ਜਠੇਰਿਆਂ ਦਾ ਪ੍ਰਸ਼ਾਦ         

   ਜਠੇਰਿਆਂ ਦਾ ਪ੍ਰਸ਼ਾਦ         

                              ਤਰਕਵਾਦ                                       

ਬੜੀ ਮੁਸ਼ਕਲ ਨਾਲ ਬਿੱਲੀ ਦਾ ਜੂਠਾ ਕੜਾਹ ਅੰਦਰ ਕੀਤਾ

ਪੁੱਤ! ਕੱਲ੍ਹ ਆਪਾਂ ਜਠੇਰਿਆਂ ਦੇ ਮੱਥਾ ਟੇਕਣ ਜਾਣਾ।ਮੇਰੀ ਮਾਂ ਨੇ ਰਸੋਈ ਵਿੱਚੋਂ ਕਿਹਾ। ਉਹ ਤਾਜੀ ਸੂਈ ਬੂਰੀ ਮੱਝ ਦਾ ਮੱਖਣ ਗਰਮ ਕਰ ਰਹੀ ਸੀ।

ਮੈਂ ਨਹੀਂ ਜਾਣਾ।ਮੈਂ ਕੋਰਾ ਜਵਾਬ ਦੇ ਦਿੱਤਾ।

ਨਹੀਂ ਪੁੱਤ, ਕੱਲ੍ਹ ਜੇਠਾ ਐਤਵਾਰ ਐ।ਮਾਂ ਨੇ ਤਰਲਾ ਜਿਹਾ ਕੀਤਾ।

ਹਫਤੇ ਵਿੱਚ ਇੱਕ ਐਤਵਾਰ ਆਉਂਦਾ, ਉਹ ਵੀ

ਆਪਾਂ ਕਿਹੜਾ ਤੁਰ ਕੇ ਜਾਣਾ ...।ਮਾਂ ਨੇ ਦਲੀਲ ਦਿੱਤੀ। ਆਖਰ ਮੈਂ ਜਾਣ ਲਈ ਮੰਨ ਗਿਆ।ਤੜਕੇ ਉੱਠੀ ਮਾਂ ਨੇ ਨਲਕੇ ਹੇਠ ਬਾਲਟੀ ਰੱਖੀ ਤਾਂ ਖੜਾਕ ਸੁਣ ਕੇ ਮੈਂ ਜਾਗ ਗਿਆ ਪਰ ਲੰਮਾ ਪਿਆ ਰਿਹਾ। ਇਸ਼ਨਾਨ ਕਰਨ ਤੋਂ ਬਾਅਦ ਮਾਂ ਨੇ ਦੇਸੀ ਘਿਓ ਦਾ ਕੜਾਹ ਬਣਾਇਆ।

ਤੂੰ ਜ਼ਰਾ ਕੜਾਹ ਠੰਢਾ ਕਰ, ਮੈਂ ਚਾਰ ਪਰਾਉਂਠੇ ਲਾਹ ਲਵਾਂ।ਮਾਂ ਨੇ ਮੇਰੇ ਮੰਜੇ ਲਾਗੇ, ਇੱਕ ਮੇਜ਼ ਉੱਤੇ ਪਰਾਤ ਵਿੱਚ ਕੜਾਹ ਪਾ ਕੇ ਰੱਖ ਦਿੱਤਾ। ਮੈਂਨੂੰ ਸੁੱਤ ਉਨੀਂਦੇ ਨੂੰ ਕੜਛੀ ਫੜਾ ਦਿੱਤੀ। ਮੈਂ ਦੋ ਕੁ ਵਾਰ ਕੜਾਹ ਵਿੱਚ ਕੜਛੀ ਫੇਰੀ ਤੇ ਫਿਰ ਲੰਮਾ ਪੈ ਗਿਆ। ਮਾਂ ਬੇਫਿਕਰ ਹੋ ਕੇ ਰਸੋਈ ਵਿੱਚ ਚਲੇ ਗਈ। ਥੋੜ੍ਹੀ ਦੇਰ ਬਾਅਦ ਅਚਾਨਕ ਖੜਾਕ ਹੋਇਆ, ਕੜਛੀ ਹੇਠਾਂ ਡਿਗ ਪਈ। ਮੇਰੀ ਅੱਖ ਖੁੱਲ੍ਹ ਗਈ। ਮੈਂ ਦੇਖਿਆ, ਮੇਜ਼ ਉੱਤੇ ਬੈਠੀ ਬਿੱਲੀ ਕੜਾਹ ਨੂੰ ਭੋਗ ਲਾ ਰਹੀ ਸੀ। ਮੈਂ ਦਬਕਾ ਮਾਰਿਆ, ਉਹ ਦੌੜ ਗਈ।

