ਆਸਟਰੇਲਿਆਈ ਸਪਿੰਨਰ ਸ਼ੇਨ ਵਾਰਨ ਦਾ ਦੇਹਾਂਤ

ਆਸਟਰੇਲਿਆਈ ਸਪਿੰਨਰ ਸ਼ੇਨ ਵਾਰਨ ਦਾ ਦੇਹਾਂਤ

ਅੰਮ੍ਰਿਤਸਰ ਟਾਈਮਜ਼

ਮੈਲਬਰਨ- ਬੱਲੇਬਾਜ਼ਾਂ ਨੂੰ ਆਪਣੀ ਸਪਿੰਨ ਦੀ ਫਿਰਕੀ ਨਾਲ ਘੁੰਮਣ-ਘੇਰੀਆਂ ਵਿਚ ਪਾਈ ਰੱਖਣ ਵਾਲੇ ਮਹਾਨ ਆਸਟਰੇਲਿਆਈ ਕ੍ਰਿਕਟਰ ਸ਼ੇਨ ਵਾਰਨ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਸ਼ੇਨ ਦੀ ਮੌਤ ਥਾਈਲੈਂਡ ਦੇ ਕੋਹ ਸਮੁਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ 52 ਸਾਲਾਂ ਦੇ ਸਨ। ਉਨ੍ਹਾਂ ਦਾ ਕੰਮ ਦੇਖ ਰਹੀ ਟੀਮ ਨੇ ਦੱਸਿਆ ਕਿ ਉਹ ਥਾਈਲੈਂਡ ਦੀ ਆਪਣੀ ਰਿਹਾਇਸ਼ (ਵਿਲਾ) ਵਿਚ ਬੇਸੁਰਤ ਪਾਏ ਗਏ ਸਨ ਤੇ ਮੈਡੀਕਲ ਟੀਮ ਵੱਲੋਂ ਕਾਫ਼ੀ ਯਤਨ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।  ਸ਼ੇਨ ਦੇ ਪਰਿਵਾਰ ਵਿਚ ਦੋ ਧੀਆਂ ਤੇ ਇਕ ਪੁੱਤਰ ਹੈ।

ਕੌਮਾਂਤਰੀ ਕ੍ਰਿਕਟ ਦੇ ਇਸ ਬੇਮਿਸਾਲ ਖਿਡਾਰੀ ਨੇ 1992 ਵਿਚ ਸਿਡਨੀ ਕ੍ਰਿਕਟ ਮੈਦਾਨ ਤੇ ਭਾਰਤ ਖਿਲਾਫ਼ ਮੈਚ ਤੋਂ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ੇਨ ਨੇ ਆਸਟਰੇਲੀਆ ਲਈ 145 ਟੈਸਟ ਮੈਚਾਂ ਵਿਚ 708 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ 194 ਇਕ ਰੋਜ਼ਾ ਮੈਚ ਖੇਡੇ ਤੇ 293 ਵਿਕਟਾਂ ਲਈਆਂ। ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਮਗਰੋਂ ਉਹ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਸਨ। ਮੁਰਲੀਧਰਨ ਦੇ ਨਾਂ 800 ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਸ਼ੇਨ ਵਾਰਨ ਨੇ ਸਾਲ 2013 ਵਿੱਚ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ। 1999 ਦੇ ਵਿਸ਼ਵ ਕੱਪ ਵਿੱਚ ਮਿਲੀ ਖਿਤਾਬੀ ਜਿੱਤ ਵਿੱਚ ਵਾਰਨ ਦੀ ਅਹਿਮ ਭੂਮਿਕਾ ਸੀ। ਐਸ਼ੇਜ਼ ਕ੍ਰਿਕਟ ਵਿੱਚ ਸਭ ਤੋਂ ਵੱਧ 195 ਵਿਕਟਾਂ ਲੈਣ ਦਾ ਰਿਕਾਰਡ ਵੀ ਵਾਰਨ ਦੇ ਨਾਂ ਦਰਜ ਹੈ। ਵਾਰਨ ਨੇ ਸੇਵਾ ਮੁਕਤੀ ਮਗਰੋਂ ਆਈਪੀਐੱਲ ਫਰੈਂਚਾਇਜ਼ੀ ਰਾਜਸਥਾਨ ਰੌਇਲਜ਼ ਲਈ ਕਪਤਾਨ ਤੇ ਕੋਚ ਦੀਆਂ ਭੂਮਿਕਾਵਾਂ ਨਿਭਾਈਆਂ।