ਭਾਜਪਾ ਟਿਚ ਜਾਣ ਰਹੀ ਹੈ ਬਾਦਲ ਦਲ ਨੂੰ
*ਬਾਦਲ ਦਲ ਮੋਦੀ ਵਿਰੋਧੀ ਗਠਜੋੜ ਨਾਲ ਸਾਂਝ ਬਾਰੇ ਸੋਚਣ ਲਗਾ
ਬਾਦਲਕਿਆਂ ਦੀ ਕੌਰ ਕਮੇਟੀ ਦਲਜੀਤ ਸਿੰਘ ਚੀਮਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮਾਰਕਾ ਭੂੰਦੜ ਸਮੇਤ ਸੀਨੀਅਰ ਅਕਾਲੀ ਨੇਤਾਵਾਂ ਵਿਚ ਦਮ ਨਹੀਂ ਕਿ ਉਹ ਸਿਖ ਜ਼ਜਬੇ ਸਚੀ ਪਾਤਸ਼ਾਹੀ ਅਧੀਨ ਅਕਾਲੀ ਦਲ ਦੀ ਸਿਰਜਣਾ ਕਰਕੇ ਸਿਵਿਆਂ ਦੇ ਰਾਹ ਪਏ ਅਕਾਲੀ ਦਲ ਨੂੰ ਜਿਉਂਦਾ ਕਰ ਸਕਣ।ਵਡੇ ਬਾਦਲ ਦੀ ਪੂਜਾ ਕਰਨ ਵਾਲੀ ਸਤਾ ਦੀ ਖਾਤਰ ਪੰਥਕ ਕਿਰਦਾਰ ਤੋਂ ਨਿਘਰਨ ਵਾਲੀ ਇਹ ਕੌਰ ਕਮੇਟੀ ਸਿਖ ਜ਼ਜਬੇ ਤੇ ਗੁਰੂ ਦੀ ਰਾਜਨੀਤਕ ਵਿਚਾਰਧਾਰਾ ਨੂੰ ਸਮਝਣ ਦੀ ਥਾਂ ਅਕਾਲੀ ਦਲ ਦਾ ਗਾਂਧੀਵਾਦੀ ਇੰਦਰਾ ਨੁਮਾ ਧਰਮ ਨਿਰਪਖ ਚਿਹਰਾ ਬਣਾਈ ਬੈਠੀ ਹੈ।ਅਨੰਦਪੁਰ ਦਾ ਮਤਾ ,ਪੰਜਾਬ ਤੇ ਰਾਜਾਂ ਦਾ ਖੁਦਮੁਖਤਿਆਰੀ ਢਾਂਚਾ ਜੋ ਸੰਵਿਧਾਨ ਅਨੁਸਾਰ ਹੈ ,ਉਹ ਇਹਨਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਅਧੀਨ ਕੱਟੜਵਾਦੀ ਜਾਪਦਾ ਹੈ।ਇਸ ਮਤੇ ਨੂੰ ਸਤਾ ਦੀ ਪੌੜੀ ਬਣਾਕੇ ਹਜ਼ਾਰਾਂ ਸਿਖਾਂ ਨੂੰ ਫਿਰਕੂ ਸਿਆਸਤ ਦੀ ਬਲਦੀ ਅੱਗ ਵਿਚ ਸੁਟਿਆ ਤੇ ਮੁੜਕੇ ਇਸ ਮਤੇ ਨੂੰ ਰਦ ਕਰਕੇ ਸਿਧ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਦਾ ਧਰਮਯੁੱਧ ਮੋਰਚਾ ਗਲਤ ਸੀ।