2023 ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਦੀ ਲੋੜ 

2023 ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਦੀ ਲੋੜ 

    2023 ਵਿਸ਼ਵ ਕੱਪ ਨੂੰ ਇਸ ਨਜ਼ਰੀਏ ਨਾਲ ਵੇਖੀਏ

2023 'ਚ ਵਿਸ਼ਵ ਕੱਪ ਹਾਕੀ ਦਾ 15ਵਾਂ ਐਡੀਸ਼ਨ ਭਾਰਤ ਦੇ ਦੋ ਸ਼ਹਿਰਾਂ ਰੁੜਕੇਲਾ ਅਤੇ ਭੁਵਨੇਸ਼ਵਰ ਵਿਚ ਹੋਣ ਜਾ ਰਿਹਾ ਹੈ। ਦੋ ਵੱਖ-ਵੱਖ ਸ਼ਹਿਰਾਂ ਦੇ ਹਾਕੀ ਸਟੇਡੀਅਮ ਕਲਿੰਗਾ ਅਤੇ ਬਿਰਸਾ ਮੁੰਡਾ 13 ਤੋਂ 29 ਜਨਵਰੀ ਤੱਕ ਵਿਸ਼ਵ ਭਰ ਦੇ ਹਾਕੀ ਪ੍ਰੇਮੀਆਂ ਨੂੰ ਵਿਸ਼ਵ ਪੱਧਰੀ ਹਾਕੀ ਰੁਮਾਂਚ ਦਿਖਾਉਣ ਲਈ ਵਚਨਬੱਧ ਰਹਿਣਗੇ। ਇਸ ਤੋਂ ਪਹਿਲਾਂ ਭਾਰਤ ਵਿਚ 1982 ਵਿਚ ਮੁੰਬਈ, 2010 'ਚ ਦਿੱਲੀ ਅਤੇ 2018 ਵਿਚ ਓਡੀਸ਼ਾ ਇਸ ਦੀ ਮੇਜ਼ਬਾਨੀ ਕਰ ਚੁੱਕਾ ਹੈ। ਤੁਹਾਨੂੰ ਚੇਤਾ ਕਰਵਾਉਂਦੇ ਜਾਈਏ ਕਿ ਪਿਛਲੇ ਐਡੀਸ਼ਨ 'ਚ ਬੈਲਜੀਅਮ ਜੇਤੂ ਰਿਹਾ ਨੀਦਰਲੈਂਡ ਨੂੰ ਹਰਾ ਕੇ।

