ਅਫਸਰਾਂ ਨੂੰ ਵੀ ਬੱਬਰ ਅਕਾਲੀਆਂ (ਸ਼ਹੀਦ ਊਧਮ ਸਿੰਘ) ਨੇ ਸਬਕ ਸਿਖਾ ਕੇ ਸਿੱਖੀ ਅਣਖ ਦੀਆਂ ਹਕੂਮਤ ਨੂੰ ਝਲਕਾਂ ਵਿਖਾਈਆਂ। ਇੱਕ ਅਜਿਹਾ ਸਮਾਂ ਵੀ ਦੁਆਬੇ ਵਿਚ ਆਇਆ ਜਦੋਂ ਅੰਗਰੇਜ਼ੀ ਸਰਕਾਰ ਇਹ ਵਿਚਾਰ ਕਰਨ ਲੱਗੀ ਕਿ ਹਕੂਮਤ ਦੀ ਮਰਜ਼ੀ ਨਾ ਚੱਲਣ ਕਰਕੇ ਦੁਆਬੇ ਨੂੰ ਰਿਆਸਤ ਕਪੂਰਥਲਾ ਵਿਚ ਹੀ ਜੋੜ ਦਿੱਤਾ ਜਾਣਾ ਚਾਹੀਦਾ ਹੈ। ਬੱਬਰ ਅਕਾਲੀਆਂ ਨੇ ਲੋਕਾਂ ਨੂੰ ਹਕੂਮਤ ਤੋਂ ਭੈਅ ਰਹਿਤ ਕਰ ਦਿੱਤਾ ਸੀ। ਭਾਵੇਂ ਕਿ ਬੱਬਰ ਅਕਾਲੀ ਲਹਿਰ ਇੱਕ ਦਹਾਕਾ ਤੱਕ ਚੱਲਦੀ ਰਹੀ ਪਰ ਦੋ ਸਾਲ ਦੁਆਬੇ ਵਿੱਚ ਬੱਬਰ ਅਕਾਲੀਆਂ ਦਾ ਪੂਰਾ ਜ਼ੋਰ ਰਿਹਾ। 

ਹਥਿਆਰਬੰਦ ਜੱਦੋ-ਜਹਿਦ ਵਾਲੀ ਇਸ ਲਹਿਰ ਨੇ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦਿੱਤੀ ਸੀ। ਬੱਬਰ ਅਕਾਲੀਆਂ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ। ਦੋਆਬੇ ਦੇ ਪੰਥ ਸੇਵਕਾਂ ਦੇ ਉੱਦਮ ਸਦਕਾ ਇੱਕ ਸਦੀ ਬਾਅਦ ਇਹਨਾਂ ਬੱਬਰ ਅਕਾਲੀਆਂ ਦੇ ਪਰਿਵਾਰਾਂ ਅਤੇ ਇਹਨਾਂ ਦੇ ਪਿੰਡਾਂ ਨੂੰ ਸਨਮਾਨ ਦਿੱਤਾ ਗਿਆ। ਆਓ ਇੱਕ ਸਦੀ ਬਾਅਦ ਅਰਦਾਸ ਕਰੀਏ ਕਿ ਸੱਚੇ ਪਾਤਿਸਾਹ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਅਤੇ ਉਹਨਾਂ ਦੀ ਪੈੜ ਵਿਚ ਪੈੜ ਰੱਖਣ ਦਾ ਬਲ ਬਖਸ਼, ਜੋ ਪੂਰਨੇ ਉਹ ਪਾ ਗਏ ਅਸੀਂ ਉਹਨਾਂ ਦੀਆਂ ਕਥਾਵਾਂ ਆਪਣੀ ਅਗਲੀ ਪੀੜ੍ਹੀ ਨੂੰ ਸੁਣਾਈਏ।  

ਵਿਵਾਦਤ ਫਿਲਮ ਮਸਲਾ:  ਬਿਆਨਬਾਜ਼ੀ 'ਤੇ ਸਿਮਟੀਆਂ ਸੰਸਥਾਵਾਂ। 

ਵਿਵਾਦਤ ਫਿਲਮ 'ਦਾਸਤਾਨ-ਏ-ਸਰਹਿੰਦ' ਨੂੰ ਬੰਦ ਕਰਵਾਉਣ ਲਈ ਸਿੱਖ ਸੰਗਤ ਵਲੋਂ ਲਗਾਤਾਰ ਹੋ ਰਹੇ ਰੋਸ ਪ੍ਰਦਰਸ਼ਨਾਂ ਅਤੇ ਵਿਰੋਧ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਨੇ ਚੁੱਪ ਤੋੜੀ ਹੈ। 

ਸ਼੍ਰੋਮਣੀ ਕਮੇਟੀ ਸਕੱਤਰ ਨੇ ਇਹ ਗੱਲ ਸਾਫ ਕੀਤੀ ਹੈ ਕਿ ‛ਦਾਸਤਾਨ-ਏ-ਸਰਹਿੰਦ’ ਨਾਮੀ ਵਿਵਾਦਤ ਫਿਲਮ ਨੂੰ ਉਹਨਾਂ ਵਲੋਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਇਸ 'ਤੇ ਬਿਆਨ ਦਿੰਦਿਆ ਫਿਲਮ ਬਣਾਉਣ ਵਾਲੇ ਅਤੇ ਨਿਰਦੇਸ਼ਕਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਉਹਨਾਂ ਕੋਲ ਹੈ, ਜਿਸ ਨੂੰ ਉਹ ਛੇਤੀ ਜਨਤਕ ਕਰਣਗੇ। ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਵਿਚ ਖੁਦ ਨੂੰ ਫਸਦਿਆਂ ਮਹਿਸੂਸ ਕਰਦਿਆਂ ਮੁੜ ਚੁੱਪ ਵੱਟੀ ਹੋਈ ਹੈ। ਪਿਛਲੇ ਦਿਨੀਂ ਫਿਲਮ ਦੀ ਟੀਮ ਅਤੇ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੀ ਮੀਟਿੰਗ ਹੋਣ ਅਤੇ ਫਿਲਮ ਵੇਖਣ ਦੀ ਗੱਲ ਬਾਹਰ ਆਈ ਪਰ ਸੰਗਤ ਦੇ ਰੋਹ ਕਾਰਨ ਉਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਮੈਂਬਰ ਨਾ ਪਹੁੰਚਿਆ। ਜਿਕਰਯੋਗ ਹੈ ਕਿ ਅਜੇ ਤੱਕ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਸਲੇ 'ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਸ਼੍ਰੋਮਣੀ ਕਮੇਟੀ ਨੇ ਕਾਰਜਕਾਰੀ ਜਥੇਦਾਰ ਲਾਇਆ ਤਾਂ ਉਹਨਾ ਕਈ ਵਾਰ ਇਹ ਗੱਲ ਕਹੀ ਕਿ ਸੰਗਤ ਸਾਥ ਦੇਵੇ ਤਾਂ ਅਕਾਲ ਤਖਤ ਸਾਹਿਬ ਤੋਂ ਮੁੜ ਅਕਾਲੀ ਫੂਲਾ ਸਿੰਘ ਜਿਹੀ ਭੂਮਿਕਾ ਪਰਗਟ ਹੋ ਸਕਦੀ ਹੈ। ਦੇਸ-ਵਿਦੇਸ਼ ਤੋਂ ਸਿੱਖ ਬੀਤੇ ਕਈ ਦਿਨਾਂ ਤੋੰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿੱਜੀ ਅਤੇ ਜਨਤਕ ਤੌਰ ਉੱਤੇ ਦਸਮ ਪਾਤਿਸ਼ਾਹ ਜੀ ਦੇ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸਵਾਂਗ ਰਚਦੀ ਫਿਲਮ “ਦਾਸਤਾਨ-ਏ-ਸਰਹੰਦ” ਬੰਦ ਕਰਵਾਉਣ ਅਤੇ ਅਜਿਹੇ ਸਵਾਂਗਾਂ ਦੀ ਪੱਕੀ ਮਨਾਹੀ ਕਰਨ ਲਈ ਕਹਿ ਰਹੇ ਹਨ ਪਰ ਉਹ ਇਸ ਮਾਮਲੇ ਉੱਤੇ ਬਿਲਕੁਲ ਚੁੱਪ ਹਨ। ਇਹੀ ਹਾਲ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਹੈ, ਜਿਹੜੇ ਲੰਘੇ ਹਫਤੇ ਤੋਂ ਸੰਪਰਕ ਕਰ ਰਹੇ ਪੰਥ ਦਰਦੀਆਂ ਨੂੰ ਦੋ ਦਿਨ ਦਾ ਲਾਰਾ ਲਾ ਰਹੇ ਹਨ ਕਿ ਅਸੀਂ 'ਦੋ ਦਿਨਾਂ ਵਿਚ' ਧਰਮ ਪ੍ਰਚਾਰ ਕਮੇਟੀ ਦਾ ਮਤਾ ਜਾਰੀ ਕਰ ਰਹੇ ਹਾਂ ਇਸ ਫਿਲਮ ਅਤੇ ਅਜਿਹੇ ਸਵਾਂਗਾਂ ਦੀ ਮਨਾਹੀ ਦਾ ਪਰ ਅਜੇ ਤੱਕ ਇਹ ਦੋ ਦਿਨ ਪੂਰੇ ਨਹੀਂ ਹੋਏ। 