1996 ਵਿਚ ਜਦੋਂ ਕੇਂਦਰ ਵਿਚ ਕੁਝ ਦਿਨਾਂ ਦੀ ਵਾਜਪਾਈ ਸਰਕਾਰ ਨੂੰ ਬਿਨਾਂ ਸ਼ਰਤ ਸਮੱਰਥਨ ਦਿੱਤਾ ਸੀ ਅਤੇ ਬਾਅਦ ਵਿਚ 1998 ਦੌਰਾਨ ਵਾਜਪਾਈ ਸਰਕਾਰ ਨੂੰ ਫੇਰ ਬਿਨਾਂ ਸ਼ਰਤ ਸਮੱਰਥਨ ਦਿੱਤਾ ਸੀ ਤਾਂ ਪੰਜਾਬ ਤਾਂ ਉਸ ਸਮੇਂ ਤੋਂ ਹੀ ਅਨਾਥ ਹੋ ਗਿਆ ਸੀ। ਪੰਜਾਬ ਦੀਆਂ ਜਿਨਾਂ ਮੰਗਾਂ ਲਈ ਪੰਜਾਬੀਆਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਗਵਾਈ ਵਿਚ ਮੋਰਚੇ ਲਾਏ ਸਨ। ਉਹਨਾਂ ਮੰਗਾਂ ਨੂੰ ਅਕਾਲੀ ਦਲ ’ਤੇ ਕਾਬਜ ਬਾਦਲ ਪਰਿਵਾਰ ਨੇ ਅਣਡਿਠ ਹੀ ਕਰ ਦਿੱਤਾ ਸੀੇ। ਪੰਜਾਬ ਦੇ ਪਾਣੀਆਂ ਦੀ ਮੰਗ, ਡੈਮਾਂ ਦੇ ਕੰਟਰੋਲ ਦੀ ਮੰਗ, ਰਾਜਧਾਨੀ ਚੰਡੀਗੜ੍ਹ ਦੀ ਮੰਗ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਵਾਜਪਾਈ ਸਰਕਾਰ ਰਾਹੀਂ ਹਲ ਕੀਤਾ ਜਾ ਸਕਦਾ ਸੀ। ਉਸ ਸਮੇਂ ਵਾਜਪਾਈ ਸਰਕਾਰ ਨੂੰ ਕਿਉਂ ਬਿਨਾਂ ਸ਼ਰਤ ਹਮਾਇਤ ਦਿੱਤੀ ਗਈ ਸੀ।ਪਰ ਜਦੋਂ ਹੀ ਸ਼੍ਰੋਮਣੀ ਅਕਾਲੀ ਦਲ ਸੱਤਾਧਾਰੀ ਹੋਇਆ ਬਾਦਲ ਪਰਿਵਾਰ ਨੇ ਸਭ ਮੰਗਾਂ ਨੂੰ ਤਿਲਾਂਜਲੀ ਦੇਕੇ ਆਪਣੇ ਪਰਿਵਾਰਿਕ ਹਿੱਤ ਹੀ ਪਾਲਣੇ ਸ਼ੁਰੂ ਕਰ ਦਿੱਤੇ। ਮੋਦੀ ਰਾਜ ਦੌਰਾਨ ਪੰਥਕ ਸਮਰਥਨ ਘਟਨ ਕਾਰਣ ਅਕਾਲੀ ਦਲ ਦੇ ਪੰਜਾਬ ਵਿਚ ਸਿਆਸੀ ਹਾਲਤ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਵੱਧ ਅਧਿਕਾਰਾਂ ਦੇ ਮਦੱਈ ਅਕਾਲੀ ਦਲ ਨੇ ਜੰਮੂ ਕਸ਼ਮੀਰ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ ’ਤੇ ਵੀ ਚੁੱਪ ਸਾਧ ਲਈ ਸੀ।ਗੁਰੂ ਦੀ ਬੇਅਦਬੀਆਂ ,ਸੌਦੇ ਸਾਧ ਅਗੇ ਡੰਡਾਉਤ ਬੰਦਨਾ ਕਰਨ ਕਾਰਣ ਸਿਖ ਪੰਥ ਬਾਦਲਕਿਆਂ ਨਾਲ ਖਾਸਾ ਨਰਾਜ਼ ਹੈ।ਨਾ ਭਾਜਪਾ ਨੇ ਹਿੰਦੂਤਵ ਛਡਿਆ ਨਾ ਕਾਂਗਰਸ ਨੇ,ਪਰ ਬਾਦਲਕਿਆਂ ਨੇ ਖਾਲਸਾ ਪੰਥ ਤੇ ਸੋਚ ਨੂੰ ਤਿਆਗ ਦਿਤਾ।