ਅਮਰੀਕਾ ਦੀਆਂ ਜੇਲ੍ਹਾਂ ਉਜਰਤੀ ਗੁਲਾਮਾਂ ਦਾ ਨਰਕ ਤੇ ਕਾਲਿਆਂ ਨਾਲ ਵਿਤਕਰਾ

 ਅਮਰੀਕਾ ਦੀਆਂ ਜੇਲ੍ਹਾਂ ਉਜਰਤੀ ਗੁਲਾਮਾਂ ਦਾ ਨਰਕ ਤੇ ਕਾਲਿਆਂ ਨਾਲ ਵਿਤਕਰਾ

                                     ਮਨੁੱਖੀ ਅਧਿਕਾਰ

1,00000 ਨਾਗਰਿਕਾਂ ਪਿੱਛੇ 639 ਕੈਦੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ                        

ਅਮਰੀਕੀ ਰਾਜ ਜਿਹੜਾ “ਅਜ਼ਾਦ ਲੋਕਾਂ ਦੀ ਧਰਤੀ” ਹੋਣ ਦਾ ਦਾਅਵਾ ਕਰਦਾ ਹੈ ਉਸਦਾ ਜੇਲ੍ਹ ਪ੍ਰਬੰਧ ਕੋਈ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਹੈ। ‘ਮੈਗਜ਼ੀਨ ਹਾਰਵਰਡ ਪੁਲੀਟੀਕਲ ਰੀਵਿਊ’ ਦੇ ਇੱਕ ਲੇਖ ਮੁਤਾਬਿਕ ਦੁਨੀਆਂ ਦਾ ਹਰ ਪੰਜਵਾਂ ਕੈਦੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹੈ। ਅਮਰੀਕਾ ਪ੍ਰਤੀ ਵਿਅਕਤੀ ਕੈਦੀ ਦਰ ਦੇ ਮਾਮਲੇ ਵਿੱਚ ਵੀ ਦੁਨੀਆਂ ’ਤੇ ਅਵੱਲ ਸਥਾਨ ’ਤੇ ਹੈ। 1,00000 ਨਾਗਰਿਕਾ ਪਿੱਛੇ 639 ਕੈਦੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜਿਹੜਾ ਕਿ ਪ੍ਰਤੀ ਵਿਅਕਤੀ ਦਰ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਸਥਾਨ ’ਤੇ ਹੈ। ਅਮਰੀਕਾ ਵਿੱਚ ਨਿਆਂ ਪ੍ਰਬੰਧ ਨੂੰ ਸਮਵਰਤੀ ਸੂਚੀ ਵਿੱਚ ਰੱਖਿਆ ਗਿਆ ਹੈ। ਅਮਰੀਕਾ ਦੇ ਸੂਬੇ ਅਤੇ ਫੈਡਰਲ ਜੇਲ੍ਹਾਂ ਵਿਚਲੇ ਕੈਦੀਆਂ ਨੂੰ ਮਿਲ਼ਾ ਕੇ ਗਿਣਤੀ 20 ਲੱਖ ਤੋਂ ਉੱਪਰ ਪਹੁੰਚ ਜਾਂਦੀ ਹੈ।

ਹੁਣ ਮੁੜਦੇ ਹਾਂ ਅਸੀਂ ਆਪਣੇ ਅਸਲ ਮੁੱਦੇ ਸਰਮਾਏਦਾਰੀ ਪ੍ਰਬੰਧ ਅਤੇ ਜੇਲ੍ਹਾਂ ਦੇ ਆਪਸੀ ਰਿਸ਼ਤੇ ਬਾਰੇ। ਅਮਰੀਕਾ ਵਿਚਲੀਆਂ ਜੇਲ੍ਹਾਂ ਦੀ ਸ਼ੁਰੂਆਤ ਵਿੱਚ ਇਸਾਈ ਧਰਮ ਦੇ ਇੱਕ ਫਿਰਕੇ ‘ਰਿਲੀਜੀਅਸ ਸੁਸਾਇਟੀ ਆਫ ਫਰੈਂਡਸ’ ਦੇ ਜਿਨ੍ਹਾਂ ਪੈਰੋਕਾਰਾਂ ਨੂੰ ‘ਕੁਏਕਰਸ’ ਕਿਹਾ ਜਾਂਦਾ ਸੀ, ਬਹੁਤ ਵੱਡਾ ਰੋਲ ਹੈ। ਇਨ੍ਹਾਂ ਨੂੰ ਆਧੁਨਿਕ ਜੇਲ੍ਹਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਵਿਚਾਰ ਸੀ ਕੇ ਇਕਾਂਤ ਕੈਦ ਵਿੱਚ ਕੈਦੀ ਦੇ ਨੈਤਿਕ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ ਅਤੇ ਉਸਨੂੰ ਅਧਿਆਤਮਕ ਤੌਰ ’ਤੇ ਸ਼ੁੱਧ ਬਣਾਇਆ ਜਾ ਸਕਦਾ ਹੈ। ਇਹਨਾਂ ਜੇਲ੍ਹਾਂ ਵਿੱਚ ਉਹਨਾਂ ਲਈ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਦਾ ਪ੍ਰਬੰਧ ਸੀ ਤਾਂ ਕਿ ਉਹ ਆਪਣੇ ਸਵੈ ਨੂੰ ਉੱਚਾ ਚੁੱਕ ਸਕਣ।

