ਦੁਨੀਆਂ ਦਾ ਪ੍ਰਸਿੱਧ ਆਰਕੀਟੈਕਟ ਸ. ਰਾਮ ਸਿੰਘ ਸੋਹਲ

ਦੁਨੀਆਂ ਦਾ ਪ੍ਰਸਿੱਧ ਆਰਕੀਟੈਕਟ ਸ. ਰਾਮ ਸਿੰਘ ਸੋਹਲ
ਆਰਕੀਟੈਕਟ ਸ. ਰਾਮ ਸਿੰਘ ਸੋਹਲ

ਇੰਦਰਜੀਤ ਸਿੰਘ ਹਰਪੁਰਾ-

‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ’ ਇਹ ਕਹਾਵਤ ਸਿੱਖ ਪੰਥ ਦੇ ਮਹਾਨ ਆਰਕੀਟੈਕਟ ਤੇ ਇੰਟੀਰੀਅਰ ਡਿਜ਼ਾਇਨਰ ਸ. ਰਾਮ ਸਿੰਘ ਸੋਹਲ ਉੱਪਰ ਪੂਰੀ ਤਰ੍ਹਾਂ ਢੁੱਕਦੀ ਹੈ। ਸ. ਰਾਮ ਸਿੰਘ ਸੋਹਲ ਨੇ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੀ ਇਮਾਰਤ ਦਾ ਨਕਸ਼ਾ ਬਣਾਉਣ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜਾਇੰਗ ਅਤੇ ਵੂਡ ਕਰਵਿੰਗ, ਇੰਗਲੈਂਡ ਦੀ ਮਹਾਂਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ, ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜਾਇਨਿੰਗ ਦਾ ਕੰਮ ਕੀਤਾ। 


ਖ਼ਾਲਸਾ ਕਾਲਜ, ਅੰਮ੍ਰਿਤਸਰ

ਸ. ਰਾਮ ਸਿੰਘ ਸੋਹਲ ਦੀ ਕਲਾ ਦਾ ਲੋਹਾ ਭਾਂਵੇ ਸਾਰੀ ਦੁਨੀਆਂ ਮੰਨਦੀ ਹੈ ਪਰ ਉਸਦੇ ਆਪਣੇ ਪਿੰਡ ਰਸੂਲਪੁਰ ਅਤੇ ਇਲਾਕੇ ਦੇ ਲੋਕ ਅੱਜ ਤੱਕ ਵੀ ਉਸ ਦੀ ਕਾਬਲੀਅਤ ਤੋਂ ਅਣਜਾਣ ਹਨ। ਜਦੋਂ ਅਸੀਂ ਪਿੰਡ ਰਸੂਲਪੁਰ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸ. ਰਾਮ ਸਿੰਘ ਸੋਹਲ ਬਾਰੇ ਪੁੱਛਿਆ ਤਾਂ ਵੱਡੀ ਉਮਰ ਤੋਂ ਲੈ ਕੇ ਨੌਜਵਾਨਾਂ ਤੱਕ ਕਿਸੇ ਨੂੰ ਵੀ ਸ. ਰਾਮ ਸਿੰਘ ਬਾਰੇ ਪਤਾ ਨਹੀਂ ਸੀ। ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਿਰਮਾਤਾ ਸ. ਰਾਮ ਸਿੰਘ ਸੋਹਲ ਦੀ ਆਪਣੇ ਪਿੰਡ ਵਿੱਚ ਕੋਈ ਯਾਦਗਾਰ ਨਹੀਂ ਬਚੀ ਹੈ। ਸ. ਰਾਮ ਸਿੰਘ ਸੋਹਲ ਨੇ ਜਿਸ ਘਰ ਵਿੱਚ ਜਨਮ ਲਿਆ ਸੀ ਉਸ ਥਾਂ ਹੁਣ ਪਿੰਡ ਦੇ ਇੱਕ ਬਸ਼ਿੰਦੇ ਨੇ ਪਸ਼ੂਆਂ ਦੀ ਹਵੇਲੀ ਬਣਾ ਲਈ ਹੈ। ਪਿੰਡ ਦੇ ਇੱਕ ਬਜ਼ੁਰਗ ਬਲਬੀਰ ਸਿੰਘ ਸੋਹਲ ਜੋ ਕਿ ਰਾਮ ਸਿੰਘ ਸੋਹਲ ਦੇ ਸ਼ਰੀਕੇ ਵਿਚੋਂ ਹੀ ਹਨ ਨੇ ਦੱਸਿਆ ਕਿ ਪੁਰਾਣੇ ਬਜ਼ੁਰਗ ਉਨ੍ਹਾਂ ਬਾਰੇ ਦੱਸਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਵਲੈਤੀਆ ਕਿਹਾ ਜਾਂਦਾ ਸੀ।

