ਰੂਸ-ਯੂਕਰੇਨ ਜੰਗ ਕਾਰਣ ਭਾਰਤੀ ਆਰਥਿਕਤਾ ਸੰਕਟ ਵਿਚ

ਰੂਸ-ਯੂਕਰੇਨ ਜੰਗ ਕਾਰਣ ਭਾਰਤੀ ਆਰਥਿਕਤਾ ਸੰਕਟ ਵਿਚ

ਭਖਦਾ ਮੱਸਲਾ

 

ਅੱਜਕਲ੍ਹ ਦੁਨੀਆ ਸੰਸਾਰਿਕ ਪਿੰਡ ਬਣ ਚੁੱਕੀ ਹੈ। ਇਕ ਦੇਸ਼ ਵਿਚ ਵਾਪਰੀ ਘਟਨਾ ਦਾ ਪ੍ਰਭਾਵ ਦੂਸਰੇ ਦੇਸ਼ਾਂ 'ਤੇ ਵੀ ਪੈਣਾ ਸੁਭਾਵਿਕ ਹੈ। ਰੂਸ, ਯੂਕਰੇਨ ਦੀ ਜੰਗ ਜਿਥੇ ਉਨ੍ਹਾਂ ਦੋਵਾਂ ਦੇਸ਼ਾਂ ਨੂੰ ਪ੍ਰਤੱਖ ਤੌਰ 'ਤੇ ਪ੍ਰਭਾਵਿਤ ਕਰ ਰਹੀ ਹੈ, ਉਥੇ ਉਸ ਨਾਲ ਹਰ ਦੇਸ਼ ਪ੍ਰਭਾਵਿਤ ਹੋ ਰਿਹਾ ਹੈ, ਜਿਨ੍ਹਾਂ ਵਿਚ ਭਾਰਤ ਵੱਖਰਾ ਨਹੀਂ ਰਹਿ ਸਕਦਾ, ਸਗੋਂ ਇਹ ਜੰਗ ਭਾਰਤ ਦੀ ਆਰਥਿਕਤਾ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਦੇਸ਼ ਦੀਆਂ 83 ਫ਼ੀਸਦੀ ਤੇਲ ਦੀਆਂ (ਪੈਟਰੋਲ, ਡੀਜ਼ਲ) ਲੋੜਾਂ ਦਰਾਮਦ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਜੰਗ ਨਾਲ ਤੇਲ ਦੀ ਦਰਾਮਦ ਵਿਚ ਕਮੀ ਆਏਗੀ ਜਿਸ ਨਾਲ ਕੀਮਤਾਂ ਵਧਣਗੀਆਂ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਢੁਆਈ ਅਤੇ ਆਵਾਜਾਈ ਦੀ ਲਾਗਤ ਵਧੇਗੀ ਅਤੇ ਇਕਦਮ ਮਹਿੰਗਾਈ ਦਾ ਦੌਰ ਸ਼ੁਰੂ ਹੋ ਜਾਏਗਾ ਅਤੇ ਇਸ ਮਹਿੰਗਾਈ ਦਾ ਵਪਾਰੀਆਂ ਵਲੋਂ ਫਾਇਦਾ ਲਿਆ ਜਾਵੇਗਾ। ਜਿਸ ਅਨੁਪਾਤ ਨਾਲ ਤੇਲ ਦੀਆਂ ਕੀਮਤਾਂ ਵਧਣਗੀਆਂ, ਉਸ ਅਨੁਪਾਤ ਤੋਂ ਕਿਤੇ ਜ਼ਿਆਦਾ ਵਸਤੂਆਂ ਅਤੇ ਸੇਵਾਵਾਂ ਵੀ ਮਹਿੰਗੀਆਂ ਹੋ ਜਾਣਗੀਆਂ ਅਤੇ ਦੇਸ਼ ਵਿਚ ਮਹਿੰਗਾਈ ਦਰ ਵਿਚ ਵੱਡਾ ਵਾਧਾ ਹੋਵੇਗਾ।