ਵਿਵਾਦਤ ਫਿਲਮ ਮਸਲੇ ਵਿਚ ਸ਼੍ਰੋਮਣੀ ਕਮੇਟੀ ਦੀ ਹੁਣ ਤੱਕ ਦੀ ਭੂਮਿਕਾ ਨਾ ਪੱਖੀ ਹੀ ਰਹੀ ਹੈ। ਸਹੀ ਤੇ ਇਹ ਬਣਦਾ ਸੀ ਕਿ ਜੇਕਰ ਫਿਲਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਕੋਈ ਚਾਰਾਜੋਈ ਕਰਨ ਲਈ ਸੈਂਸਰ ਬੋਰਡ ਜਾਂ ਹਕੂਮਤ ਦੀਆਂ ਹੋਰ ਸੰਸਥਾਵਾਂ ਨੂੰ ਕਾਰਵਾਈ ਕਰਨ ਲਈ ਕਿਹਾ ਜਾਂਦਾ ਤੇ ਬੰਦ ਕਰਵਾਉਣ ਤੱਕ ਪੈਰਵਾਈ ਕੀਤੀ ਜਾਂਦੀ। ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਾਰਜ ਨਾ ਕਰਨ ਦੇ ਨਤੀਜੇ ਵਜੋਂ ਸ਼੍ਰੋਮਣੀ ਕਮੇਟੀ ਦੀ ਸਾਖ ਖੁਰਦੀ ਜਾ ਰਹੀ ਹੈ ਜਿਸਦਾ ਫਾਇਦਾ ਹਕੂਮਤ ਵਲੋਂ ਲਿਆ ਜਾ ਰਿਹਾ ਹੈ, ਸ਼੍ਰੋਮਣੀ ਕਮੇਟੀ ਦੇ ਹੁਣ ਤੱਕ ਕਈ ਟੁਕੜੇ ਹੋ ਗਏ ਹਨ ਪਰ ਸੰਗਤ ਦਾ ਸਾਥ ਕਮੇਟੀ ਨੂੰ ਨਹੀਂ ਮਿਲਿਆ। 

ਅਹੁਦੇ ਉੱਤੇ ਕੋਈ ਸਦੀਵ ਨਹੀਂ ਰਹਿੰਦਾ ਪਰ ਅਹੁਦੇ ਉੱਤੇ ਬੈਠ ਕੇ ਕੀਤੇ ਅਤੇ ਨਾ-ਕੀਤੇ ਕੰਮ ਸਦਾ ਲਈ ਇਤਿਹਾਸ ਵਿਚ ਦਰਜ ਹੋ ਜਾਂਦੇ ਹਨ। ਭਾਵੇਂ ਅਹੁਦਿਆਂ ਵਾਲੇ ਹਾਲੀ ਤੱਕ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਹਨ ਪਰ ਸੰਗਤ ਇਸ ਮਾਮਲੇ ਵਿਚ ਦ੍ਰਿੜ ਹੈ ਕਿ ਇਹ ਵਿਵਾਦਤ ਫਿਲਮ ਰੋਕੀ ਜਾਵੇਗੀ। ਇਤਿਹਾਸ ਦਾ ਇਹ ਪੰਨਾ ਬਹੁਤ ਅਹਿਮ ਹੈ, ਚੁੱਪ ਵੀ ਯਾਦ ਰੱਖੀ ਜਾਏਗੀ ਅਤੇ ਬੋਲ ਵੀ। 

 

ਸੰਪਾਦਕ