ਅਕਾਲੀਆਂ ਨੂੰ ਅਕਾਲੀ-ਬਸਪਾ ਗੱਠਜੋੜ ਕਾਇਮ ਰਹਿਣ ਦੀ ਆਸ 

ਅਕਾਲੀਆਂ ਨੂੰ ਅਕਾਲੀ-ਬਸਪਾ ਗੱਠਜੋੜ ਕਾਇਮ ਰਹਿਣ ਦੀ ਆਸ 

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਵੱਲੋਂ ਸੰਸਦੀ ਚੋਣਾਂ...

..ਦੌਰਾਨ ਦੇਸ਼ ਵਿੱਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਾ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਵਿਚਲੇ ਅਕਾਲੀ-ਬਸਪਾ ਗੱਠਜੋੜ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮਾਇਆਵਤੀ ਦੇ ਐਲਾਨ ਤੋਂ ਬਾਅਦ ਬਸਪਾ ਦੀ ਸੂਬਾਈ ਲੀਡਰਸ਼ਿਪ ਕੋਈ ਵੀ ਟਿੱਪਣੀ ਨਹੀਂ ਕਰ ਰਹੀ ਜਦੋਂ ਕਿ ਅਕਾਲੀਆਂ ਦਾ ਕਹਿਣਾ ਹੈ ਕਿ ਅਕਾਲੀ-ਬਸਪਾ ਗੱਠਜੋੜ ਕਾਇਮ ਰਹੇਗਾ। ਇਸ ਦੇ ਨਾਲ ਹੀ ਅਹਿਮ ਤੱਥ ਇਹ ਵੀ ਹੈ ਕਿ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਦਾ ਹਿੱਸਾ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਭਾਜਪਾ ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸੇ ਹੋਰ ਅਕਾਲੀ ਲੀਡਰ ਨੂੰ ਅਕਾਲੀ ਦਲ ਦਾ ਪ੍ਰਧਾਨ ਚਾਹੁੰਦੀ ਹੈ ਤੇ ਉਹ 13 ਲੋਕ ਸਭਾ ਸੀਟਾਂ ਵਿਚੋਂ ਸਤ ਤੋਂ ਅੱਠ ਸੀਟਾਂ ਉਪਰ ਦਾਅਵੇਦਾਰੀ ਕਰ ਰਹੀ ਹੈ।ਪਰ ਸੁਖਬੀਰ ਸਿੰਘ ਬਾਦਲ ਭਾਜਪਾ ਦੀ ਕੋਈ ਸ਼ਰਤ ਮੰਨਣ ਨੂੰ ਤਿਆਰ ਨਹੀਂ।

ਅਕਾਲੀ ਆਗੂਆਂ ਨੂੰ ਇਹ ਵੀ ਡਰ ਸਤਾਉਣ ਲੱਗਾ ਹੈ ਕਿ ਭਾਜਪਾ ਨਾਲ ਜੇਕਰ ਮੁੜ ਸਾਂਝ ਨਾ ਪਈ ਤੇ ਕਿਤੇ ਬਸਪਾ ਨਾਲ ਵੀ ਸਾਂਝ ਨਾ ਟੁੱਟ ਜਾਵੇ।ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਸਪਾ ਪ੍ਰਧਾਨ ਦੇ ਇਸ ਐਲਾਨ ਨਾਲ ਅਕਾਲੀ-ਬਸਪਾ ਗੱਠਜੋੜ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਜਾਂ ਭਾਜਪਾ ਦੀ ਅਗਵਾਈ ਵਾਲੇ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਹੈ। ਇਸ ਲਈ ਪੰਜਾਬ ਵਿੱਚ ਦੋਹਾਂ ਪਾਰਟੀਆਂ ਵੱਲੋਂ ਸਾਂਝੇ ਤੌਰ ’ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ।

 ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੂੜ੍ਹਾ ਸਮਝੌਤਾ ਹੈ। ਉਹ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ, ਜੇ ਬਸਪਾ ਦੇ ਕਿਸੇ ਆਗੂ ਦੇ ਮਨ ਵਿੱਚ ਗਿਲਾ-ਸ਼ਿਕਵਾ ਹੈ ਤਾਂ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰ ਸਕਦੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅਕਾਲੀ ਆਗੂਆਂ ਉਪਰ ਉਨ੍ਹਾਂ ਨੂੰ ਨਾਲ ਲੈ ਕੇ ਨਾ ਚੱਲਣ ਦੇ ਦੋਸ਼ ਲਾਏ ਸਨ। ਹਰਸਿਮਰਤ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਮਜ਼ਬੂਤ ਤੇ ਸਥਾਈ ਹੈ।