ਸਵਾਲ ਇਹ ਮਹੱਤਵਪੂਰਨ ਨਹੀਂ ਕਿ ਭਾਰਤ ਨੂੰ ਫਿਰ ਮੇਜ਼ਬਾਨੀ ਮਿਲੀ ਹੈ। ਲੋੜ ਤਾਂ ਸੰਜੀਦਗੀ ਨਾਲ ਇਹ ਸੋਚਣ ਦੀ ਹੈ ਕਿ ਭਾਰਤ ਕਿੰਨੀ ਕੁ ਸਫਲਤਾ ਨਾਲ ਮੇਜ਼ਬਾਨੀ ਨਿਭਾਉਂਦਾ ਆ ਰਿਹਾ ਹੈ। ਸਾਨੂੰ ਇਹ ਮਹਿਸੂਸ ਹੁੰਦਾ ਹੈ, ਏਨੀ ਵਾਰ ਮੇਜ਼ਬਾਨੀ ਮਿਲਣ ਦੇ ਬਾਵਜੂਦ ਸਾਡਾ ਦੇਸ਼, ਸਾਡਾ ਮੀਡੀਆ, ਸਾਡੇ ਹਾਕੀ ਦੇ ਚੌਧਰੀ, ਇਕ ਵਿਸ਼ਵ ਪੱਧਰੀ ਟੂਰਨਾਮੈਂਟ ਦੇ ਆਯੋਜਨ ਦੇ ਬਾਵਜੂਦ ਅਵਾਮ 'ਚ ਹਾਕੀ ਦੀ ਉਹ ਲੋਕਪ੍ਰਿਅਤਾ ਨਾ ਪੈਦਾ ਕਰ ਸਕੇ, ਜਿਸ ਦੀ ਹਾਕੀ ਜਾਦੂਗਰਾਂ ਦੇ ਇਸ ਦੇਸ਼ ਨੂੰ ਜ਼ਰੂਰਤ ਹੈ। ਸਾਡੀ ਜਾਤੀ ਰਾਏ ਹੈ ਕਿ ਦੇਸ਼ 'ਚ ਕਿਸੇ ਖੇਡ ਦਾ ਮਕਬੂਲ ਹੋਣਾ, ਉਸ ਦੇਸ਼ ਦੀ ਕੌਮੀ ਟੀਮ ਦੀਆਂ ਮਾਣਮੱਤੀਆਂ ਜਿੱਤਾਂ 'ਤੇ ਹੀ ਨਿਰਭਰ ਨਹੀਂ ਹੁੰਦਾ। ਕਹਿੰਦੇ ਸੀ ਕਿ ਜੇ ਭਾਰਤੀ ਟੀਮ ਨੇ ਉਲੰਪਿਕ ਹਾਕੀ 'ਵਿਚ ਤਗਮਾ ਜਿੱਤ ਲਿਆ ਤਾਂ ਦੇਸ਼ 'ਚ ਹਾਕੀ ਦੇ ਸੁਨਹਿਰੀ ਦਿਨ ਫਿਰ ਪਰਤ ਆਉਣਗੇੇ, ਕੁਝ ਸਮਾਂ ਪਹਿਲਾਂ ਅਸੀਂ ਉਲੰਪਿਕ ਹਾਕੀ 'ਚ ਤਗਮਾ ਜਿੱਤਿਆ, ਕੋਈ ਦੱਸੇ ਕਿ ਉਸ ਪ੍ਰਾਪਤੀ ਤੋਂ ਬਾਅਦ ਕਿੰਨੇ ਕੁ ਨੌਨਿਹਾਲ ਹਾਕੀ ਦੇ ਦੀਵਾਨੇ ਬਣ ਗਏ,ਕਿੰਨੇ ਕੁ ਹਾਕੀ ਦੇ ਨਾਮ ਲੇਵਾ ਪੈਦਾ ਹੋ ਗਏ। ਸਾਨੂੰ ਤਾਂ ਆਲਮ ਬਿਲਕੁਲ ਵੱਖਰਾ ਹੀ ਲੱਗ ਰਿਹਾ ਹੈ। ਲੋਕ ਕੇ.ਪੀ. ਐਸ. ਗਿੱਲ ਨੂੰ ਗਾਲ੍ਹਾਂ ਕੱਢਦੇ ਹੁੰਦੇ ਸਨ, ਪਰ ਉਸ ਜ਼ਮਾਨੇ 'ਚ ਹਾਕੀ ਫਿਰ ਵੀ ਭਾਰਤ 'ਚ ਲੋਕਪ੍ਰਿਯਾ ਸੀ, ਭਾਵੇਂ ਵੱਡੀਆਂ ਜਿੱਤਾਂ ਭਾਰਤ ਦੇ ਨਸੀਬ 'ਵਿਚ ਨਹੀਂ ਸਨ।