ਅਮਰੀਕਨ ਗ੍ਰਹਿ ਯੁੱਧ ਤੋਂ ਪਹਿਲਾਂ ਜੇਲ੍ਹਾਂ ਦਾ ਕੋਈ ਠੋਸ ਢਾਂਚਾ ਨਹੀਂ ਸੀ। ਗੁਲਾਮਦਾਰੀ ਦੇ ਕਨੂੰਨੀ ਤੌਰ ’ਤੇ ਅੰਤ ਨੇ ਸਸਤੇ ਮਜ਼ਦੂਰ ਕਾਮਿਆਂ ਦੀ ਕਮੀ ਪੈਦਾ ਕਰ ਦਿੱਤੀ। ਸਸਤੇ ਮਜ਼ਦੂਰਾਂ ਦੀ ਇਸ ਕਮੀ ਨੇ ਅਮਰੀਕਾ ਦੀਆਂ ਬਹੁਤ ਸਾਰੀਆਂ ਨਿੱਜੀ ਕੰਪਨੀਆਂ ਲਈ ਇਕ ਸੰਕਟ ਖੜ੍ਹਾ ਕਰ ਦਿੱਤਾ। ਇਸ ਸੰਕਟ ਦਾ ਹੱਲ ਇਕ ‘ਕਨਵਿਕਟ ਲੀਜਿੰਗ ਸਿਸਟਮ’ ਦੇ ਸਹਾਰੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਪ੍ਰਬੰਧ ਦੇ ਅਧੀਨ ਕੈਦੀਆਂ ਨੂੰ ਨਿੱਜੀ ਰੇਲਵੇ ਅਤੇ ਖਾਣਾਂ ਆਦਿ ਦੇ ਕੰਮਾਂ ’ਤੇ ਭੇਜਿਆ ਜਾਂਦਾ ਸੀ। ਕੈਦੀ ਇਹਨਾਂ ਕੰਪਨੀਆਂ ਵਿੱਚ ਬਿਨਾਂ ਕਿਸੇ ਉਜਰਤਾਂ ਜਾਂ ਫਿਰ ਨਾਮਾਤਰ ਉਜਰਤ ’ਤੇ ਕੰਮ ਕਰਦੇ ਸਨ। ਗ੍ਰਹਿਯੁੱਧ ਤੋਂ ਬਾਅਦ ਅਮਰੀਕੀ ਸੰਵਿਧਾਨ ਵਿੱਚ 13ਵੀਂ ਸੋਧ ਲਿਆਂਦੀ ਗਈ ਜਿਸ ਅਨੁਸਾਰ ਗੁਲਾਮਦਾਰੀ ਨੂੰ ਤਾਂ ਖਤਮ ਕਰ ਦਿੱਤਾ ਗਿਆ ਪਰ ਇਸ ਦਾ ਇੱਕ ਲੁਕਵਾਂ ਰੂਪ ਜੇਲ੍ਹਾਂ ਵਿੱਚ ਅਜੇ ਤੱਕ ਜਾਰੀ ਹੈ। ਇਸ ਸੋਧ ਮੁਤਾਬਕ ਕਿਸੇ ਵੀ ਕੈਦੀ ਕੋਲ਼ੋਂ ਉਸਦੇ ਅਪਰਾਧ ਦੀ ਸਜ਼ਾ ਲਈ ਉਸਦੀ ਇੱਛਾ ਦੇ ਵਿਰੁੱਧ ਕੋਈ ਵੀ ਕੰਮ ਲਿਆ ਜਾ ਸਕਦਾ ਹੈ।