1960 ਤੋਂ ਲੈ ਕੇ ਲਗਾਤਾਰ ਭਾਰਤ ਵਿਚ ਮਹਿੰਗਾਈ ਦਰ ਵਿਕਸਿਤ ਦੇਸ਼ਾਂ ਤੋਂ ਕਿਤੇ ਜ਼ਿਆਦਾ ਰਹੀ ਹੈ ਅਤੇ ਕਈ ਸਾਲਾਂ ਵਿਚ ਇਹ 10 ਫ਼ੀਸਦੀ ਦੇ ਕਰੀਬ, ਜਿਸ ਦਾ ਅਰਥ ਹੈ ਕਿ ਕੀਮਤਾਂ ਵਿਚ ਵਾਧਾ 10 ਫ਼ੀਸਦੀ ਪ੍ਰਤੀ ਸਾਲ ਤੱਕ ਹੋ ਜਾਂਦਾ ਰਿਹਾ ਹੈ ਪਰ ਇਸ ਦਾ ਕਾਰਨ ਉਸ ਪੂਰਤੀ ਦੀ ਕਮੀ ਹੈ ਜਿਹੜੀ ਵਿਦੇਸ਼ਾਂ ਤੋਂ ਦਰਾਮਦ ਕਰਕੇ ਪੂਰੀ ਕੀਤੀ ਜਾਂਦੀ ਹੈ। ਜਿਨ੍ਹਾਂ ਦੇਸ਼ਾਂ ਵਿਚ ਆਤਮ-ਨਿਰਭਰਤਾ ਹੈ ਜਾਂ ਵਸਤੂਆਂ ਅਤੇ ਸੇਵਾਵਾਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਹੀ ਕਾਫੀ ਹਨ ਜਾਂ ਬਹੁਤ ਥੋੜ੍ਹੀ ਮਾਤਰਾ ਵਿਚ ਮੰਗਵਾਉਣੀਆਂ ਪੈਂਦੀਆਂ ਹਨ, ਉਥੇ ਮਹਿੰਗਾਈ ਘਟ ਹੁੰਦੀ ਹੈ। ਇਹੋ ਵਜ੍ਹਾ ਹੈ ਕਿ ਯੂਰਪੀਨ ਅਤੇ ਵਿਕਸਿਤ ਦੇਸ਼ਾਂ ਵਿਚ ਮਹਿੰਗਾਈ ਦਰ ਬਹੁਤ ਮਾਮੂਲੀ ਰਹੀ ਹੈ ਅਤੇ ਕੀਮਤਾਂ ਜ਼ਿਆਦਾਤਰ ਸਥਿਰ ਰਹੀਆਂ ਹਨ। ਭਾਰਤ ਨੂੰ ਧਾਤਾਂ, ਤੇਲ ਅਤੇ ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ ਨਿਰਭਰ ਹੋਣਾ ਪੈਂਦਾ ਹੈ। ਇਸ ਕਰਕੇ ਜਦੋਂ ਵੀ ਇਨ੍ਹਾਂ ਦੀ ਦਰਾਮਦ ਵਿਚ ਕਮੀ ਆਏਗੀ, ਉਦੋਂ ਹੀ ਕੀਮਤਾਂ ਵਿਚ ਵਾਧਾ ਹੋਵੇਗਾ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਉਸ ਦਾ ਪ੍ਰਭਾਵ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਪਵੇਗਾ, ਜਿਨ੍ਹਾਂ ਦੀ ਪਹਿਲਾਂ ਹੀ ਸੀਮਤ ਆਮਦਨ ਹੈ। ਇਸ ਜੰਗ ਦੇ 4 ਦਿਨਾਂ ਵਿਚ ਹੀ ਭਾਰਤ ਵਿਚ ਲੋਹੇ ਦੀਆਂ ਕੀਮਤਾਂ ਵਿਚ 4000 ਰੁਪਏ ਪ੍ਰਤੀ ਟਨ ਦਾ ਵਾਧਾ ਹੋ ਗਿਆ ਹੈ। ਇਸ ਨਾਲ ਉਹ ਉਦਯੋਗ ਜਿਹੜੇ ਲੋਹੇ ਨੂੰ ਕੱਚੇ ਮਾਲ ਦੇ ਤੌਰ 'ਤੇ ਵਰਤਦੇ ਹਨ ਜਾਂ ਜਿਹੜੇ ਲੋਹੇ ਦੀਆਂ ਵਸਤੂਆਂ ਬਣਾਉਂਦੇ ਹਨ, ਉਨ੍ਹਾਂ ਦੇ ਕੰਮ ਵਿਚ ਕਮੀ ਆਏਗੀ। ਕਿਰਤੀਆਂ ਦੀ ਲੋੜ ਘਟੇਗੀ, ਕਿਰਤੀਆਂ ਦੀਆਂ ਤਨਖਾਹਾਂ ਘਟਣਗੀਆਂ ਜਿਸ ਨਾਲ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਵੇਗਾ, ਜਿਹੜੇ ਸਿਰਫ ਕਿਰਤ ਦੀ ਕਮਾਈ 'ਤੇ ਨਿਰਭਰ ਕਰਦੇ ਹਨ। ਜਦੋਂ ਜੰਗ ਲਗਦੀ ਹੈ ਤਾਂ ਵਸਤੂਆਂ ਅਤੇ ਸੇਵਾਵਾਂ ਦੀ ਢੋਆ-ਢੁਆਈ ਘਟਦੀ ਹੈ, ਅਸੁਰੱਖਿਆ ਦੀ ਭਾਵਨਾ ਨਾਲ ਵਸਤੂਆਂ ਨੂੰ ਬੰਦਰਗਾਹਾਂ ਤੋਂ ਨਹੀਂ ਭੇਜਿਆ ਜਾਂਦਾ। ਕਈ ਵਾਰ ਜੰਗ ਲੱਗਣ ਦੀ ਹਾਲਤ ਵਿਚ ਕੁਝ ਦੇਸ਼ ਵਸਤੂਆਂ ਨੂੰ ਭੇਜਣ 'ਤੇ ਪਾਬੰਦੀ ਲਾ ਦਿੰਦੇ ਹਨ। ਇਸ ਨਾਲ ਜਿਨ੍ਹਾਂ ਦੇਸ਼ਾਂ ਵਿਚ ਉਨ੍ਹਾਂ ਵਸਤੂਆਂ ਨੂੰ ਕੱਚੇ ਮਾਲ ਦੇ ਤੌਰ 'ਤੇ ਵਰਤਣਾ ਹੁੰਦਾ ਹੈ, ਉਨ੍ਹਾਂ ਦੇਸ਼ਾਂ ਵਿਚ ਉਦਯੋਗਿਕ ਕੰਮ ਘਟ ਜਾਂਦੇ ਹਨ। ਕਾਰਖਾਨਿਆਂ ਵਿਚ ਉਤਪਾਦਨ ਘਟਦਾ ਹੈ, ਜਿਸ ਕਰਕੇ ਵਸਤੂਆਂ ਦੀ ਥੁੜ ਆਉਂਦੀ ਹੈ। ਇਕ ਪਾਸੇ ਬੇਰੁਜ਼ਗਾਰੀ ਵਧਦੀ ਹੈ, ਦੂਜੇ ਪਾਸੇ ਵਸਤੂਆਂ ਦੀ ਪੂਰਤੀ ਘਟਣ ਕਰਕੇ ਮਹਿੰਗਾਈ ਵਧਦੀ ਹੈ। ਭਾਰਤ ਯੂਕਰੇਨ ਅਤੇ ਰੂਸ ਤੋਂ ਚਮੜੇ ਦੀ ਦਰਾਮਦ ਕਰਦਾ ਹੈ। ਜੰਗ ਨਾਲ ਚਮੜੇ ਦੀ ਦਰਾਮਦ ਘਟੇਗੀ ਅਤੇ ਉਹ ਉਦਯੋਗਿਕ ਇਕਾਈਆਂ ਜਿਹੜੀਆਂ ਚਮੜੇ ਦਾ ਮਾਲ ਬਣਾਉਂਦੀਆਂ ਹਨ, ਉਨ੍ਹਾਂ ਦਾ ਕੰਮ ਘਟੇਗਾ, ਕਿਰਤੀਆਂ ਦੀ ਮੰਗ ਘਟੇਗੀ, ਚਮੜੇ ਦੀਆਂ ਵਸਤੂਆਂ ਦੇ ਘੱਟ ਉਤਪਾਦਨ ਨਾਲ ਉਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਧਣਗੀਆਂ।

ਭਾਵੇਂ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਪਰ ਬਹੁਤ ਸਾਰੀਆਂ ਖੇਤੀ ਵਸਤੂਆਂ ਵਿਚ ਵੀ ਆਤਮ-ਨਿਰਭਰਤਾ ਨਹੀਂ। ਖਾਣ ਵਾਲੇ ਤੇਲ ਵੀ ਭਾਰਤ ਯੂਕਰੇਨ ਅਤੇ ਰੂਸ ਤੋਂ ਮੰਗਵਾਉਂਦਾ ਹੈ। ਜੰਗ ਦੀ ਹਾਲਤ ਵਿਚ ਇਹ ਦਰਾਮਦ ਰੁਕ ਜਾਵੇਗੀ, ਜਿਸ ਨਾਲ ਖਾਣ ਵਾਲੇ ਤੇਲ ਜਿਹੜੇ ਹਰ ਘਰ ਦੀ ਵਰਤੋਂ ਵਿਚ ਆਉਂਦੇ ਹਨ, ਉਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਪਰ ਇਸ ਦੇ ਨਾਲ ਹੀ ਉਹ ਤੇਲ ਜਿਹੜੇ ਭਾਵੇਂ ਆਪਣੇ ਦੇਸ਼ ਵਿਚ ਪੈਦਾ ਹੁੰਦੇ ਹਨ ਪਰ ਜਦੋਂ ਦਰਾਮਦ ਵਾਲੇ ਤੇਲਾਂ ਦੀਆਂ ਕੀਮਤਾਂ ਵਧਣਗੀਆਂ ਤਾਂ ਦੇਸ਼ ਵਿਚ ਪੈਦਾ ਹੋਣ ਵਾਲੇ ਤੇਲਾਂ ਦੀਆਂ ਕੀਮਤਾਂ ਦੀ ਮੰਗ ਵਧੇਗੀ ਅਤੇ ਉਨ੍ਹਾਂ ਦੀਆਂ ਕੀਮਤਾਂ ਵੀ ਵਧਣਗੀਆਂ। ਬੰਗਾਲ ਵਿਚ ਪੈਦਾ ਹੋਣ ਵਾਲੀ ਚਾਹ ਰੂਸ, ਯੂਕਰੇਨ ਅਤੇ ਉਨ੍ਹਾਂ ਦੇ ਨਾਲ ਲਗਦੇ ਹੋਰ ਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਵੱਡੀ ਮਾਤਰਾ ਵਿਚ ਵਿਦੇਸ਼ੀ ਮੁਦਰਾ ਕਮਾਈ ਜਾਂਦੀ ਹੈ। ਜਦੋਂ ਜੰਗ ਦੀ ਹਾਲਤ ਹੈ ਤਾਂ ਉਹ ਬਰਾਮਦ ਬੰਦ ਹੋ ਜਾਵੇਗੀ। ਜਿਥੇ ਭਾਰਤ ਵਲੋਂ ਕਮਾਈ ਜਾਣ ਵਾਲੀ ਵਿਦੇਸ਼ੀ ਮੁਦਰਾ ਵਿਚ ਕਮੀ ਆਏਗੀ, ਉਥੇ ਨਾਲ ਹੀ ਚਾਹ ਦੇ ਕਾਰੋਬਾਰ ਵਿਚ ਲੱਗੇ ਕਿਰਤੀਆਂ ਦੀ ਮੰਗ ਘਟੇਗੀ ਕਿਉਂਕਿ ਜੇ ਪਹਿਲਾਂ ਹੀ ਮਾਲ ਜਮ੍ਹਾ ਪਿਆ ਰਹੇਗਾ ਤਾਂ ਨਵੇਂ ਉਤਪਾਦਨ ਦੀ ਲੋੜ ਨਹੀਂ ਰਹੇਗੀ, ਜਿਹੜੀ ਫਿਰ ਉਨ੍ਹਾਂ ਕਿਰਤੀਆਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰੇਗੀ।

ਦਰਾਮਦ ਅਤੇ ਬਰਾਮਦ ਦੋਵਾਂ ਦੇ ਘਟਣ ਨਾਲ ਦੇਸ਼ ਦੀ ਆਰਥਿਕਤਾ ਵੱਡੀ ਮਾਤਰਾ ਵਿਚ ਪ੍ਰਭਾਵਿਤ ਹੁੰਦੀ ਹੈ। ਜੰਗ ਕਰਕੇ ਇਹ ਦਰਾਮਦ ਅਤੇ ਬਰਾਮਦ ਦੋਵੇਂ ਘਟਦੀਆਂ ਹਨ। ਇਸ ਦੇ ਨਾਲ ਹੀ ਜਿਨ੍ਹਾਂ ਦੇਸ਼ਾਂ ਵਲੋਂ ਦਰਾਮਦ ਜਾਂ ਬਰਾਮਦ 'ਤੇ ਪਾਬੰਦੀ ਲਾਈ ਜਾਂਦੀ ਹੈ, ਉਨ੍ਹਾਂ ਕਰਕੇ ਅੰਤਰਰਾਸ਼ਟਰੀ ਵਪਾਰ ਵਿਚ ਆਈ ਕਮੀ ਕਰਕੇ ਇਕ ਪਾਸੇ ਮਹਿੰਗਾਈ ਅਤੇ ਦੂਜੇ ਪਾਸੇ ਕਿਰਤੀਆਂ ਦੀ ਮੰਗ ਦੋਵੇਂ ਘਟਦੀਆਂ ਹਨ ਅਤੇ ਇਹ ਆਮ ਆਦਮੀ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਜੰਗ ਦੇ ਦਿਨਾਂ ਵਿਚ ਅਫ਼ਵਾਹਾਂ ਕਰਕੇ ਵਪਾਰੀ ਲੋਕਾਂ ਵਲੋਂ ਕੁਝ ਵਸਤੂਆਂ ਦੀ ਆਰਜ਼ੀ ਥੁੜ ਪੈਦਾ ਕਰ ਦਿੱਤੀ ਜਾਂਦੀ ਹੈ। ਭਾਵੇਂ ਉਨ੍ਹਾਂ ਵਸਤੂਆਂ ਦੀ ਥੁੜ ਹੁੰਦੀ ਨਹੀਂ ਪਰ ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਇਹ ਵਸਤੂਆਂ ਭਵਿੱਖ ਵਿਚ ਨਹੀਂ ਮਿਲਣਗੀਆਂ, ਜਿਸ ਕਰਕੇ ਆਮ ਲੋਕ ਉਨ੍ਹਾਂ ਵਸਤੂਆਂ ਦੀ ਲੋੜ ਤੋਂ ਵੱਧ ਖ਼ਰੀਦਦਾਰੀ ਕਰਦੇ ਹਨ, ਜਿਨ੍ਹਾਂ ਲਈ ਖਰੀਦਣ ਵਾਲਾ ਉੱਚੀਆਂ ਕੀਮਤਾਂ ਦੇਣ ਲਈ ਤਿਆਰ ਹੋ ਜਾਂਦਾ ਹੈ। ਭਾਰਤ ਨੂੰ ਜ਼ਿਆਦਾ ਦਰਾਮਦ ਲਈ ਭੁਗਤਾਨ ਡਾਲਰਾਂ ਵਿਚ ਕਰਨਾ ਪੈਂਦਾ ਹੈ। ਜੰਗ ਦੇ ਦਿਨਾਂ ਵਿਚ ਅੰਤਰਰਾਸ਼ਟਰੀ ਕਰੰਸੀ ਜਿਵੇਂ ਕਿ ਡਾਲਰਾਂ ਦੀ ਮੰਗ ਵਧ ਜਾਂਦੀ ਹੈ। ਜਦੋਂ ਡਾਲਰ ਮਹਿੰਗਾ ਹੁੰਦਾ ਹੈ ਤਾਂ ਉਸ ਲਈ ਸਥਾਨਕ ਕਰੰਸੀ ਵਿਚ ਜ਼ਿਆਦਾ ਕੀਮਤ ਅਦਾ ਕਰਨੀ ਪੈਂਦੀ ਹੈ ਜਿਵੇਂ ਜੇ ਪਹਿਲਾਂ ਡਾਲਰ 75 ਰੁਪਏ ਦਾ ਸੀ ਤਾਂ ਮਹਿੰਗਾ ਹੋਣ ਨਾਲ 77 ਰੁਪਏ ਦਾ ਹੋ ਸਕਦਾ ਹੈ। ਇਸ ਨਾਲ ਵਿਦੇਸ਼ੀ ਵਪਾਰੀ ਭਾਰਤ ਤੋਂ ਜ਼ਿਆਦਾ ਵਸਤੂਆਂ ਖ਼ਰੀਦਣ ਲਈ ਉਤਸੁਕ ਹੁੰਦੇ ਹਨ ਜਿਸ ਨਾਲ ਉਨ੍ਹਾਂ ਵਸਤੂਆਂ ਦੀ ਆਪਣੇ ਦੇਸ਼ ਵਿਚ ਥੁੜ ਵਾਲੀ ਸਥਿਤੀ ਬਣਦੀ ਹੈ। ਦੂਜੇ ਪਾਸੇ ਜਿਹੜੀਆਂ ਵਸਤੂਆਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ, ਉਹ ਪਹਿਲਾਂ ਤੋਂ ਮਹਿੰਗੀਆਂ ਹੋ ਜਾਂਦੀਆਂ ਹਨ, ਭਾਵੇਂ ਕਿ ਇਸ ਨਾਲ ਵਪਾਰੀਆਂ ਨੂੰ ਤਾਂ ਲਾਭ ਹੁੰਦਾ ਹੈ ਪਰ ਆਮ ਆਦਮੀ ਦੀਆਂ ਮੁਸ਼ਕਿਲਾਂ ਵਧਦੀਆਂ ਹਨ। ਇਸ ਦੇ ਨਾਲ ਹੀ ਕੱਚਾ ਮਾਲ ਜਿਵੇਂ ਤੇਲ ਦੀ ਦਰਾਮਦ ਲਈ ਜਦੋਂ ਡਾਲਰਾਂ ਦੀ ਸ਼ਕਲ ਵਿਚ ਵੱਧ ਕੀਮਤ ਦੇਣੀ ਪਵੇਗੀ ਤਾਂ ਤੇਲ ਦੀ ਕੀਮਤ ਵਿਚ ਵਾਧੇ ਤੋਂ ਇਲਾਵਾ ਡਾਲਰਾਂ ਦੀ ਮਹਿੰਗਾਈ ਕਰਕੇ ਵੀ ਮਹਿੰਗਾ ਹੋ ਜਾਏਗਾ। ਇਸ ਤਰ੍ਹਾਂ ਇਹ ਮਹਿੰਗਾਈ ਵਿਚ ਹੋਰ ਵਾਧਾ ਕਰ ਦੇਵੇਗਾ। ਅੰਤਰਰਾਸ਼ਟਰੀ ਵਪਾਰ ਵਿਕਾਸ ਦਾ ਇੰਜਣ ਤਾਂ ਹੈ ਪਰ ਜਿਹੜੇ ਦੇਸ਼ ਬਰਾਮਦ ਜ਼ਿਆਦਾ ਅਤੇ ਦਰਾਮਦ ਘੱਟ ਕਰਦੇ ਹਨ, ਉਨ੍ਹਾਂ ਨੂੰ ਅੰਤਰਰਾਸ਼ਟਰੀ ਕੀਮਤਾਂ ਵਧਣ ਨਾਲ ਲਾਭ ਮਿਲਦਾ ਹੈ ਪਰ ਜਿਹੜੇ ਦੇਸ਼ ਜਿਵੇਂ ਭਾਰਤ ਦਰਾਮਦ ਜ਼ਿਆਦਾ ਅਤੇ ਬਰਾਮਦ ਘੱਟ ਕਰਦੇ ਹਨ, ਉਨ੍ਹਾਂ ਨੂੰ ਅੰਤਰਰਾਸ਼ਟਰੀ ਕੀਮਤਾਂ ਵਧਣ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਭਾਰਤ 'ਤੇ ਰੂਸ-ਯੂਕਰੇਨ ਜੰਗ ਕਾਰਨ ਕਰੰਸੀ ਦੀ ਕੀਮਤ ਵਧਣ ਦੇ ਪ੍ਰਭਾਵ ਵੀ ਭਾਰਤ 'ਤੇ ਚੰਗੇ ਨਹੀਂ ਪੈਣਗੇ।

ਦੁਨੀਆ ਭਰ ਵਿਚ ਸੈਰ-ਸਪਾਟਾ (ਟੂਰਿਜ਼ਮ) ਇਕ ਕਮਾਈ ਵਾਲਾ ਧੰਦਾ ਹੈ। ਭਾਰਤ ਵਿਚ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ ਅਤੇ ਇਨ੍ਹਾਂ ਦੇ ਵਧਣ ਦੀ ਰੁਚੀ ਵੀ ਹੈ। ਮੌਸਮ ਅਨੁਕੂਲ ਹੋਣ ਕਰਕੇ ਬਹੁਤ ਵੱਡੀ ਮਾਤਰਾ ਵਿਚ ਜਿਹੜੇ ਸੈਲਾਨੀ ਰੂਸ ਅਤੇ ਯੂਕਰੇਨ ਤੋਂ ਇਲਾਵਾ ਯੂਰਪ ਅਤੇ ਹੋਰ ਦੇਸ਼ਾਂ ਤੋਂ ਆਉਂਦੇ ਸਨ, ਉਨ੍ਹਾਂ ਦੀ ਗਿਣਤੀ ਬਹੁਤ ਘਟ ਜਾਵੇਗੀ। ਅਨਿਸਚਤਤਾ ਅਤੇ ਜੰਗ ਦੀਆਂ ਹਾਲਤਾਂ ਵਿਚ ਸੈਲਾਨੀ ਪੂਰੀ ਤਰ੍ਹਾਂ ਹੀ ਆਪਣੇ ਪ੍ਰੋਗਰਾਮ ਰੱਦ ਕਰ ਦਿੰਦੇ ਹਨ। ਦੂਜੇ ਪਾਸੇ ਭਾਰਤ ਦੇ ਹਜ਼ਾਰਾਂ ਉਹ ਵਿਦਿਆਰਥੀ ਜਿਹੜੇ ਯੂਕਰੇਨ ਵਿਚ ਆਪਣੀ ਮੈਡੀਕਲ ਦੀ ਵਿੱਦਿਆ ਪ੍ਰਾਪਤ ਕਰਨ ਲਈ ਗਏ ਹੋਏ ਹਨ, ਉਨ੍ਹਾਂ ਨੂੰ ਮਜਬੂਰੀਵੱਸ ਵਾਪਸ ਪਰਤਣਾ ਪੈ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਜਿਥੇ ਹੋਰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਉਨ੍ਹਾਂ ਨੂੰ ਕਈ ਵਾਧੂ ਖ਼ਰਚ ਅਤੇ ਹਵਾਈ ਸਫ਼ਰ ਦੀ ਉੱਚੀ ਲਾਗਤ ਦਾ ਭੁਗਤਾਨ ਵੀ ਆਰੰਭ ਵਿਚ ਕਰਨਾ ਪਿਆ, ਭਾਵੇਂ ਕਿ ਹੁਣ ਸਰਕਾਰ ਨੇ ਵਿਦਿਆਰਥੀਆਂ ਨੂੰ ਮੁਫ਼ਤ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਕਾਰ ਭਾਵੇਂ ਜੰਗ ਭਾਰਤ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹੋ ਰਹੀ ਹੈ ਪਰ ਉਸ ਦੇ ਮਾੜੇ ਪ੍ਰਭਾਵ ਭਾਰਤ ਦੀ ਆਰਥਿਕਤਾ 'ਤੇ ਵੀ ਕਈ ਪੱਖਾਂ ਤੋਂ ਬਹੁਤ ਬੁਰੇ ਪੈਣਗੇ।

ਜੰਗ ਨਾਲ ਅਨਿਸਚਿਤਾ ਵਧਦੀ ਹੈ ਜਿਸ ਨਾਲ ਹੋਣ ਵਾਲਾ ਨਿਵੇਸ਼ ਨਿਰਉਤਸ਼ਾਹਿਤ ਹੁੰਦਾ ਹੈ। ਜਿਸ ਦਿਨ ਇਹ ਜੰਗ ਸ਼ੁਰੂ ਹੋਈ ਸੀ, ਉਸ ਦਿਨ ਹੀ ਬੰਬੇ ਸਟਾਕ ਐਕਸਚੇਂਜ ਅਤੇ ਨਿਫਟੀ ਵਿਚ ਸ਼ੇਅਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਅਨੁਪਾਤ ਨਾਲ ਘਟੀਆਂ ਸਨ। ਇਸ ਨੇ ਹੋਰ ਨਿਵੇਸ਼ ਨੂੰ ਵੀ ਘਟਾਇਆ ਸੀ। ਭਾਰਤ ਵਰਗਾ ਉਹ ਦੇਸ਼ ਜਿਥੇ ਨਿਵੇਸ਼ ਲਿਆਉਣਾ ਪਹਿਲਾਂ ਹੀ ਇਕ ਵੱਡੀ ਸਮੱਸਿਆ ਹੈ, ਉਥੇ ਨਿਵੇਸ਼ ਦਾ ਹੋਰ ਘਟਣਾ, ਰੁਜ਼ਗਾਰ ਅਤੇ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਪਰ ਅਖੀਰ ਵਿਚ ਇਹ ਸਿੱਟਾ ਕੱਢਿਆ ਜਾਂਦਾ ਹੈ ਕਿ ਭਾਰਤ ਦੀ ਦਰਾਮਦ 'ਤੇ ਨਿਰਭਰਤਾ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ, ਭਾਵੇਂ ਕਿ ਤੇਲ ਦੀ ਦਰਾਮਦ ਤਾਂ ਇਕ ਮਜਬੂਰੀ ਹੈ ਪਰ ਇਸ ਦੇ ਬਦਲ ਜਿਨ੍ਹਾਂ ਵਿਚ ਤੇਲ ਦੀ ਘੱਟ ਲੋੜ ਪਵੇ, ਉਨ੍ਹਾਂ ਨੂੰ ਜ਼ਰੂਰ ਵਧਾਉਣਾ ਚਾਹੀਦਾ ਹੈ, ਜਦੋਂ ਕਿ ਵੱਖ-ਵੱਖ ਉਤਪਾਦਨਾਂ ਦੀਆਂ ਬਰਾਮਦ ਦੀਆਂ ਸੰਭਾਵਨਾਵਾਂ ਦਾ ਪੂਰਾ-ਪੂਰਾ ਲਾਭ ਲੈਣਾ ਚਾਹੀਦਾ ਹੈ।

ਡਾਕਟਰ ਐਸ ਐਸ ਛੀਨਾ