ਹਾਲੇ ਕਿ ਬਾਦਲਕਿਆਂ ਨੂੰ ਇਸ ਦਾ ਹੋਰ ਵਡਾ ਸਿਆਸੀ ਮੁਲ ਤਾਰਨਾ ਪੈਣਾ ਹੈ।ਉਦੋਂ ਬਾਦਲ ਦਲ ਕੋਲ ਹੋਸ਼ ਜੋਗੇ ਸਾਹ ਨਹੀਂ ਬਚਣੇ।ਸੁਖਬੀਰ ਸੋਚੇ ਕਿ ਜੇਕਰ ਉਸਦੇ ਦਲ ਦਾ ਹਸ਼ਰ ਬੰਗਾਲ ਦੇ ਕਾਮਰੇਡਾਂ ਤੋਂ ਮਾੜਾ ਹੋ ਗਿਆ ਤਾਂ ਬਾਦਲ ਪਿੰਡ ਵਿਚ ਮਹਲ ਦਾ ਬੂਹਾ ਢੋਹਕੇ ਲੁਕ ਕੇ ਬੈਠਣਾ ਪੈਣਾ ਹੈ।ਬਾਦਲਕੇ ਵਾਰ ਵਾਰ ਭਾਜਪਾ ਦੀਆਂ ਲਿਲਕੜੀਆਂ ਕਢ ਰਹੇ ਹਨ ਕਿ ਮੋਦੀ ਸਾਹਿਬ ਸਾਡੇ ਨਾਲ ਸਮਝੋਤਾ ਕਰੋ ਸਾਡੀ ਝੋਲੀ ਵਿਚ ਖੈਰ ਪਾਉ।ਪਰ ਭਾਜਪਾ ਵਾਲੇ ਬਿਨਾਂ ਸਮਝੌਤਾ ਸਤਾ ਵਿਚ ਉਭਰ ਰਹੇ ਹਨ ਤਾਂ ਆਪਣੀ ਕੌਮ ਵਿਚ ਸਾਹ ਸਤ ਗੁਆ ਚੁਕੇ ਬਾਦਲ ਦਲ ਨਾਲ ਸਮਝੋਤਾ ਕਿਉਂ ਕਰਨ ? ਮੰਗਤਿਆਂ ਨੂੰ ਖੈਰ ਪਾਉਣ ਦਾ ਭਾਰਤੀ ਰਾਜਨੀਤੀ ਵਿਚ ਸੁਭਾਅ ਨਹੀਂ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਸੀ ਕਿ ਅਕਾਲੀ ਦਲ ਵਾਲੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਪਰ ਭਾਜਪਾ ਦੀ ਇਛਾ ਨਹੀਂ ਕਿ ਉਹ ਅਕਾਲੀ ਦਲ ਨਾਲ ਗਠਜੋੜ ਕਰੇ।ਇਸ ਨਾਲ ਇਹਨਾਂ ਚਰਚਾਵਾ ਦਾ ਭੋਗ ਪੈ ਗਿਆ ਹੈ ਕਿ ਬੀਜੇਪੀ ਮੁੜ ਤੋਂ ਅਕਾਲੀ ਦਲ ਨਾਲ ਗਠਜੋੜ ਕਰ ਸਕਦੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਹੁਣੇ ਜਿਹੇ ਕਿਹਾ ਹੈ ਕਿ ਅਕਾਲੀ ਦੇ ਕਈ ਚੰਗੇ ਆਗੂ ਪਹਿਲਾਂ ਹੀ ਸਾਡੇ ਵਿੱਚ ਸ਼ਾਮਲ ਚੁੱਕੇ ਹਨ ਅਸੀਂ ਉਨ੍ਹਾਂ ਦੇ ਨਾਲ ਜਲੰਧਰ ਵਿੱਚ ਕੰਮ ਕੀਤਾ ਹੈ ।ਜਲਦ ਹੀ ਅਕਾਲੀ ਦੇ ਕਈ ਵੱਡੇ ਆਗੂ ਬੀਜੇਪੀ ਵਿੱਚ ਸ਼ਾਮਲ ਹੋਣਗੇ ।ਹਰਦੀਪ ਸਿੰਘ ਪੁਰੀ ਦੇ ਗਠਜੋੜ ਦੇ ਬਿਆਨ ਦਾ ਜਵਾਬ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੇ ਦਿੱਤਾ,ਉਨ੍ਹਾਂ ਕਿਹਾ ਪੁਰੀ ਸਾਹਿਬ ਤੁਸੀਂ ਹਰ ਦੂਜੇ ਤੀਜੇ ਦਿਨ ਸ਼ੁਰੂ ਹੋ ਜਾਂਦੇ ਹੋ ਗਠਜੋੜ ਨਹੀਂ ਕਰਨਾ ਹੈ। ਜਦੋਂ ਹੋਣਾ ਹੈ ਤਾਂ ਤੁਹਾਨੂੰ ਕਿੰਨੇ ਪੁੱਛਣਾ ਹੈ। ਵਲਟੋਹਾ ਨੇ ਕਿਹਾ ਸਿਧਾਂਤਾਂ ਦੀ ਵਜ੍ਹਾ ਕਰਕੇ ਗਠਜੋੜ ਟੁੱਟਿਆ ਸੀ ਅਤੇ ਹੁਣ ਵੀ ਤੁਸੀਂ ਉੱਥੇ ਹੀ ਖੜੇ ਹੋ, ਤੁਸੀਂ ਤਾਂ ਕਿਹਾ ਸੀ ਕਿ ਕਿਸਾਨੀ ਬਿਲ ਵਾਪਸ ਨਹੀਂ ਹੋਣਗੇ, ਤੁਹਾਡੇ ਤੋਂ ਪੁੱਛ ਕੇ ਵਾਪਸ ਲਏ ਸਨ । ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਪਹਿਲੇ ਵੀ ਮਸਲੇ ਹੱਲ ਨਹੀਂ ਹੋ ਰਹੇ ਸਨ ਬੀਜੇਪੀ ਨੇ ਨਵੇਂ ਮਸਲੇ ਖੜੇ ਕਰ ਦਿੱਤੇ ਹਨ। ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਕੇ ਪਿੱਛੇ ਹੱਟ ਗਈ ਹੈ
ਵਲਟੋਹਾ ਦੇ ਇਸ ਬਿਆਨ ਨੂੰ ਘੋਖਿਆ ਜਾਵੇ ਉਹ ਮੋਦੀ ਤੇ ਸ਼ਾਹ ਦੀ ਉਡੀਕ ਵਿਚ ਹਨ ਕਿ ਉਹ ਕਦੋਂ ਗਠਜੋੜ ਲਈ ਸਦਾ ਦੇਣ ਤਾਂ ਕੇਂਦਰ ਦੀ ਪਰਕਰਮਾ ਕਰਨ ਨੂੰ ਤਿਆਰ ਹਨ।ਪੰਜਾਬ ਤੇ ਸਿਖ ਮੰਗਾਂ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ।
ਬਾਦਲਕਿਆਂ ਦੀ ਸਿਆਸਤ ਡਗਮਗਾਈ ਹੋਈ ਹੈ ,ਉਹਨਾਂ ਨੂੰ ਪਤਾ ਨਹੀਂ ਲਗ ਰਿਹਾ ਕਿ ਉਹਨਾਂ ਭਾਜਪਾ ਦੇ ਗਠਜੋੜ ਵਿਚ ਜਾਣਾ ਹੈ ਜਾਂ ਕਾਂਗਰਸ ਦੇ ਮੋਰਚੇ ਵਿਚ।ਹਾਲਾਂਕਿ ਇਹ ਸੱਚ ਹੈ ਕਿ ਸਿਆਸਤ ਵਿਚ ਕੋਈ ਦੋਸਤ ਦੁਸ਼ਮਣ ਨਹੀਂ ਹੁੰਦਾ।