ਅਮਰੀਕਾ ਵਿੱਚ ਜੇਲ੍ਹਾਂ ਦੀ ਸਥਾਪਤੀ ਸੁਧਾਰ ਘਰ ਦੇ ਰੂਪ ਵਿੱਚ ਹੋਈ ਸੀ। ਪਰ ਇਹ ਜੇਲ੍ਹਾਂ ਆਪਣੀ ਸਥਾਪਤੀ ਦੇ ਮੁੱਢਲੇ ਦੌਰ ਤੋਂ ਹੀ ਸਸਤੀ ਕਿਰਤ ਸ਼ਕਤੀ ਮੁਹੱਈਆ ਕਰਵਾਉਣ ਦਾ ਇੱਕ ਜਰੀਆ ਹਨ। ਇੱਕ ਖੋਜ ਮੁਤਾਬਿਕ ਇਨ੍ਹਾਂ ਕੈਦੀਆਂ ਦੀ ਇੱਕ ਦਿਨ ਦੀ ਉਜਰਤ ਇੱਕ ਡਾਲਰ ਤੋਂ ਘੱਟ ਹੈ। ਇੰਨੀ ਘੱਟ ਕਮਾਈ ਕਾਰਨ ਉਹ ਆਪਣੇ ਨਿੱਜੀ ਰਿਸ਼ਤੇਦਾਰਾਂ ਨੂੰ ਫੋਨ ਵੀ ਨਹੀਂ ਕਰ ਸਕਦੇ ਕਿਉਂਕਿ 10 ਮਿੰਟ ਦੇ ਫੋਨ ਦਾ ਖਰਚਾ 3 ਤੋਂ 5 ਡਾਲਰ ਹੈ ਜੋ ਕਿ ਉਹਨਾਂ ਦੀ ਤਿੰਨ ਦਿਨਾਂ ਦੀ ਮਿਹਨਤ ਬਣਦੀ ਹੈ। ਕੈਦੀਆਂ ਨੂੰ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਜਰੂਰੀ ਵਸਤਾਂ ਜਿਵੇਂ ਕਿ ਸਾਬਣ, ਖਾਣ ਪੀਣ ਦਾ ਸਮਾਨ ਮਹਿੰਗੇ ਭਾਅ ’ਤੇ ਮਿਲ਼ਦਾ ਹੈ। ਕੈਦੀਆਂ ਦੇ ਇਨ੍ਹਾਂ ਹਲਾਤਾਂ ਦਾ ਬੋਝ ਸਿਰਫ ਉਹਨਾਂ ’ਤੇ ਹੀ ਨਹੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਝੱਲਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਰਿਵਾਰਕ ਮੈਂਬਰਾਂ ਨੂੰ ਮਾਲੀ ਸਹਾਇਤਾ ਭੇਜਣੀ ਪੈਂਦੀ ਹੈ। ਭਵਿੱਖ ਵਿੱਚ ਆਉਣ ਵਾਲ਼ੀਆਂ ਮੁਸ਼ਕਲਾਂ ਲਈ ਕੈਦੀਆਂ ਨੂੰ ਕਿਸੇ ਹੁਨਰ ਦੀ ਸਿਖਲਾਈ ਵੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ 50 ਫੀਸਦੀ ਤੋਂ ਵੱਧ ਕੈਦੀ ਦੁਬਾਰਾ ਕਿਸੇ ਅਪਰਾਧ ਤਹਿਤ ਜੇਲ੍ਹ ਵਿੱਚ ਪਹੁੰਚ ਜਾਂਦੇ ਹਨ।

ਵੱਖ-ਵੱਖ ਸਮੇਂ ’ਤੇ ਹੁੰਦੇ ਸਰਵੇਖਣਾਂ ਮੁਤਾਬਕ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਕੁੱਲ ਕੈਦੀਆਂ ਦੀ ਗਿਣਤੀ 20 ਲੱਖ ਤੋਂ ਉੱਪਰ ਹੈ। ਕੈਦੀਆਂ ਦੀ ਗਿਣਤੀ ਵਿੱਚ ਪਿਛਲੇ 40 ਸਾਲਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ ਕੈਦੀਆਂ ਦੀ ਗਿਣਤੀ 500 ਫੀਸਦੀ ਵਧ ਗਈ ਹੈ। 1970 ਅਤੇ 80ਵਿਆਂ ਤੋਂ ਬਾਅਦ ਕੈਦੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇੱਥੇ ਇੱਕ ਗੱਲ ਧਿਆਨ ਦੇਣ ਵਾਲ਼ੀ ਹੈ ਕਿ ਇਹ ਉਹੀ ਸਮਾਂ ਹੈ ਜਦੋਂ ਅਮਰੀਕਾ ਆਪਣੇ ਆਰਥਿਕ ਸੰਕਟ ਵਿੱਚੋਂ ਗੁਜਰ ਰਿਹਾ ਸੀ।

