ਇੰਗਲੈਂਡ 'ਵਿਖੇ ਸਿੱਖਾਂ ਨੂੰ ਇਸਾਈ ਬਣਾਉਣ ਦੀ ਕੋਸ਼ਿਸ਼ ਦਾ ਹੋਇਆ ਪਰਦਾਫਾਸ਼

ਇੰਗਲੈਂਡ 'ਵਿਖੇ ਸਿੱਖਾਂ ਨੂੰ ਇਸਾਈ ਬਣਾਉਣ ਦੀ ਕੋਸ਼ਿਸ਼ ਦਾ ਹੋਇਆ ਪਰਦਾਫਾਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ- ਲੰਡਨ ਨਾਲ ਲੱਗਦੇ ਸ਼ਹਿਰ ਇਲਫੋਰਡ ਵਿਖੇ ਸਿੱਖਾਂ ਨੂੰ ਇਸਾਈ ਬਣਾਉਣ ਦੀ ਇਕ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ ਗਿਆ ਹੈ ।ਬੀਤੇ ਕੁਝ ਦਿਨਾਂ ਤੋਂ ਇਲਫੋਰਡ ਦੀ ਚਰਚ ਵਿਚ 15 ਜੂਨ ਨੂੰ ਕਰਵਾਏ ਜਾ ਰਹੇ ਇਕ ਸਮਾਗਮ ਬਾਬਤ ਇਕ ਪਰਚਾ ਸ਼ੋਸ਼ਲ ਮੀਡੀਆ 'ਤੇ ਸਾਂਝਾ ਹੋ ਰਿਹਾ ਸੀ, ਜਿਸ ਵਿਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਤਸਵੀਰ ਛਾਪੀ ਗਈ ਸੀ ਅਤੇ ਇਸ ਦਾ ਸਿਰਲੇਖ ਨੈਸ਼ਨਲ ਸਿੱਖ ਕੰਸਲਟੇਸ਼ਨ-ਕਾਲਿੰਗ ਸਿੱਖਸ ਟੂ ਕਰਾਈਸਟ ਜਾਣੀ 'ਰਾਸ਼ਟਰੀ ਸਿੱਖ ਪੜਚੋਲ -ਸਿੱਖਾਂ ਨੂੰ ਈਸਾਈਅਤ ਵੱਲ ਸੱਦਾ । ਇਸ ਪਰਚੇ 'ਤੇ ਜਿਹੜੇ ਲੋਕਾਂ ਦੀਆਂ ਤਸਵੀਰਾਂ ਅਤੇ ਨਾਂਅ ਦਿੱਤੇ ਗਏ ਸਨ, ਉਹ ਵੀ ਇਸਾਈ ਧਰਮ ਦੇ ਪ੍ਰਚਾਰਕ ਸਨ । ਇਸ ਦੇ ਅਖੀਰ ਵਿਚ ਲੁਸਾਨੇ ਸਿਖਇਜ਼ਮ ਵਰਕਿੰਗ ਗਰੁੱਪ ਵਲੋਂ ਆਯੋਜਨ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ ।  ਇਸ ਮੂਵਮੈਂਟ ਦੀ ਸ਼ੁਰੂਆਤ ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ 2019 ਵਿਚ ਹੋਈ ਸੀ, ਜਿਸ ਦਾ ਮੁੱਖ ਮਕਸਦ ਸਿੱਖਾਂ ਨੂੰ ਇਸਾਈ ਬਣਾਉਣਾ ਹੈ ।

ਇਸ ਸਮਾਗਮ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ, ਸਥਾਨਕ ਕੌਂਸਲ ਲੀਡਰ ਜਸ ਅਠਵਾਲ ਵਲੋਂ ਜਾਰੀ ਇਕ ਪੱਤਰ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਲਫੋਰਡ ਹਾਈ ਸਟਰੀਟ ਚਰਚ 'ਤੇ ਹੋਣ ਵਾਲਾ ਸਮਾਗਮ ਰੱਦ ਕਰ ਦਿੱਤਾ ਗਿਆ ਹੈ ।ਪਰ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਵਿਰੁੱਧ ਸੋਚੀ ਸਮਝੀ ਸਾਜਿਸ਼ ਹੈ, ਜਿਸ ਲਈ ਸਾਨੂੰ ਚੌਕੰਨੇ ਹੋਣਾ ਪਵੇਗਾ ।ਗਲੋਬਲ ਸਿੱਖ ਕੌਂਸਲ ਦੀ ਪ੍ਰਧਾਨ ਡਾ: ਕੰਵਲਜੀਤ ਕੌਰ ਨੇ ਕਿਹਾ ਕਿ ਅਸੀਂ ਅਪ੍ਰੈਲ 2020 ਤੋਂ ਇਸ ਮੁਹਿੰਮ ਬਾਰੇ ਸੁਚੇਤ ਕਰਦੇ ਆ ਰਹੇ ਹਾਂ ।ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਇਹ ਸਿੱਖਾਂ ਲਈ ਗੰਭੀਰ ਮਸਲਾ ਹੈ ਅਤੇ ਸਾਨੂੰ ਇਸ ਦੇ ਵਿਰੋਧ ਵਿਚ ਮਿਲ ਕੇ ਅੱਗੇ ਵੱਧਣ ਦੀ ਲੋੜ ਹੈ ।