ਵਿਸ਼ਵ ਪ੍ਰਸਿੱਧ ਆਰਕੀਟੈਕਟ ਸ. ਰਾਮ ਸਿੰਘ ਸੋਹਲ ਦਾ ਜਨਮ ਸੰਨ 1858 ਨੂੰ ਬਟਾਲਾ ਤੋਂ 10 ਕਿਲੋਮੀਟਰ ਦੂਰ ਪਿੰਡ ਰਸੂਲਪੁਰ ਵਿਖੇ ਪਿਤਾ ਸ. ਆਸਾ ਸਿੰਘ ਦੇ ਘਰ ਹੋਇਆ। ਸ. ਰਾਮ ਸਿੰਘ ਰਾਮਗੜ੍ਹੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਸਦੇ ਪਿਤਾ ਸ. ਆਸਾ ਸਿੰਘ ਕੋਲ ਪਿੰਡ ਦੀ ਕੁਝ ਜ਼ਮੀਨ ਸੀ, ਪਰ ਆਰਥਿਕ ਤੰਗੀ ਕਾਰਨ ਉਹ ਅੰਮ੍ਰਿਤਸਰ ਚਲੇ ਗਏ। ਸ. ਰਾਮ ਸਿੰਘ ਦੀ ਬਚਪਨ ਤੋਂ ਹੀ ਡਰਾਇੰਗ ਵਿੱਚ ਰੁਚੀ ਸੀ ਅਤੇ ਉਹ ਡਰਾਇੰਗ ਵਿੱਚ ਇਮਾਰਤਾਂ ਦੀ ਡਰਾਇੰਗ ਕਰਨੀ ਬਹੁਤ ਪਸੰਦ ਕਰਦੇ ਸਨ। 


