ਫਰਜ਼ਾਨਾ ਆਲਮ ਦੇ ਕੈਪਟਨ ਨਾਲ ਜਾਣ ਪਿੱਛੋਂ ਮਲੇਰਕੋਟਲਾ ਦੀ ਸਿਆਸਤ ਅੰਦਰ ਮਚੀ ਖਲਬਲੀ

ਫਰਜ਼ਾਨਾ ਆਲਮ ਦੇ ਕੈਪਟਨ ਨਾਲ ਜਾਣ ਪਿੱਛੋਂ ਮਲੇਰਕੋਟਲਾ ਦੀ ਸਿਆਸਤ ਅੰਦਰ ਮਚੀ ਖਲਬਲੀ

ਅੰਮ੍ਰਿਤਸਰ ਟਾਈਮਜ਼
ਮਲੇਰਕੋਟਲਾ: ਪਰਮਜੀਤ ਸਿੰਘ ਕੁਠਾਲਾ: ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਤੇ ਸਾਬਕਾ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਵਲੋਂ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਜਾਣ ਪਿੱਛੋਂ ਰਿਆਸਤੀ ਹਲਕੇ ਮਲੇਰਕੋਟਲਾ ਦੀ ਸਿਆਸਤ ਅੰਦਰ ਖਲਬਲੀ ਮੱਚ ਗਈ ਹੈ | ਇਸ ਵੇਲੇ ਇੱਥੋਂ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਜਮੀਲ ਉਰ ਰਹਿਮਾਨ ਨੂੰ ਹੀ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ | ਕਾਂਗਰਸ ਵਲੋਂ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਪਹਿਲਾਂ ਹੀ ਆਪਣੀ ਚੋਣ ਮੁਹਿੰਮ ਮਘਾ ਰੱਖੀ ਹੈ ਬੀਬੀ ਆਲਮ ਦੇ ਪੰਜਾਬ ਲੋਕ ਕਾਂਗਰਸ ' ਜਾਣ ਪਿੱਛੋਂ ਸਮਝਿਆ ਜਾ ਰਿਹਾ ਹੈ ਕਿ ਉਹ ਕੈਪਟਨ ਦੇ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਬਣਨ ਵਾਲੇ ਸੰਭਾਵੀ ਗੱਠਜੋੜ ਦੀ ਉਮੀਦਵਾਰ ਹੋਵੇਗੀ | ਫਰਜ਼ਾਨਾ ਆਲਮ ਸੇਵਾਮੁਕਤ ਡੀ.ਜੀ.ਪੀ. ਮਰਹੂਮ ਇਜ਼ਹਾਰ ਆਲਮ ਦੇ ਪਤਨੀ ਹਨ, ਜਿਨ੍ਹਾਂ ਦਾ ਇਸੇ ਵਰ੍ਹੇ 6 ਜੁਲਾਈ ਨੂੰ ਇੰਤਕਾਲ ਹੋ ਗਿਆ ਸੀ ਇਜ਼ਹਾਰ ਆਲਮ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ 18 ਨਵੰਬਰ 2009 ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰ ਕੇ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ | ਜਨਾਬ ਆਲਮ ਨੂੰ 20 ਜਨਵਰੀ 2010 ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਲਾ ਕੇ ਬਾਕਾਇਦਾ ਮਲੇਰਕੋਟਲਾ ਵਿਖੇ ਢੋਲ ਢਮੱਕੇ ਨਾਲ ਉਤਾਰਿਆ ਗਿਆ | ਸਿੱਖ ਪੰਥਕ ਹਲਕਿਆਂ ਦੇ ਤਿੱਖੇ ਵਿਰੋਧ ਅਤੇ ਅਕਾਲੀ ਦਲ ਨਾਲ ਸਬੰਧਤ ਦੋ ਸਥਾਨਕ ਮੁਸਲਿਮ ਸਾਬਕਾ ਮੰਤਰੀਆਂ ਨੂੰ ਦਰਕਿਨਾਰ ਕਰ ਕੇ ਬਾਦਲ ਵੱਲੋਂ 2012 ਦੀ ਵਿਧਾਨ ਸਭਾ ਚੋਣ ਵਿਚ ਜਨਾਬ ਆਲਮ ਦੀ ਬਜਾਏ ਉਨ੍ਹਾਂ ਦੀ ਬੇਗਮ ਬੀਬੀ ਫਰਜ਼ਾਨਾ ਆਲਮ ਨੂੰ ਮਲੇਰਕੋਟਲਾ ਤੋਂ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਜਿੱਤਾ ਕੇ ਮੁੱਖ ਸੰਸਦੀ ਸਕੱਤਰ ਬਣਾਇਆ ਗਿਆ | ਪਾਰਟੀ ਵਲੋਂ ਬੀਬੀ ਆਲਮ ਨੂੰ ਮੁੱਖ ਸੰਸਦੀ ਸਕੱਤਰ ਦੇ ਨਾਲ ਪਹਿਲਾਂ ਹੱਜ ਕਮੇਟੀ, ਫਿਰ ਪੰਜਾਬ ਵਕਫ਼ ਬੋਰਡ ਦੀ ਚੇਅਰਮੈਨੀ, ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨਗੀ ਅਤੇ ਇਜ਼ਹਾਰ ਆਲਮ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਮੀਤ ਪ੍ਰਧਾਨਗੀ ਵਰਗੇ ਰੁਤਬਿਆਂ ਨਾਲ ਨਿਵਾਜਿਆ ਗਿਆ | ਸਾਲ 2017 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੰਜਾਬ ਦੇ ਬਦਲੇ ਸਿਆਸੀ ਸਮੀਕਰਨਾਂ ਦੇ ਮੱਦੇ ਨਜ਼ਰ ਅਕਾਲੀ ਦਲ ਨੇ ਬੀਬੀ ਫਰਜ਼ਾਨਾ ਦੀ ਟਿੱਕਟ ਕੱਟ ਕੇ ਇੱਕ ਸਥਾਨਕ ਸਨਅਤਕਾਰ ਮੁਹੰਮਦ ਉਵੈਸ ਨੂੰ ਚੋਣ ਮੈਦਾਨ ਵਿਚ ਉਤਾਰਿਆ ਪ੍ਰੰਤੂ ਉਹ ਕਾਂਗਰਸੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ ਤੋਂ ਬੁਰੀ ਤਰ੍ਹਾਂ ਹਾਰ ਗਏ | ਵਿਧਾਨ ਸਭਾ ਚੋਣ ਹਾਰਨ ਪਿੱਛੋਂ ਹਲਕਾ ਮਲੇਰਕੋਟਲਾ ਅੰਦਰ ਭਾਵੇਂ ਮੁਹੰਮਦ ਉਵੈਸ ਦੀਆਂ ਸਰਗਰਮੀਆਂ ਸੀਮਤ ਹੋ ਗਈਆਂ ਪ੍ਰੰਤੂ ਆਲਮ ਜੋੜੀ ਨੇ ਆਪਣੇ ਨੇੜਲੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਬਾਕਾਇਦਾ ਕਾਇਮ ਰੱਖਿਆ | ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ 20 ਅਕਤੂਬਰ 2020 ਨੂੰ ਬੀਬੀ ਆਲਮ ਨੂੰ ਪਾਰਟੀ ਦੀ ਜਨਰਲ ਸਕੱਤਰ ਬਣਾ ਕੇ ਆਲਮ ਪਰਿਵਾਰ ਨੂੰ ਪਾਰਟੀ ਨਾਲ ਜੋੜੀ ਰੱਖਣ ਦਾ ਯਤਨ ਵੀ ਕੀਤਾ ਪ੍ਰੰਤੂ ਸਥਾਨਕ ਅਕਾਲੀ ਆਗੂਆਂ ਵੱਲੋਂ ਕੀਤੇ ਤਿੱਖੇ ਵਿਰੋਧ ਕਾਰਨ ਕੁੱਝ ਦਿਨਾਂ ਬਾਅਦ ਹੀ ਬੀਬੀ ਆਲਮ ਤੋਂ ਇਹ ਅਹੁਦਾ ਵਾਪਸ ਲੈ ਲਿਆ ਗਿਆ ਇਸੇ ਦੌਰਾਨ 6 ਜੁਲਾਈ 2021 ਨੂੰ ਜਨਾਬ ਇਜ਼ਹਾਰ ਆਲਮ ਦੇ ਦਿਹਾਂਤ ਤੋਂ ਬਾਅਦ ਸਮਝਿਆ ਜਾਂਦਾ ਸੀ ਕਿ ਹੁਣ ਆਲਮ ਪਰਿਵਾਰ ਸਿਆਸਤ ਤੋਂ ਲਾਂਭੇ ਹੋ ਜਾਵੇਗਾ ਪ੍ਰੰਤੂ ਬੀਬੀ ਫਰਜ਼ਾਨਾ ਆਲਮ ਵੱਲੋਂ ਜਨਾਬ ਆਲਮ ਦੀ ਰਸਮੇ ਕੁਲ ਮੌਕੇ ਆਪਣੇ ਦਸਤਖਤਾਂ ਹੇਠ ਜਾਰੀ ਇਕ ਧੰਨਵਾਦੀ ਬਿਆਨ ਨੇ ਹੀ ਸੰਕੇਤ ਦੇ ਦਿੱਤੇ ਸਨ ਕਿ ਇਜ਼ਹਾਰ ਆਲਮ ਦੇ ਜਾਣ ਪਿੱਛੋਂ ਵੀ ਆਲਮ ਪਰਿਵਾਰ ਸਿਆਸਤ ਵਿਚ ਡਟਿਆ ਰਹੇਗਾ | ਇਸ ਧੰਨਵਾਦੀ ਪੱਤਰ ਵਿਚ ਬੀਬੀ ਆਲਮ ਨੇ ਤੱਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਦਾ ਉਚੇਚਾ ਸ਼ੁਕਰੀਆ ਅਦਾ ਕੀਤਾ ਸੀ ਜਿਨ੍ਹਾਂ ਨਾਲ ਉਸ ਵੇਲੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਪਤੀ ਡੀ.ਜੀ.ਪੀ. ਜਨਾਬ ਮੁਹੰਮਦ ਮੁਸਤਫ਼ਾ ਦੇ ਬੁਰੀ ਤਰ੍ਹਾਂ ਸਿੰਗ ਫਸੇ ਹੋਏ ਸਨ |