ਹੁਣੇ ਜਿਹੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਸੀ ਕਿ ਉਹ ਮੋਦੀ ਵਿਰੋਧੀ ਧਿਰ ਨੂੰ ਸਹਿਯੋਗ ਤਾਂ ਦੇਣਗੇ ਜੇ ਉਹ ਫੈਡਰਲ ਢਾਂਚੇ ਉਪਰ ਪਹਿਰਾ ਦੇਣ।ਸੁਆਲ ਇਹ ਹੈ ਕਿ ਬਾਦਲਕਿਆਂ ਨੇ ਫੈਡਰਲ ਢਾਂਚੇ ਉਪਰ ਪਹਿਰਾ ਕਦੋਂ ਦਿਤਾ ਹੈ? ਕੀ ਵਿਰੋਧੀ ਧਿਰ ਸਮਝਦੀ ਹੈ ਕਿ ਅਕਾਲੀ ਦਲ ਨਾਲ ਸਮਝੌਤਾ ਕਰਕੇ ਆਪਣਾ ਕੁਝ ਸੁਆਰ ਸਕਣਗੇ।ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਕੋਈ ਵੀ ਰਾਜਨੀਤਕ ਪਾਰਟੀ ਬਾਦਲਕਿਆਂ ਨਾਲ ਸਮਝੋਤਾ ਕਰਕੇ ਆਪਣਾ ਸਿਆਸੀ ਨੁਕਸਾਨ ਨਹੀਂ ਕਰੇਗੀ।ਆਖਿਰ ਬਾਦਲਕਿਆਂ ਦੇ ਇਹਨਾਂ ਕੌਰ ਕਮੇਟੀ ਦੇ ਗਠਜੋੜ ਬਾਰੇ ਦੇਖੇ ਸੁਪਨੇ ਧਰੇ ਧਰਾਏ ਰਹਿ ਸਕਦੇ ਹਨ।
ਸੁਖਬੀਰ ਸਿੰਘ ਬਾਦਲ ਨੂੰ ਪਰਧਾਨਗੀ ਤੋਂ ਲਾਹੁਣ ਵਾਲੀਆਂ ਧਿਰਾਂ ਨੂੰ ਜਦੋਂ ਅਸੀਂ ਇਹ ਪੁੱਛਿਆ ਗਿਆ ਕਿ ਸੁਖਬੀਰ ਸਿੰਘ ਦੀ ਗੈਰ-ਹਾਜ਼ਰੀ ਵਿੱਚ ਕਿਹੜਾ ਲੀਡਰ ਪੂਰੇ ਪੰਜਾਬ ਨੂੰ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੈ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀ ਹੈ। ਸੁਖਬੀਰ ਬਾਦਲ ਨੂੰ ਚੀਮਾ ,ਭੂੰਦੜ ,ਚੰਦੂਮਾਜਰਾ ਆਦਿ ਨੂੰ ਉਚ ਸਿਆਸੀ ਸਫਾਂ ਤੋਂ ਪਰੇ ਕਰਕੇ ਨਵੇਂ ਪੰਥਕ ਸਾਥੀਆਂ ਦੀ ਤਲਾਸ਼ ਕਰਨੀ ਪਵੇਗੀ ,ਪੰਜਾਬ ਤੇ ਪੰਥਕ ਮੁਦਿਆਂ ਦਾ ਏਜੰਡਾ ਮੁੜ ਤਲਾਸ਼ਣਾ ਪਵੇਗਾ।ਗਾਂਧੀਵਾਦੀ ਧਰਮ ਨਿਰਪੱਖਤਾ ਦਾ ਮਖੌਟਾ ਉਤਾਰਕੇ ਗੁਰੂਆਂ ਦੀ ਵਿਚਾਰਧਾਰਾ ਦਾ ਸਰਬਤ ਦੇ ਭਲੇ ,ਵਨਸਵੰਨਤਾ ਦਾ ਨੈਰੇਟਿਵ ਉਸਾਰਨਾ ਪਵੇਗਾ ਜੋ ਅਕਾਲੀ ਦਲ ਦੀ ਸਿਰਜਣਾ ਦਾ ਆਧਾਰ ਸੀ।
Comments (0)