ਲਾਹੌਰ ਅਜਾਇਬਘਰ

ਸ. ਰਾਮ ਸਿੰਘ ਨੇ ਅੰਮ੍ਰਿਤਸਰ ਵਿਚ ਇਕ ਲੱਕੜ ਦੀ ਕਾਪਰ ਦੀ ਦੁਕਾਨ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਸਨੇ ਮੇਯੋ ਸਕੂਲ ਦੇ ਸੰਸਥਾਪਕ ਪ੍ਰਿੰਸੀਪਲ ਕਿਪਲਿੰਗ ਦਾ ਧਿਆਨ ਆਪਣੇ ਵੱਲ ਖਿੱਚਿਆ। ਕਿਪਲਿੰਗ ਨੇ ਰਾਮ ਸਿੰਘ ਦੇ ਹੁਨਰ ਨੂੰ ਦੇਖ ਕੇ ਉਸਨੂੰ ਮੇਯੋ ਸਕੂਲ ਆਫ ਆਰਟਸ, ਲਾਹੌਰ ਵਿਖੇ ਡਰਾਇੰਗ ਮਾਸਟਰ ਦੀ ਨੌਂਕਰੀ ਦੇ ਦਿੱਤੀ। 
ਇੰਗਲੈਂਡ ਦੀ ਮਹਾਰਾਣੀ ਕੁਈਨ ਵਿਕਟੋਰੀਆ ਨੇ ਇੱਕ ਵਾਰ ਇੱਛਾ ਜ਼ਾਹਰ ਕੀਤੀ ਕਿ ਉਸਦੇ ਪੈਲੇਸ ਦਾ ਅੰਦਰੂਨੀ ਡਿਜ਼ਾਇਨ ਭਾਰਤੀ ਵਾਸਤੂਕਲਾ ਅਨੁਸਾਰ ਹੋਵੇ ਅਤੇ ਉਸਨੇ ਪ੍ਰਿੰਸੀਪਲ ਕਿਪਲਿੰਗ ਨੂੰ ਇਹ ਡਿਜ਼ਾਇਨਿੰਗ ਕਰਨ ਲਈ ਕਿਹਾ। ਕਿਪਲਿੰਗ ਨੇ ਇਸ ਕੰਮ ਦੀ ਜਿੰਮੇਵਾਰੀ ਸ. ਰਾਮ ਸਿੰਘ ਸੋਹਲ ਨੂੰ ਦੇ ਦਿੱਤੀ ਅਤੇ ਸ. ਰਾਮ ਸਿੰਘ ਸੋਹਲ ਇਸ ਬੇਹੱਦ ਖਾਸ ਕੰਮ ਲਈ ਇੰਗਲੈਂਡ ਚਲੇ ਗਏ। ਸ. ਰਾਮ ਸਿੰਘ ਪਹਿਲੀ ਵਾਰ ਗੋਰਿਆਂ ਦੀ ਧਰਤੀ ਉੱਪਰ ਗਏ ਸਨ। ਸ. ਰਾਮ ਸਿੰਘ ਤਿੰਨ ਸਾਲ ਇੰਗਲੈਂਡ ਵਿਖੇ ਰਹੇ ਅਤੇ ਇਸ ਅਰਸੇ ਦੌਰਾਨ ਉਨ੍ਹਾਂ ਨੇ ਕੁਈਨ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ ਅਜਿਹੀ ਕਮਾਲ ਦੀ ਕੀਤੀ ਕਿ ਕੁਈਨ ਵਿਕਟੋਰੀਆ ਸਮੇਤ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਹੋ ਗਿਆ। ਸ. ਰਾਮ ਸਿੰਘ ਦੀ ਕਲਾ ਤੋਂ ਖੁਸ਼ ਹੋ ਕੇ ਕੁਈਨ ਵਿਕਟੋਰੀਆ ਨੇ ਉਸਨੇ ਦਸਤਖਤ ਕਰਕੇ ਆਪਣੀ ਫੋਟੋ ਅਤੇ ਇੱਕ ਸੋਨੇ ਦਾ ਪੈਨਸਲ ਕੇਸ ਤੋਹਫੇ ਵਜੋਂ ਦਿੱਤਾ। ਕੁਈਨ ਵਿਕਟੋਰੀਆ ਨੇ ਆਪਣੇ ਦਰਬਾਰੀ ਕਲਾਕਾਰ, ਆਸਟ੍ਰੀਆ, ਰੁਦੋਲਫ ਸਵੋਬੋਡਾ ਨੂੰ ਰਾਮ ਸਿੰਘ ਦੀ ਤਸਵੀਰ ਨੂੰ ਚਿੱਤਰਿਤ ਕਰਨ ਲਈ ਕਿਹਾ, ਜਿਸਨੇ ਸ. ਰਾਮ ਸਿੰਘ ਦਾ ਇੱਕ ਚਿੱਤਰ ਬਣਾਇਆ ਅਤੇ ਇਸ ਪੋਸਟ ਨਾਲ ਪਾਈ ਗਈ ਸ. ਰਾਮ ਸਿੰਘ ਦੀ ਤਸਵੀਰ ਓਹੀ ਚਿੱਤਰ ਹੈ। 

