ਕੁੜੀਆਂ ਦਾ ਵਿਆਹ 21ਸਾਲ ਤੋਂ ਬਾਅਦ - ਇਤਿਹਾਸਕ ਫੈਸਲਾ ਜਾਂ ਭੁੱਲ !

ਕੁੜੀਆਂ ਦਾ ਵਿਆਹ 21ਸਾਲ ਤੋਂ ਬਾਅਦ - ਇਤਿਹਾਸਕ ਫੈਸਲਾ ਜਾਂ ਭੁੱਲ !

18 ਸਾਲ ਤੱਕ ਤਾਂ ਜਿਆਦਾਤਰ ਕੁੜੀਆਂ ਕਿਸ਼ੋਰਾਵਸਥਾ ਦੇ ਸੰਵੇਗਾਂ ਚੋਂ ਪੂਰੀ ਤਰਾਂ ਨਾਲ ਨਜਿੱਠ ਹੀ ਨਹੀਂ ਪਾਉਂਦੀਆਂ


ਸਾਡੇ ਦੇਸ਼ ਚ ਸਰਕਾਰ ਵੱਲੋਂ ਕੁੜੀਆਂ ਦੀ ਵਿਆਹ ਦੀ ਉਮਰ ਹੁਣ 18 ਸਾਲ ਤੋਂ 21 ਸਾਲ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ। ਭਾਰਤ ਵਰਗਾ ਵਿਸ਼ਾਲ ਦੇਸ਼, ਜਿੱਥੇ ਵੱਖ-ਵੱਖ ਧਰਮ, ਭਾਸ਼ਾ, ਜਾਤੀ, ਭੁਗੋਲਿਕਤਾ, ਸਭਿਆਚਾਰ ਤੇ ਸੰਸਕ੍ਰਿਤੀ ਦਾ ਭੰਬਲਭੂਸਾ ਹੈ, ਉੱਥੇ ਇਹ ਵਾਕਈ ਬਹੁਤ ਵੱਡਾ ਇਤਿਹਾਸਕ ਫੈਸਲਾ ਹੋਵੇਗਾ। ਇਹ ਫੈਸਲਾ ਕੁੜੀਆਂ ਦੀ ਉੱਚ ਸਿੱਖਿਆ ਲਈ ਬਹੁਤ ਹੀ ਲਾਹੇਵੰਦ ਹੋਵੇਗਾ। ਕੁੜੀਆਂ ਆਮਤੌਰ ਤੇ 18 ਸਾਲ ਤੱਕ ਬਾਰਵੀਂ ਜਮਾਤ ਤੱਕ ਹੀ ਪੜ੍ਹਾਈ ਕਰ ਪਾਉਂਦੀਆਂ ਹਨ ਪਰ ਹੁਣ 21 ਸਾਲ ਉਮਰ ਹੋਣ ਕਾਰਨ ਹਰੇਕ ਕੁੜੀ ਕੋਲ ਘੱਟੋ-ਘੱਟ ਗ੍ਰੈਜੂਏਟ ਹੋਣ ਦਾ ਮੌਕਾ ਤਾਂ ਜਰੂਰ ਹੀ ਹੋਵੇਗਾ। 21 ਸਾਲ ਤੱਕ ਦੀਆਂ ਪੂਰੀਆਂ ਪੜ੍ਹੀਆਂ-ਲਿਖੀਆਂ ਕੁੜੀਆਂ, ਜਦੋਂ ਗ੍ਰਹਿਸਥੀ ਚ ਪ੍ਰਵੇਸ਼ ਕਰਨਗੀਆਂ ਤਾਂ ਨਿਸ਼ਚਿਤ ਰੂਪ ਨਾਲ ਸਿਖਿਅਤ ਸਮਾਜ ਦਾ ਨਿਰਮਾਣ ਹੋਵੇਗਾ। ਜੇਕਰ ਇਕ ਮਾਂ ਦਾ ਸਰਵਪੱਖੀ ਵਿਕਾਸ ਹੋਵੇਗਾ ਤਾਂ ਹੀ ਪੂਰੇ ਪਰਿਵਾਰ, ਸਮਾਜ ਤੇ ਦੇਸ਼ ਦਾ ਵਿਕਾਸ ਨਿਸ਼ਚਿਤ ਹੋਵੇਗਾ।