ਮਹਿੰਗਾਈ ਦੀ ਦਰ ਨਿੱਤ ਨਵਾਂ ਆਸਮਾਨ ਛੂਹ ਰਹੀ ਸੀ। ਇਸ ਸਮੇਂ ਦੌਰਾਨ ਅਮਰੀਕਨ ਸਰਕਾਰ ਨੇ ‘ਨਸ਼ੇ ਉੱਪਰ ਜੰਗ’ ਦਾ ਅਹਿਦ ਲਿਆ ਜਿਸ ਤਹਿਤ ਮਾੜਾ-ਮੋਟਾ ਨਸ਼ਾ ਰੱਖਣ/ਵਰਤਣ ਦੇ ਨਾਮ ਉੱਪਰ ਵੱਡੇ ਪੱਧਰ ’ਤੇ ਗਿ੍ਰਫਤਾਰੀਆਂ ਕੀਤੀਆਂ ਗਈਆਂ ਤੇ ਕੈਦ ਦੀ ਸਜ਼ਾ ਸੁਣਾਈ ਗਈ। ਰਾਸ਼ਟਰਪਤੀ ਰਿਚਰਡ ਨਿਕਸਨ ਦੇ ਇਸ ਐਲਾਨ ਤੋਂ ਬਾਅਦ ਅਤੇ ਫਿਰ 1986 ਵਿੱਚ ਨਸ਼ਾ ਵਿਰੋਧੀ ਕਨੂੰਨ ਬਣਨ ਤੋਂ ਬਾਅਦ ਕੈਦੀਆਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ। ਇੱਥੇ ਇੱਕ ਬਹੁਤ ਹੀ ਧਿਆਨ ਦੇਣਯੋਗ ਗੱਲ ਹੈ ਇਸ ਸਮੇਂ ਅਮਰੀਕਾ ਵਿੱਚ ਅਪਰਾਧਿਕ ਮਾਮਲਿਆ ਦੀ ਦਰ ਪਹਿਲਾਂ ਨਾਲ਼ੋਂ ਘੱਟ ਹੋਈ ਜਦੋਂ ਕਿ ਕੈਦੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ। ਅਪਰਾਧ ਦਰ ਦਾ ਘਟਣਾ ਅਤੇ ਕੈਦੀਆਂ ਦੀ ਗਿਣਤੀ ਵਧਣਾ ਇੱਕ ਬਹੁਤ ਵੱਡਾ ਆਪਾ ਵਿਰੋਧ ਹੈ। ਜੇਲ੍ਹਾਂ ਵਿਚਲੀ ਜਨਸੰਖਿਆ ਦੇ ਵਧਣ ਦਾ ਮੁੱਖ ਕਾਰਨ “ਨਸ਼ਾ ਵਿਰੋਧੀ ਮੁਹਿੰਮ” ਹੀ ਦੱਸਿਆ ਜਾਂਦਾ ਹੈ।

ਕੈਦੀਆਂ ਦੇ ਨਾਲ਼-ਨਾਲ਼ ਜੇਲ੍ਹਾਂ ਦੀ ਗਿਣਤੀ ਵਿੱਚ ਵੀ ਇਜਾਫਾ ਹੋਇਆ। ਹੁਣ ਅਮਰੀਕਾ ਵਿਚਲੀਆਂ ਜੇਲ੍ਹਾਂ ਨੇ ਨਿੱਜੀ ਸਨਅਤ ਦਾ ਰੂਪ ਧਾਰਨ ਕਰ ਲਿਆ। ਇੱਕ ਅਨੁਮਾਨ ਮੁਤਾਬਕ ਅਮਰੀਕਾ ਵਿਚ 158 ਨਿੱਜੀ ਜੇਲ੍ਹਾਂ ਹਨ ਜਿਨ੍ਹਾਂ ਵਿੱਚ ਅਮਰੀਕਾ ਦੇ ਕੁੱਲ ਕੈਦੀਆਂ ਦੀ 8 ਫੀਸਦੀ ਸੰਖਿਆ ਬੰਦ ਹੈ। ਸਭ ਨਿੱਜੀ ਤੇ ਸਰਕਾਰੀ ਜੇਲ੍ਹਾਂ ਕੈਦੀਆਂ ਤੋਂ ਭਾਰੀ ਮੁਸ਼ੱਕਤ ਕਰਵਾਉਂਦੀਆਂ ਹਨ। ਕੈਦੀਆਂ ਨੂੰ ਬਹੁਤ ਨਿਗੂਣੀਆਂ ਉਜਰਤਾਂ ਦਿੱਤੀਆਂ ਜਾਂਦੀਆਂ ਹਨ। ਜੇ ਕੈਦੀ ਇਹ ਭਾਰੀ ਕੰਮ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ। ਇੱਕ ਸਰਵੇਖਣ ਮੁਤਾਬਕ 76 ਫੀਸਦੀ ਕੈਦੀਆਂ ਨੇ ਮੰਨਿਆ ਹੈ ਕਿ ਭਾਰੀ ਕੰਮ ਲਈ ਮਨਾਹੀ ਕਰਨ ਤੇ ਉਨ੍ਹਾਂ ਨੂੰ ਇਕਾਂਤ ਕੈਦ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਕੈਦੀਆਂ ਨੂੰ ਅਕਸਰ ਹੀ ਬਹੁਤ ਖਤਰਨਾਕ ਹਾਲਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਇਕਾਂਤ ਕੈਦ ਵਾਲ਼ਾ ਇਹ ਤਰੀਕਾ ਨਿੱਜੀ ਅਦਾਰਿਆਂ ਲਈ ਬਹੁਤ ਲਾਹੇਵੰਦ ਹੈ। ਇੱਕ ਅਨੁਮਾਨ ਮੁਤਾਬਕ ਜੇਲ੍ਹਾਂ ਦਾ ਢਾਂਚਾ ਹਰ ਸਾਲ 50 ਕਰੋੜ ਡਾਲਰ ਦੀਆਂ ਵਸਤੂਆਂ ਅਤੇ ਸੇਵਾਵਾਂ ਪੈਦਾ ਕਰਦਾ ਹੈ। ਸਟਾਰਬਕਸ, ਮਕਡੋਨਲਡ, ਵਾਲਮਾਰਟ ਆਦਿ ਬਹੁ-ਕੌਮੀ ਕੰਪਨੀਆਂ ਕੈਦੀਆਂ ਦੇ ਖੂਨ ਤੋਂ ਆਪਣਾ ਮੁਨਾਫਾ ਕਮਾਉਂਦੀਆਂ ਹਨ।