ਕੀ ਹੋਇਆ?” ਰਸੋਈ ਵਿੱਚੋਂ ਮਾਂ ਦੀ ਆਵਾਜ਼ ਆਈ।

ਕੁੱਝ ਨਹੀਂ।ਮਾਂ ਅੰਦਰ ਆ ਗਈ।

ਚੱਲ ਉੱਠਕੇ ਨਹਾ।ਮਾਂ ਦਾ ਹੁਕਮ ਸੀ। ਹੁਣ ਮੈਂ ਕਿਸੇ ਅਪਰਾਧੀ ਵਾਂਗ ਚੁੱਪਚਾਪ ਮਾਂ ਦੀ ਆਗਿਆ ਦਾ ਪਾਲਣ ਕਰ ਰਿਹਾ ਸੀ। ਮਾਂ ਨੇ ਕੜਾਹ ਡੋਲੂ ਵਿੱਚ ਪਾ ਲਿਆ। ਇਹ ਸਿਰਫ ਮੈਂ ਹੀ ਜਾਣਦਾ ਸੀ ਕਿ ਕੜਾਹ ਬਿੱਲੀ ਦਾ ਜੂਠਾ ਹੈ। ਸਾਰਾ ਸਮਾਨ ਚੁੱਕ ਅਸੀਂ ਅੱਡੇ ਉੱਤੇ ਪਹੁੰਚ ਗਏ। ਬੱਸ ਫੜੀ, ਗੜ੍ਹਸ਼ੰਕਰ ਤੋਂ ਬੰਗੇ ਫਿਰ ਨਗਰ ਪਹੁੰਚ ਗਏ। ਇੱਥੋਂ ਅੱਗੇ ਆਸ਼ਾਹੂਰ ਜਾਣਾ ਸੀ ਉੱਥੇ ਸਾਡੇ ਜਠੇਰੇ ਸਨ। ਨਗਰ ਤੋਂ ਆਸ਼ਾਹੂਰ ਜਾਣ ਦਾ ਕੋਈ ਸਾਧਨ ਨਹੀਂ ਸੀ। ਮੈਂ ਪੈਦਲ ਤੁਰਨ ਤੋਂ ਅੜ ਗਿਆ।

ਆਹ ਆਸ਼ਾਹੂਰ ਐ, ਮੇਰਾ ਬੀਬਾ ਪੁੱਤ, ਜ਼ਿੱਦ ਨਹੀਂ ਕਰਦੇ।ਇੱਥੇ ਵੀ ਮਾਂ ਦਾ ਤਰਲਾ ਕੰਮ ਕਰ ਗਿਆ। ਮੈਂ ਤੁਰ ਪਿਆ।

ਆਸ਼ਾਹੂਰ ਪਿੰਡੋਂ ਬਾਹਰ ਸਾਡੇ ਜਠੇਰਿਆਂ ਦੀ ਇੱਕ ਮਟੀ ਬਣੀ ਹੋਈ ਸੀ। ਸੰਧੂ ਗੋਤ ਵਾਲੇ ਇੱਥੇ ਹੀ ਆਉਂਦੇ ਸਨ। ਜੇਠਾ ਐਤਵਾਰ ਹੋਣ ਕਰਕੇ ਕੁਝ ਭੀੜ ਜਿਹੀ ਸੀ। ਛੇਤੀ ਹੀ ਸਾਡੀ ਵਾਰੀ ਆ ਗਈ। ਮਾਂ ਨੇ ਇੱਕ ਦੀਵਾ ਸਾਫ ਕੀਤਾ, ਉਸ ਵਿੱਚ ਘਿਓ ਪਾ ਕੇ ਬੱਤੀ ਨੂੰ ਤੀਲੀ ਲਾ ਦਿੱਤੀ। ਕੋਲ ਬਲਦੀ ਅੱਗ ਵਿੱਚੋਂ ਕੁਝ ਕੋਲੇ ਚੁੱਕੇ, ਉਹਨਾਂ ਉੱਤੇ ਘਿਓ ਪਾਇਆ। ਚਾਰੇ ਪਾਸੇ ਘਿਓ ਦੀ ਮਹਿਕ ਆਉਣ ਲੱਗ ਪਈ। ਡੋਲੂ ਵਿੱਚੋਂ ਕੜਾਹ ਕੱਢ ਕੇ ਅੱਗ ਵਿੱਚ ਪਾਇਆ। ਅੱਖਾਂ ਬੰਦ ਕਰਕੇ ਚੌਕੜੀ ਮਾਰ, ਮੈਂਨੂੰ ਵੀ ਨਾਲ ਬਿਠਾ ਲਿਆ। ਉਹ ਕਿੰਨੀ ਦੇਰ ਮੂੰਹ ਵਿੱਚ ਕੁਝ ਬੋਲਦੀ ਰਹੀ। ਫਿਰ ਅੱਖਾਂ ਖੋਲ੍ਹੀਆਂ।

ਸੱਚੇ ਪਾਤਸ਼ਾਹ ਸੁੱਖ ਰੱਖੀਂ।ਇੰਨਾ ਆਖ ਮਾਂ ਉੱਠ ਪਈ। ਮਟੀ ਦੁਆਲੇ ਚੱਕਰ ਲਾਇਆ। ਫਿਰ ਮਾਂ ਨੇ ਉੱਥੇ ਸੰਗਤ ਨੂੰ ਪ੍ਰਸ਼ਾਦ ਵੰਡਣਾ ਸ਼ੁਰੂ ਕੀਤਾ।

ਮੈਨੂੰ ਥੋੜ੍ਹਾ ਜਿਹਾ ਹੀ ਆਪਣੀ ਵਾਰੀ ਮੈਂ ਆਖਿਆ।

ਕਿਉਂ?” ਮਾਂ ਨੇ ਘੂਰਿਆ। ਬੜੀ ਮੁਸ਼ਕਲ ਨਾਲ ਬਿੱਲੀ ਦਾ ਜੂਠਾ ਕੜਾਹ ਅੰਦਰ ਕੀਤਾ। ਦਿਲ ਤਾਂ ਕਰਦਾ ਸੀ ਸੁੱਟ ਦਿਆਂ ਪਰ ਮਾਂ ਦਾ ਡਰ ਸੀ।

ਪਰੌਠੇ ਵੀ ਖਾਣੇ ਐ।ਮੈਂ ਹੱਸ ਪਿਆ। ਮੈਂਨੂੰ ਘਰ ਮੁੜਨ ਦੀ ਕਾਹਲ ਸੀ। ਸਾਰੀ ਵਾਟ ਮੈਂ ਬੱਸ ਵਿੱਚ ਚੁੱਪ ਹੀ ਰਿਹਾ। ਡਰ ਸੀ ਜਠੇਰਿਆਂ ਦੀ ਕਰੋਪੀ ਦਾ। ਪਿੰਡ ਪਹੁੰਚ ਗਏ। ਮੈਂ ਸੋਚਦਾ ਸੀ, ਮੱਝ ਜਾਂ ਕੱਟੀ ਨੂੰ ਜ਼ਰੂਰ ਕੁਝ ਹੋ ਜਾਣਾ। ਪਰ ਹਵੇਲੀ ਵਿੱਚ ਕੱਟੀ ਸਾਨੂੰ ਦੇਖਕੇ ਟੱਪਣ ਲੱਗ ਪਈ। ਮੱਝ ਵੀ ਅੜਿੰਗ ਰਹੀ ਸੀ। ਮੇਰਾ ਡਰ ਖਤਮ ਹੋ ਗਿਆ। ਮਾਂ ਨੇ ਮੱਝ ਦੇ ਮੂੰਹ ਵਿੱਚ ਕੜਾਹ ਪਾਇਆ ਤੇ ਕੱਟੀ ਨੂੰ ਮੈਂ ਕੜਾਹ ਖੁਆ ਦਿੱਤਾ। ਮੈਂ ਰਾਤ ਦਿਨ ਸੋਚਦਾ ਕਿ ਬਿੱਲੀ ਦੇ ਝੂਠੇ ਕੜਾਹ ਦੀ ਸਜ਼ਾ ਕੱਟੀ ਜਾਂ ਬੂਰੀ ਮੱਝ ਨੂੰ ਜ਼ਰੂਰ ਮਿਲੇਗੀ।ਇੱਕ ਦਿਨ, ਦੋ ਦਿਨ ਕਈ ਹਫਤੇ ਨਿਕਲ ਗਏ। ਸਭ ਕੁਝ ਠੀਕ ਠਾਕ ਚੱਲਦਾ ਰਿਹਾ।ਤੜਕੇ ਮੇਰੇ ਸੁੱਤੇ ਪਏ ਮਾਂ ਦੁੱਧ ਚੋਣ ਹਵੇਲੀ ਚਲੇ ਜਾਂਦੀ ਪਰ ਆਥਣੇ ਮੈਂ ਨਾਲ ਹੁੰਦਾ। ਬੂਰੀ ਨੂੰ ਚੋਣ ਤੋਂ ਬਾਅਦ ਮਾਂ ਉਸ ਨੂੰ ਥਾਪੀ ਦਿੰਦੀ ਤੇ ਦੁੱਧ ਦੀ ਭਰੀ ਬਾਲਟੀ ਮੈਂਨੂੰ ਦਿਖਾ ਕੇ ਆਖਦੀ, “ਇਹ ਸਭ ਜਠੇਰਿਆਂ ਦਾ ਪ੍ਰਤਾਪ ਐ।ਮੈਂ ਹੱਸ ਪੈਂਦਾ। ਬਚਪਨ ਵਿੱਚ ਹੀ ਪੂਰਾ ਯਕੀਨ ਹੋ ਗਿਆ ਕਿ ਇਹ ਜਠੇਰੇ ਨਾ ਆਸ਼ੀਰਵਾਦ ਦੇ ਸਕਦੇ ਤੇ ਨਾ ਹੀ ਸਰਾਪ।

ਅਵਤਾਰ ਸਿੰਘ ਸੰਧੂ