18 ਸਾਲ ਤੱਕ ਤਾਂ ਜਿਆਦਾਤਰ ਕੁੜੀਆਂ ਕਿਸ਼ੋਰਾਵਸਥਾ ਦੇ ਸੰਵੇਗਾਂ ਚੋਂ ਪੂਰੀ ਤਰਾਂ ਨਾਲ ਨਜਿੱਠ ਹੀ ਨਹੀਂ ਪਾਉਂਦੀਆਂ ਕਿ ਉਹਨਾਂ ਨੂੰ ਬਾਲਗ ਹੋਣ ਦਾ ਸਰਟੀਫਿਕੇਟ ਮਿਲ ਜਾਂਦਾ ਹੈ, ਇੰਨਾਂ ਸੰਵੇਗਾਂ ਕਾਰਨ ਹੀ ਬਹੁਤ ਸਾਰੀਆਂ ਭੈਣਾਂ ਰਸਤੇ ਤੋਂ ਭਟਕ ਕੇ ਆਪਸੀ ਖਿੱਚ ਨੂੰ ਈ ਸੱਚਾ ਪਿਆਰ ਸਮਝਣ ਦੀ ਭੁੱਲ ਕਰ ਬੈਠਦੀਆਂ ਹਨ। ਇਸ ਉਮਰ ਚ ਜਿਆਦਾਤਰ ਕੁੜੀਆਂ ਇੰਨੀਆਂ ਸਮਝਦਾਰ ਨਹੀਂ ਹੁੰਦੀਆਂ ਕਿ ਉਹ ਆਪਣੇ ਭਵਿੱਖ ਦਾ ਸਹੀ ਫੈਸਲਾ ਕਰ ਸਕਣ ਪਰ ਅੱਜਕਲ ਦੇ ਉੱਤਰ ਆਧੁਨਿਕ ਸਮੇਂ ਚ ਮੀਡੀਆ ਦੇ ਪ੍ਰਚਾਰ ਤੇ ਫਿਲਮਾਂ ਆਦਿ ਵਿੱਚ ਦਿਖਾਈ ਜਾਂਦੀ ਮਾਪਿਆਂ ਦੀ ਨਕਾਰਾਤਮਕ ਭੂਮਿਕਾ ਕਾਰਨ ਉਹ ਸੜਕਛਾਪ ਮਜਨੂੰਆਂ ਨੂੰ ਹੀ ਆਪਣਾ ਹੀਰੋ ਸਮਝ ਕੇ ਮਾਪਿਆਂ ਦੀ ਇਜ਼ੱਤ ਤੇ ਆਪਣੇ ਭਵਿੱਖ ਦੀ ਪ੍ਰਵਾਹ ਕੀਤੇ ਬਗੈਰ ਉਨਾਂ ਨਾਲ ਤੁਰ ਪੈਂਦੀਆਂ ਹਨ। ਅੱਜਕੱਲ੍ਹ ਹਾਲਾਤ ਇਹ ਬਣ ਗਏ ਹਨ ਕਿ ਗਿਆਰਵੀਂ-ਬਾਰਵੀਂ ਚ ਪੜ੍ਹਦੇ ਵਿਦਿਆਰਥੀ ਉਮਰ ਪੂਰੀ ਹੁੰਦੇ ਹੀ ਭੱਜ ਕੇ ਵਿਆਹ ਕਰਵਾ ਰਹੇ ਹਨ। ਅਸਲ ਵਿੱਚ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਵਿੱਚੋਂ ਲਗਭਗ 90% ਤਾਂ 18 ਤੋਂ 21 ਸਾਲ ਦੀ ਉਮਰ ਦੀਆਂ ਹੀ ਹੁੰਦੀਆਂ ਹਨ। ਉਹ ਨਾਂ ਕੇਵਲ ਆਪਣੇ ਭਵਿੱਖ ਦਾ ਫੈਸਲਾ ਗਲਤ ਕਰ ਜਾਂਦੀਆਂ ਹਨ ਸਗੋਂ ਪੂਰੇ ਖੇਤਰ ਚ ਹੋਰ ਕੁੜੀਆਂ ਤੇ ਵੀ ਬੇਲੋੜੀ ਤੇ ਅਣਉਚਿਤ ਪਾਬੰਦੀਆਂ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਮੋਬਾਇਲ ਤੇ ਇੰਟਰਨੈੱਟ ਦੀ ਹਨੇਰੀ ਚ, ਆਪਸੀ ਸੰਪਰਕ ਦੀ ਖੁਲ੍ਹ ਤੇ ਪ੍ਰਾਈਵੇਸੀ ਕਾਰਨ ਵੀ ਅਣਭੋਲ ਕੁੜੀਆਂ ਦੇ ਭੋਲੇਪਨ ਦਾ ਫਾਇਦਾ ਵੱਡੇ ਪੱਧਰ ਤੇ ਉਠਾਇਆ ਜਾ ਰਿਹਾ ਏ, ਵਿਆਹ ਦੇ ਸੁਪਨੇ ਵਿਖਾ ਕੇ ਅਸਾਮਾਜਿਕ ਲੋਕ ਕੁੜੀਆਂ ਨੂੰ ਵਰਤ ਲੈਂਦੇ ਹਨ ਜਾਂ ਫੇਰ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਹੁਣ ਇਹ ਫੈਸਲਾ ਔਨਰ ਕਿਲਿੰਗ, ਮਾਪਿਆਂ ਜਾਂ ਕੁੜੀਆਂ ਦੀਆਂ ਖੁਦਕੁਸ਼ੀਆਂ ਤੇ ਹੋਰ ਬਹੁਤ ਸਾਰੇ ਅਪਰਾਧਾਂ ਤੇ ਨਕੇਲ ਕੱਸਣ ਚ ਵੀ ਸਹਾਇਕ ਸਿੱਧ ਹੋਵੇਗਾ।
ਇਹ ਫੈਸਲਾ ਕੁੜੀਆਂ ਦੇ ਰੁਜ਼ਗਾਰ ਵਿੱਚ ਵੀ ਬਹੁਤ ਹੀ ਸਹਾਇਕ ਸਿੱਧ ਹੋਵੇਗਾ। ਜਦੋਂ ਕੁੜੀਆਂ 21 ਸਾਲ ਤੱਕ ਵਿਆਹ ਤੇ ਬੱਚਿਆਂ ਦੀ ਜਿੰਮੇਵਾਰੀ ਤੋਂ ਮੁਕਤ ਰਹਿ ਕੇ ਇਕਾਗਰਤਾ ਨਾਲ ਪੜ੍ਹਾਈ ਕਰਨਗੀਆਂ ਤਾਂ ਕੁੜੀਆਂ ਨਿਸ਼ਚਿਤ ਹੀ ਵੱਡੀਆਂ ਪ੍ਰਾਪਤੀਆਂ ਕਰਨਗੀਆਂ। ਜਿੱਥੇ ਸਰਕਾਰੀ ਨੌਕਰੀਆਂ ਚ ਕੁੜੀਆਂ ਦੀ ਵੱਡੇ ਪੱਧਰ ਤੇ ਨਿਯੁਕਤੀ ਹੋਵੇਗੀ, ਉੱਥੇ ਹੀ ਸਮਝਦਾਰ ਹੋਣ ਕਾਰਨ ਨਿੱਜੀ ਖੇਤਰ ਤੇ ਵਪਾਰ ਚ ਵੀ ਉਹਨਾਂ ਦਾ ਪ੍ਰਦਰਸ਼ਨ ਬਾਕਮਾਲ ਹੋਵੇਗਾ। ਜਦੋਂ ਕੁੜੀਆਂ ਕੋਲ ਸਿੱਖਿਆ ਤੇ ਰੁਜ਼ਗਾਰ ਹੋਵੇਗਾ ਤਾਂ ਜੀਵਨਸਾਥੀ ਵੀ ਉਹਨਾਂ ਦੀ ਸਿੱਖਿਆ ਤੇ ਰੁਜ਼ਗਾਰ ਦੇ ਅਨੁਕੂਲ ਹੀ ਮਿਲੇਗਾ। ਇਸੇ ਲਈ ਇਸ ਫੈਸਲੇ ਨਾਲ ਜਿੱਥੇ ਦਾਜ ਵਰਗੇ ਕੌਹੜ ਤੋਂ ਮੁਕਤੀ ਮਿਲਣ ਦੀ ਆਸ ਜਗਦੀ ਹੈ ਉੱਥੇ ਹੀ ਕੰਨਿਆ ਭਰੂਣ ਹੱਤਿਆ ਵਰਗਾ ਕਲੰਕ ਵੀ ਸਾਡੇ ਸਮਾਜ ਦੇ ਮੱਥੇ ਤੋਂ ਮਿਟਣ ਦੀ ਸੰਭਾਵਨਾ ਪੈਦਾ ਹੁੰਦੀ ਹੈ।
ਕਈ ਮਾਪੇ ਅਨਪੜ੍ਹਤਾ, ਰੂੜੀਆਂ ਜਾਂ ਆਪਣੀ ਫੌਕੀ ਇਜ਼ੱਤ ਦੇ ਦਿਖਾਵੇ ਲਈ ਉਨਾਂ ਕੁੜੀਆਂ ਦੇ ਸੁਪਨਿਆਂ ਦਾ ਵੀ ਕਤਲ ਕਰ ਦਿੰਦੇ ਹਨ, ਜੋ ਪੜ੍ਹਾਈ ਜਾਂ ਖੇਡਾਂ ਵਿੱਚ ਬਹੁਤ ਹੁਸ਼ਿਆਰ ਤੇ ਪ੍ਰਤਿਭਾਸ਼ਾਲੀ ਹੁੰਦੀਆਂ ਹਨ, ਹੁਣ ਉਹਨਾਂ ਕੁੜੀਆਂ ਨੂੰ ਚਿੜੀਆਂ ਬਣਾ ਕੇ ਉਡਾਉਣ ਦੀ ਥਾਂ, ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਜਿੱਥੇ ਵੱਧਦੀ ਆਬਾਦੀ ਨੂੰ ਜਬਰਦਸਤ ਠੱਲ੍ਹ ਪਵੇਗੀ, ਉੱਥੇ ਹੀ ਜਣੇਪੇ ਦੌਰਾਨ ਮਾਂ ਤੇ ਬੱਚਿਆਂ ਦੀ ਮੌਤਾਂ ਚ ਭਾਰੀ ਕਮੀ ਆਵੇਗੀ ਤੇ ਸਿਹਤਮੰਦ ਬੱਚੇ ਪੈਦਾ ਹੋਣਗੇ। ਇਸ ਨਾਲ ਕੁੜੀਆਂ ਨੂੰ ਪੌੜੀਆਂ ਬਣਾਉਣ ਦੀ ਆਧੁਨਿਕ ਬੁਰਾਈ ਨੂੰ ਵੀ ਠੱਲ੍ਹ ਪਾਵੇਗਾ,12 ਵੀਂ ਪਾਸ ਹੋਣਹਾਰ ਕੁੜੀਆਂ ਨੂੰ ਛੋਟੀ ਉਮਰ ਚ ਆਈਲੈਟਸ ਕਰਵਾ ਵਿਦੇਸ਼ ਭੇਜ ਉਨਾਂ ਮਗਰ ਆਪਣੇ ਨਲਾਇਕ ਮੁੰਡਿਆਂ ਨੂੰ ਵਿਦੇਸ਼ਾਂ ਚ ਸੈਟਲ ਕਰਨ ਦੀ ਬੁਰੀ ਪ੍ਰਵਿਰਤੀ ਵੀ ਇਸ ਨਾਲ ਘਟੇਗੀ।
ਜੇਕਰ ਮੈਂ ਕਹਾਂ ਕਿ ਇਸ ਫੈਸਲੇ ਕਾਰਨ ਸਭ ਕੁੱਝ ਸਕਾਰਾਤਮਕ ਹੀ ਹੋਵੇਗਾ ਤਾਂ ਇਹ ਠੀਕ ਨਹੀਂ ਹੈ। ਸਮਾਜ ਚ ਇਸ ਨਾਲ ਕਈ ਸਮੱਸਿਆਵਾਂ ਵੀ ਆਉਣਗੀਆਂ। ਅੱਜਕੱਲ੍ਹ ਦੇ ਆਧੁਨਿਕ ਤੇ ਮਿਲਾਵਟੀ ਖਾਨ-ਪਾਨ ਕਾਰਨ ਕੁੜੀਆਂ ਛੇਤੀ ਬਾਲਗ ਹੋ ਰਹੀਆਂ ਹਨ, ਹੁਣ ਇਸ ਫੈਸਲੇ ਕਾਰਨ ਵਿਆਹ ਚ ਦੇਰੀ ਹੋਵੇਗੀ ਤੇ ਜੇਕਰ ਉਹਨਾਂ ਨੂੰ ਇਸ ਉਮਰ ਚ ਸਹੀ ਸਿੱਖਿਆ ਨਾਂ ਮਿਲੀ ਤਾਂ ਸਮਾਜਿਕ ਚ ਅਨੈਤਿਕ ਸੰਬੰਧਾਂ ਚ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਨਾਲ ਮੁੰਡਿਆਂ ਦੇ ਵਿਆਹ ਦੀ ਉਮਰ ਚ ਆਪਣੇ ਆਪ ਹੀ ਵਾਧਾ ਹੋ ਜਾਵੇਗਾ ਜਿਸ ਕਾਰਨ ਵੀ ਕਈ ਤਰਾਂ ਦੀਆਂ ਸਮਾਜਿਕ ਸਮੱਸਿਆਵਾਂ ਪੈਦਾ ਹੋਣਗੀਆਂ। ਇਸ ਤੋਂ ਇਲਾਵਾ ਭਾਰਤ ਦੇ ਕਈ ਕਬੀਲਿਆਂ, ਖੇਤਰਾਂ, ਵਿਸ਼ੇਸ਼ ਧਰਮਾਂ ਤੇ ਜਾਤੀਆਂ ਚ ਇਸ ਫੈਸਲੇ ਨੂੰ ਲਾਗੂ ਕਰਵਾਉਣ ਚ ਵੀ ਬਹੁਤ ਸਾਰੀਆਂ ਔਕੜਾਂ ਆ ਸਕਦੀਆਂ ਹਨ।
ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਫੈਸਲਾ ਸਮਾਜ ਤੇ ਦੇਸ਼ ਲਈ ਬਹੁਤ ਹੀ ਲਾਹੇਵੰਦ ਹੈ, ਇਸ ਨੂੰ ਤੁਰੰਤ ਲਾਗੂ ਕਰ ਦੇਣਾ ਚਾਹੀਦਾ ਹੈ ਪਰ ਇਸ ਨਿਯਮ ਵਿੱਚ ਵਿਸ਼ੇਸ਼ ਹਾਲਾਤਾਂ ਵਿੱਚ ਜਾਂ ਜਿੰਨਾਂ ਕੁੜੀਆਂ ਦੀ ਪੜ੍ਹਾਈ-ਲਿਖਾਈ ਤੇ ਖੇਡਾਂ ਆਦਿ ਵਿੱਚ ਕੋਈ ਰੁੱਚੀ ਨਹੀ ਹੈ, ਉਹਨਾਂ ਦਾ ਵਿਆਹ 18 ਸਾਲ ਤੋਂ ਬਾਅਦ ਕਰਨ ਦੀ ਮਾਪਿਆਂ ਨੂੰ ਮਨਜ਼ੂਰੀ, ਕਿਸੇ ਵਿਸ਼ੇਸ਼ ਅਥਾਰਿਟੀ ਦੀ ਨਿਰਪੱਖ ਜਾਂਚ ਤੋਂ ਬਾਅਦ, ਦੇ ਦੇਣੀ ਚਾਹੀਦੀ ਹੈ।

 

ਅਸ਼ੋਕ ਸੋਨੀ, ਕਾਲਮਨਵੀਸ
ਖੂਈ ਖੇੜਾ , ਫਾਜ਼ਿਲਕਾ

9872705078