ਇਨ੍ਹਾਂ ਜੇਲ੍ਹਾਂ ਵਿੱਚ ਅਫਰੀਕਨ ਕਾਲੇਆਂ ਦੀ ਭਾਰੀ ਗਿਣਤੀ ਅਮਰੀਕਾ ਵਿੱਚ ਹੁੰਦੇ ਨਸਲੀ ਵਿਤਕਰੇ ਦੀ ਜਿਊਂਦੀ ਉਦਾਹਰਨ ਹਨ। ਇਹਨਾਂ ਦੀ ਗਿਣਤੀ 40 ਫੀਸਦੀ ਤੋਂ ਵੀ ਵੱਧ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਇੱਕੋ ਅਪਰਾਧ ਲਈ ਅਫਰੀਕਨ ਕਾਲ਼ਿਆ ਨੂੰ ਵੱਧ ਸਜ਼ਾ ਮਿਲ਼ਦੀ ਹੈ। ਜਦੋਂ ਕਿ ਉਹ ਅਮਰੀਕਾ ਦੀ ਵਸੋਂ ਦਾ ਸਿਰਫ 14 ਫੀਸਦੀ ਬਣਦੇ ਹਨ। ਇਹ ਇਨ੍ਹਾਂ ਕੈਦੀਆਂ ਦਾ ਦੋ-ਤਿਹਾਈ (2/3) ਹਿੱਸਾ ਬਣਦੇ ਹਨ। ਇਨ੍ਹਾਂ ਕੈਦੀਆਂ ਦੀ ਵਧੇਰੇ ਅਬਾਦੀ ਗਰੀਬ ਤਬਕੇ ਵਿੱਚੋਂ ਆਉਂਦੀ ਹੈ। ਅਮਰੀਕੀ ਨਿਆਂ ਪ੍ਰਬੰਧ ਵਿੱਚ ਜੇਲ੍ਹ ਦੀ ਸਜ਼ਾ ਸਭ ਤੋਂ ਲੰਬੀ ਹੈ। ਏਥੇ ਬਹੁਤ ਸਾਰੇ ਕੈਦੀਆਂ ਨੂੰ 30 ਸਾਲ ਤੋਂ ਵੀ ਵੱਧ ਉਮਰ ਲਈ ਜੇਲ੍ਹ ਵਿੱਚ ਰਹਿਣਾ ਪੈਂਦਾ ਹੈ। ਜਿਸ ਕਰਕੇ ਅਮਰੀਕਾ ਵਿਚਲੇ ਕੈਦੀਆਂ ਦੀ ਗਿਣਤੀ ਦੁਨੀਆਂ ਦੇ ਹੋਰ ਸਾਰੇ ਮੁਲਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਜੇਲ੍ਹਾਂ ਵਿੱਚ ਕੈਦੀਆਂ ਦੇ ਰਹਿਣ-ਸਹਿਣ ਦੀਆਂ ਹਾਲਤਾਂ ਬੇਹੱਦ ਭੈੜੀਆਂ ਹਨ। ਜੇਲ੍ਹਾਂ ਵਿੱਚ ਕੈਦੀਆਂ ਨੂੰ ਕੋਈ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਔਰਤ ਕੈਦੀਆਂ ਨਾਲ਼ ਛੇੜ-ਛਾੜ, ਬਲਾਤਕਾਰ ਵਰਗੇ ਮਾਮਲਿਆਂ ਦੀਆਂ ਹਜ਼ਾਰਾਂ ਸ਼ਿਕਾਇਤਾਂ ਹਰ ਸਾਲ ਆਉਂਦੀਆਂ ਹਨ। ਅਮਰੀਕਾ ਦੀਆਂ ਜੇਲ੍ਹਾਂ ਆਪਣੀ ਸਮਰੱਥਾ ਤੋਂ ਵੱਧ ਭਰੀਆਂ ਹੋਈਆਂ ਹਨ। ਜਿਸ ਕਾਰਨ ਕੈਦੀਆਂ ਨੂੰ ਥੋੜ੍ਹੀ ਥਾਂ ’ਤੇ ਘੁਰਨਿਆਂ ਵਿੱਚ ਬਸਰ ਕਰਨਾ ਪੈਂਦਾ ਹੈ। ਕੈਦੀਆਂ ਦੀ ਸਿਹਤ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਅਮਰੀਕਾ ਦੀਆਂ ਇਹਨਾਂ ਜੇਲ੍ਹਾਂ ਦੀ ਹੋਂਦ ਹੀ ਕਿਰਤ ਦੀ ਲੁੱਟ ਉੱਪਰ ਟਿਕੀ ਹੋਈ ਹੈ। ਇਉਂ ਅਮਰੀਕਾ ਦੇ ਸਰਮਾਏਦਾਰਾ ਪ੍ਰਬੰਧ ਵਿੱਚ ਕਿਰਤ ਦੀ ਲੁੱਟ ਤੇ ਜੇਲ੍ਹਾਂ ਦਾ ਡੂੰਘਾ ਸਬੰਧ ਹੈ। ਜੁਰਮਾਂ ਖਿਲਾਫ ਕਾਰਵਾਈ ਦੇ ਨਾਮ ਉੱਪਰ ਬਣਿਆ ਅਮਰੀਕਾ ਦਾ ਇਹ ਜੇਲ੍ਹ ਪ੍ਰਬੰਧ ਆਪਣੇ ਆਪ ਵਿੱਚ ਇੱਕ ਜੁਰਮ ਹੈ। ਇਸ ਸਰਮਾਏਦਾਰਾ ਪ੍ਰਬੰਧ ਦੀ ਹੋਂਦ ਮਨੁੱਖਤਾ ਵਿਰੁੱਧ ਅਜਿਹੇ ਅਨੇਕਾਂ ਜੁਰਮਾਂ ਉੱਪਰ ਖੜ੍ਹੀ ਹੈ ਜਿਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

 

ਗੁਰਮਨ