ਸ. ਰਾਮ ਸਿੰਘ ਸੋਹਲ ਨੇ ਆਪਣੀ ਜ਼ਿੰਦਗੀ ਦੌਰਾਨ ਜੋ ਸਭ ਤੋਂ ਸੁੰਦਰ ਇਮਾਰਤਾਂ ਦੀ ਨਕਸ਼ਾ ਨਵੀਸੀ ਕੀਤੀ ਉਨ੍ਹਾਂ ਵਿਚੋਂ ਖਾਲਸਾ ਕਾਲਜ ਦੀ ਇਮਾਰਤ ਸਭ ਤੋਂ ਅਹਿਮ ਹੈ। ਰਾਮ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ 20 ਦੇ ਕਰੀਬ ਅਜਿਹੀਆਂ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਇੰਟੀਰੀਅਰ ਡਿਜਾਇਨਿੰਗ ਕੀਤੀ ਜਿਨ੍ਹਾਂ ਦੀ ਸੁੰਦਰਤਾ ਦਾ ਲੋਹਾ ਦੁਨੀਆਂ ਅੱਜ ਤੱਕ ਮੰਨਦੀ ਹੈ। 

ਸ. ਰਾਮ ਸਿੰਘ ਸੋਹਲ ਨੇ ਕੁਈਨ ਵਿਕਟੋਰੀਆ ਦੇ ਦਰਬਾਰ ਹਾਲ ਦੀ ਸਾਰੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ, ਲਾਹੌਰ ਬੋਰਡਿੰਗ ਹਾਊਸ ਦਾ ਨਕਸ਼ਾ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜਾਇਨਿੰਗ ਅਤੇ ਵੂਡ ਕਰਵਿੰਗ, ਚੰਬਾ ਹਾਊਸ ਲਾਹੌਰ, ਖਾਲਸਾ ਕਾਲਜ ਅੰਮ੍ਰਿਤਸਰ, ਸਾਰਾਗੜ੍ਹੀ ਗੁਰਦੁਆਰਾ ਅੰਮ੍ਰਿਤਸਰ, ਗਵਰਨਮੈਂਟ ਹਾਊਸ ਲਾਹੌਰ ਦਾ ਸਾਰਾ ਫਰਨੀਚਰ, ਸੀਲਿੰਗ ਆਫ ਗਰੀਨ ਹਾਲ ਜੰਮੂ ਕਸ਼ਮੀਰ, ਇਸਲਾਮੀਆ ਯੂਨੀਵਰਸਿਟੀ ਪਿਸ਼ਾਵਰ, ਡਿਜ਼ਾਇਨ ਆਫ਼ ਨਿਊ ਰੇਲਵੇ ਥੀਏਟਰ ਲਾਹੌਰ, ਇੰਟੀਰੀਅਰ ਡਿਜ਼ਾਇਨਿੰਗ ਵਰਕ ਆਫ ਸੇਨਡਮਨ ਹਾਲ ਕੋਇਟਾ (ਪਾਕਿਸਤਾਨ) ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ। 


ਓਸਬੋਰਨ ਹਾਊਸ ਦਾ ਦਰਬਾਰ ਹਾਲ

ਇੱਕ ਵਾਰ ਪੰਜਾਬ ਦੇ ਗਵਰਨਰ ਨੇ ਸ. ਰਾਮ ਸਿੰਘ ਸੋਹਲ ਨੂੰ ਕਿਹਾ ਕਿ ਕਲਾ ਦਾ ਇੱਕ ਉੱਤਮ ਨਮੂਨਾ ਤਿਆਰ ਕਰਨ। ਸ. ਰਾਮ ਸਿੰਘ ਨੇ ‘ਤਖਤ-ਏ-ਤਾਊਸ’ ਦਾ ਨਿਰਮਾਣ ਕੀਤਾ ਜਿਸਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਕੁਈਨ ਵਿਕਟੋਰੀਆ ਕੋਲ ਇੰਗਲੈਂਡ ਭੇਜਿਆ ਪਰ ਓਥੇ ਕੋਈ ਵੀ ਇਨ੍ਹਾਂ 6 ਭਾਗਾਂ ਨੂੰ ਫਿੱਟ ਨਾ ਕਰ ਸਕਿਆ। ਅਖੀਰ ਰਾਮ ਸਿੰਘ ਸੋਹਲ ਖੁਦ ਇੰਗਲੈਂਡ ਗਏ ਅਤੇ ਉਨ੍ਹਾਂ ਨੇ ‘ਤਖਤ-ਏ-ਤਾਊਸ’ ਦੇ 6 ਭਾਗਾਂ ਨੂੰ ਆਪਸ ਵਿੱਚ ਜੋੜਿਆ। 