ਅਸੀਂ ਹਾਕੀ ਵਿਸ਼ਵ ਕੱਪ ਦੇ ਆਯੋਜਨ ਨੂੰ ਵੀ ਹਾਕੀ ਦਾ ਮਹਾਂਭਾਰਤ ਬਣਾ ਕੇ ਬਹਿ ਜਾਂਦੇ ਹਾਂ। ਸਾਨੂੰ ਹਾਕੀ ਦੀ ਖੇਡ ਨਾਲ ਕੋਈ ਪਿਆਰ ਨਹੀਂ, ਜੇ ਭਾਰਤ ਹਰ ਮੈਚ ਜਿੱਤੇਗਾ ਤਾਂ ਅਗਲਾ ਮੈਚ ਵੇਖਣ ਜਾਵਾਂਗੇ, ਨਹੀਂ ਤਾਂ ਅਸੀਂ ਵਿਸ਼ਵ ਕੱਪ ਹਾਕੀ ਦੇ ਆਯੋਜਨ ਤੋਂ ਕੀ ਲੈਣਾ। ਅਸੀਂ ਆਸਟ੍ਰੇਲੀਆ, ਹਾਲੈਂਡ, ਬੈਲਜੀਅਮ ਵਰਗੀਆਂ ਤਾਕਤਵਰ ਟੀਮਾਂ ਨੂੰ ਭਿੜਦਿਆਂ ਨਹੀਂ ਵੇਖਣਾ ਚਾਹੁੰਦੇ, ਜੇ ਭਾਰਤ ਸੈਮੀਫਾਈਨਲ 'ਚ ਨਹੀਂ ਪਹੁੰਚ ਸਕਿਆ ਤਾਂ ਟੂਰਨਾਮੈਂਟ ਵਿਚ ਸਾਰੀ ਦਿਲਚਸਪੀ ਖਤਮ। ਇਹੀ ਕਾਰਨ ਹੈ ਕਿ ਅਸੀਂ ਵਿਸ਼ਵ ਕੱਪ ਹਾਕੀ ਦੇ ਸਫਲ ਆਯੋਜਕ ਨਹੀਂ ਬਣ ਪਾਉਂਦੇ। ਸਾਨੂੰ ਪਤਾ ਹੈ ਕਿ ਭਾਰਤ ਦੀਆਂ ਵਿਸ਼ਵ ਪੱਧਰੀ ਜਿੱਤਾਂ ਬਹੁਤ ਵਾਰੀ ਤੁੱਕਾ ਹੁੰਦੀਆਂ ਹਨ। ਇਕ ਟੂਰਨਾਮੈਂਟ ਜਿੱਤ ਲਿਆ ਦੋ ਮਹੀਨੇ ਬਾਅਦ ਦੂਜੇ ਟੂਰਨਾਮੈਂਟ 'ਚ ਟੀਮ ਫਾਡੀ ਰਹਿ ਗਈ। ਪਰ ਘੱਟੋ-ਘੱਟ ਦੇਸ਼ 'ਚ ਖੇਡ ਦਾ ਰੁਮਾਂਚ ਤਾਂ ਜ਼ਿੰਦਾ ਰਹਿਣਾ ਚਾਹੀਦਾ ਹੈ। ਜਿੱਤਾਂ ਨਾਲੋਂ ਅਸੀਂ ਆਪਣੀ ਚਹੇਤੀ ਖੇਡ ਨੂੰ ਪਿਆਰ ਕਰਨਾ ਸਿੱਖੀਏ। ਆਓ ਹਾਕੀ ਰੁਮਾਂਚ ਦਾ ਜਸ਼ਨ ਮਨਾਉਣਾ ਵੀ ਸਿੱਖੀਏ। 2023 ਵਿਸ਼ਵ ਕੱਪ ਨੂੰ ਇਸ ਨਜ਼ਰੀਏ ਨਾਲ ਵੇਖੀਏ। ਦੇਸ਼ ਵਿਚ ਵੱਡੇ ਪੱਧਰ 'ਤੇ ਉਸ ਟੂਰਨਾਮੈਂਟ ਦਾ ਪ੍ਰਚਾਰ ਹੋਵੇ। ਸਿਰਫ਼ ਭਾਰਤ ਦੀਆਂ ਹੀ ਨਹੀਂ, ਸਗੋਂ ਦੁਨੀਆ ਦੀਆਂ ਤਾਕਤਵਰ ਟੀਮਾਂ ਦਾ ਵੀ ਪ੍ਰਚਾਰ ਹੋਵੇ ਤਾਂ ਕਿ ਸਾਡੀ ਨੌਨਿਹਾਲ ਪੀੜ੍ਹੀ ਹਾਕੀ ਖੇਡ ਵੱਲ ਆਕਰਸ਼ਿਤ ਹੋਵੇ। ਜੇ ਸਾਡੇ ਕੌਮੀ ਖਿਡਾਰੀ ਸਾਡੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਨ 'ਚ ਅਸਫਲ ਰਹਿ ਜਾਣ ਤਾਂ ਘੱਟੋ-ਘੱਟ ਵਿਦੇਸ਼ੀ ਖਿਡਾਰੀ ਤਾਂ ਪ੍ਰੇਰਨਾ ਸਰੋਤ ਬਣਨ। 2023 ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਹਾਕੀ ਖੇਡ ਨੂੰ ਮੁਹੱਬਤ ਕਰਨ ਵਾਲਾ ਰੁਝਾਨ ਪੈਦਾ ਕਰੀਏ।

 

ਪ੍ਰੋਫੈਸਰ ਪਰਮਜੀਤ ਸਿੰਘ