ਸ. ਰਾਮ ਸਿੰਘ ਨੂੰ 25 ਸਤੰਬਰ 1910 ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ 38 ਸਾਲਾਂ ਲਈ ਮੇਯੋ ਸਕੂਲ ਆਫ਼ ਆਰਟਸ ਵਿਖੇ ਰਹਿਣ ਤੋਂ ਬਾਅਦ ਅਕਤੂਬਰ 1913 ਵਿਚ ਸੇਵਾ ਤੋਂ ਸੇਵਾ ਮੁਕਤ ਹੋ ਗਏ।

ਇਹ ਵਰਣਨਯੋਗ ਹੈ ਕਿ ਇਕ ਸਿੱਖ, ਜਿਸਦੀ ਕੋਈ ਰਸਮੀ ਯੋਗਤਾ ਨਹੀਂ ਹੈ, ਨੂੰ ਬ੍ਰਿਟਿਸ਼ ਰਾਜ ਦੁਆਰਾ ਇਕ ਮਸ਼ਹੂਰ ਕਲਾ ਸੰਸਥਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਅੰਗਰੇਜ਼ ਨੂੰ ਦੋ ਨੰਬਰ ’ਤੇ ਰੱਖਿਆ ਗਿਆ ਸੀ। 

ਸ. ਰਾਮ ਸਿੰਘ ਸੋਹਲ ਨੂੰ ਬਰਤਾਨੀਆ ਹਕੂਮਤ ਵਲੋਂ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ 1902 ਵਿੱਚ ਕੇਸਰੀ ਹਿੰਦ ਮੈਡਲ ਦਾ ਸਨਮਾਨ ਹਾਸਲ ਕੀਤਾ। ਸੰਨ 1904 ਵਿੱਚ ਸਰਦਾਰ ਸਾਹਿਬ ਅਤੇ 1909 ਵਿੱਚ ਸਰਦਾਰ ਬਹਾਦੁਰ ਦਾ ਖਿਤਾਬ ਹਾਸਲ ਕੀਤਾ। ਆਪਣੀ ਕਲਾ ਤੇ ਹੁਨਰ ਦਾ ਲੋਹਾ ਮਨਵਾ ਕੇ ਸਿੱਖ ਕੌਮ ਦਾ ਇਹ ਕੋਹੇਨੂਰ ਹੀਰਾ ਸ. ਰਾਮ ਸਿੰਘ ਸੋਹਲ 1916 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਭਾਂਵੇ ਸ. ਰਾਮ ਸਿੰਘ ਸੋਹਲ ਨੂੰ ਗੁਜ਼ਰੇ ਹੋਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੁਆਰਾ ਰਚੀਆਂ ਗਈਆਂ ਕ੍ਰਿਤਾਂ ਅੱਜ ਵੀ ਅਡੋਲ ਖੜ੍ਹੀਆਂ ਹਨ। ਸ. ਰਾਮ ਸਿੰਘ ਸੋਹਲ ਦੀ ਕਲਾ ਏਨੀ ਬੁਲੰਦ ਸੀ ਕਿ ਸ਼ਬਦਾਂ ਵਿੱਚ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਲੋਕ ਭਲੇ ਆਪਣੇ ਇਸ ਸਪੂਤ ਦੀ ਮਹਾਨਤਾ ਤੋਂ ਜਾਣੂ ਨਾ ਹੋਣ ਪਰ ਦੁਨੀਆਂ ਇਸ ਸਰਦਾਰ ਦੀ ਕਲਾ ਦਾ ਲੋਹਾ ਅੱਜ ਵੀ ਮੰਨ ਰਹੀ ਹੈ। 

-ਇੰਦਰਜੀਤ ਸਿੰਘ ਹਰਪੁਰਾ
ਬਟਾਲਾ (ਗੁਰਦਾਸਪੁਰ)
ਪੰਜਾਬ।
98155-77574